ਕੈਟੇਗਰੀ

ਤੁਹਾਡੀ ਰਾਇ



ਗੁਰਬਾਣੀ ਦਰਸ਼ਨ
ਗੁਰਮਤਿ ਵਿਆਖਿਆ-ਭਾਗ-ਚੌਥਾ
ਗੁਰਮਤਿ ਵਿਆਖਿਆ-ਭਾਗ-ਚੌਥਾ
Page Visitors: 3302

 

                                                                         ੴਸਤਿ ਗੁਰ ਪ੍ਰਸਾਦਿ ॥

                                                                            ਗੁਰਬਾਣੀ ਦਰਸ਼ਨ

                                                                       (ਗੁਰਬਾਣੀ ਦਾ ਫਲਸਫਾ)

                                                                 ਗੁਰਮਤਿ ਵਿਆਖਿਆ-ਭਾਗ-ਚੌਥਾ

 

                                            ਥਾਪਿਆ ਨ ਜਾਇ ਕੀਤਾ ਨ ਹੋਇ ॥

                                            ਆਪੇ ਆਪਿ ਨਿਰੰਜਨੁ  ਸੋਇ ॥

                                        ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥

                                          ਨਾਨਕ ਗਾਵੀਐ ਗੁਣੀ ਨਿਧਾਨੁ ॥

                                        ਗਾਵੀਐ ਸੁਣੀਐ ਮਨਿ ਰਖੀਐ ਭਾਉ ॥

                                        ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥

                             ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥

                             ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥

                               ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨ ਨ ਜਾਈ ॥

                                             ਗੁਰਾ ਇਕ ਦੇਹਿ ਬੁਝਾਈ ॥

                             ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5॥


                              ਥਾਪਿਆ ਨ ਜਾਇ ਕੀਤਾ ਨ ਹੋਇ ॥

                                 ਆਪੇ ਆਪਿ ਨਿਰੰਜਨੁ  ਸੋਇ ॥

       ਉਹ ਅਕਾਲ ਪੁਰਖ , ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ , ਸਭ ਕੁਝ ਕਰਨ ਵਾਲਾ , ਉਹ ਆਪ ਹੀ ਆਪ ਹੈ । ਉਸ ਨੂੰ ਨਾ ਤਾਂ ਮੂਰਤੀਆਂ ਵਾਙ ਸਥਾਪਤ ਹੀ ਕੀਤਾ ਜਾ ਸਕਦਾ ਹੈ , ਨਾ ਹੀ ਉਸ ਨੂੰ ਬਣਾਇਆ ਜਾ ਸਕਦਾ ਹੈ ।

 

                              ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥

                               ਨਾਨਕ ਗਾਵੀਐ ਗੁਣੀ ਨਿਧਾਨੁ ॥

       ਜਿਸ ਮਨੁੱਖ ਨੇ ਉਸ ਨੂੰ ਸੇਵਿਆ ਹੈ , ਉਸ ਦੀ ਸੇਵਾ ਕੀਤੀ ਹੈ , (ਇਹ ਯਾਦ ਰੱਖਣ ਦੀ ਗੱਲ ਹੈ ਕਿ , ਉਸ ਕਰਤਾ-ਪੁਰਖ ਦੀ ਸੇਵਾ , ਉਸ ਦੇ ਹੁਕਮ ਵਿਚ ਚਲਣਾ ਹੀ ਹੈ) ਉਸ ਨੂੰ ਮਾਣ-ਇੱਜ਼ਤ ਮਿਲੀ ਹੈ । ਹੇ ਨਾਨਕ ! ਆਉ ਅਜਿਹੇ ਗੁਣਾਂ ਦੇ ਭੰਡਾਰ , ਵਾਹਿਗੁਰੂ ਦੇ ਗੁਣ ਗਾਈਏ ।      

                   (ਗੁਣ ਗਾਉਣ ਬਾਰੇ ਆਪਾਂ ਉਪਰ ਵਿਚਾਰ ਆਏ ਹਾਂ)

 

                             ਗਾਵੀਐ ਸੁਣੀਐ ਮਨਿ ਰਖੀਐ ਭਾਉ ॥

                             ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥

       ਆਉ ਰਲ ਮਿਲ ਕੇ , ਸਤਸੰਗਤ ਵਿਚ ਜੁੜ ਕੇ , ਉਸ ਕਰਤਾਰ ਦੇ ਗੁਣ ਗਾਈਏ ਅਤੇ ਸੁਣੀਏ । ਮਨ ਵਿਚ ਉਸ ਦਾ ਪਿਆਰ ਧਾਰਨ ਕਰੀਏ , ਉਸ ਨਾਲ ਪਿਆਰ ਸਾਂਝ ਪਾਈਏ । ਇਵੇਂ ਕਰਨ ਵਾਲਾ ਮਨੁੱਖ ਆਪਣਾ ਦੁੱਖ ਦੂਰ ਕਰ ਕੇ ਸੁਖ ਨੂੰ , ਪ੍ਰਭੂ ਨੂੰ ਆਪਣੇ ਹਿਰਦੇ ਘਰ ਵਿਚ ਵਸਾ ਲੈਂਦਾ ਹੈ ।

                            ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥

                             ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥

       ਗੁਰੂ (ਸ਼ਬਦ) ਦੀ ਸਿਖਿਆ ਲਿਆਂ , ਗੁਰਮੁਖ ਬਣਿਆਂ ਹੀ ਪਰਮਾਤਮਾ ਦੀ ਪੈਦਾ ਕੀਤੀ ਸ੍ਰਿਸ਼ਟੀ ਦੀ ਰੁਮਕ (ਜੀਵਨ) ਦੀ ਸਮਝ ਆਉਂਦੀ ਹੈ । ਗੁਰਮੁਖਿ ਬਣਿਆਂ ਹੀ ਵੇਦਾਂ (ਧਰਮ ਪੁਸਤਕਾਂ) ਦੀ ਸਮਝ ਆਉਂਦੀ ਹੈ । ਗੁਰਮੁਖ ਬਣਿਆਂ ਹੀ ਇਹ ਸਮਝ ਆਉਂਦੀ ਹੈ ਕਿ

ਉਹ ਪਰਮਾਤਮਾ ਇਸ ਸ੍ਰਿਸ਼ਟੀ ਦੇ ਕਣ-ਕਣ ਵਿਚ ਸਮਾਇਆ ਹੋਇਆ ਹੈ , ਰਮਿਆ ਹੋਇਆ ਹੈ । ਗੁਰਮੁਖ ਬਣਿਆਂ ਹੀ ਸਮਝ ਆਉਂਦੀ ਹੈ ਕਿ , ਜੋ ਲੋਕ ਈਸਰ ਨੂੰ , ਜਾਂ ਗੋਰਖ ਨੂੰ , ਜਾਂ ਇਸਤ੍ਰੀ ਰੂਪ ਵਿਚ ਪਾਰਬਤੀ ਨੂੰ ਗੁਰੁ , ਪਰਮਾਤਮਾ ਕਹਿੰਦੇ ਹਨ , ਉਸ ਦੀ ਅਸਲੀਅਤ ਕੀ ਹੈ ?  

           ਗੁਰ ਫੁਰਮਾਨ ਹੈ ,

 

                           ਮਾਇਆ ਮੋਹੇ ਦੇਵੀ ਸਭਿ ਦੇਵਾ ॥ ਕਾਲੁ ਨ ਛੋਡੈ ਬਿਨ ਗੁਰ ਕੀ ਸੇਵਾ ॥

                                       ਓਹੁ ਅਬਿਨਾਸੀ ਅਲਖ ਅਭੇਵਾ ॥2॥       (227)

       ਸਾਰੇ ਦੇਵੀਆਂ ਤੇ ਦੇਵਤੇ ਮਾਇਆ-ਮੋਹ ਦੇ ਵਿਚ ਫਸੇ ਹੋਏ ਹਨ । ਗੁਰ , ਸ਼ਬਦ ਦੀ ਸੇਵਾ ਕੀਤੇ ਬਗੈਰ , ਸ਼ਬਦ ਨੂੰ ਵਿਚਾਰੇ , ਉਸ ਅਨੁਸਾਰ ਜੀਵਨ ਢਾਲੇ ਬਗੈਰ , ਮੌਤ ਤੋਂ ਖਲਾਸੀ ਨਹੀਂ ਹੁੰਦੀ । ਜੋ ਅਬਿਨਾਸੀ ਹੈ , (ਜਿਸ ਦਾ ਕਦੀ ਨਾਸ ਨਹੀਂ ਹੋਣਾ , ਜਿਸ ਨੇ ਕਦੇ ਖਤਮ ਨਹੀਂ ਹੋਣਾ) ਅਲਖ ਹੈ , (ਜਿਸ ਦੇ ਗੁਣ , ਬਿਆਨ ਤੋਂ ਬਾਹਰ ਹਨ) ਅਭੇਵਾ ਹੈ , (ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ) ਉਹ ਸਿਰਫ ਪਰਮਾਤਮਾ ਹੈ ।                                                 ਅਤੇ ,

 

                         ਦੂਜਾ ਭਾਉ ਰਚਾਇਓਨੁ ਤ੍ਰੈ ਗੁਣ ਵਰਤਾਰਾ ॥

                       ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ ਹੁਕਮ ਕਮਾਵਨਿ ਕਾਰਾ ॥    (948)

       ਮਾਇਆ ਦੇ ਤਿੰਨਾਂ ਗੁਣਾਂ ਦਾ ਵਰਤਾਰਾ , ਅਤੇ ਮਾਇਆ ਦਾ ਮੋਹ ਵੀ ਉਸ ਸਿਰਜਨਹਾਰ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ । ਇਨ੍ਹਾਂ ਤਿੰਨਾਂ ਗੁਣਾਂ ਤੋਂ , ਤਿਨੋਂ ਦੇਵਤੇ ਬ੍ਰਹਮਾ , ਵਿਸ਼ਨੂ ਤੇ ਸ਼ਿਵ , ਉਸ ਕਰਤਾਰ ਨੇ ਆਪ ਹੀ ਪੈਦਾ ਕੀਤੇ ਹਨ , ਇਹ ਪ੍ਰਭੂ ਦੇ ਹੁਕਮ ਵਿਚ ਹੀ ਕਾਰ ਕਰ ਰਹੇ ਹਨ ।                   ਅਤੇ ,

 

                    ਮਾਇਆ ਮੋਹਿ ਸਭੁ ਜਗਤੁ ਉਪਾਇਆ ॥ ਬ੍ਰਹਮਾ ਬਿਸਨੁ ਦੇਵ ਸਬਾਇਆ ॥

                      ਜੋ ਤੁਧੁ ਭਾਣੇ ਸੇ ਨਾਮਿ ਲਾਗੇ ਗਿਆਨ ਮਤੀ ਪਛਾਤਾ ਹੇ ॥5॥   (1052)

       ਹੇ ਪ੍ਰਭੂ , ਬ੍ਰਹਮਾ , ਵਿਸ਼ਨੂ ਆਦਿ ਸਾਰੇ ਦੇਵਤੇ ਅਤੇ ਇਹ ਸਾਰਾ ਜਗਤ , ਤੂੰ ਮਾਇਆ ਦੇ ਮੋਹ ਵਿਚ ਪੈਦਾ ਕੀਤਾ ਹੈ । ਸਭ ਉੱਤੇ ਮਾਇਆ ਦਾ ਹੀ ਪ੍ਰਭਾਵ ਹੈ । ਜਿਹੜੇ ਤੈਨੂੰ ਚੰਗੇ ਲਗਦੇ ਹਨ , ਉਹ ਹੀ ਤੇਰੇ ਨਾਮ , ਤੇਰੇ ਹੁਕਮ ਨਾਲ ਜੁੜਦੇ ਹਨ । ਸ਼ਬਦ ਗੁਰੂ ਤੋਂ ਪਰਾਪਤ ਕੀਤੇ ਗਿਆਨ ਵਾਲੀ ਮੱਤ ਰਾਹੀਂ ਹੀ ਤੇਰੇ ਨਾਲ ਜਾਣ-ਪਛਾਣ ਬਣਦੀ ਹੈ ।           ਅਤੇ ,

 

                    ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਆਕਾਰ ॥

                      ਸਰਬੇ ਜਾਚਿਕ ਤੂੰ ਪ੍ਰਭੁ ਦਾਤਾ ਦਾਤਿ ਕਰੇ ਅਪੁਨੈ ਬੀਚਾਰ ॥4॥    (504)

       ਜਦੋਂ ਪਰਮਾਤਮਾ ਨੇ ਪੰਜ ਤੱਤ , ਹਵਾ-ਪਾਣੀ-ਅੱਗ ਆਦਿ ਰਚੇ , ਉਨ੍ਹਾਂ ਨਾਲ ਬ੍ਰਹਮਾ-ਬਿਸ਼ਨ-ਸ਼ਿਵ ਦੇ ਆਕਾਰ ਬਣਾਏ । ਹੇ ਵਾਹਿਗੁਰੂ , ਤੇਰੇ ਪੈਦਾ ਕੀਤੇ ਇਹ ਸਾਰੇ ਜੀਵ , ਤੇਰੇ ਦਰ ਦੇ ਮੰਗਤੇ ਹਨ , ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ । ਤੂੰ ਆਪਣੀ ਵਿਚਾਰ ਅਨੁਸਾਰ , ਆਪਣੇ ਨਿਯਮ-ਕਾਨੂਨ ਤੇ ਆਧਾਰਿਤ , ਸਭ ਨੂੰ ਦਾਤਾਂ ਦਿੰਦਾ ਹੈਂ ।

         ਆਪਾਂ ਉਪਰ ਵਾਲੇ ਸ਼ਬਦਾਂ ਰਾਹੀਂ ਜਾਣਿਆ ਹੈ ਕਿ , ਇਹ ਤਿੰਨੋ ਦੇਵਤੇ , (ਜਿਨ੍ਹਾਂ ਬਾਰੇ ਹਿੰਦੂਆਂ ਦਾ ਮੰਨਣਾ ਹੈ ਕਿ , ਇਕ , ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ , ਇਕ ਪਾਲਦਾ ਹੈ , ਇਕ , ਉਸ ਦਾ ਸੰਘਾਰ ਕਰਦਾ ਹੈ) ਆਪ ਹੀ ਕਾਲ ਦੇ ਵੱਸ ਹਨ । ਉਹ ਪਰਮਾਤਮਾ ਹੀ , ਕਾਲ ਦੀ ਪਹੁੰਚ ਤੋਂ ਬਾਹਰ ਹੈ । ਪਰਮਾਤਮਾ ਨੇ ਆਪ ਹੀ ਤਿੰਨਾਂ ਗੁਣਾਂ ਵਾਲੀ ਮਾਇਆ ਪੈਦਾ ਕੀਤੀ ਹੈ । ਬ੍ਰਹਮਾ-ਬਿਸ਼ਨ-ਮਹੇਸ਼ ਵੀ ਉਸ ਨੇ ਆਪ ਹੀ ਪੈਦਾ ਕੀਤੇ

ਹਨ , ਇਹ ਸਾਰੇ  ਉਸ ਕਰਤਾਰ ਦੇ ਹੁਕਮ ਵਾਲੀ ਕਾਰ ਹੀ ਕਰ ਰਹੇ ਹਨ । ਬ੍ਰਹਮਾ-ਬਿਸ਼ਨ-ਮਹੇਸ਼ ਅਤੇ ਹੋਰ ਸਾਰੇ ਦੇਵਤੇ ਵੀ ਸਾਰੇ ਸੰਸਾਰ ਵਾਙ ਹੀ , ਮਾਇਆ ਮੋਹ ਵਿਚ ਫਸੇ ਹੋਏ ਹਨ , ਉਨ੍ਹਾਂ ਵਿਚੋਂ ਵੀ ਜੋ ਕਰਤਾਰ ਨੂੰ ਭਾਉਂਦੇ ਹਨ , ੳਹੀ ਉਸ ਦਾ ਨਾਮ ਜਪਦੇ ਹਨ , ਉਸ ਦੇ ਹੁਕਮ ਵਿਚ ਚਲਦੇ ਹਨ । ਅਤੇ ਉਨ੍ਹਾਂ ਦੇ ਸਰੀਰ ਵੀ , ਉਨ੍ਹਾਂ ਹੀ ਪੰਜਾਂ ਤੱਤਾਂ ਦੇ ਬਣੇ ਹੋਏ ਹਨ , ਜਿਨ੍ਹਾਂ ਨਾਲ ਸਾਰਾ ਸੰਸਾਰ ਬਣਿਆ ਹੈ । ਉਹ ਵੀ ਸਾਰੇ ਸੰਸਾਰ ਵਾਙ ਹੀ , ਪਰਮਾਤਮਾ ਦੇ ਦਰ ਦੇ ਜਾਚਕ (ਮੰਗਤੇ) ਹਨ !

 

                             ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨ ਨ ਜਾਈ ॥

                             ਗੁਰਾ ਇਕ ਦੇਹਿ ਬੁਝਾਈ ॥

                             ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5॥

     ਜੇ ਮੈਂ ਪਰਮਾਤਮਾ ਦੀ ਕੁਦਰਤ ਬਾਰੇ , ਕੁਝ ਜਾਣ ਵੀ ਲਵਾਂ , ਕੁਝ ਸਮਝ ਵੀ ਲਵਾਂ , ਤਾਂ ਵੀ ਮੈਂ ਉਸ ਬਾਰੇ ਕੁਝ ਵੀ ਕਥਨ ਨਹੀਂ ਕਰ ਸਕਦਾ , ਕੁਝ ਵੀ ਦੱਸ ਨਹੀਂ ਸਕਦਾ , ਕਿਉਂਕਿ ਉਸ ਬਾਰੇ ਸਾਰਾ ਕੁਝ ਦੱਸ ਪਾਉਣਾ ਸੰਭਵ ਹੀ ਨਹੀਂ ਹੈ ।

 

     ਮੈਨੂੰ ਤਾਂ ਸ਼ਬਦ ਗੁਰੂ ਨੇ ਇਕ ਹੀ ਚੀਜ਼ ਸਮਝਾਅ ਦਿੱਤੀ ਹੈ ਕਿ , ਸਭਨਾ ਜੀਵਾਂ ਨੂੰ (ਦੇਵਤਿਆਂ ਸਮੇਤ) ਦਾਤਾਂ ਦੇਣ ਵਾਲਾ, ਇਕੋ ਪਰਮਾਤਮਾ ਹੀ ਹੈ । ਮੈਂ ਕਿਤੇ ਉਸ ਨੂੰ ਵਿਸਾਰ ਨਾ ਦੇਵਾਂ , ਭੁੱਲ ਨਾ ਜਾਵਾਂ । ਇਹੀ ਇਕ ਗੱਲ , ਸਾਰੀ ਉਮਰ ਮੇਰੇ ਕੰਮ ਆਉਣੀ ਹੈ ।

 

                             ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥

                             ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥

                             ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥

                             ਗੁਰਾ ਇਕ ਦੇਹਿ ਬੁਝਾਈ ॥

                             ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥6॥

 

                              ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥

                            ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥

     ਜੇ ਪਰਮਾਤਮਾ ਨੂੰ ਚੰਗਾ ਲੱਗੇ , ਤੀਰਥਾਂ ਤੇ ਇਸ਼ਨਾਨ ਕਰਨ ਨਾਲ ਉਹ ਖੁਸ਼ ਹੋ ਜਾਵੇ , ਫਿਰ ਤਾਂ ਮੈਂ ਤੀਰਥਾਂ ਤੇ ਇਸ਼ਸ਼ਨਾਨ ਕਰਦਾ ਚੰਗਾ ਲੱਗਾਂ , ਪਰ ਉਸ ਦੇ ਭਾਣੈ ਵਿਚ ਤਾਂ ਇਹ ਤੀਰਥ-ਇਸ਼ਨਾਨ , ਕੇਵਲ ਸਰੀਰ ਦੀ ਸਫਾਈ ਦਾ ਇਕ ਸਾਧਨ ਮਾਤ੍ਰ ਹੀ ਹੈ , ਉਸ ਦਾ ਕੋਈ ਆਤਮਕ ਲਾਭ ਨਹੀਂ ਹੈ । ਫਿਰ ਉਸ ਦੇ ਭਾਣੇ ਤੋਂ ਬਿਨਾ ਹੀ , ਤੀਰਥਾਂ ਤੇ ਕਿਉਂ ਇਸ਼ਨਾਨ ਕਰਦਾ ਫਿਰਾਂ ? ਉਸ ਨਾਲ ਮੈਨੂੰ ਕੀ ਲਾਭ ਹੋਵੇਗਾ ?

     ਜਿੰਨੀ ਵੀ ਸ੍ਰਿਸ਼ਟੀ ਪਰਮਾਤਮਾ ਨੇ ਪੈਦਾ ਕੀਤੀ ਹੈ , ਜਦ ਮੈਂ ਉਸ ਨੂੰ ਵੇਖਦਾ ਹਾਂ , ਉਸ ਬਾਰੇ ਵਿਚਾਰਦਾ ਹਾਂ , ਤਾਂ ਇਕੋ ਹੀ ਗੱਲ ਸਮਝ ਆਉਂਦੀ ਹੈ ਕਿ , ਪੂਰੀ ਸ੍ਰਿਸ਼ਟੀ ਵਿਚ , ਪ੍ਰਭੂ ਦੇ ਕਰਮ , ਉਸ ਦੀ ਬਖਸ਼ਿਸ਼ ਤੋਂ ਬਗੈਰ , ਕਿਸੇ ਨੂੰ ਕੁਝ ਨਹੀਂ ਮਿਲ ਸਕਦਾ , ਕੋਈ ਕੁਝ ਵੀ ਨਹੀਂ ਲੈ ਸਕਦਾ ।

 

                             ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥

    ਜੇ ਬੰਦਾ ਸ਼ਬਦ ਗੁਰੂ ਦੀ ਇਕ ਸਿਖਆ , ਧਿਆਨ ਨਾਲ ਸੁਣ ਲਵੇ , ਤਾਂ ਉਸ ਦੀ ਮੱਤ ਵਿਚ , ਉਸ ਦੀ ਬੁੱਧੀ ਵਿਚ , ਉਸ ਦੀ ਅਕਲ ਵਿਚ ਦੁਰਲੱਭ ਰਤਨਾਂ , ਜਵਾਹਰਾਂ , ਮਾਣਕਾਂ ਸਮਾਨ ਦੁਰਲੱਭ ਵਿਚਾਰ ਪੈਦਾ ਹੋ ਜਾਂਦੇ ਹਨ , ਉਹ ਗਿਆਨ-ਵਾਨ ਹੋ ਜਾਂਦਾ ਹੈ ।

 

                              ਗੁਰਾ ਇਕ ਦੇਹਿ ਬੁਝਾਈ ॥

                              ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥6॥

     ਸ਼ਬਦ ਗੁਰੂ ਦੀ ਉਹ ਇਕ ਗੱਲ ਕੀ ਹੈ ?    ਸ੍ਰਿਸ਼ਟੀ ਦੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ , ਇਕ ਪ੍ਰਭੂ ਹੀ ਹੈ । ਅਤੇ ਮੇਰੇ ਲਈ ਇਹੀ ਚੰਗਾ ਹੈ ਕਿ ਮੈਂ ਉਸ ਨੂੰ ਕਦੀ ਵੀ ਨਾ ਵਿਸਾਰਾਂ , ਕਦੀ ਭੁੱਲ ਨਾ ਜਾਵਾਂ । ਇਹੀ ਇਕ ਗੱਲ ਮੇਰੀ ਜ਼ਿੰਦਗੀ ਸਫਲ ਕਰਨ ਲਈ ਕਾਫੀ ਹੈ ।

        (ਪਰ ਸਿੱਖਾਂ ਦੇ ਆਪੂੰ ਬਣੇ ਧਾਰਮਿਕ ਆਗੂਆਂ ਨੇ ਤਾਂ , ਪਰਮਾਤਮਾ ਨੂੰ ਆਪ ਹੀ “ ਗਾਈਡ ਲਾਈਨ ”  ਦੇਣੀ ਸ਼ੁਰੂ ਕਰ ਦਿੱਤੀ ਹੈ ਕਿ , ਹੇ ਪਰਮਾਤਮਾ , ਤੁੰ ਮੈਨੂੰ ਇਕ  ਗੱਲ ਸਮਝਾ ਦੇ ਕਿ , ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ , ਇਕ ਪਰਮਾਤਮਾ ਹੀ ਹੈ , ਮੈਂ ਉਸ ਨੂੰ ਕਦੀ ਵੀ ਨਾ ਭੁੱਲਾਂ)

 

                              ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥

                            ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥

                             ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥

                             ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥

                             ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥

                             ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥

                             ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥7॥

 

                              ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥

                            ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥

                             ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥

     ਜੇ ਕਿਸੇ ਬੰਦੇ ਦੀ ਉਮਰ , ਚਾਰ ਜੁਗਾਂ ਜਿੰਨੀ ਹੋ ਜਾਵੇ , ਜਾਂ ਇਸ ਤੋਂ ਦਸ ਗੁਣਾਂ ਵੀ ਹੋ ਜਾਵੇ (ਬ੍ਰਾਹਮਣ ਵਲੋਂ ਮਿਥੇ , ਚਾਰ ਜੁਗਾਂ ਦੇ ਸਮੇ ਦੀ ਗਿਣਤੀ ਇਵੇਂ ਹੈ , ਸਤਿ ਜੁਗ = 17,28,000  ਸਾਲ ।ਤ੍ਰੇਤਾ ਜੁਗ = 12,96,000  ਸਾਲ । ਦੁਆਪਰ ਜੁਗ = 8,64,000 ਸਾਲ ਅਤੇ ਕਲ ਜੁਗ = 4,32,000 ਸਾਲ । ਕੁੱਲ 43,20,000 ਸਾਲ) ਯਾਨੀ , ਤਰਤਾਲੀ ਲੱਖ , ਵੀਹ ਹਜ਼ਾਰ ਸਾਲ ਹੋ ਜਾਵੇ ਜਾਂ ਚਾਰ ਕ੍ਰੋੜ , ਬੱਤੀ ਲੱਖ ਸਾਲ ਵੀ ਹੋ ਜਾਵੇ । (ਬਹੁਤ ਜ਼ਿਆਦਾ ਹੋ ਜਾਵੇ)

     ਜੇ ਉਸ ਨੂੰ ਨੌਵਾਂ ਖੰਡਾਂ , (ਪ੍ਰਿਥਵੀ ਦੇ ਨੌਂ ਖੰਡ , ਹਿੱਸੇ , ਮਹਾਂ-ਦੀਪ ਮੰਨੇ ਗਏ ਹਨ) ਪੂਰੀ ਪ੍ਰਿਥਵੀ ਦਾ , ਇਕ ਮਾਤ੍ਰ ਆਗੂ ਮੰਨ ਲਿਆ ਜਾਵੇ । ਸਾਰੀ ਦੁਨੀਆ ਦੇ ਲੋਕ ਉਸ ਦ ਆਗਿਆ ਵਿਚ ਚੱਲਣ ।

     ਜੇ ਉਹ ਚੰਗਾ ਨਾਮਣਾ ਵੀ ਖੱਟ ਲਵੇ , ਜਗਤ ਵਿਚ ਉਸ ਦਾ ਜੱਸ ਅਤੇ ਵਡਿਆਈ ਵੀ ਹੁੰਦੀ ਹੋਵੇ ।

 

                            ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥

                              ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥

     ਜੇ-ਕਰ ਅਜਿਹਾ ਬੰਦਾ ਵੀ , ਕਰਤਾ-ਪੁਰਖ ਦੀ ਬਖਸ਼ਿਸ਼ ਦਾ ਪਾਤ੍ਰ ਨਹੀਂ ਬਣ ਸਕਿਆ , ਤਾਂ ਉਹ ਬੰਦਾ ਵੀ , ਉਸ ਬੰਦੇ ਵਰਗਾ ਹੀ ਹੈ ਜਿਸ ਦੀ ਕੋਈ , ਗੱਲ ਵੀ ਨਹੀਂ ਪੁਛਦਾ । ਸਗੋਂ ਅਜਿਹਾ ਮਨੁੱਖ ਪ੍ਰਭੂ ਦੀ ਨਿਗਾਹ ਵਿਚ ਵੀ , ਬਾਕੀ ਕੀੜਿਆਂ ਵਰਗਾ ਇਕ ਕੀੜਾ ਹੀ ਹੈ । ਅਕਾਲ-ਪੁਰਖ ਉਸ ਤੇ ਆਪਣੇ ਨਾਮ ਨੂੰ ਭੁੱਲਣ , ਆਪਣੇ ਹੁਕਮ ਦੀ ਅਵੱਗਿਆ ਕਰਨ ਦਾ ਦੋਸ਼ ਲਗਾ ਕੇ ਉਸ ਨੂੰ ਦੋਸ਼ੀ ਕਰਾਰ ਦੇ ਦਿੰਦਾ ਹੈ । (ਉਸ ਨੂੰ ਉਸ ਦੋਸ਼ ਦੀ ਸਜ਼ਾ ਮਿਲਦੀ ਹੈ)

 

                              ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥

                            ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥7॥

     ਹੇ ਨਾਨਕ , ਉਹ ਕਰਤਾਰ ਹੀ ਗੁਣ-ਹੀਣਾਂ ਨੂੰ , ਗੁਣਾਂ ਦੀ ਬਖਸ਼ਿਸ਼ ਕਰਦਾ ਹੈ , ਗੁਣ-ਵਾਨਾਂ ਨੂੰ ਵੀ ਉਹ ਹੋਰ ਗੁਣ ਬਖਸ਼ਦਾ ਹੈ । ਸੰਸਾਰ ਵਿਚ ਅਜਿਹਾ ਕੋਈ ਵੀ ਨਜ਼ਰ ਨਹੀਂ ਆਉਂਦਾ , ਜੋ ਪਰਮਾਤਮਾ ਨੂੰ ਗੁਣ ਦੇ ਸਕਦਾ ਹੋਵੇ , ਉਸ ਨੂੰ ਹੋਰ ਗੁਣ-ਵਾਨ ਕਰ ਸਕਦਾ ਹੋਵੇ । (ਭਾਵ ਸਭ ਗੁਣਾਂ ਦਾ ਖਜ਼ਾਨਾ ਉਹ ਪ੍ਰਭੂ ਆਪ ਹੀ ਹੈ)

 

                                                                                  ਅਮਰ ਜੀਤ ਸਿੰਘ ਚੰਦੀ

                                                                              ਫੋਨ :-91 95685 41414

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.