ਗਿਆਨੀ ਭਾਗ ਸਿੰਘ ਵਿਰੁੱਧ ਹੁਕਮਨਾਮਾ !!!
ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
ਗਿਆਨੀ ਭਾਗ ਸਿੰਘ ਅੰਬਾਲ਼ਾ ਨੇ ਸਿੱਖ ਕੌਮ ਨੂੰ ਬ੍ਰਾਹਮਣਵਾਦ ਦੇ ਸਿੱਖੀ ਵਿੱਚ ਦਿੱਤੇ ਦਖ਼ਲ ਤੋਂ ਸੁਚੇਤ ਕਰਨ ਲਈ ‘ਦਸ਼ਮ ਗ੍ਰੰਥ ਨਿਰਣੈ’ ਨਾਮਕ ਪੁਸਤਕ ਲਿਖੀ ਜੋ ਪਹਿਲੀ ਵਾਰ ਸੰਨ 1976 ਵਿੱਚ ਛਪੀ । ਇਸ ਚੰਗੇ ਕਾਰਜ ਵਿੱਚ ਕੀਤੀ ਸਖ਼ਤ ਮਿਹਨਤ ਦੀ ਅਕਾਰਥ ਹੀ ਸਜ਼ਾ ਦੇਣ ਲਈ ਗਿਆਨੀ ਸਾਧੂ ਸਿੰਘ ਮੁੱਖ ਸੇਵਾਦਾਰ (ਜਥੇਦਾਰ) ਸ਼੍ਰੀ ਅਕਾਲ ਤਖ਼ਤ (ਬੁੰਗਾ) ਨੇ ਗਿਆਨੀ ਭਾਗ ਸਿੰਘ ਨਾਲ਼ ਨਾ ਮਿਲਵਰਤਣ ਦਾ ਫ਼ਤਵਾ ਨੰਬਰ 35748 ਮਿਤੀ 5-7-1977 ਨੂੰ ਜਾਰੀ ਕਰ ਦਿੱਤਾ । ਇਸ ਫ਼ਤਵੇ ਦੀਆਂ ਕੁੱਝ ਗੱਲਾਂ ਪ੍ਰਤੀ ਇੱਥੇ ਵਿਚਾਰ ਸਾਂਝੇ ਕਰਨ ਦਾ ਯਤਨ ਕੀਤਾ ਗਿਆ ਹੈ । ਫ਼ਤਵੇ ਦੀ ਕਾਪੀ ਹੇਠਾਂ ਦਿੱਤੀ ਗਈ ਹੈ ।
1. ਬ੍ਰਾਹਮਣਵਾਦ ਦੇ ਸਿੱਖੀ ਵਿੱਚ ਦਖ਼ਲ ਤੋਂ ਜਾਗਰੂਕਤਾ:
ਗਿਆਨੀ ਭਾਗ ਸਿੰਘ ਅੰਬਾਲ਼ਾ ਨੇ ‘ਦਸ਼ਮ ਗ੍ਰੰਥ ਨਿਰਣੈ’ ਪੁਸਤਕ ਲਿਖਣ ਦਾ ਆਧਾਰ “ਪਹਲਾ ਵਸਤੁ ਸਿਞਾਣਿ ਕੈ ਤਾ ਕੀਚੈ ਵਾਪਾਰੁ॥” ਨੂੰ ਬਣਾਇਆ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ 1410 ਉੱਤੇ ਛੇਵੀਂ ਪੰਕਤੀ ਵਿੱਚ ਦਰਜ ਹੈ। ਆਧਾਰ ਤੋਂ ਪਤਾ ਲੱਗ ਰਿਹਾ ਹੈ ਕਿ ਲੇਖਕ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਖ਼ਸ਼ੇ ਗਿਆਨ ਨੂੰ ਕਸਵੱਟੀ ਬਣਾਇਆ ਹੈ। ਆਧਾਰ ਬਹੁਤ ਵਧੀਆ ਬਣਾਇਆ ਗਿਆ ਹੈ। ਲੇਖਕ ਦਾ ਪ੍ਰਯੋਜਨ ਬ੍ਰਾਹਮਣਵਾਦ ਵਲੋਂ ਸਿੱਖੀ ਦਾ ਬ੍ਰਾਹਮਣੀਕਰਣ ਕੀਤੇ ਜਾਣ ਦੇ ਯਤਨਾਂ ਤੋਂ ਸਿੱਖ ਕੌਮ ਨੂੰ ਸੁਚੇਤ ਕਰਨ ਸੀ। ਪੁਸਤਕ ਦੇ ਆਰੰਭ ਵਿੱਚ ‘ਮੁੱਖ ਪ੍ਰਯੋਜਨ’ ਵਿੱਚ ਲਿਖੇ ਲੇਖਕ ਦੇ ਵਿਚਾਰਾਂ ਤੋਂ ਲੇਖਕ ਦੀ ਸੱਚੀ ਸੁੱਚੀ ਮਨਸ਼ਾ ਦਾ ਪਤਾ ਲੱਗ ਜਾਂਦਾ ਹੈ ।
2. ਸਿੰਘ ਸਭਾ ਲਹਿਰ ਦੇ ਵਿਦਵਾਨਾਂ ਦੀ ਰਾਇ:
ਸੰਨ 1873 ਅਤੇ 1878 ਨੂੰ ਅੰਮ੍ਰਿਤਸਰ ਅਤੇ ਲਾਹੌਰ ਵਿੱਚ ਬਣੀਆਂ ਸਿੰਘ ਸਭਾਵਾਂ ਦੇ ਮੁਖੀਆਂ ਵਿੱਚੋਂ ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਨੇ ਦਸ਼ਮ ਗ੍ਰੰਥ ਨੂੰ ਨਾਂ ਧਰੀਕ ਗ੍ਰੰਥ ਸਿੱਧ ਕੀਤਾ ਸੀ ।
3. ਸਿੰਘ ਸਭਾ ਭਸੌੜ ਵਲੋਂ ਦਸ਼ਮ ਗ੍ਰੰਥ ਪ੍ਰਤੀ ਰਾਇ:
ਇਸ ਸਭਾ ਦੇ ਵੀਚਾਰ ਵੀ ਗਿਆਨੀ ਭਾਗ ਸਿੰਘ ਅੰਬਾਲ਼ਾ ਦੇ ਵੀਚਾਰਾਂ ਨਾਲ਼ ਮਿਲ਼ਦੇ ਸਨ । ਇਸ ਸਭਾ ਨੇ ਕਦੇ ਵੀ ‘ਪ੍ਰਿਥਮ ਭਗਉਤੀ ਵਾਲ਼ੀ ਪਉੜੀ’ ਅਰਦਾਸਿ ਵਿੱਚ ਨਹੀਂ ਪੜ੍ਹੀ ਸੀ।
4. ਦਸਮ ਗ੍ਰੰਥ ਵਾਰੇ ਇੱਕ ਗੋਸ਼ਟੀ ਦਾ ਪ੍ਰਬੰਧ:
ਸੰਨ 1973 ਵਿੱਚ 6-7 ਅਕਤੂਬਰ ਨੂੰ ਭਾਈ ਅਰਦੰਮਨ ਸਿੰਘ ਬਾਗੜੀਆਂ ਦੀ ਪ੍ਰਧਾਨਗੀ ਹੇਠ ਦਸ਼ਮ ਗ੍ਰੰਥ ਪ੍ਰਤੀ ਆਪੋ ਆਪਣੇ ਵਿਚਾਰ ਰੱਖਣ ਵਾਲ਼ੀਆਂ ਕੁੱਝ ਧਿਰਾਂ ਨੂੰ ਇਕੱਠਿਆਂ ਕਰ ਕੇ ਇੱਕ ਗੋਸ਼ਟੀ ਦਾ ਪ੍ਰਬੰਧ ਕੀਤਾ ਗਿਆ। ਫ਼ੈਸਲਾ ਕੀਤਾ ਗਿਆ ਕਿ ਦਸ਼ਮ ਗ੍ਰੰਥ ਦਾ ਪ੍ਰਕਾਸ਼ ਕਿਸੇ ਵੀ ਗੁਰਦੁਆਰੇ ਵਿੱਚ ਨਹੀਂ ਹੋਣਾ ਚਾਹੀਦਾ ਅਤੇ ਨਾਲ਼ ਹੀ ਇਹ ਕਿਹਾ ਕਿ ਨਿਖੇੜਾ ਹੋਣਾ ਚਾਹੀਦਾ ਹੈ ਕਿ ਕਿਹੜੀਆਂ ਰਚਨਾਵਾਂ ਕਵੀਆਂ ਦੀਆਂ ਹਨ ਅਤੇ ਕਿਹੜੀਆਂ ਦਸਵੇਂ ਗੁਰੂ ਜੀ ਦੀਆਂ।
5. ਇੱਕ ਹੋਰ ਗੋਸ਼ਟੀ ਦਾ ਪ੍ਰਬੰਧ ਹੋਇਆ:
ਦੂਜੀ ਵਾਰੀ ਫਿਰ 9 ਮਾਰਚ ਸੰਨ 1974 ਨੂੰ ਭਾਈ ਬਾਗੜੀਆਂ ਦੀ ਪ੍ਰਧਾਨਗੀ ਹੇਠ ਸ. ਮਾਨ ਸਿੰਘ ਮਾਨਸਰੋਵਰ ਵਾਲ਼ਿਆਂ ਵਲੋਂ ਦਸ਼ਮ ਗ੍ਰੰਥ ਵਾਰੇ ਇੱਕ ਹੋਰ ਗੋਸ਼ਟੀ ਦਾ ਪ੍ਰਬੰਧ ਕੀਤਾ ਗਿਆ । ਇਸ ਵਿੱਚ ਵੀ ਸੰਨ 1973 ਵਾਲ਼ੀ ਹੋਈ ਗੋਸ਼ਟੀ ਦੇ ਫ਼ੈਸਲੇ ਹੀ ਦੁਹਰਾਏ ਗਏ। ਭਾਗ ਲੈਣ ਵਾਲ਼ੇ ਵਿਦਵਾਨਾਂ ਦੇ ਨਾਂ ਹੇਠ ਲਿਖੇ ਸਨ: -
ਭਾਈ ਅਰਦਮਨ ਸਿੰਘ ਬਾਗੜੀਆਂ। ਸਰਦਾਰ ਬਹਾਦੁਰ ਉੱਜਲ ਸਿੰਘ ਪ੍ਰਧਾਨ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ, ਡਾ. ਸੁਆਮੀ ਰਾਮਪਾਲ ਸਿੰਘ, ਡਾ. ਧਰਮ ਪਾਲ ਆਸ਼ਟਾ, ਡਾ. ਮਹੀਪ ਸਿੰਘ, ਡਾ. ਰਤਨ ਸਿੰਘ ਜੱਗੀ, ਡਾ. ਕਾਲਾ ਸਿੰਘ ਬੇਦੀ, ਡਾ. ਗੋਬਿੰਦ ਸਿੰਘ ਮਨਸੁਖਾਨੀ, ਸ. ਹਰੀ ਸਿੰਘ ਚੀਫ਼ ਇੰਜੀਨੀਅਰ ਪਟਨਾ ਸਾਹਿਬ, ਸ. ਗਿਆਨ ਸਿੰਘ ਐਬਟਾਬਾਦੀ (ਸਾਬਕਾ ਪ੍ਰਧਾਨ ਦਿੱਲੀ ਗੁ. ਪ੍ਰ. ਕਮੇਟੀ), ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ (ਐੱਮ. ਪੀ.), ਸ. ਬਹਾਦੁਰ ਗੁਰਬਖ਼ਸ਼ ਸਿੰਘ ਸਥਾਨਕ ਚੀਫ਼ ਖ਼ਾਲਸਾ ਦੀਵਾਨ ਦਿੱਲੀ, ਪ੍ਰੋ. ਪ੍ਰਮਾਣ ਸਿੰਘ ਅੱਮ. ਏ., ਡਾ. ਹਰਭਜਨ ਸਿੰਘ, ਡਾ. ਮਨਮੋਹਣ ਸਿੰਘ, ਸ. ਉੱਤਮ ਸਿੰਘ ਘੇਬਾ, ਸ. ਮਹਿੰਦਰ ਸਿੰਘ ਪ੍ਰਿੰਸੀਪਲ ਡਗਸ਼ੇਈ ਪਬਲਿਕ ਸਕੂਲ, ਜਨਰਲ ਤਾਰਾ ਸਿੰਘ ਬੱਲ, ਬ੍ਰਿਗੇਡੀਅਰ ਯੂੁ. ਐੱਸ. ਸਿੱਧੂ, ਕਰਨਲ ਨਰਿੰਦਰਪਾਲ ਸਿੰਘ, ਸਰਦਾਰਨੀ ਹਰਦਿੱਤ ਸਿੰਘ ਮਲਿਕ, ਬੀਬੀ ਪ੍ਰਭਜੋਤ ਕੌਰ, ਸ. ਪ੍ਰਤਾਪ ਸਿੰਘ ਐੱਮ. ਏ. ਸਕੱਤ੍ਰ ਸਿੰਘ ਸਭਾ ਸ਼ਤਾਬਦੀ ਕਮੇਟੀ, ਸ. ਹਰਦਿੱਤ ਸਿੰਘ ਮਲਿਕ ਸਾਬਕਾ ਸਫ਼ੀਰ ਫ਼ਰਾਂਸ, ਮੇਜਰ ਸ. ਜਗਤ ਸਿੰਘ ਗੁੜਗਾਵਾਂ, ਗਿਆਨੀ ਭਾਗ ਸਿੰਘ ਅੰਬਾਲ਼ਾ, ਸ. ਹਰਬੰਸ ਸਿੰਘ ਸਕੱਤ੍ਰ ਗੁਰੂ ਨਾਨਕ ਫ਼ਾਉੂਂਡੇਸ਼ਨ ਦਿੱਲੀ, ਸ. ਸੰਤੋਖ ਸਿੰਘ ਚੰਡੀਗੜ੍ਹ, ਪ੍ਰੋ ਪ੍ਰੀਤਮ ਸਿੰਘ, ਸ. ਰਣਬੀਰ ਸਿੰਘ, ਕੰਵਰ ਮਹਿੰਦਰ ਪ੍ਰਤਾਪ ਸਿੰਘ ਜਥੇਦਾਰ ਸ਼੍ਰੋ, ਸਿੱਖ ਸਮਾਜ ਦਿੱਲੀ, ਸ. ਮਨੋਹਰ ਸਿੰਘ ਮਾਰਕੋ, ਸ. ਮਦਨ ਸਿੰਘ ਨਈਅਰ ਪ੍ਰਧਾਨ ਸਿੰਘ ਸਭਾ ਪਹਾੜਗੰਜ ਦਿੱਲੀ, ਸ ਪਿਆਰਾ ਸਿੰਘ ਐੱਮ.ਏ., ਕੰਵਰ ਮਨਮੋਹਣ ਸਿੰਘ ਐੱਮ.ਏ., ਸ ਮੁਹਿੰਦਰ ਸਿੰਘ ਗੌਤਮ ਨਗਰ ਵਾਲ਼ੇ, ਪ੍ਰੋ. ਜੋਗਿੰਦਰ ਸਿੰਘ, ਪੰਡਤ ਮੁਨਸ਼ੀ ਰਾਮ ਹਸਰਤ, ਸ. ਮਾਨ ਸਿੰਘ ਮਾਨਸਰੋਵਰ, ਸ. ਕੁਲਦੀਪ ਸਿੰਘ ਅਡਵੋਕੇਟ ।
ਫ਼ਤਵੇ (ਹੁਕਮ ਨਾਮੇ) ਵਿੱਚ ਕੀ ਕਿਹਾ ਗਿਆ:
1. ਨਿੱਤ-ਨੇਮ ਅਰਦਾਸਿ ਅਤੇ ਚੌਪਈ ਨੂੰ ‘ਸਿੱਖ ਧਰਮ ਦੇ ਥੰਮ ਰੂਪ’ ਕਿਹਾ ਗਿਆ।
ਵਿਚਾਰ – ਸਿੱਖ ਧਰਮ ਦੇ ਥੰਮ ਕੇਵਲ ਗੁਰੂ ਗ੍ਰੰਥ ਸਾਹਬ ਜੀ ਹਨ। ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਵਿੱਚੋਂ ਪਾਸੇ ਕਰ ਦਿੱਤਾ ਜਾਵੇ ਤਾਂ ਸਿੱਖ ਧਰਮ ਦਾ ਕੁੱਝ ਨਹੀਂ ਬਚਦਾ, ਜ਼ੀਰੋ ਹੋ ਜਾਂਦਾ ਹੈ। ਫਿਰ ਅਰਦਾਸਿ (ਪ੍ਰਿਥਮ ਭਗਉਤੀ ਵਾਲ਼ੀ) ਅਤੇ ਬੇਨਤੀ ਚੌਪਈ (ਨਿੱਤ-ਨੇਮ ਵਾਲ਼ੀ) ਨੂੰ ਸਿੱਖ ਧਰਮ ਦੇ ਥੰਮ ਦੱਸਣਾ ਕਿੰਨੀ ਕੁ ਸਿਆਣਪ ਹੈ? ਪ੍ਰਿਥਮ ਭਗਉਤੀ ਵਾਲ਼ੀ ਪਉੜੀ ਦੁਰਗਾ ਦੇਵੀ ਪਾਰਬਤੀ ਦਾ ਪਾਠ ਹੈ ਜੋ ਲਿਖਾਰੀ ਨੇ ਆਪ ਹੀ ਲਿਖਤ ਦੀ 55ਵੀਂ ਪਉੜੀ ਵਿੱਚ ਲਿਖ ਕੇ ਭੁਲੱਖਾ ਕੱਢਿਆ ਹੋਇਆ ਹੈ, ਜਿਵੇਂ ‘ਦੁਰਗਾ ਪਾਠ ਬਣਾਇਆ ਸਭੇ ਪਉੜੀਆਂ। ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ’।55। ਕਬਿਯੋ ਬਾਚ ਬੇਨਤੀ ਚੌਪਈ ਇੱਕ ਮਹਾਂਕਾਲ਼ ਦੇਹਧਾਰੀ ਹਿੰਦੂ ਦੇਵਤੇ ਅੱਗੇ ਕੀਤੀ ਗਈ ਕਵੀ ਦੀ ਬੇਨਤੀ ਹੈ। ਲਿਖਤਾਂ ਸੱਭ ਦੇ ਸਾਮ੍ਹਣੇ ਪਈਆਂ ਹਨ। ਹਰ ਕੋਈ ਇਨ੍ਹਾਂ ਨੂੰ ਪੜ੍ਹ ਸਮਝ ਕੇ ਸੱਚ ਝੂਠ ਦਾ ਨਿਤਾਰਾ ਕਰ ਸਕਦਾ ਹੈ। ਇਹ ਪਤਾ ਨਹੀਂ ਫ਼ਤਵਾ ਜਾਰੀ ਕਰਨ ਤੋਂ ਪਹਿਲਾਂ ਇਨ੍ਹਾਂ ਲਿਖਤਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ!!!
2. ਫ਼ਤਵੇ ਵਿੱਚ ਕਿਹਾ ਗਿਆ ਹੈ ਕਿ ਗਿਆਨੀ ਭਾਗ ਸਿੰਘ ਨੇ ਸ਼੍ਰੋ. ਕਮੇਟੀ, ਸਿੱਖ ਜਗਤ ਦੇ ਇਤਿਹਾਸਕਾਰ ਅਤੇ ਪੰਥ ਦੇ ਪ੍ਰਸਿੱਧ ਵਿਦਵਾਨਾਂ ਦੇ ਫ਼ੈਸਲੇ ਤੋਂ ਬਿਨਾਂ ਵਿਅੱਕਤੀਗਤ ਤੌਰ ਤੇ ‘ਦਸ਼ਮ ਗ੍ਰੰਥ ਨਿਰਣੈ’ ਪੁਸਤਕ ਲਿਖ ਕੇ ਸਿੱਖ ਪੰਥ ਦੇ ਬੁਨਿਆਦੀ ਅਸੂਲਾਂ ਉੱਤੇ ਸੱਟ ਮਾਰ ਕੇ ਘੋਰ ਪਾਪ ਕੀਤਾ ਹੈ।
ਵਿਚਾਰ – ਭਗਉਤੀ ਵਾਲ਼ੀ ਅਰਦਾਸਿ ਅਤੇ ਮਹਾਂਕਾਲ਼ ਦੇਵਤੇ ਅਤੇ ਬੇਨਤੀ ਵਾਲ਼ੀ ਚੌਪਈ ਸਿੱਖ ਕੌਮ ਦੇ ਬੁਨਿਆਦੀ ਅਸੂਲਾਂ ਵਿੱਚ ਸ਼ਾਮਲ ਹੀ ਨਹੀਂ ਹਨ। ਅਜਿਹੇ ਮਨਮਤੀ ਅਸੂਲ ਨਾ ਤਾਂ ਕਿਸੇ ਗੁਰੂ ਪਾਤਿਸ਼ਾਹ ਵਲੋਂ ਬਣਾਏ ਗਏ ਅਤੇ ਨਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਇਨ੍ਹਾਂ ਨੂੰ ਬੁਨਿਆਦੀ ਅਸੂਲ ਮੰਨਦੇ ਹਨ ਕਿਉਂਕਿ ਇਹ ਰਚਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੀ ਨਹੀਂ ਹਨ।
ਪੁਸਤਕ ‘ਦਸ਼ਮ ਗ੍ਰੰਥ ਨਿਰਣੈ’ ਲਿਖੇ ਜਾਣ ਤੋਂ ਪਹਿਲਾਂ ਬਹੁਤ ਸਾਰੇ ਸਿੱਖ ਵਿਦਵਾਨਾਂ ਦੀਆਂ ਇਕੱਤ੍ਰਤਾਵਾਂ ਹੋ ਚੁੱਕੀਆਂ ਸਨ ਜਿਨ੍ਹਾਂ ਵਿੱਚ ਦਸ਼ਮ ਗ੍ਰੰਥ ਵਾਰੇ ਪ੍ਰਸਿੱਧ ਸਿੱਖ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਸਨ। ਜਥੇਦਾਰ ਜੀ ਫ਼ਤਵਾ ਜਾਰੀ ਕਰਨ ਤੋਂ ਪਹਲਾਂ ਉਨ੍ਹਾਂ ਸਿੱਖ ਵਿਦਵਾਨਾਂ ਦੇ ਕੀਤੇ ਫ਼ਸਲਿਆਂ ਤੋਂ ਆਪ ਜਾਣੂ ਹੋ ਜਾਂਦੇ ਤਾਂ ਚੰਗੀ ਗੱਲ ਸੀ ਜਾਂ ਆਪ ਵੀ ਵਿਦਵਾਨਾਂ ਦੀ ਹੋਰ ਗੋਸ਼ਟੀ ਰਚਾ ਸਕਦੇ ਸਨ ।
3. ਜਥੇਦਾਰ ਜੀ ਨੇ ਕਿਹਾ ਹੈ ਗਿਆਨੀ ਭਾਗ ਸਿੰਘ ਨੇ ਵਿਅੱਕਤੀਗਤ ਤੌਰ ਉੱਤੇ ਪੁਸਤਕ ਲਿਖੀ ਜੋ ਚੰਗੀ ਗੱਲ ਨਹੀਂ ਕੀਤੀ।
ਵਿਚਾਰ – ਜਥੇਦਾਰ ਜੀ ਨੇ ਵੀ ਆਪਣਾ ਫ਼ਤਵਾ ਵਿਅੱਕਤੀਗਤ ਤੌਰ ਉੱਤੇ ਹੀ ਦਿੱਤਾ ਹੈ । ਜਥੇਦਾਰ ਜੀ ਵੀ ਜੇ ਫ਼ਤਵਾ ਤੇਣ ਤੋਂ ਪਹਿਲਾਂ ਸਿੱਖ ਵਿਦਵਾਨਾਂ ਤੋਂ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਦੇ ਕਰਤ੍ਰਿਤਵ ਵਾਰੇ ਰਾਇ ਲੈ ਲੈਂਦੇ ਤਾਂ ਸਿੱਖ ਕੌਮ ਨੂੰ ਕੋਈ ਚੰਗੀ ਸੇਧ ਮਿਲ਼ ਸਕਦੀ ਸੀ । ਜਥੇਦਾਰ ਜੀ ਨੇ ਵੀ ਆਪਣੇ ਤੌਰ ਉੱਤੇ ਹੀ ‘ਪ੍ਰਿਥਮ ਭਗਉਤੀ’ ਵਾਲ਼ੀ ਅਰਦਾਸਿ ਅਤੇ ‘ਕਬਿਯੋ ਬਾਚ ਬੇਨਤੀ ਚੌਪਈ’ ਨੂੰ ਸਿੱਖ ਧਰਮ ਦੇ ਥੰਮ ਮੰਨ ਲਿਆ। ਕੀ ਉਨ੍ਹਾਂ ਨੂੰ ਨਹੀਂ ਚਾਹੀਦਾ ਸੀ ਕਿ ਉਹ ਸਿੱਖ ਇਤਿਹਾਸਕਾਰਾਂ, ਸ਼੍ਰੋ. ਕਮੇਟੀ ਅਤੇ ਸਿੱਖ ਵਿਦਵਾਨਾਂ ਤੋਂ ਪਹਿਲਾਂ ਰਾਇ ਲੈਂਦੇ? ਗਿਆਨੀ ਭਾਗ ਸਿੰਘ ਨੇ ਤਾਂ ਸਿੱਖ ਵਿਦਵਾਨਾਂ ਦੀ ਇਕੱਤ੍ਰਤਾ ਵਿੱਚ ਭਾਗ ਲੈ ਕੇ ਆਪ ਰਾਇ ਲਈ ਸੀ ਪਰ ਚੰਗਾ ਹੁੰਦਾ ਜੇ ਜਥੇਦਾਰ ਜੀ ਵੀ ਫ਼ਤਵਾ ਜਾਰੀ ਕਰਨ ਤੋਂ ਪਹਿਲਾਂ ਇਹ ਰਾਇ ਪ੍ਰਾਪਤ ਕਰ ਲੈਂਦੇ ਤਾਂ ਜੁ ਸਦਾ ਵਾਸਤੇ ਕੌਮ ਨੂੰ ਕੋਈ ਸੇਧ ਮਿਲ਼ ਸਕਦੀ ਅਤੇ ਹੁਣ ਤਕ ਦਸ਼ਮ ਗ੍ਰੰਥ ਪ੍ਰਤੀ ਚੱਲ ਰਹੇ ਵਿਵਾਦ ਖ਼ਤਮ ਹੋ ਜਾਂਦੇ ।
ਗਿਆਨੀ ਭਾਗ ਸਿੰਘ ਵਿਰੁੱਧ ਫ਼ਤਵਾ ਜਾਰੀ ਕਰਨ ਤੋਂ ਪਹਿਲਾਂ ਬਹੁਤ ਚੰਗਾ ਸੀ ਕਿ ਉਸ ਦੀ ਲਿਖੀ ਪੁਸਤਕ ਦਾ ਅਧਿਅਨ ਆਪ ਕੀਤਾ ਜਾਂਦਾ ਅਤੇ ਸਿੱਖ ਕੌਮ ਦੇ ਪ੍ਰਸਿੱਧ ਇਤਿਹਾਸਕਾਰਾਂ, ਗੁਰਬਾਣੀ ਦੇ ਅਰਥਾਂ ਤੋਂ ਜਾਣੂੰ ਸਿੱਖ ਵਿਦਵਾਨਾਂ ਅਤੇ ਸਮੂਹ ਜਗਤ ਦੇ ਸਿੱਖ ਨੁਮਾਇੰਦਿਆਂ ਦੇ ਗਿਆਨੀ ਭਾਗ ਸਿੰਘ ਦੀ ਲਿਖੀ ਪੁਸਤਕ ਨੂੰ ਹਵਾਲੇ ਕੀਤਾ ਜਾਂਦਾ ਅਤੇ ਉਨ੍ਹਾਂ ਦੀ ਰਾਇ ਲੈ ਲਈ ਜਾਂਦੀ ਤਾਂ ਜੁ ਦਸ਼ਮ ਗ੍ਰੰਥ ਪ੍ਰਤੀ ਵਾਦ ਵਿਵਾਦ ਸਦਾ ਲਈ ਮਿਟ ਸਕਦਾ!!!!
ਕਿਸੇ ਸਿੱਖ ਵਿਦਵਾਨ ਨੂੰ ਸੱਚ ਬੋਲਣ ਕਰ ਕੇ ਛੇਕ ਦੇਣਾ ਸਿੱਖ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ ਸਗੋਂ ਅਜਿਹਾ ਕਰਮ ਹੋਰ ਕਈ ਸਿੱਖ ਸਮੱਸਿਆਵਾਂ ਨੂੰ ਜਨਮ ਦੇ ਦਿੰਦਾ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!
ਕਸ਼ਮੀਰਾ ਸਿੰਘ (ਪ੍ਰੋ.) U.S.A.
ਗਿਆਨੀ ਭਾਗ ਸਿੰਘ ਵਿਰੁੱਧ ਹੁਕਮਨਾਮਾ !!!
Page Visitors: 2508