ਸ਼ਹੀਦਾਂ ਦੇ ਖ਼ੂਨ ਨਾਲ਼ ਸਿੰਜੀ ਹੋਈ ‘ਸਿੱਖ ਕੌਮ’ (ਭਾਗ 2)
ਗਿਆਨੀ ਅਵਤਾਰ ਸਿੰਘ-98140-35202 (ਸੰਪਾਦਕ gurparsad.com)
ਤੀਜਾ ਜਥਾ ਭਾਈ ਬਚਿੱਤਰ ਸਿੰਘ ਦਾ ਰੰਘੜਾਂ ਦੀ ਫ਼ੌਜ ਨਾਲ਼ ਮਲਕਪੁਰ (ਉਦੋਂ ਮਲਕਪੁਰ ਰੰਘੜਾਂ) ਪਿੰਡ ਦੀ ਜੂਹ ਵਿੱਚ ਭਿੜ ਪਿਆ, ਜਿਸ ਵਿੱਚ ਭਾਈ ਬਚਿੱਤਰ ਸਿੰਘ ਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਅਤੇ ਪਿੱਛੇ ਆ ਰਹੇ ਬਾਬਾ ਅਜੀਤ ਸਿੰਘ, ਭਾਈ ਮਦਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਭਾਈ ਬਚਿੱਤਰ ਸਿੰਘ ਨੂੰ ਉੱਥੋਂ ਬਚਾ ਕੇ ਛੇ ਕਿਲੋਮੀਟਰ ਦੂਰ ਪਿੰਡ ਕੋਟਲਾ ਨਿਹੰਗ ਖ਼ਾਨ ਵਿਖੇ ਲੈ ਆਏ। ਇਹ ਯੁੱਧ 6-7 ਪੋਹ/ 5 ਤੇ 6 ਦਸੰਬਰ 1705 ਈਸਵੀ ਦੀ ਰਾਤ ਨੂੰ ਹੋਇਆ ਅਤੇ ਇਹ ਰਾਤ ਗੁਰੂ ਜੀ ਨੇ ਭਾਈ ਨਿਹੰਗ ਖ਼ਾਨ ਦੇ ਘਰ ਬਿਤਾਈ।
ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਮੁਤਾਬਕ ਹਮਲਿਆਂ ਦੀ ਸ਼ੁਰੂਆਤ ਤੱਕ ਮਾਤਾ ਗੁਜਰੀ ਜੀ, ਦੋ ਛੋਟੇ ਸਾਹਿਬਜ਼ਾਦੇ ਤੇ ਦੋ ਸੇਵਾਦਾਰਾਂ ਸਰਸਾ ਨਦੀ ਪਾਰ ਕਰ ਚੁੱਕੇ ਸਨ, ਜੋ ਬਾਅਦ ’ਚ ਗੰਗੂ ਬ੍ਰਾਹਮਣ ਦੇ ਪਿੰਡ ਖੇੜੀ ਪਹੁੰਚੇ । ਇਸ ਦਿਨ ਸਰਸਾ ਨਦੀ ਵਿੱਚ ਕਈ ਸਿੰਘਾਂ ਦੀਆਂ ਜਾਨਾਂ ਤੇ ਬਹੁਤ ਸਾਰਾ ਸਾਹਿਤਕ ਖ਼ਜ਼ਾਨਾ ਹੱਥੋਂ ਚਲਾ ਗਿਆ।
8 ਪੋਹ/7 ਦਸੰਬਰ ਨੂੰ ਸੁਬ੍ਹਾ ਨਿਹੰਗ ਖ਼ਾਨ ਦਾ ਬੇਟਾ ਆਲਮ ਖ਼ਾਨ ਗੁਰੂ ਜੀ ਨਾਲ਼ ਬੂਰ ਮਾਜਰੇ ਤੱਕ ਗਿਆ। ਇੱਥੋਂ ਗੁਰੂ ਜੀ, ਦੋ ਵੱਡੇ ਸਾਹਿਬਜ਼ਾਦੇ ਅਤੇ 44 ਸਿੰਘ ਚਮਕੌਰ ਸਾਹਿਬ ਪਹੁੰਚੇ, ਜਿੱਥੇ ਉੱਚੀ ਜਗ੍ਹਾ ’ਤੇ ਸਥਿਤ ਇੱਕ ਕੱਚੀ ਗੜ੍ਹੀ ਨੂੰ ਸੁਰੱਖਿਆ ਵਜੋਂ ਦਰੁਸਤ ਮੰਨ ਕੇ ਟਿਕਾਣਾ ਬਣਾਇਆ ਤੇ ਸ਼ਾਮ ਨੂੰ ਰਹਰਾਸਿ ਦਾ ਪਾਠ ਕੀਤਾ, ‘‘ਰਹਰਾਸਿ ਕਾ ਦੀਵਾਨ ਸਜਾਯਾ ਗੁਰੂ ਜੀ ਨੇ । ਮਿਲ ਜੁਲ ਕੇ ਸ਼ਰੇ-ਸ਼ਾਮ ਭਜਨ ਗਾਏ ਸਭੀ ਨੇ ।’’ (ਗੰਜਿ ਸ਼ਹੀਦਾਂ/ਅੱਲਾ ਯਾਰ ਖ਼ਾਂ ਯੋਗੀ)
(ਨੋਟ : ਉਕਤ ਦਿੱਤੀਆਂ ਦੇਸੀ ਤੇ ਅੰਗਰੇਜ਼ੀ ਮਹੀਨਿਆਂ ਦੀਆਂ ਤਾਰੀਖ਼ਾਂ ਤੋਂ ਇਹ ਭੁਲੇਖਾ ਨਾ ਰਹੇ ਕਿ ਹੁਣ 6/7 ਪੋਹ ਨੂੰ 5/6 ਦਸੰਬਰ ਜਾਂ 8 ਪੋਹ ਨੂੰ 7 ਦਸੰਬਰ ਕਿਉਂ ਨਹੀਂ ਆ ਰਿਹਾ, ਇਸ ਦਾ ਕਾਰਨ ਹੈ ਕਿ ਅਜੋਕੇ ਕੈਲੰਡਰ ’ਚ 2 ਸਤੰਬਰ 1752 ਈਸਵੀ (ਬੁੱਧਵਾਰ) ਤੋਂ ਅਗਲਾ ਦਿਨ ਵੀਰਵਾਰ ਸਿੱਧਾ ਹੀ 11 ਤਾਰੀਖ਼ਾਂ ਵਧਾ ਕੇ 14 ਸਤੰਬਰ 1752 ਕਰ ਦਿੱਤਾ ਗਿਆ ਸੀ ਤਾਂ ਜੋ ਇਸ ਨੂੰ ਮੌਸਮੀ ਕੈਲੰਡਰ ਦੇ ਨੇੜੇ ਲਿਆਂਦਾ ਜਾ ਸਕੇ।)
ਗੁਰੂ ਜੀ ਕਾਇਰਾਂ ਵਾਙ ਛੁਪੇ ਨਹੀਂ ਸਗੋਂ 10 ਪੋਹ/9 ਦਸੰਬਰ ਨੂੰ ਸੁਬ੍ਹਾ ਹੋਣ ਵਾਲ਼ੀ ਵੱਡੀ ਜੰਗ ਵਾਸਤੇ 8 ਤੇ 9 ਦਸੰਬਰ ਵਾਲ਼ੀ ਰਾਤ ਨੂੰ ਗੜ੍ਹੀ ਦੇ ਚਾਰੋਂ ਤਰਫ਼ ਦਾ ਮੁਆਇਨਾ ਕਰਦੇ ਰਹੇ । ਗੁਰੂ ਜੀ; ਆਪਣੇ ਜ਼ਫ਼ਰਨਾਮੇ ’ਚ ਔਰੰਗਜ਼ੇਬ ਨੂੰ ਲਿਖਦੇ ਹਨ ਕਿ ਮੇਰੇ 40 ਭੁੱਖੇ ਭਾਣੇ ਬੰਦੇ ਹੋਰ ਕਿੰਨਾ ਕੁ ਕਰ ਸਕਦੇ ਸਨ ਜਦੋਂ ਕਿ ਉਨ੍ਹਾਂ ਉੱਤੇ 10 ਲੱਖ ਸੈਨਿਕ ਟੁੱਟ ਕੇ ਆ ਪਏ, ‘‘ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ ॥ ਕਿ ਦਹ ਲਖ ਬਰਆਯਦ ਬਰੋ ਬੇਖ਼ਬਰ ?॥੧੯॥’’
ਮੁਖ਼ਬਰਾਂ ਪਾਸੋਂ ਰਾਤ ਨੂੰ ਮਿਲੀ ਸੂਚਨਾ ਮੁਤਾਬਕ ਸਵੇਰੇ, ਕੱਚੀ ਗੜ੍ਹੀ ਨੂੰ ਚਾਰੋਂ ਤਰਫ਼ੋਂ ਘੇਰ ਲਿਆ ਗਿਆ। 9 ਦਸੰਬਰ ਨੂੰ ਪੂਰਾ ਦਿਨ ਸੰਸਾਰ ਦਾ ਬੇਜੋੜ ਯੁੱਧ ਹੋਇਆ ਕਿਉਂਕਿ ਇੱਕ-ਇੱਕ ਸਿੰਘ ਨੇ ਹਜ਼ਾਰਾਂ ਹਮਲਾਵਰਾਂ ਨਾਲ਼ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਸ਼ਾਹੀ ਫ਼ੌਜ, ਸਿੰਘਾਂ ਦੇ ਗੜ੍ਹੀ ’ਚੋਂ ਬਾਹਰ ਆ ਕੇ ਗਰੁਪਾਂ ’ਚ ਹਮਲਾ ਕਰਨ ਦੇ ਤਰੀਕੇ ਤੋਂ ਇੰਨੀ ਡਰੀ ਹੋਈ ਸੀ ਕਿ ਇੱਕ ਸਿੰਘ ਦੇ ਸ਼ਹੀਦ ਹੋਣ ’ਤੇ ਵੀ ਆਖਦੇ ਕਿ ਚੰਗਾ ਹੋਇਆ ਬਲਾ ਟਲ ਗਈ, ‘‘ਤਲਵਾਰ ਵੁਹ ਖ਼ੂੰਖ਼ਾਰ ਥੀ, ਤੋਬਾ ਹੀ ਭਲੀ ਥੀ । ਲਾਖੋਂ ਕੀ ਹੀ ਜਾਂ ਲੇ ਕੇ, ਬਲਾ ਸਰ ਸੇ ਟਲੀ ਥੀ ।’’ (ਅੱਲਾ ਯਾਰ ਖਾਂ ਯੋਗੀ)
ਅੱਲਾ ਯਾਰ ਖਾਂ ਯੋਗੀ ਦੇ ਇਸ ਕਥਨ ਕਿ ‘‘ਬੱਸ ਏਕ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲੀਯੇ । ਕਟਾਏ ਬਾਪ ਨੇ ਬੱਚੇ ਜਹਾਂ, ਖ਼ੁਦਾ ਕੇ ਲੀਯੇ ।’’ ਮੁਤਾਬਕ ਸ਼ਾਮ ਤੱਕ ਦੋ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ) ਤੋਂ ਇਲਾਵਾ ਇਹ 40 ਸਿੰਘ ਦੁਸ਼ਮਣਾਂ ਨੂੰ ਭਾਜੜਾ ਪਾਉਂਦੇ ਹੋਏ ਸ਼ਹੀਦ ਹੋ ਗਏ, ‘‘ਸਹਜ ਸਿੰਘ, ਸਰਦੂਲ ਸਿੰਘ, ਸਰੂਪ ਸਿੰਘ, ਸਾਹਿਬ ਸਿੰਘ, ਸੁਜਾਨ ਸਿੰਘ, ਸ਼ੇਰ ਸਿੰਘ, ਸੇਵਾ ਸਿੰਘ, ਸੰਗੋ ਸਿੰਘ, ਸੰਤ ਸਿੰਘ, ਹਰਦਾਸ ਸਿੰਘ, ਹਿੰਮਤ ਸਿੰਘ, ਕਰਮ ਸਿੰਘ, ਕ੍ਰਿਪਾਲ ਸਿੰਘ (ਉਹ ਗੁਰਮੁਖ, ਜਿਨ੍ਹਾਂ ਦੀ ਅਗਵਾਈ ’ਚ 16 ਕਸ਼ਮੀਰੀ ਪੰਡਿਤ 25 ਮਈ 1675 ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਪਾਸੋਂ ਮਦਦ ਲੈਣ ਅਨੰਦਪੁਰ ਸਾਹਿਬ ਆਏ।), ਖੜਗ ਸਿੰਘ, ਗੁਰਦਾਸ ਸਿੰਘ, ਗੁਰਦਿੱਤ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਚੜ੍ਹਤ ਸਿੰਘ, ਜਵਾਹਰ ਸਿੰਘ, ਜੈਮਲ ਸਿੰਘ, ਜਵਾਲਾ ਸਿੰਘ, ਝੰਡਾ ਸਿੰਘ, ਟੇਕ ਸਿੰਘ, ਠਾਕੁਰ ਸਿੰਘ, ਤ੍ਰਿਲੋਕ ਸਿੰਘ, ਦਿਆਲ ਸਿੰਘ, ਦਾਮੋਦਰ ਸਿੰਘ, ਨਰਾਇਣ ਸਿੰਘ, ਨਿਹਾਲ ਸਿੰਘ, ਪੰਜਾਬ ਸਿੰਘ, ਪ੍ਰੇਮ ਸਿੰਘ, ਬਸਾਵਾ ਸਿੰਘ, ਬਿਸਨ ਸਿੰਘ, ਭਗਵਾਨ ਸਿੰਘ, ਮਤਾਬ ਸਿੰਘ, ਮੁਹਕਮ ਸਿੰਘ, ਰਣਜੀਤ ਸਿੰਘ ਅਤੇ ਰਤਨ ਸਿੰਘ।’’ (ਮਹਾਨ ਕੌਸ਼)
ਗੁਰੂ ਸਾਹਿਬ ਨੇ ਗੜ੍ਹੀ ’ਚੋਂ ਤੀਰਾਂ ਨਾਲ਼ ਅਚੂਕ ਹਮਲੇ ਕਰ ਕੇ ਮੁਗ਼ਲ ਸਰਦਾਰ ਨਾਹਨ ਖ਼ਾਂ (ਮਲੇਰਕੋਟਲਾ ਨਿਵਾਸੀ) ਸਮੇਤ ਅਣਗਿਣਤ ਮੁਗ਼ਲ ਸਰਦਾਰ ਤੇ ਸੈਨਿਕ ਮਾਰੇ। 9 ਤੇ 10 ਦਸੰਬਰ ਦੀ ਰਾਤ ਨੂੰ ਪੰਜ ਸਿੰਘਾਂ (ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ) ਦੁਆਰਾ ਲਏ ਗਏ ਫ਼ੈਸਲੇ ਉਪਰੰਤ ਗੁਰੂ ਜੀ ਨੂੰ ਗੜ੍ਹੀ ਛੱਡਣ ਲਈ ਬੇਨਤੀ ਕੀਤੀ ਗਈ। ਭਾਈ ਸੰਤੋਖ ਸਿੰਘ ਅਨੁਸਾਰ ਇਨ੍ਹਾਂ ਪੰਜਾਂ ਪਿਆਰਿਆਂ ’ਚੋਂ ਬਾਅਦ ’ਚ ਸਥਿਤੀ ਨੂੰ ਸੰਭਾਲਣ ਲਈ ਗੁਰੂ ਜੀ ਨੇ ਭਾਈ ਸੰਤ ਸਿੰਘ ਨੂੰ ਆਪਣਾ ਤੁਰਰਾ ਤੇ ਕਲਗੀ ਬਖ਼ਸ਼ੀ, ‘‘ਪੰਚਹੁਂ ਮੇ ਕਲਗੀ ਕਿਂਹ ਦੀਨਸ ?, ਸੋ ਨਿਰਨੈ ਸੁਨੀਐ ਮਨ ਲਾਇ, ਸੰਤ ਸਿੰਘ ਖਤ੍ਰੀ ਸਿਖ ਸੁਭ ਮਤਿ, ਥਾਪ੍ਯੋ ਪੰਚਹੁਂ ਮੇ ਵਡਿਆਈ। ਤਿਸ ਕੋ ਗੁਰੁਤਾ (ਅਗਵਾਈ) ਅਰਪਨ ਕੀਨਸ, ਪ੍ਰਿਥਮ ਖਾਲਸੇ ਮੇ ਤਿਨ ਪਾਇ। ਸਸਤ੍ਰ ਬੰਧਾਇ ਬਠਾਇ ਅਟਾਰੀ। ਗੁਰੂ ਫ਼ਤੇ ਬੋਲੇ ਹਰਖਾਇ।’’ ( ਗੁਪ੍ਰਸੂ ਰੁੱਤ ੬ ਅ: ੪੧) ਪਰ ਗੁਰੁ ਵਿਲਾਸ ਦੇ 20ਵੇਂ ਅਧਿਆਏ ’ਚ ਭਾਈ ਸੁਖਾ ਸਿੰਘ ਨੇ ਭਾਈ ਸੰਗਤ ਸਿੰਘ ਬੰਗਸੀ ਨੂੰ ਜਿਗਾ (ਕਲਗੀ) ਬਖ਼ਸ਼ੀ, ਲਿਖਿਆ ਹੈ।
(ਨੋਟ : ਉਕਤ ਬਿਆਨ ਕੀਤੇ ਗਏ 40 ਸ਼ਹੀਦ ਸਿੰਘਾਂ ’ਚ ਭਾਈ ਸੰਗਤ ਸਿੰਘ ਜੀ ਦਾ ਨਾਂ ਨਹੀਂ ਹੈ, ਅਗਰ ਭਾਈ ਸਾਹਿਬ ਦੀ ਗਿਣਤੀ ਸ਼ਾਮਲ ਕੀਤੀ ਜਾਏ ਤਾਂ ਇਹ 41+2 (ਸ਼ਾਹਿਬਜ਼ਾਦੇ)= 43 ਹੋ ਜਾਏਗੀ, ਪਰ ਜ਼ਫ਼ਰਨਾਮੇ ’ਚ 40 ਸਿੰਘਾਂ ਦੀ ਗਿਣਤੀ ਦਾ ਜ਼ਿਕਰ ਹੈ। ਇਹ ਵੀ ਹੋ ਸਕਦਾ ਹੈ ਕਿ ਗੁਰੂ ਜੀ ਨੇ ਇਹ ਗਿਣਤੀ ਅੰਦਾਜ਼ਨ ਕਹੀ ਹੋਵੇ ਕਿਉਂਕਿ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਦੇ ਜਥੇ ’ਚ 40 ਸਿੰਘ ਹੀ ਸਨ।)
ਖ਼ਾਲਸੇ ਦਾ ਹੁਕਮ ਮੰਨਦਿਆਂ ਗੁਰੂ ਜੀ ਨੇ ਗੜ੍ਹੀ ’ਚੋਂ ਬਾਹਰ ਜਾਣਾ ਕਬੂਲ ਕਰ ਲਿਆ, ਜਿਨ੍ਹਾਂ ਦੀ ਹਿਫ਼ਾਜ਼ਤ ਲਈ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ (ਨਿਹੰਗ ਪੰਥ ਦੇ ਬਾਨੀ) ਵੀ ਗੜ੍ਹੀ ’ਚੋਂ ਬਾਹਰ ਨਿਕਲ ਮਾਛੀਵਾੜੇ ਵੱਲ ਗਏ ਜਿੱਥੇ ਆਪ ਨੂੰ ਗੁਰੂ ਘਰ ਦੇ ਪਰਮ ਭਗਤ ਗ਼ਨੀ ਖ਼ਾਂ ਤੇ ਨਬੀ ਖ਼ਾਂ ਮਿਲੇ। ਇਹ ਰਾਤ ਆਪ ਨੇ ਭਾਈ ਜੀਵਨ ਸਿੰਘ ਦੇ ਚੌਬਾਰੇ ’ਚ ਗੁਜਾਰੀ।
ਦੂਸਰੇ ਪਾਸੇ ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਖੇੜੀ (ਸਹੇੜੀ) ਪਿੰਡ ਦੇ ਮਸੰਦਾਂ ਅਤੇ ਗੰਗੂ ਬ੍ਰਾਹਮਣ ਨੇ ਮੁਰਿੰਡੇ ਦੇ ਥਾਣੇਦਾਰ ਨੂੰ ਇਤਲਾਹ ਦੇ ਕੇ ਗ੍ਰਿਫ਼ਤਾਰ ਕਰਵਾ ਦਿੱਤਾ, ਜਿਸ ਨੇ ਬੰਦੀ ਬਣਾ ਇਨ੍ਹਾਂ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਸੂਬਾ ਸਰਹਿੰਦ ਨੇ ਠੰਡੇ ਬੁਰਜ ’ਚ ਕੈਦ ਕਰ ਕੇ 2-3 ਦਿਨ ਡਰਾਉਣਾ, ਸਮਝਾਉਣਾ ਜਾਰੀ ਰੱਖਿਆ ਤਾਂ ਜੋ ਇਸਲਾਮ ਕਬੂਲ ਕਰ ਲੈਣ ਪਰ 86 ਸਾਲਾਂ (1619-1705) ਬਜ਼ੁਰਗ ਦਾਦੀ ਮਾਤਾ ਦੀ ਪ੍ਰੇਰਨਾ ਨੇ ਇਨ੍ਹਾਂ ਦੇ ਫ਼ਿਰਕੂ (ਮੌਕਾਪ੍ਰਸਤ) ਮਨਸੂਬਿਆਂ ਨੂੰ ਕਾਮਯਾਬ ਨਾ ਹੋਣ ਦਿੱਤਾ। ਆਖ਼ਰ 13 ਪੋਹ/12 ਦਸੰਬਰ