< * = ਮੱਖੀ ਅਤੇ ਭੌਰਾ = * >
ਗੁਰਦੇਵ ਸਿੰਘ ਸੱਧੇਵਾਲੀਆ
ਮੱਖੀ ਤੇ ਭੌਰੇ ਵਿਚ ਕੀ ਫਰਕ ਹੈ ?
ਮੱਖੀ ਦਾ ਮਨ ਨਹੀਂ ਟਿਕਦਾ। ਮੱਖੀ ਮਿੰਟ ਨਹੀਂ ਕਿਤੇ ਟਿਕ ਕੇ ਬੈਠ ਸਕਦੀ ਤੇ ਬੈਠਣ ਲਗੀ ਚੰਗਾ ਮਾੜਾ ਥਾਂ ਵੀ ਨਹੀਂ ਵਿੰਹਦੀ। ਮਠਿਆਈ 'ਤੇ ਵੀ ਬੈਠ ਜਾਂਦੀ ਤੇ ਗੰਦ 'ਤੇ ਵੀ! ਪਰ ਭੌਰਾ ਇੰਝ ਨਹੀਂ ਕਰਦਾ। ਉਹ ਫੁੱਲ 'ਤੇ ਬੈਠਦਾ ਕੇਵਲ ਫੁੱਲ ਤੇ ਅਤੇ ਬੈਠਾ ਹੀ ਰਹਿੰਦਾ। ਮੁਗਧ ਹੋ ਜਾਂਦਾ, ਇਨਾ ਮੁਗਧ ਕਿ ਜਾਨ ਤੱਕ ਦੇ ਜਾਂਦਾ। ਕਵੀ ਲੋਕਾਂ ਭੌਰੇ ਨੂੰ ਬਹੁਤ ਯਾਦ ਕੀਤਾ ਆਪਣੀਆਂ ਕਵਿਤਾਵਾਂ ਵਿੱਚ। ਭੌਰੇ ਦੇ ਜ਼ਿਕਰ ਨਾਲ ਕਿਤਾਬਾਂ ਭਰੀਆਂ ਪਈਆਂ। ਆਸ਼ਕੀ ਦੀ ਗੱਲ ਕਰਨੀ ਹੋਵੇ ਤਾਂ ਭੌਰੇ ਦਾ ਜ਼ਿਕਰ ਜ਼ਰੂਰ ਆਉਂਦਾ। ਕਿਉਂ?
ਉਸ ਦੇ ਇਸ਼ਕ ਕਰਕੇ। ਉਸ ਦੀ ਯਾਰੀ ਕਰਕੇ। ਉਹ ਫੁੱਲ ਨਾਲ ਯਾਰੀ ਪਾਉਂਦਾ ਤੇ ਜਾਨ ਤੱਕ ਦੇ ਦਿੰਦਾ। ਉਹ ਭਟਕਦਾ ਨਹੀਂ ਕਿ ਕਦੇ ਕਿਸੇ ਸਾਧ ਦੇ ਡੇਰੇ, ਕਦੇ ਕਿਸੇ ਗਰੰਥ ਅਗੇ ਮੱਥਾ ਕਦੇ ਕਿਸੇ?
ਹਾਲੇ ਤਾਂ ਇੱਕੇ 'ਬਚਿੱਤਰ ਨਾਟਕ' ਹੀ ਹੱਲ ਨਹੀਂ ਸੀ ਹੋਇਆ ਉਪਰੋਂ ਹੋਰ ਕੱਢ ਮਾਰੇ! ਆਹ ਸਰਬ ਲੋਹ, ਆਹ ਬ੍ਰਹਮ ਕੱਵਚ, ਆਹਾ ਸ਼ਸਤਰ ਨਾਮ ਮਾਲਾ, ਇੱਕ ਆਹ ਨਿਹੰਗ ਨੇ ਨਵੀਂ ਕੱਛ ਚੋਂ ਮੁੰਗਲੀ ਕੱਢ ਮਾਰੀ ਦੁਸਹਿਰਾ ਮਹਾਤਮ?
ਪਤਾ ਨਹੀ ਹਾਲੇ ਕਿੰਨੇ ਹੋਰ ਲਾਇਨਾਂ ਵਿਚ ਲਾਈ ਫਿਰਦੀਆਂ ਵਿਹਲੜ ਧਾੜਾਂ?
ਗੁਰੂ ਮਾਨਿਓ ਗਰੰਥ ਕਿਥੇ ਰਹਿ ਗਿਆ ਮੱਖੀਆਂ ਲਈ?
ਫੁੱਲ ਕਿਧਰ ਗਿਆ ਤੇ ਭੌਰਾ ਕਿਥੇ?
ਭਟਕਨਾ ਇਥੇ ਤੱਕ ਵਧ ਗਈ ਕਿ ਕ੍ਰਿਪਾਨਾਂ ਡੰਡਿਆਂ ਨੂੰ ਵੀ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ!
ਘੰਟੇ ਖੜਕਾ ਖੜਕਾ, ਅਗਰਬੱਤੀਆਂ ਜਗਾਅ ਜਗਾਅ, ਧੂਪਾਂ, ਜੋਤਾਂ, ਬੱਤੀਆਂ ਟੱਲੀਆਂ ਦਾ ਝੁਰਮਟ?
ਨਾਰੀਅਲ ਵੱਢੋ, ਗੰਨੇ ਵੱਢੋ, ਬੱਕਰੇ ਵੱਢੋ ਲਹੂ ਨਹੀਂ ਲਾਉਂਣਾ?
ਟਿੱਕਾ ਨਹੀਂ ਲਾਉਂਣਾ?
ਕਨੂੰਨ ਨਾ ਹੋਵੇ ਤਾਂ ਇਹ ਯਕੀਕਨ ਕਹਿਣਗੇ ਕਿ ਬੰਦੇ ਵੱਢੋ?
ਪੁੰਨ ਜਿਆਦਾ ਨਾਂ!
ਇਨ੍ਹਾਂ ਦਾ ਯਾਰ ਪੰਡੀਆ ਵੱਢਦਾ ਨਹੀਂ ਰਿਹਾ?
ਸ਼ੂਦਰਾਂ ਦੀ ਬਲੀ ਦਿੰਦਾ ਨਹੀਂ ਰਿਹਾ?
ਪੂਜਾ ਕਰੋ ਇਹ ਹਮਾਰੇ ਪੀਰ ਹੈਂ?
ਹਥਿਆਰ ਨੂੰ ਮੈਂ ਚਲਾਉਂਦਾ, ਨਾ ਕਿ ਹਥਿਆਰ ਮੈਨੂੰ ਚਲਾਉਂਦਾ।
ਹਥਿਆਰ ਕਦੇ ਆਪਣੇ ਆਪ ਚਲਿਆ?
ਜਿਹੜਾ ਆਪਣੇ ਆਪ ਚਲ ਹੀ ਨਹੀਂ ਸਕਦਾ, ਉਹ ਪੀਰ ਕਿਵੇਂ ਹੋ ਗਿਆ?
ਸੂਰਮਾ ਹਥਿਆਰ ਦਾ ਪੀਰ ਹੁੰਦਾ, ਨਾ ਕਿ ਹਥਿਆਰ ਸੂਰਮੇ ਦਾ?
ਹਥਿਆਰ ਦੀ ਘੱਟ ਜਾਂ ਵੱਧ ਅਹਿਮੀਅਤ ਚਲਾਉਂਣ ਵਾਲੇ ਕਰਕੇ ਹੈ।
ਹਥਿਆਰ ਪੰਜਾਬ ਕੋਲੇ ਗੁਰੂ ਸਾਹਿਬਾਨਾਂ ਤੋਂ ਪਹਿਲਾਂ ਵੀ ਸਨ, ਪਰ ਚਲੇ ਕਦ?
ਕ੍ਰਿਪਾਨ ਤਾਂ ਧੁੰਮਾ ਵੀ ਉਹੀ ਪਾਈ ਫਿਰਦਾ ਜਿਹੜੀ ਬਾਬਾ ਜਰਨੈਲ ਸਿੰਘ ਕੋਲੇ ਸੀ, ਨਹੀਂ ?
ਧੁੰਮਾ ਵੀ ਬਦੂੰਕਾਂ ਵਾਲੇ ਲਈ ਫਿਰਦਾ ਜਿਹੜੀਆਂ ਬਾਬੇ ਕੋਲੋ ਸਨ, ਪਰ ਫਰਕ ਕੀ ਹੈ?
ਬਦੂੰਕ ਵੀ ਉਹੀ ਗੋਲੀ ਵੀ। ਹਥਿਆਰ ਉਹੀ ਹੁੰਦਾ, ਗੀਦੀ ਹੱਥ ਆ ਗਿਆ ਤਾਂ ‘ਪੀਰ’ ਨੂੰ ਸੁੱਟ ਕੇ ਭੱਜ ਜਾਂਦਾ।
ਇਹੀ ਹਥਿਆਰ ਔਰੰਗੇ ਦੇ, ਹਿਟਲਰ ਦੇ, ਇੰਦਰਾ ਦੇ ਹੱਥ ਆ ਗਿਆ ਤਾਂ ਕੀ ਹੋਇਆ?
ਸੀਖਾਂ ਦੀ ਡੱਬੀ ਸਿਆਣੇ ਹੱਥ ਹੋਈ ਤਾਂ ਉਹ ਅੱਗ ਬਾਲੇਗਾ ਬਾਂਦਰ ਹੱਥ ਹੋਈ ਤਾਂ ਭਾਂਬੜ?
ਅਮਰੀਕਾ ਉਨ੍ਹਾਂ ਬਾਲ ਨਹੀਂ ਰਿਹਾ? ਅਤੇ
ਹਥਿਆਰਾਂ ਦੇ ਜ਼ੋਰ ਬਾਲ ਰਿਹਾ! ਉਹੀ ਹਥਿਆਰ ਮਨੁੱਖਤਾ ਦਾ ਘਾਣ ਕਰ ਰਹੇ ਨੇ ਜਿੰਨਾ ਹਥਿਆਰਾਂ ਨਾਲ ਗੁਰੂ ਸਾਹਿਬਾਨਾਂ ਮਨੁੱਖਤਾ ਨੂੰ ਬਚਾਇਆ।
ਪੀਰ ਕੌਣ ਹੋਇਆ?
ਚਿਰ ਦੀ ਵੈਨੋਕੋਵਰ ਦੀ ਗੱਲ ਹੈ ਮੇਰਾ ਇਕ ਮਿੱਤਰ ਮੇਰੇ ਨਾਲ ਜਿਦ ਪਿਆ ਕਿ ਸ਼ਸਤਰ ਸੂਰਮੇ ਦੀ ਸ਼ਾਨ ਹੁੰਦੇ ਨੇ। ਸ਼ਸਤਰ ਤੋਂ ਬਿਨਾ ਲੜਿਆ ਜਾ ਹੀ ਨਹੀਂ ਸਕਦਾ ਭਵੇਂ ਕਿੱਡਾ ਵੱਡਾ ਸੂਰਮਾ ਕਿਉਂ ਨਾ ਹੋਵੇ। ਫਿਰ ਸ਼ਸਤਰ ਦੀ ਪੂਜਾ ਗਲਤ ਕਿਵੇਂ ਹੋਈ?
ਯਾਦ ਰਹੇ ਕਿ ਹਥਿਆਰ ਬੰਦੇ ਲਈ ਹੈ, ਨਾ ਕਿ ਬੰਦਾ ਹਥਿਆਰ ਲਈ। ਬੰਦੇ ਨੇ ਹਥਿਆਰ ਬਣਾਇਆ ਨਾ ਕਿ ਹਥਿਆਰ ਨੇ ਬੰਦਾ?
ਬੰਦਾ ਹੈ ਤਾਂ ਹਥਿਆਰ ਹੈ ਨਹੀਂ ਤਾਂ ਨਹੀਂ।
ਇੰਝ ਤਾਂ ਜੰਗਾਂ ਜੁਧਾਂ ਵਿਚ ਘੋੜੇ, ਹਾਥੀ, ਊਠ, ਖੱਚਰਾਂ ਤੱਕ ਕੰਮ ਆਉਂਦੀਆਂ ਸਨ ਲੜਿਆ ਉਨ੍ਹਾਂ ਬਿਨਾ ਵੀ ਨਹੀਂ ਸੀ ਜਾ ਸਕਦਾ ਪਰ ਕੀ ਉਹ ਪੀਰ ਹੋ ਗਏ ਤੁਹਾਡੇ?
ਸਾਧਨ ਨੂੰ ਹੀ ਰੱਬ ਜਾਂ ਪੀਰ ਮੰਨ ਕੇ ਬੈਠ ਜਾਣਾ?
ਕ੍ਰਿਪਾਨ ਸਦਾ ਬਹਾਰ ਸ਼ਸਤਰ ਗੁਰੂ ਨੇ ਮੈਨੂੰ ਬਖਸ਼ਿਆ ਹੈ, ਇੱਕ ਸਾਧਨ ਵਜੋਂ ਕਿ ਤੂੰ ਆਪਣੀ ਰਖਿਆ ਖੁਦ ਕਰ ਸਕੇਂ, ਪਰ ਮੱਥੇ ਟੇਕਣ ਲਈ ਜਾਂ ਪੂਜਾ ਕਰਨ ਲਈ ਨਹੀਂ ਕਿ ਪੀਰ ਬਣਾ ਕੇ ਟੱਲੀਆਂ ਖੜਕਾਈ ਜਾਹ!!
ਗੁਰਦੇਵ ਸਿੰਘ ਸੱਧੇਵਾਲੀਆ
< * = ਮੱਖੀ ਅਤੇ ਭੌਰਾ = * >
Page Visitors: 2509