ਸ੍ਰੀ ਗੁਰੂ ਨਾਨਕ ਜੀ ਆਗਮਨ ਪੁਰਬ; ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਹੜੇ 30 ਨਵੰਬਰ ਨੂੰ ਗੂੰਜੇਗੀ ਗੁਰਬਾਣੀ-ਵਲਿੰਗਟਨ ਦੇ ਸਿੱਖਾਂ ਦਾ ਉਦਮ
-ਏਥਨਿਕ ਮੰਤਰੀ ਵੱਲੋਂ ਗੁਰਪੁਰਬ ਮੌਕੇ ਵਧਾਈ
ਔਕਲੈਂਡ, 22 ਨਵੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-
ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਜੀ ਦਾ 549ਵਾਂ ਪ੍ਰਕਾਸ਼ ਦਿਹਾੜਾ ਦੇਸ਼-ਵਿਦੇਸ਼ ‘ਚ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ 23 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਵਲਿੰਗਟਨ ਵਸਦੇ ਸਿੱਖ ਭਾਈਚਾਰੇ ਵੱਲੋਂ ਜਿੱਥੇ ਗੁਰਦੁਆਰਾ ਸਾਹਿਬ ਵਿਖੇ 23 ਨਵੰਬਰ ਤੋਂ 25 ਨਵੰਬਰ ਤੱਕ ਵਿਸ਼ੇਸ਼ ਸਮਾਗਮ (ਸ੍ਰੀ ਅਖੰਠ ਪਾਠ ਸਾਹਿਬ) ਕੀਤੇ ਜਾ ਰਹੇ ਹਨ ਉਥੇ 30 ਨਵੰਬਰ ਦਿਨ ਸ਼ੁੱਕਰਵਾਰ ਨੂੰ ਵਲਿੰਗਟਨ ਸਥਿਤ ਸੰਸਦ ਭਵਨ ਦੇ ਸਾਹਮਣੇ ਵਾਲੇ ਵਿਹੜੇ ਦੇ ਵਿਚ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ ਕਰਵਾਏ ਜਾ ਰਹੇ ਹਨ। ਸੰਸਦ ਦੇ ਵਿਹੜੇ ਵਿਚ ਇਹ ਪਹਿਲੀ ਵਾਰ ਹੋਏਗਾ ਕਿ ਇਥੇ ਰਾਗੀ ਜੱਥਾ ਕੀਰਤਨ ਕਰੇਗਾ, ਸਿੱਖ ਧਰਮ ਅਤੇ ਸਿੱਖ ਫਲਸਫੇ ਬਾਰੇ ਜਾਣਕਾਰੀ ਦਿੰਦੇ ਕਿਤਾਬਚੇ ਵੰਡੇ ਜਾਣਗੇ।
ਸੰਗਤਾਂ ਦੇ ਛਕਣ ਵਾਸਤੇ ਪੈਕ ਕੀਤਾ ਭੋਜਨ ਅਤੇ ਪੇਯਜਲ ਵੀ ਮੁਹੱਈਆ ਕਰਵਾਇਆ ਜਾਵੇਗਾ। ਮੌਸਮ ਦੀ ਖਰਾਬੀ ਵੇਲੇ ਬਦਲਵਾਂ ਪ੍ਰਬੰਧ ਵੀ ਕੀਤਾ ਗਿਆ ਹੈ। ਇਹ ਕੀਰਤਨ ਸਮਾਗਮ ਸਵੇਰੇ 10.30 ਵਜੇ ਤੋਂ ਦੁਪਹਿਰ 12.00 ਵਜੇ ਤੱਕ ਹੋਵੇਗਾ ਅਤੇ ਉਪਰੰਤ ਗੁਰੂ ਕਾ ਲੰਗਰ ਪੈਕ ਰੂਪ ਵਿਚ ਵਰਤਾਇਆ ਜਾਏਗਾ। ਸਮੂਹ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵਿਸ਼ੇਸ਼ ਕੀਰਤਨ ਸਮਾਗਮ ਵਿਚ ਹਾਜ਼ਰੀਆਂ ਭਰ ਕੇ ਆਪਣੀ ਪਹਿਚਾਣ ਅਤੇ ਫਲਸਫੇ ਨੂੰ ਹੋਰ ਗੂੜਾ ਕਰੀਏ। ਵਲਿੰਗਟਨ ਸਿੱਖ ਸੰਗਤ ਵੱਲੋਂ ਗਰਦੁਆਰਾ ਸਾਹਿਬ ਵਿਖੇ ਵੱਖ-ਵੱਖ ਕੌਮਾਂ ਦੇ ਲੋਕਾਂ ਨੂੰ ਸਮੇਂ-ਸਮੇਂ ਸਿਰ ਬੁਲਾ ਕੇ ਸਿੱਖ ਧਰਮ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ।
ਪ੍ਰਬੰਧਕਾਂ ਦੇ ਸ਼ਾਬਾਸ਼ ਹੈ ਕਿ ਉਨ੍ਹਾਂ ਪਾਰਲੀਮੈਂਟ ਅਥਾਰਿਟੀ ਦੇ ਨਾਲ ਸੰਪਰਕ ਕਰਕੇ ਇਸਦੀ ਇਜ਼ਾਜਤ ਲੈ ਕੇ ਇਸ ਸਾਲ ਇਕ ਝਲਕ ਵਜੋਂ ਗੁਰਪੁਰਬ ਦੀ ਮਹਾਨਤਾ ਦਰਸਾਉਣ ਦਾ ਮੌਕਾ ਹਾਸਿਲ ਕਰ ਲਿਆ ਹੈ ਅਤੇ ਅਗਲੇ ਸਾਲ ਜਦੋਂ ਸ੍ਰੀ ਗੁਰੂ ਨਾਨਕ ਜੀ ਦਾ 550ਵਾਂ ਗੁਰਪੁਰਬ ਆਵੇਗਾ ਉਦੋਂ ਤੱਕ ਇਹ ਸਮਾਗਮ ਪਾਰਲੀਮੈਂਟ ਦੇ ਅੰਦਰ ਮਨਾਉਣ ਲਈ ਮੰਤਰਾਲੇ ਤੋਂ ਆਗਿਆ ਲਈ ਜਾ ਸਕੇਗੀ।
ਇਸ ਵਾਰ ਗੁਰੂ ਸਾਹਿਬਾਂ ਦਾ ਸਰੂਪ ਭਾਵੇਂ ਉਥੇ ਨਹੀਂ ਲਿਜਾਇਆ ਜਾ ਰਿਹਾ ਸਿਰਫ ਸੰਗਤ ਰੂਪ ਵਿਚ ਬੈਠ ਕੇ ਗੁਰਬਾਣੀ ਗਾਇਨ ਹੋਏਗੀ।
ਦੇਸ਼ ਦੀ ਬਹੁ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਜੈਨੀ ਸਾਲੇਸਾ ਨੇ ਵੀ ਸਿੱਖ ਭਾਈਚਾਰੇ ਨੂੰ ਗੁਰਪੁਰਬ ਮੌਕੇ ਵਧਾਈ ਪੱਤਰ ਲਿਖਿਆ ਹੈ।