ਗਿਆਨੀ ਗੁਰਬਚਨ ਸਿੰਘ , ਮੇਰਾ ਅਨਸ਼ਨ ਤੁੜਵਾਉਣ ਦਾ ਮੁੱਖ ਦੋਸ਼ੀ
ਬੀਬੀ ਨਿਰਪ੍ਰੀਤ ਕੌਰ
ਨਵੀਂ ਦਿੱਲੀ 12 ਮਈ (ਮਨਪ੍ਰੀਤ ਸਿੰਘ ਖਾਲਸਾ): ਸਿੱਖ ਕਤਲੇਆਮ ਦੇ ਮੁਖ ਦੋਸ਼ੀ ਸਜੱਣ ਕੁਮਾਰ ਨੂੰ ਬਾ ਇਜਤ ਬਰੀ ਕਰਨ ਦੇ ਵਿਰੋਧ ਵਿਚ ਆਮਰਣ ਅਨਸ਼ਨ ਤੇ ਬੈਠੀ ਨਿਰਪ੍ਰੀਤ ਕੌਰ ਨੇ ਅਪਣੀ ਤਬੀਅਤ ਵਿਚ ਸੁਧਾਰ ਹੋਣ ਤੋਂ ਬਾਅਦ ਜ਼ਾਰੀ ਪ੍ਰੈਸ ਨੋਟ ਵਿਚ ਅਕਾਲ ਤਖਤ ਦੇ ਜੱਥੇਦਾਰ 'ਤੇ ਗੰਭੀਰ ਅਰੋਪ ਲਗਾ ਕੇ ਅਨਸ਼ਨ ਤੁੜਵਾਨ ਦਾ ਸਾਜਿਸ਼ੀ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਕਈ ਸੁਆਲ ਵੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਵਿਚ ਵਾਪਰੇ ਨੰਵਬਰ 1984 ਦੇ ਸਿੱਖ ਕਤਲੇਆਮ (ਜਿਸ ਵਿਚ ਮੈਂ ਅਪਣੇ ਪਿਤਾ ਜੀ ਨੂੰ ਗੁਆ ਬੈਠੀ ਸੀ) ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਅਸੀਂ 29 ਸਾਲਾਂ ਤੋਂ ਕੋਰਟ ਦਰ ਕੋਰਟ ਇੰਸਾਫ ਪਾਉਣ ਲਈ ਧੱਕੇ ਖਾਦੇਂ ਆ ਰਹੇ ਸੀ ਜਿਸਦਾ ਫੈਸਲਾ 30 ਅਪ੍ਰੈਲ 2013 ਨੂੰ ਕੋਰਟ ਨੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਬਾ-ਇਜੱਤ ਰਿਹਾ ਕਰਕੇ ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦੇ ਨਾਲ ਨਾਲ ਇਸ ਦੇਸ਼ ਵਿਚ ਬੇਗਾਨੇਪਨ ਦਾ ਅਹਿਸਾਸ ਕਰਵਾ ਦਿੱਤਾ ਸੀ ।
ਇਸ ਫੈਸਲੇ ਦੇ ਖਿਲਾਫ ਕੌਮ ਨੂੰ ਇੰਸਾਫ ਦਿਵਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਅਤੇ ਉਸਦੇ ਸਹਿਯੋਗੀਆਂ ਨੇ ਦਿੱਲੀ ਵਿਖੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਕੇ ਇੰਸਾਫ ਲੈਣ ਲਈ ਬਿਗੁਲ ਵਜਾ ਦਿੱਤਾ ਸੀ ।ਇਸ ਦੇ ਨਾਲ ਨਾਲ ਸੰਸਾਰ ਭਰ ਵਿਚ ਵੀ ਸੱਜਣ ਕੁਮਾਰ ਅਤੇ ਹੋਰਾਂ ਨੂੰ ਸਜਾ ਦੇਣ ਲਈ ਵਿਰੋਧ ਪ੍ਰਰਦਸ਼ਨ ਚਾਲੂ ਹੋ ਗਏ ਸਨ ।
ਉਨ੍ਹਾਂ ਦਸਿਆ ਕਿ ਇਨ੍ਹਾਂ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਮੈਂ ਵੀ ਇੰਸ਼ਾਫ ਦੀ ਪਰਾਪਤੀ ਲਈ ਦਿੱਲੀ ਦੇ ਜੰਤਰ-ਮੰਤਰ ਤੇ ਆਮਰਣ ਅਨਸ਼ਨ ਕਰਨ ਦਾ ਫੈਸਲਾ ਕਰ ਲਿਆ । ਇਸ ਅਨਸ਼ਨ ਦੇ ਪਹਿਲੇ ਦਿਨ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਸਾਨੂੰ ਸਮਰਥਨ ਦੇਣ ਲਈ ਅਪਣੀ ਪਾਰਟੀ ਸਣੇ ਸਾਡੇ ਨਾਲ ਇਕ ਦਿਨ ਦੇ ਅਨਸ਼ਨ ਤੇ ਬੈਠੇ ਸੀ । ਇਸ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਅਤੇ ਸਿੱਖ ਕਤਲੇਆਮ ਦੇ ਪੀੜਿਤਾਂ ਸਣੇ ਕਈ ਵੀਰਾਂ ਅਤੇ ਭੈਣਾਂ ਨੇ ਵੀ ਅਪਣਾ ਸਮਰਥਨ ਸਾਨੂੰ ਦੇ ਦਿੱਤਾ ਜਿਸ ਨਾਲ ਸਾਡੀ ਇੰਸਾਫ ਲੈਣ ਦੀ ਇਕ ਨਿੱਕੀ ਜਿਹੀ ਸ਼ਮਾ ਅਪਣਾ ਵਿਕਰਾਲ ਰੂਪ ਦਿਖਾਂਦੇ ਹੋਏ ਲੋਕ ਲਹਿਰ ਬਣ ਕੇ ਸੰਸਾਰ ਦੇ ਕੋਨੇ ਕੋਨੇ ਤਕ ਜਾ ਫੈਲੀ ਸੀ ।
ਬੀਬੀ ਜੀ ਕਹਿੰਦੇ ਹਨ ਕਿ ਸਾਨੂੰ ਹੁਣ ਕਈ ਜੱਥੇਬੰਦੀਆਂ ਦਾ ਅਤੇ ਇੰਸ਼ਾਫ ਪਸੰਦ ਆਮ ਇੰਸਾਨਾਂ ਦਾ ਵੀ ਸਮਰਥਨ ਮਿਲ ਰਿਹਾ ਸੀ ਜੋ ਕਿ ਸਾਨੂੰ ਦਿਨ-ਬ-ਦਿਨ ਸਾਡੀ ਮੰਜਿਲ ਦੇ ਨੇੜੇ ਲੈ ਕੇ ਜਾ ਰਿਹਾ ਸੀ । ਸਾਨੂੰ ਮਿਲਦੇ ਹੁੰਗਾਰੇ ਨੂੰ ਦੇਖਦੇ ਹੋਏ ਕਂੇਦਰ ਸਰਕਾਰ ਨੂੰ ਹੱਥਾਂ ਪੈਰਾ ਦੀ ਪੈਣੀ ਸ਼ੁਰੂ ਹੋ ਗਈ ਸੀ ।
ਉਨ੍ਹਾਂ ਦਸਿਆ ਕਿ ਸੰਸਾਰ ਭਰ ਤੋਂ ਮਿਲ ਰਹੇ ਸਮਰਥਨ ਨੇ ਸਰਕਾਰ ਤੇ ਇੰਸ਼ਾਫ ਦੇਣ ਲਈ ਦਬਾਵ ਬਨਾਣਾ ਸ਼ੁਰੂ ਕਰ ਦਿੱਤਾ ਸੀ ਜਿਸ ਨਾਲ ਸਰਕਾਰ ਵੀ ਚਾਹੁੰਦੀ ਸੀ ਬਿਨਾਂ ਕੋਈ ਸ਼ਰਤ ਮਨੇ ਅਨਸ਼ਨ ਜਲਦ ਤੋਂ ਜਲਦ ਖਤਮ ਹੋਵੇ ਜੋ ਕਿ ਉਨ੍ਹਾਂ ਦੇ ਗਲੇ ਵਿਚ ਹੱਡੀ ਬਣ ਗਿਆ ਸੀ ।
ਉਨ੍ਹਾਂ ਦਸਿਆ ਕਿ ਅਨਸ਼ਨ ਦੇ 6ਵੇਂ ਦਿਨ ਮੇਰੀ ਤਬੀਅਤ ਜਿਆਦਾ ਵਿਗੜਨੀ ਸ਼ੁਰੂ ਹੋ ਗਈ ਸੀ, ਜਿਸ ਦੀ ਮੈਨੂੰ ਕੋਈ ਪਰਵਾਹ ਨਹੀਂ ਸੀ ਪਰ ਮੈਂ ਕੌਮ ਨੂੰ ਅਪਣੀ ਕੀਮਤ ਤੇ ਵੀ ਇੰਸਾਫ ਦਿਵਾਉਣ ਲਈ ਬਜਿਦ ਸੀ । ਸਰਕਾਰੀ ਡਾਕਟਰਾਂ ਨੇ ਵੀ ਮੈਨੂੰ ਖਤਰੇ ਵਿਚ ਦੱਸਣਾਂ ਸ਼ੁਰੂ ਕਰ ਦਿੱਤਾ ਸੀ ।
ਇਸੇ ਦਿਨ ਕਾਂਗਰੇਸ ਨੂੰ ਛੱਡ ਕੇ ਮੁਸਲਮਾਨ ਭਾਈਚਾਰੇ ਸਮੇਤ ਹੋਰ ਬਹੁਤ ਸਾਰੀਆਂ ਰਾਜਨਿਤੀਕ ਪਾਰਟੀਆਂ ਤੇ ਸ਼੍ਰੌਮਣੀ ਅਕਾਲੀ ਦਲ ਦੇ ਵੱਡੇ ਵੱਡੇ ਨੇਤਾ ਵੀ ਸਾਡਾ ਹੋਸਲਾ ਵਧਾਉਣ ਲਈ ਸਾਡੇ ਮੰਚ ਤੇ ਅਪਣਾ ਸਮਰਥਨ ਦੇਣ ਲਈ ਆਏ ਸਨ । ਇਨ੍ਹਾਂ ਦੇ ਨਾਲ ਸਾਡੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵੀ ਹਾਜਿਰ ਸਨ ।
ਜੱਥੇਦਾਰ ਸਾਹਿਬ ਦੀ ਹਾਜਿਰੀ ਦੇਖ ਕੇ ਸਾਨੂੰ ਲਗਾ ਕਿ ਸਾਡੇ ਸੁਪਰੀਮੋ ਵੀ ਹੁਣ ਸਾਡੇ ਨਾਲ ਹਨ ਤੇ ਅਸੀਂ ਮੋਰਚਾ ਜਲਦੀ ਜਿੱਤ ਲਵਾਗੇਂ ਪਰ ਉਨ੍ਹਾਂ ਨੇ ਉੱਥੇ ਜੋ ਕਾਰਾ ਕੀਤਾ ਉਹ ਨਾ ਵਰਨਣਯੋਗ ਹੈ।
ਬੀਬੀ ਜੀ ਨੇ ਕਿਹਾ ਕਿ ਜੱਥੇਦਾਰ ਸਾਹਿਬ ਨੇ ਅਪਣੇ ਸੰਬੋਧਨ ਤੋਂ ਬਾਅਦ ਮੈਨੂੰ ਅਤੇ ਮੇਰਾ ਸਾਥ ਦੇ ਰਹੀ ਸੰਗਤ ਨੂੰ ਪੁਛੇ ਬਿਨਾਂ ਮੈਨੂੰ ਜੂਸ ਦਾ ਗਿਲਾਸ (ਸਿੱਖ ਕੌਮ ਵਿਚ ਅਨਸ਼ਨ ਦੀ ਕੋਈ ਪ੍ਰਥਾ ਨਹੀਂ ਹੈ), ਕਹਿ ਕੇ ਪਿਲਾ ਕੇ ਮੇਰਾ ਅਨਸ਼ਨ ਖਤਮ ਕਰਵਾ ਕੇ ਸਾਨੂੰ ਮਿਲਣ ਵਾਲੇ ਇੰਸਾਫ ਤੋਂ ਕਈ ਗੁਣਾਂ ਪਿੱਛੇ ਧੱਕ ਕੇ ਕੌਮ ਵਿਚ ਸਾਡੀ ਸਥਿਤੀ ਨੂੰ ਹਾਸੋਹੀਣੀ ਬਣਾ ਦਿੱਤਾ । ਇਸ ਤਰ੍ਹਾਂ ਸਾਡਾ ਇਹ ਅਨਸ਼ਨ ਬਿਨਾਂ ਕਿਸੇ ਪ੍ਰਾਪਤੀ ਤੋਂ ਖਤਮ ਹੋ ਗਿਆ ।
ਉਨ੍ਹਾਂ ਕਿਹਾ ਕਿ ਮੈਂ ਜੱਥੇਦਾਰ ਸਾਹਿਬ ਨੂੰ ਪੁਛਣਾਂ ਚਾਹੁੰਦੀ ਹਾਂ ਕਿ ਤੁਹਾਨੂੰ ਨਹੀਂ ਪਤਾ ਦਰਸ਼ਨ ਸਿੰਘ ਫੇਰੂਮਾਨ 1969 ਵਿਚ ਤੱਤਕਾਲੀਨ ਸਰਕਾਰ ਨੂੰ
ਅਲਟੀਮੇਟਮ ਦਿਤਾ ਸੀ ਜੇਕਰ 15 ਅਗਸਤ ਤੱਕ ਪੰਜਾਬ ਨਾਲ ਸੰਬਧਿਤ ਮੰਗਾ ਨਾ ਮਨੀਆ ਗਈਆˆ ਤਾˆ ਉਹ ਆਮਰਨ ਅਨਸ਼ਨ ਤੇ ਬੈਠ ਜਾਣਗੇ । 74 ਵੇ ਦਿਨ ਉਹਨਾ ਦੀ ਸ਼ਹਾਦਤ ਅਜਰ ਅਮਰ ਹੋ ਗਈ ।1971 ਵਿਚ ਦਿੱਲੀ ਵਿਖੇ ਵਿਰਸਾ ਸਿੰਘ ਵਲੋਂ ਕੀਤਾ ਗੁਰੁਦਆਰਾ ਸੀਸ ਗੰਜ ਸਾਹਿਬ ਤੇ ਕਬਜਾ ਛੁੜਵਾਉਣ ਲਈ ਜ. ਸਤੋਂਖ ਸਿੰਘ, ਜ. ਅਵਤਾਰ ਸਿੰਘ ਕੋਹਲੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਭੁਖ ਹੜਤਾਲ ਰੱਖੀ ਸੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਵੀ ਕਈ ਦਿਨਾਂ ਤਕ ਜੇਲ੍ਹ ਦੇ ਅੰਦਰ ਮੰਗਾ ਮਨਵਾਉਣ ਲਈ ਭੁਖ ਹੜਤਾਲ ਕੀਤੀ ਸੀ, ਇਸ ਤਰ੍ਹਾਂ ਦੇ ਹੋਰ ਕਈ ਉਦਾਰਣ ਸਾਡੇ ਇਤਿਹਾਸ ਵਿਚ ਹਨ ।ਮੈਂ ਆਪ ਜੀ ਤੋਂ ਕੂਝ ਸੁਆਲਾਂ ਦਾ ਜੁਆਬ ਮੰਗ ਰਹੀ ਹਾਂ…………..
ਕੀ ਤੁਸੀਂ ਮੈਨੂੰ ਦਸੋਗੇ ਕਿ ਤੁਸੀਂ ਮੇਰਾ ਅਨਸ਼ਨ ਤੁੜਵਾਉਣ ਲਈ ਮੇਰੇ ਤੋਂ ਇਕ ਵਾਰੀ ਵੀ ਪੁਛਣਾਂ ਵਾਜਿਬ ਨਹੀਂ ਸੀ…………
ਕੀ ਤੁਸੀਂ ਮੈਨੂੰ ਦਸੋਗੇ ਕਿ ਤੁਸੀਂ ਮੇਰਾ ਅਨਸ਼ਨ ਤੁੜਵਾਉਣ ਲਈ ਕਿਸ ਨਾਲ ਸਲਾਹ ਕੀਤੀ ਸੀ..
ਕੀ ਤੁਸੀਂ ਮੈਨੂੰ ਦਸੋਗੇ ਕਿ ਪੰਥਕ ਰਹਿਤ ਮਰਿਆਦਾ ਦੀ ਧੱਜੀ ਉਡਾਉਦੇਂ ਹੋਏ ਪੰਜ ਸਿੰਘ ਸਾਹਿਬਾਨਾਂ ਤੋਂ ਬਿਨਾਂ ਵੀ ਤੁਸੀਂ ਮੇਰੇ ਉਤੇ ਹੁਕਨਾਮਾ ਕਿਦਾਂ ਲਾਗੁ ਕਰ ਦਿੱਤਾ……
ਕੀ ਤੁਸੀਂ ਮੈਨੂੰ ਦਸੋਗੇ ਜਿਸ ਵਕਤ ਸਾਨੂੰ ਪ੍ਰਾਪਤੀ ਹੋਣ ਵਾਲੀ ਸੀ ਤੁਸੀਂ ਸਾਡੀਆਂ ਟੰਗਾ ਕਿਉ ਘਸੀਟ ਦਿੱਤੀਆ ਜਿਸ ਨਾਲ ਅਸੀਂ ਪ੍ਰਾਪਤੀ ਤੋਂ ਵਾਂਝੇ ਰਹਿ ਗਏ…..
ਕੀ ਤੁਸੀਂ ਦਸੋਗੇ ਅਪਣੇ ਸੰਬੋਧਨ ਤੋਂ ਬਾਅਦ ਉੱਥੇ ਹਾਜਿਰ ਸੰਗਤ ਅਤੇ ਵੀਰਾਂ ਭੈਣਾਂ ਨਾਲ ਅਨਸ਼ਨ ਤੁੜਵਾਨ ਬਾਰੇ ਕੋਈ ਰਾਇ ਲਈ ਸੀ, ਜਦਕਿ ਸੰਗਤ ਦਾ ਫੈਸਲਾ ਸਰਬਉੱਚ ਫੈਸਲਾ ਹੁੰਦਾ ਹੈ………
ਕੀ ਤੁਸੀਂ ਨਹੀਂ ਚਾਹੁੰਦੇ ਕਿ 29 ਸਾਲਾਂ ਬਾਅਦ ਵੀ ਸਿੱਖਾਂ ਨੂੰ ਇੰਸ਼ਾਫ ਮਿਲੇ……..
ਕੀ ਤੁਹਾਡੇ ਸਿੱਖ ਕੌਮ ਨੂੰ ਦਿੱਤੇ ਜਾਦੇਂ ਬਿਆਨ ਸਿਰਫ ਦਿਖਾਵੇ ਲਈ ਹਨ……….
ਕੀ ਤੁਸੀਂ ਮੈਨੂੰ ਦਸੋਗੇ ਇਸ ਸਾਰੀ ਸਾਜਿਸ਼ ਵਿਚ ਉਹਾਡੇ ਨਾਲ ਹੋਰ ਕੋਣ ਕੋਣ ਸ਼ਾਮਿਲ ਹੈ………
ਇਨ੍ਹਾਂ ਵਰਗੇ ਬਹੁਤੇ ਸੁਆਲ ਹਨ ਜਿਨ੍ਹਾਂ ਦਾ ਜੁਆਬ ਮੈਂ ਤੁਹਾਡੇ ਕੋਲੋ ਮੰਗ ਰਹੀ ਹੈ ।
ਉਨ੍ਹਾਂ ਕਿਹਾ ਕਿ ਜੱਥੇਦਾਰ ਸਾਹਿਬ ਜੀ ਤੁਸੀਂ ਸਿੱਖ ਕੌਮ ਦੀ ਸੁਪਰੀਮ ਕੁਰਸੀ ਤੇ ਵਿਰਾਜਮਾਨ ਹੋ ਤੇ ਤੁਹਾਡਾ ਫਰਜ ਹੈ ਇੰਸਾਫ ਦੇਣਾਂ ਅਤੇ ਦਿਵਾਉਣਾਂ, ਪਰ ਜਦ ਤੁਸੀਂ ਹੀ ਇੰਸਾਫ ਨਾਲ ਕੌਝਾ ਮਜ਼ਾਕ ਕਰੋਗੇ ਤੇ ਇੰਸਾਫ ਕਿੱਥੇ ਰਹਿ ਜਾਏਗਾ । ਤੁਸੀਂ ਮੈਨੂੰ ਜੂਸ ਨਹੀਂ ਪਿਲਾਇਆ ਸੀ ਇਹ ਤੇ ਸ਼ਹੀਦਾਂ ਦਾ ਖੂਨ ਪਿਲਾ ਕੇ ਸਾਨੂੰ ਅਪਮਾਨਿਤ ਕਰ ਦਿੱਤਾ ਸੀ । ਮੈਂ ਆਪ ਜੀ ਨੂੰ ਵੀ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਅੱਗੇ ਤੋਂ ਕੌਮ ਲਈ ਲੜੇ ਜਾ ਸੰਘਰਸ਼ ਵਿਚ ਜੇਕਰ ਅਪਣਾ ਸਾਥ ਨਹੀਂ ਦੇ ਸਕਦੇ ਤੇ ਉਸ ਦੇ ਲੱਕ ਨੂੰ ਅਪਣੀ ਜੱਥੇਦਾਰੀ ਦਾ ਰੋਹਬ ਦਿੱਖਾਉਦੇਂ ਤੋਂੜਨ ਦੀ ਕੋਸ਼ਿਸ਼ ਨਾ ਕਰਨਾ, ਜਿਸ ਨਾਲ ਕੌਮ ਦਾ ਬਹੁਤ ਨੁਕਸਾਨ ਹੋਵੇਗਾ । ਮੈਨੂੰ ਤੇ ਇਸ ਤਰ੍ਹਾਂ ਲਗ ਰਿਹਾ ਹੈ ਕਿ ਤੁਸੀਂ ਸਿੱਖਾਂ ਨੂੰ ਇੰਸਾਫ ਦਿਵਾਉਣ ਨਹੀਂ ਸਗੋਂ ਸਰਕਾਰ ਨੂੰ ਇਹ ਦਿਖਾਣ ਆਏ ਸੀ ਕਿ ਮੈਂ ਵੀ ਤੁਹਾਡੇ ਨਾਲ ਹਾਂ ਤੇ ਇਹ ਜੋ ਇੰਸ਼ਾਫ ਲਈ ਰੁਲ ਰਹੇ ਹਨ ਰੁਲਦੇ ਰਹਿਣ ।
ਉਨ੍ਹਾਂ ਕਿਹਾ ਕਿ ਮੈਂ ਦਿੱਲੀ ਕਮੇਟੀ ਅਤੇ ਉਨ੍ਹਾਂ ਵੀਰਾਂ, ਭੈਣਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਨਾਲ ਸੰਘਰਸ਼ ਵਿਚ ਸਾਥ ਦਿੱਤਾ ਸੀ । ਮੈਨੂੰ ਸਭ ਤੋਂ ਜਿਆਦਾ ਦੁਖ ਇਸ ਗਲ ਦਾ ਲਗਾ ਹੈ ਕਿ ਜਿਹੜੇ ਵੀਰ ਭੈਣ ਜੋ ਕਿ ਮੇਰੇ ਨਾਲ ਮੰਚ ਤੇ ਫੋਟੋਆਂ ਖਿਚਵਾਈ ਜਾਂਦੇ ਸਨ, ਨੂੰ ਇਹ ਪੁਛਣਾਂ ਚਾਹੁੰਦੀ ਹਾਂ ਕਿ ਜਦ ਮੇਰਾ ਅਨਸ਼ਨ ਤੁੜਵਾਇਆ ਜਾ ਰਿਹਾ ਸੀ, ਜਦ ਕਿ ਤੁਹਾਨੂੰ ਪਤਾ ਸੀ ਕਿ ਮੇਰੀ ਤਬੀਅਤ ਬਹੁਤ ਜਿਆਦਾ ਖਰਾਬ ਸੀ ਤੁਸੀਂ ਉਸੇ ਵਕਤ ਜੱਥੇਦਾਰ ਸਾਹਿਬ (ਜਿਨ੍ਹਾਂ ਦੇ ਅਪਣੀ ਮਨਮਰਜੀ ਨਾਲ ਅਨਸ਼ਨ ਖਤਮ ਕਰਵਾਇਆ)ਦਾ ਘੇਰਾਵ ਕਰਕੇ ਉਨ੍ਹਾਂ ਨਾਲ ਕੋਈ ਸੁਆਲ ਜੁਆਬ ਕਿਉ ਨਹੀਂ ਕੀਤਾ, ਇਸ ਨਾਲ ਇਹ ਜਾਹਿਰ ਹੁੰਦਾ ਹੈ, ਕਿ ਤੁਸੀਂ ਸਿਰਫ ਫੋਟੋਆ ਖਿਚਵਾਉਣ ਤਕ ਹੀ ਸੀਮਿਤ ਸੀ ਤੇ ਸਾਡਾ ਮੋਰਚਾ ਫੇਲ ਕਰਵਾਉਣ ਲਈ ਤੁਸੀਂ ਵੀ ਜੱਥੇਦਾਰ ਸਾਹਿਬ ਦਾ ਸਾਥ ਦਿੱਤਾ।
ਵੀਰੋ ਅਤੇ ਭੈਣੋ ਮਾਯੁਸ ਨਾ ਹੋਵੋ ਅਸੀਂ ਮੁੜ ਤੋਂ ਸੰਘਰਸ਼ ਇਕ ਨਵੀ ਰਣਨੀਤੀ ਨਾਲ ਚਾਲੂ ਕਰਾਂਗੇ ਜਿਸ ਨੂੰ ਅਸੀਂ ਫਤਿਹ ਕਰਕੇ ਹੀ ਦਮ ਲਵਾਂਗੇ।
Voice of People
ਗਿਆਨੀ ਗੁਰਬਚਨ ਸਿੰਘ , ਮੇਰਾ ਅਨਸ਼ਨ ਤੁੜਵਾਉਣ ਦਾ ਮੁੱਖ ਦੋਸ਼ੀ
Page Visitors: 2550