ਮੇਰੀ ਕੌਮੀ ਪਛਾਣ
ਗੁਰਦੇਵ ਸਿੰਘ ਸੱਧੇਵਾਲੀਆ
ਬਾਬਾ ਠਾਕੁਰ ਸਿਓਂ ਜੀ ਕਹਿ ਰਹੇ ਹਨ ਕਿ ਅਕਾਲ ਤਖਤ ਸਾਹਿਬ 'ਤੇ ਹਮਲਾ ਗੁਰੂ ਸਾਹਬ ਦੀ ਰਾਇ ਨਾਲ ਬਕਾਇਦਾ ਮੀਟਿੰਗ ਕਰਕੇ ਹੋਇਆ! ਚਲੋ ਉਸ ਦੀ ਤਾਂ ਖਾਧੀ ਕੜ੍ਹੀ ਉਸ ਦਾ ਤਾਂ ਕਿੱਤਾ ਹੀ ਗੱਪਾਂ ਮਾਰਕੇ ਖਬਰਾਂ ਵਿਚ ਰਹਿਣਾ ਹੁੰਦਾ, ਪਰ ਹੈਰਾਨੀ ਮੂਹਰੇ ਬਹਿਕੇ ਸੁਣਨ ਵਾਲਿਆਂ 'ਤੇ?
ਨਾਨਕਸਰੀਆ ਘਾਲਾ ਸਿਓਂ ਬੇਅੰਤੇ ਬੁੱਚੜ ਨੂੰ ਸ਼ਹੀਦ ਕਹਿ ਗਿਆ, ਮਗਰ ਦੇਓਆਂ ਜਿੱਡੀਆਂ ਲਾਸ਼ਾਂ ਸੁਣ ਕੇ ਹਜ਼ਮ ਕਰ ਗਈਆਂ।
ਇੱਕ ਭੰਗ ਪੀਣੇ ਨਿਹੰਗ ਮੂਹਰੇ ਮਰਿਆ ਕੁੱਤਾ ਪਿਆ ਲੋਕ ਉਸ ਅੱਗੇ ਦੇਹ ਮੱਥੇ ਤੇ ਮੱਥਾ?
ਹਜ਼ੂਰ ਸਾਹਿਬ ਕਹਿੰਦੇ ਇੱਕ ਕੁੱਤਾ ਉਸ ਲਈ ਏਅਰਕੰਡੀਸ਼ਨ ਕਮਰਾ ਰਾਖਵਾਂ?
ਭੀੜਾਂ ਦਾ ਮੂੰਹ ਉਸ ਵੰਨੀ!
ਕੁੱਤੇ ਦੀ ਪ੍ਰਾਪਤੀ ਇਨੀ ਕਿ ਉਹ ਬਾਬਾ ਨਿਧਾਨ ਸਿੰਘ ਵਾਲੇ ਪਾਸਿਓਂ ਸ੍ਰੀ ਗੁਰੂ ਜੀ ਦੀ ਪਾਲਕੀ ਨਾਲ ਤੁਰਦਾ ਤੇ ਮੁੜ ਦਰਬਾਰ ਸਾਹਿਬ ਛੁੱਡਾ ਕੇ ਵਾਪਸ ਆਣ ਬੈਠਦਾ?
ਪਿੱਛੇ ਜਿਹੇ ਫੰਡਰ ਗਾਵਾਂ ਦੇ ਵੱਗ ਸੜਕਾਂ 'ਤੇ ਲਈ ਫਿਰਨ ਵਾਲੇ ਅਤੇ ਗਾਈਆਂ ਦਾ ਮੂਤ ਲੋਕਾਂ ਨੂੰ ਪਿਆਉਂਣ ਵਾਲੇ ਬਾਬੇ ਪਾਲੇ ਹੁਰੀਂ ਸਵਰਗਵਾਸੀ ਅਤੇ ਬ੍ਰਹਮਗਿਆਨੀ ਹੋ ਨਿਬੜੇ ਹਨ!
ਇਹ ਖਾਲਸਾ ਜੀ ਦਾ ਮੁਹਾਂਦਰਾ ਹੈ?
ਇਹ ਮੇਰੀ ਕੌਮ ਹੈ, ਮੇਰੀ ਪਛਾਣ ਹੈ ?
ਮੇਰਾ ਬੇਪਛਾਣ ਹੋਣਾ ਹੁਣ ਦੀਆਂ ਗੱਲਾਂ ਨਹੀਂ ਕਈ ਚਿਰ ਦੀ ਸਖਤ ਘਾਲਣਾ ਹੈ ਪੰਡੀਏ ਦੀ।
ਸਾਡੇ ਰਿਸ਼ਤੇਦਾਰੀ ਵਿੱਚੋਂ ਕੁੜੀ ਦੇ ਅਗਾਂਹ ਪਿੰਡ ਦੀ ਕੁੜੀ 'ਸਟੂਡੈਂਟ ਵੀਜੇ' 'ਤੇ ਆਈ। ਪਹਿਲੀ ਕੁੜੀ ਦੇ ਘਰਵਾਲੇ ਗੱਡੀ ਲਈ ਤਾਂ ਉਹ ਨਾਰੀਅਲ ਚੁੱਕੀ ਫਿਰੇ ਤੇ ਇੱਕ ਵੱਡਾ ਸਾਰਾ ਓਮ ਬਣਾਈ ਫਿਰੇ ਗੱਡੀ ਉਪਰ ਲਾਉਂਣ ਲਈ। ਉਹ ਓਮ ਲਾ ਲਏ ਜਾਂ ਨਾਰੀਅਲ ਭੰਨ ਲਏ, ਕੋਠਾ ਨਹੀਂ ਡਿੱਗਣ ਲੱਗਾ, ਪਰ ਮੇਰੀ ਅਗਲੀ ਨਸਲ ਵਿਚਲੀ ਕੌਮੀ ਪਛਾਣ ਕਿਧਰ?
ਭਗਤ ਨਾਮਦੇਵ ਜੀ ਨੂੰ ਮੁਗਲ ਕਹਿੰਦਾ ਖੁਦਾ ਕਹਿ। ਜਦ ਕਿ ਭਗਤ ਜੀ ਨੂੰ ਖੁਦਾ ਨਾਲ ਕੋਈ ਚਿੜ ਨਹੀਂ ਪਰ ਇਉਂ ਕਿਵੇਂ ਕਹਾਂ?
ਮੈਨੂੰ ਓਮ ਨਾਲ ਗਣੇਸ ਨਾਲ, ਸ਼ਿਵ ਜਾਂ ਵਿਸ਼ਨੂੰ ਨਾਲ ਕੋਈ ਚਿੜ ਨਹੀਂ, ਪਰ ਮੈਨੂੰ ਚਿੜ ਉਦੋਂ ਜਦ ਉਹ ਕਹਿੰਦਾ ਤੂੰ ਹਿੰਦੂ ਏਂ! ਪੀ ਮੂਤ ਗਾਂ ਦਾ?
ਏਹ ਵੀ ਨਹੀਂ ਕਿ ਹਿੰਦੂ ਹੋਣ ਨਾਲ ਮੈਂ ਮਨੁੱਖ ਨਹੀਂ ਰਹਾਂਗਾ ਜਾਂ ਹਿੰਦੂਆਂ ਵਿੱਚ ਮਨੁੱਖ ਨਹੀਂ ਹਨ, ਪਰ ਮੇਰੀ ਕੌਮੀ ਪਛਾਣ?
ਤੁਸੀਂ ਮੇਰੀ ਕੌਮੀ ਪਛਾਣ ਨੂੰ ਈਗੋ ਕਹਿ ਸਕਦੇਂ ਮੈਨੂੰ ਕੋਈ ਗੁੱਸਾ ਨਹੀਂ, ਮੈਂ ਇਸ ਨੂੰ ਮਾਣ, ਫਖਰ, ਸਵੈਮਾਨ ਕਹਿੰਦਾ, ਤੁਹਾਨੂੰ ਕਿਉਂ ਗੁੱਸਾ ਹੈ?
ਇਹ ਮਾਣ ਮੈਂ ਗੁਆਉਂਣਾ ਨਹੀਂ ਚਾਹੁੰਦਾ ਕਿਉਂਕਿ ਇਸ ਪਿੱਛੇ ਮੇਰੇ ਸਿਰਲੱਥ ਸੂਰਬੀਰ ਖੜੇ ਹਨ। ਅਬਦਾਲੀਆਂ ਨਾਦਰਾਂ ਦੀਆਂ ਤਲਵਾਰਾਂ ਖੁੰਡੀਆਂ ਕਰ ਦੇਣ ਵਾਲੇ ਜੋਧੇ! ਖੈਬਰਾਂ ਤਾਈਂ ਅਪਣੇ ਘੋੜਿਆਂ ਦੇ ਪਾਉਂੜਾਂ ਹੇਠ ਦੁਸ਼ਮਣਾ ਨੂੰ ਰੋਂਦ ਦੇਣ ਵਾਲੇ ਸੂਰਬੀਰ। ਦਿੱਲੀਆਂ ਤਾਈਂ ਭੁਆਂਟਣੀਆਂ ਦੇ ਦੇਣ ਵਾਲੇ ਸਿਰਲੱਥ।
ਜਿੰਨ੍ਹਾਂ ਨੂੰ ਇਨ੍ਹਾਂ ਗੱਲਾਂ ਤੋਂ ਚਿੜ ਹੈ ਜਾਂ ਹੰਕਾਰ ਕਹਿੰਦੇ ਉਹ ਖੁਦ ਅਪਣੇ ਪਿੰਡ ਵਿਚ ਅਵਾਰਾ ਕੁੱਤੇ ਨੂੰ ਡਾਂਗ ਮਾਰ ਦੇਣ ਵਾਲੇ ਅਪਣੇ ਬੁੜੇ ਦੀਆਂ ਵਾਰਾਂ ਗਾਉਂਣ 'ਤੇ ਈ ਫੇਸਬੁੱਕ ਕਾਲੀ ਰੱਖਦੇ! ਪਿੰਡ ਵਿਚ ਰਹਿ ਚੁੱਕੇ ਸਰਪੰਚ ਜਾਂ ਨੰਬਰਦਾਰ ਨੂੰ ਹੀ ਮਾੜੇ ਰਾਕਟ ਤਰ੍ਹਾਂ ਅਸਮਾਨੀ ਚਾਹੜ ਛੱਡਦੇ। ਪਰ ਮੈਂ ਵੱਡੀਆਂ ਬਾਦਸ਼ਹੀਆਂ ਅਤੇ ਕਹਿੰਦੇ ਕਹਾਉਂਦੇ ਨਾਢੂ ਖਾਨਾ ਨੂੰ ਵੱਖਤ ਪਾਈ ਰੱਖਣ ਵਾਲੇ ਆਪਣੇ ਬਜੁਰਗਾਂ ਉਪਰ ਹੀ ਮਾਣ ਕਰਾਂ ਤਾਂ ਹੰਕਾਰ?
ਜੇ ਇਹ ਹੰਕਾਰ ਹੀ ਹੈ ਤਾਂ ਮੈਨੂੰ ਇਸ ਹੰਕਾਰ ਉਪਰ ਹੀ ਹੰਕਾਰ ਹੈ।
ਵਾਪਸ ਆਵਾਂ। ਮੈਨੂੰ ਅਪਣੀ ਪਛਾਣ ਦੀ ਚਿੰਤਾ ਕਿਉਂ ਨਹੀਂ ਹੋਣੀ ਚਾਹੀਦੀ? ਮੇਰਾ ਹਰੇਕ ਦਿਨ ਮੇਰੇ ਸ਼ਹੀਦਾਂ ਦਾ ਦਿਨ ਹੈ। ਪਰ ਮੈਂ ਹੈਰਾਨ ਹਾਂ ਕਿ ਪਹਿਲਾਂ ਹੋਈਆਂ ਉਪਰ ਸ਼ੱਕ ਕਰਨ ਵਾਲੇ ਹਾਲੇ ਕੱਲ ਦਾ ਲਿਖਿਆ ਹੀ ਕੰਧ 'ਤੇ ਨਹੀਂ ਪੜ ਸਕੇ ਜਦ ੧੯੮੪ ਵਿੱਚ ਉਗਲਾਂ 'ਤੇ ਗਿਣੇ ਜਾਣ ਜੋਗਿਆਂ ਨੇ ਹੀ ਟੈਕਾਂ ਤੋਪਾਂ ਨਾਲ ਆਫਰੀ ਫਿਰਦੀ ਦਿੱਲੀ ਦੇ ਕਈ ਚਿਰ ਰਾਹ ਰੋਕੀ ਰੱਖੇ ਅਤੇ ਚੜ੍ਹ ਕੇ ਆਈ ਫੌਜ ਦੇ ਲਾਸ਼ਾਂ ਦੇ ਟਰੱਕ ਭਰ ਭਰ ਮੋੜੇ?
ਅਸਾਵੀਂ ਲੜਾਈ ਵੀ ਸਿਰ ਲਾਹ ਕੇ ਲੜੀ।
ਮੇਰੀ ਪਛਾਣ ਨੂੰ ਮੇਰੇ ਹੀ ਆਖੇ ਜਾਂਦੇ ਠਾਕੁਰ ਸਿਉਂ ਜਾਂ ਭੰਗ ਪੀਣੇ ਨਿਹੰਗ ਜਾਂ ਡੇਰੇ ਵਾਲੇ ਸਾਧ, ਜਾਂ ਰੰਗ ਬਰੰਗੇ ਬਣੇ ਗੁਰੂ ਛੱਕੀ ਕਰਦੇ ਹਨ, ਬੇਪਛਾਣਾ ਕਰਦੇ ਹਨ ਤਾਂ ਮੇਰੀ ਕੌਮ ਦਾ ਚਿੰਤਾ ਕਰਨਾ ਤਾਂ ਬਣਦਾ ਹੈ।
ਮੇਰੀ ਕੌਮ ਸਮਾਧੀਆਂ ਲਾਉਂਣ ਵਾਲੀ, ਪਾਣੀਆਂ ਵਿੱਚ ਖੜੋ ਕੇ ਭਗਤੀ ਦੇ ਖੇਖਨ ਕਰਨ ਵਾਲੀ, ਕੇਸ ਕਿੱਲੀਆਂ ਨਾਲ ਬੰਨ ਕੇ ਤੱਪ ਕਰਨ ਵਾਲੀ, ਲੌਂਗ ਲਾਚੀਆਂ ਵੰਡਣ ਵਾਲੀ ਕੌਮ ਨਹੀਂ ਸੀ। ਇਹ ਸੱਪਾਂ, ਸ਼ਲੇਡਿਆਂ, ਭੂਤਾਂ, ਬਿੱਲੀਆਂ, ਟੂਣਿਆਂ ਤੋਂ ਡਰਨ ਵਾਲੀ ਕੌਮ ਨਹੀਂ ਸੀ, ਪਰ ਕਿਉਂਕਿ ਇਹ ਬੇਪਛਾਣੀ ਕਰ ਮਾਰੀ ਪੰਡੀਏ ਇਸ ਦੀ ਮਿਸਾਲ ਇਸ ਕੌਮ ਦੀ ਅੱਜ ਦੀ ਮਾਂ ਹੈ ਜਿਹੜੀ ਅਪਣੇ ਨਿਆਣੇ ਦਾ ਨਾਂ ਵੀ ਬੰਦਿਆਂ ਵਰਗਾ ਨਹੀਂ ਰੱਖ ਸਕਦੀ! ਨਹੀਂ ਯਕੀਨ ਤਾਂ ਇਸ ਨੂੰ ਪੁੱਛ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀ, ਸ੍ਰ ਬਘੇਲ ਸਿੰਘ ਕੌਣ ਸੀ, ਸ੍ਰ ਜੱਸਾ ਸਿੰਘ, ਨਵਾਬ ਕਪੂਰ ਸਿੰਘ, ਹਰੀ ਸਿੰਘ ਨਲੂਆ ਅਤੇ ਅਕਾਲੀ ਫੂਲਾ ਸਿੰਘ ਕੌਣ ਸੀ! ਤਾਂ ਮੇਰੀ ਕੌਮੀ ਪਛਾਣ ਅਗਲਾ ਸਫਰ ਕਿਵੇਂ ਤਹਿ ਕਰੇਗੀ! ਕਰੇਗੀ ਵੀ ?
ਗੁਰਦੇਵ ਸਿੰਘ ਸੱਧੇਵਾਲੀਆ
ਮੇਰੀ ਕੌਮੀ ਪਛਾਣ
Page Visitors: 2496