ਕਹੁ ਨਾਨਕ ਭ੍ਰਮ ਕਟੇ ਕਿਵਾੜਾ...
ਗੁਰਦੇਵ ਸਿੰਘ ਸੱਧੇਵਾਲੀਆ
ਅਗੇ ਹੈ, ‘ਬਹੁੜਿ ਨ ਹੋਈਐ ਜਉਲਾ ਜੀਉ ॥’ ਜਉਲਾ ਦਾ ਮੱਤਲਬ ਹੈ ਭੱਜ ਦੌੜ। ਯਾਨੀ ਜਿਸ ਦਾ
ਭਰਮ ਕੱਟਿਆ ਗਿਆ, ਉਹ ਫਾਲਤੂ ਭੱਜ-ਦੌੜ ਤੋਂ ਜਾਂਦਾ ਰਿਹਾ।
ਭਰਮ ਹੀ ਤਾਂ ਹੈ ਜੋ ਮਨੁੱਖ ਨੂੰ ਦੌੜਾਈ ਫਿਰ ਰਿਹਾ ਹੈ। ਭਰਮ ਨੂੰ ਗੁਰਬਾਣੀ ਨੇ ਮਿਰਗ ਤ੍ਰਿਸ਼ਨਾ ਵੀ ਕਿਹਾ ਹੈ। ਐਂਵੇ ਜਾਪੀ ਜਾਊ ਪਾਣੀ ਹੈ, ਪਰ ਪਾਣੀ ਹੁੰਦਾ ਨਹੀਂ, ਉਹ ਤਾਂ ਰੇਤਾ ਚਮਕ ਰਿਹਾ ਹੁੰਦਾ। ਇੰਝ ਹੀ ਮਨੁੱਖ ਨੂੰ ਚਮਕਦੇ ਰੇਤੇ, ਰੇਸ਼ਮੀ ਚੋਲੇ ਭੁਲੇਖਾ ਪਾਉਂਦੇ ਹਨ ਕਿ ਇਹ ਠੰਡਾ ਜਲ ਹੈ, ਮੇਰੀ ਪਿਆਸ ਬੁਝਾ ਦੇਣਗੇ, ਪਰ ਥੋੜੇ ਚਿਰ ਬਾਅਦ ਪਤਾ ਚਲਦਾ ਉਨ੍ਹਾਂ ਤਪਦੇ ਰੇਤਿਆਂ ਦਾ ਜਦ ਭੋਰੇ ਵਿਚਲਾ ਕੂੜਾ-ਕਰਕਟ ਸਮਝ ਆਉਂਣ ਲੱਗਦਾ। ਪਰ ਮਿਰਗ ਟਿੱਕ ਥੋੜਾ ਜਾਂਦਾ। ਇਕ ਰੇਤੇ ਤੱਕ ਪਹੁੰਚ ਕੇ ਦੂਜੇ ਵਲ ਨੂੰ ਫਿਰ ਦੌੜ ਲੈਂਦਾ। ਧੰਨਵੰਤ ਸਿਓਂ ਗਿਆ, ਪਿਹੋਵੇ ਵਾਲਾ ਆ ਗਿਆ, ਪਿਹੋਵੇ ਦਾ ਭੁਲੇਖਾ ਲੱਥਾ, ਢੱਡਰੀ ਆ ਗਿਆ, ਢੱਡਰੀ ਦੇ ਵੀ ਕਿੱਸੇ ਆਉਂਣੇ ਸ਼ੁਰੂ ਹੋ ਗਏ ਹਨ, ਹੁਣ ਕੋਈ ਆ ਹੋਰ ਜਾਣਾ। ਮਿਰਗ ਦੀ ਤ੍ਰਿਸ਼ਨਾ ਦਾ ਭੁਲੇਖਾ ਸਾਰੀ ਉਮਰ ਲੱਥਦਾ ਨਹੀਂ, ਤੇ ਉਹ ਇੰਝ ਹੀ ਤੜਫ ਤੜਫ ਕੇ ਦਮ ਤੋੜ ਜਾਂਦਾ। ਜਿਵੇਂ ਅੱਜ ਸਿੱਖੀ ਤੋੜ ਰਹੀ ਭੋਰਿਆਂ ਅਤੇ ‘ਸਚਖੰਡਾਂ’ ਦੀਆਂ ਜੁੱਤੀਆਂ ਵਿਚ। ਨਹੀਂ?
ਤੁਸੀਂ ਹੈਰਾਨ ਹੋਵੋਂਗੇ ਕਿ ਇਹ ਰੇਤੇ ਚਮਕਦੇ ਬਹੁਤ ਨੇ। ਰੇਤਾ ਹੁੰਦੀ ਚਮਕਦਾਰ ਹੈ। ਮਿਰਗ ਦੀ ਤ੍ਰਿਸ਼ਨਾ ਦਾ ਕਾਰਨ ਹੀ ਰੇਤਾ ਦਾ ਚਮਕਣਾ ਹੈ। ਡੇਰੇ ਚਮਕਦੇ ਬਹੁਤ। ਬੀਬੇ ਚਿਹਰੇ, ਲੰਮੇ ਚੋਲ਼ੇ, ਗਲ ਵਿੱਚ ਮਾਲਾ, ਹੱਥ ਘੁਕਦਾ ਸਿਮਰਨਾ, ਮਿੱਠੀਆਂ ਗੱਲਾਂ, ਬੋਲਾਂ ਵਿਚ ਮਿਠਾਸ। ਗੱਲਾਂ ਬੜੀਆਂ ਅਜੀਬ। ਧਰਤੀ ਦੀ ਗੱਲ ਤਾਂ ਉਹ ਕਰਦੇ ਹੀ ਨਹੀਂ। ਧਰਤੀ ਦੀ ਕਰਨਗੇ ਤਾਂ ਫੜੇ ਜਾਣਗੇ। ਧਰਤੀ ਦੀਆਂ ਗੱਲਾਂ ਵਿਚ ਮੁਸ਼ਕਲਾਂ ਬੜੀਆਂ। ਧਰਤੀ ਉਪਰ ਕਸਾਈ ਰਾਜੇ ਹਨ, ਧਰਤੀ ਪੁਰ ਰਾਜੇ ਸ਼ੀਂਹ ਮੁਕਦਮ ਕੁੱਤੇ ਹਨ, ਹੁਣ ਧਰਤੀ ਦੀ ਗਲ ਕਰਕੇ ਕੌਣ ਲੱਤਾਂ ਪੜਵਾਏ ਕੁੱਤਿਆਂ ਤੋਂ। ਸੌਖਾ ਰਸਤਾ ਕਿ ਉਪਰਲੀਆਂ ਕਰੋ! ਸੱਚਖੰਡ ਦੀਆਂ, ਦਰਗਾਹ ਦੀਆਂ, ਸਵਰਗ ਦੀਆਂ, ਬੈਕੁੰਠ ਦੀਆਂ, ਦਸਮੇ ਦੁਆਰ ਦੀਆਂ, ਚੌਥੇ ਪਦ ਦੀਆਂ, ਜਿਥੇ ਬਾਰੇ ਤੁਹਾਨੂੰ ਕੁੱਝ ਪਤਾ ਨਹੀਂ। ਤੁਹਾਨੂੰ ਨਾ ਪਤਾ ਹੋਣ ਕਾਰਨ ਤੁਹਾਨੂੰ ਜਾਪਦਾ ਕਿ ਬਾਬਾ ਜੀ ਜਰੂਰ ‘ਉਪਰ’ ਜਾਂਦੇ-ਆਉਂਦੇ ਰਹਿੰਦੇ, ਦੂਜੇ ਤੀਜੇ ਦਿਨ ਤਾਂ ਗੇੜਾ ਜਰੂਰ ਮਾਰਦੇ ਹੁਣੇ! ਤਾਂਹੀ ਤਾਂ ਇਨੀਆਂ ਗੱਲਾਂ ਪਤਾ ਇਨ੍ਹਾਂ ਨੂੰ ‘ਉਪਰ’ ਦੀਆਂ ਦਾ! ਨਕਸ਼ਾ ਖਿੱਚਦੇ ਕਿਤਾ ਸੱਚਖੰਡ ਦਾ, ਬੰਦਾ ਹੋਰ ਹੀ ਦੁਨੀਆਂ ਵਿਚ ਚਲਾ ਜਾਂਦਾ। ਪਰੀਆਂ ਦੇ ਦੇਸ਼!
ਪਰੀਆਂ ਦੇ ਦੇਸ਼ ਦੀ ਸੈਰ ਲਈ ਪਰੀਆਂ ਵਰਗੀ ਕਹਾਣੀ, ਪਰੀਆਂ ਵਰਗੀ ਭਾਸ਼ਾ ਤੇ ਪਰੀਆਂ ਵਰਗੇ ਹੀ ਬਾਬੇ ਤੇ ਨਕਲੀ ਗੁਰੂ? ਰੇਸ਼ਮੀ ਚੋਲੇ, ਕੂਲੇ ਕੂਲੇ ‘ਚਰਨ’, ਕੂਲੇ ਕੂਲੇ ਹੱਥ, ਤੇ ਇਨਾ ਮਹਿੰਗਾ ‘ਪਰਫਿਊਮ’ ਕਦੇ ਤੁਸੀਂ ਸਾਰੀ ਜਿੰਦਗੀ ਨਹੀਂ ਲਾਇਆ ਹੁਣਾਂ ਮਾਅਰ ਮਹਿਕਾਂ ਆਉਂਦੀਆਂ! ਆਮ ਬੰਦਾ ਤਾਂ ਬਾਬਿਆਂ ਕੋਲੇ ਬੈਠਦਾ ਹੀ ਪਰੀਆਂ ਦੇ ਦੇਸ਼ ਚਲਾ ਜਾਂਦਾ!
ਥੋੜਾ ਚਿਰ ਪਹਿਲਾਂ ਇਕ ਇਸ਼ਹਿਤਾਰ ਸੀ ਦਵਿੰਦਰ ਸਿੰਘ ਸੋਢੀ ਵਲੋਂ ਉਸ ਦੀ ਹੈਡਿੰਗ ਪਤਾ ਕੀ ਸੀ ‘ਮਹਾਂ ਪਵਿਤੱਰ ਸਮਾਗਮ’? ਮਹਾਂ+ਪਵਿੱਤਰ+ਸਮਾਗਮ? ਯਾਨੀ ਰੇਤਾ ਨੂੰ ਚਮਕਾਓ, ਤਾਂ ਕਿ ਮਿਰਗ ਦੌੜੇ ਆਉਂਣ। ਗੱਲ ਨੂੰ ਚਮਕਾ ਕੇ ਕਰੋ, ਪਾਲਸ਼ ਕਰਕੇ ਕੇ ਕਰੋ, ਭਰਮ ਪੈਦਾ ਕਰਨ ਵਾਲੀ ਕਰਕੇ ਕਰੋ ਤਾਂ ਕਿ ਲੋਕ ਸੌਖਿਆਂ ਫਾਹੇ ਜਾ ਸਕਣ।
ਪਿੱਛੇ ਜਿਹੇ ਜਦੋਂ ਪਿਹੋਵੇ ਵਾਲਾ ਨਵਾਂ ਨਵਾਂ ਚਮਕਿਆ ਸੀ, ਉਹ ਅਪਣੇ ਨਾਂ ਨਾਲ ‘ਸ਼੍ਰੋਮਣੀ ਸੰਤ ਬਾਬਾ ਮਾਨ ਸਿੰਘ ਪਿਹੋਵੇ ਵਾਲੇ’ ਲਾਉਂਦਾ ਸੀ। ਸ਼੍ਰੋਮਣੀ ਸੰਤ? 108, 1008, ਸ਼੍ਰੀ ਮਾਨ, ਸੰਤ, ਬਾਬਾ, ਵਿਦਿਆ ਮਾਰਤੰਡ, ਬ੍ਰਹਮਗਿਆਨੀ ਹੋਰ ਕੀ ਹੈ। ਲੋਕਾਂ ਵਿਚ ਭਰਮ ਪੈਦਾ ਕਰਨ ਵਾਸਤੇ। ਲੋਕ ਵਿਚਾਰੇ ਇਨੇ ਵੱਡੇ ਤਖੱਲਸਾਂ ਦੇ ਹਨੇਰੇ ਵਿਚ ਅਜਿਹਾ ਗੁਆਚਦੇ ਕਿ ਸਾਰਾ ਜੀਵਨ ਨਿਕਲ ਨਹੀਂ ਸਕਦੇ।
ਬ੍ਰਾਹਮਣ ਨੇ ਕੀ ਕੀਤਾ? ਭਰਮ ਪੈਦਾ ਕੀਤੇ। ਵੱਧ ਤੋਂ ਵੱਧ, ਜਿਆਦਾ ਤੋਂ ਜਿਆਦਾ ਭਰਮ! ਭਰਮ ਹੀ ਲੁੱਟ ਦਾ ਕਾਰਨ ਹੈ। ਭਰਮ ਦਿੱਸਦੀ ਚੀਜ ਦਾ ਨਹੀਂ ਹੋ ਸਕਦਾ। ਕਿ ਹੋ ਸਕਦਾ? ਰਾਤ ਡਰਾਉਂਣੀ ਕਿਉਂ ਦਿੱਸਦੀ ਹੈ। ਹਨੇਰਾ ਚੀਜ ਨੂੰ ਹੋਰ ਰੰਗਤ ਦੇ ਦਿੰਦਾ ਹੈ। ਨਕਲੀ ਗੁਰੂ ਨੂੰ ਅਸਲੀ ਦਿੱਸਣ ਲਾ ਦਿੰਦਾ, ਬਲਾਤਕਾਰੀ ਨੂੰ ਸੰਤ ਦਿੱਸਣ ਲਾ ਦਿੰਦਾ ਹਨੇਰਾ। ਅਰਥ ਬਦਲ ਦਿੰਦਾ ਹਨੇਰਾ ਚੀਜ ਦੇ। ਬੰਦਾ ਦੋ ਗੱਜ ਪਾਏ ਚੋਲੇ ਤੋਂ ਹੀ ਡਰੀ ਜਾਂਦਾ ਕਿ ਇਹ ਸੰਤ ਹੈ। ਹਨੇਰਾ ਸੋਚਣ ਹੀ ਨਹੀਂ ਦਿੰਦਾ ਕਿ ਦੋ ਗੱਜ ਕੱਪੜੇ ਵਿਚ ਕੀਤੀ ਮੋਰੀ ਸੰਤ ਨਹੀਂ ਹੁੰਦੀ।
ਇਹੀ ਕਾਰਨ ਹੈ ਕਿ ਪੰਜ ਸੱਤ ਲਗੌੜ ਇੱਕਠੇ ਹੁੰਦੇ, ਢੱਡਰੀ ਵਰਗੇ ਛਲਾਰੂ ਜਿਹੇ ਨੂੰ ਮੂਹਰੇ ਲਾਉਂਦੇ ਤੇ ਚਲੋ ਹੋ ਗਿਆ ਸੰਤ? ਦੁਖਾਂਤ ਇਹ ਕਿ ਬੰਦਾ ਡਰਦਾ ਹੀ ਇਨ੍ਹਾਂ ਦੀ ਹਰੇਕ ਬਦਮਾਸ਼ੀ ਬਰਦਾਸ਼ਤ ਕਰੀ ਜਾਂਦਾ ਕਿ ਸੰਤ ਦੀ ਨਿੰਦਾ ਨਹੀਂ ਕਰਨੀ। ਅੰਦਰੋਂ ਕਮਜੋਰ ਬੰਦਾ ਹਵਾ ਦੇ ਝੋਕੇ ਤੋਂ ਹੀ ਡਰ ਜਾਂਦਾ। ਹਨੇਰੇ ਵਿਚ ਬੰਦੇ ਦੇ ਪੈਰ ਹੀ ਨਹੀਂ ਹੁੰਦੇ। ਬੰਦਾ ਉਪਰ ਉਪਰ ਹੀ ਤੁਰ ਰਿਹਾ ਹੁੰਦਾ। ਪਤਲਾ, ਕਾਗਜ ਵਰਗਾ। ਡਰਿਆ ਹੋਇਆ। ਥੋੜੀ ਜਿਹੀ ਮੁਸ਼ਕਲ ਆਈ ਤੇ ਤ੍ਰਬਕ ਪਿਆ। ਮਾੜਾ ਜਿਹੀ ਹਵਾ ਨੇ ਸਅਰਰ ਕੀਤੀ ਤੇ ਦਹਿਲ ਗਿਆ। ਡਰ ਦਾ ਸਬੰਧ ਬਾਹਰ ਨਹੀਂ ਹੈ, ਬਾਹਰ ਤਾਂ ਕੁਝ ਵੀ ਨਹੀਂ ਹੁੰਦਾ। ਡਰ ਬੰਦੇ ਦੇ ਅੰਦਰ ਹੁੰਦਾ। ਅੰਦਰ ਡਰ ਉਦੋਂ ਹੁੰਦਾ ਜਦ ਤੁਹਾਨੂੰ ਕੁਝ ਦਿੱਸਦਾ ਨਹੀਂ। ਹਨੇਰਾ ਕੁਝ ਦਿੱਸਣ ਨਹੀਂ ਦਿੰਦਾ। ਤੁਹਾਨੂੰ ਜੇ ਦਿੱਸ ਪਿਆ ਗੁਰਬਾਣੀ ਵਿਚੋਂ ਕਿ ਜਮਦੂਤ, ਭੂਤ, ਧਰਮਰਾਜ, ਨਰਕਾਂ ਦੀ ਮਾਰ, ਜਮਾਂ ਦੀ ਕੁੱਟ ਕੇਵਲ ਮੇਰੀ ਖਾਤਰ ਕਿਉਂ ਹੈ। ਇਸ ਸਾਧੜੇ ਜਾਂ ਨਕਲੀ ਗੁਰੂ ਲਈ ਕੁਝ ਨਹੀਂ ਜਿਹੜਾ ਅਯਾਸ਼ੀਆਂ ਕਰ ਰਿਹੈ, ਭੋਰਿਆ ਵਿਚ ਗੰਦ ਪਾ ਰਿਹੈ? ਹਨੇਰਾ ਤੁਹਾਨੂੰ ਇਹ ਸਵਾਲ ਕਰਨ ਨਹੀਂ ਦਿੰਦਾ ਕਿਉਂਕਿ ਦੂਜੇ ਬੰਨੇ ਨਿੰਦਿਆ ਦਾ ਭੂਤ ਤੁਹਾਡਾ ਤਰਾਹ ਕੱਢ ਦਿੰਦਾ ਹੈ! ਬਾਬਾ ਜੀ ਦੀ ਨਿੰਦਾ? ਸੰਤ ਦੀ ਨਿੰਦਾ? ਛਲੋ ਛੱਡੋ ਜੀ ਆਪਾਂ ਕੀ ਲੈਣਾਂ! ਸਭ ਚੰਗੇ ਹੀ ਨੇ! ਜੋ ਕਰਨਗੇ ਸੋ ਭਰਨਗੇ!
ਪਰ ਗੁਰੂ ਦਾ ਗਿਆਨ ਮੇਰਾ ਇਹ ਭਰਮ ਕੱਟਦਾ ਹੈ, ਕਿ ਚੋਰ ਨੂੰ ਚੋਰ ਕਹੁ, ਠੱਗ ਨੂੰ ਠੱਗ ਕਹੁ, ਕਸਾਈ ਨੂੰ ਕਸਾਈ! ਇਹ ਮੈਥੋਂ ਤਾਂ ਕਹਿ ਹੋਣਾ ਜਦ ਮੈਂ ਚਾਨਣ ਵਿਚ ਆ ਗਿਆ। ਚਾਨਣ ਨੇ ਮੇਰਾ ਡਰ ਲਾਹ ਸੁੱਟਣਾ। ਹਨੇਰੇ ਵਾਲੇ ਭੂਤ ਦਿੱਸਣੋਂ ਹੱਟ ਜਾਣੇ। ਚੋਲਿਆਂ ਵਾਲੇ ਨਕਲੀ ਭੂਤਾਂ ਦੀ ਸਮਝ ਜਦ ਮੈਨੂੰ ਆ ਗਈ ਤਾਂ ਨਿੰਦਿਆ ਦੇ ਡਰ ਤੋਂ ਮੇਰਾ ਕੀਤਾ ਗਿਆ ਬੰਦ ਮੂੰਹ ਖੁਲ੍ਹ ਜਾਣਾ ਹੈ। ਫਿਰ ਮੇਰਾ ਆਣਾ-ਜਾਣਾ ਮੁੱਕ ਜਾਊ। ਡੇਰਿਆਂ ਤੋਂ ਭੀੜਾਂ ਮੁੱਕ ਜਾਣਗੀਆਂ। ਟਰਾਲੀਆਂ-ਟਰੱਕਾਂ ਦੀਆਂ ਧੂੜਾਂ ਬੈਠ ਜਾਣਗੀਆਂ। ਡੇਰਿਆਂ ਵਿਚ ਉੱਲੂ ਬੋਲਣਗੇ, ਭੂਤ ਨੱਚਣਗੇ, ਬਿੱਲੀਆਂ ਰੋਣਗੀਆਂ ਤੇ ਰੇਸ਼ਮੀ ਚੋਲੇ ਤੇ ਕੂਲੇ ਕੂਲੇ ਬਾਬੇ ਅਤੇ ਨਕਲੀ ਗੁਰੂ ਸੰਡਿਆਂ ਵਾਂਗ ਹਲੇ ਜੁੱਪੇ ਹੋਣਗੇ। ਇਹ ਤਾਂ ਹੋਵੇਗਾ ਜਦ ਗੁਰੂ ਦੇ ਗਿਆਨ ਵਿਚ ਆ ਕੇ ਮੇਰੇ ਭਰਮਾਂ ਦੇ ਸ਼ੌੜ ਕੱਟੇ ਗਏ!
ਗੁਰਦੇਵ ਸਿੰਘ ਸੱਧੇਵਾਲੀਆ
ਕਹੁ ਨਾਨਕ ਭ੍ਰਮ ਕਟੇ ਕਿਵਾੜਾ...
Page Visitors: 2691