ਝੂਠ ਦਾ ਕੜਾਹ
- ਨਿਰਮਲ ਸਿੰਘ ਕੰਧਾਲਵੀ
ਮੌਸਮ ਸੁਹਾਵਣਾ ਹੋਣ ਕਰ ਕੇ ਸੱਥ ਵਿਚ ਅੱਜ ਬੜੀ ਰੌਣਕ ਸੀ। ਹਾਸਾ-ਠੱਠਾ, ਟਿਚਕਰਬਾਜ਼ੀ ਦੇ ਤਿਖੇ ਤੀਰ ਚਲ ਰਹੇ ਸਨ। ਏਨੀ ਦੇਰ ਨੂੰ ਬਾਹਰਲੀ ਫਿਰਨੀ ਵਲੋਂ ਮਾਸਟਰ ਹਕੀਕਤ ਸਿੰਘ ਸਾਈਕਲ ਦੇ ਪੈਡਲ ਮਾਰਦਾ ਆਉਂਦਾਦਿਸਿਆ।
ਲੱਛੂ ਅਮਲੀ ਬੋਲਿਆ, “ਬਈ ਮਾਹਟਰ ਦਾ ਫਿਟਫਿਟੀਆ ਨੀਂ ਦੀਂਹਦਾ ਅੱਜ?
“ਅਮਲੀਆ, ਇਹਦੇ ਫਿਟਫਿਟੀਏ ਆਲ਼ੀ ਕੌਂਪਣੀ ਨੂੰ ਵੀ ‘ਠਾਈ ਸਾਲ ਹੋ ਗਏ ਬੰਦ ਹੋਈ ਨੂੰ, ਹੁਣ ਉਹਦੇ ਪੁਰਜੇ ਨਈਂ ਮਿਲਦੇ, ਫਿਟਫਿਟੀਆ ਭਾਈ ਇਹਦਾ ਖ਼ਰਾਬ ਹੋਇਐ ਵਿਐ”। ਫੌਜੀ ਕਰਮ ਸਿਉਂ ਨੇ ਭੇਤ ਖੋਲ੍ਹਿਆ।
“ਸੱਚੀਂ ਬਈ ਮੈਂ ਸਵੇਰੇ ਤੇਜੂ ਲੁਹਾਰ ਦੇ ਕਰਖ਼ਾਨੇ ਗਿਆ ਸੀ ਦਾਤੀਆਂ ਨੂੰ ਦੰਦੇ ਕਢਵਾਉਣ ਤਾਂ ਤੇਜੂ ਇਕ ਸੰਦ ਜਿਹਾ ਘੜੀ ਜਾਵੇ, ਮੈਂ ਪੁੱਛਿਆ ਤਾਂ ਕਹਿੰਦਾ ਮਾਹਟਰ ਦੇ ਫਿਟਫਿਟੀਏ ਦੀ ਮਰੰਮਤ ਕਰਨੀ ਐ” ਮੋਹਣੇ ਲੰਬੜ ਨੇ ਅੱਖ ਦੱਬੀ ਤੇ ਸ਼ਰਾਰਤੀ ਹਾਸਾ ਹੱਸਿਆ। ਏਨੀ ਦੇਰ ਨੂੰ ਮਾਸਟਰ ਵੀ ਆਪਣਾ ਸਾਈਕਲ ਘੜੀਸਦਾ ਸੱਥ ਵਿਚ ਆ ਪਹੁੰਚਾ।
ਲੱਛੂ ਨੇ ਟਕੋਰ ਮਾਰੀ, “ਮਾਹਟਰਾ ਮੈਂ ਵੀ ਕਹਾਂ ਬਈ ਅੱਜ ਤੇਰੇ ਫਿਟਫਿਟੀਏ ਦੀ ਭੜੈਂ ਭੜੈਂ ਨਈਂ ਸੁਣੀ, ਚਲ ਛੱਡ ਮਾਰ ਗੋਲ਼ੀ ਫਿਟਫਿਟੀਏ ਨੂੰ, ਤੂੰ ‘ਖ਼ਬਾਰ ਦੀ ਕੋਈ ਨਵੀਂ ਤਾਜ਼ੀ ਸੁਣਾ”।
ਮਾਸਟਰ ਹਕੀਕਤ ਸਿੰਘ ਖ਼ਸਿਆਨੀ ਜਿਹੀ ਹਾਸੀ ਹੱਸਦਿਆਂ ਅਖ਼ਬਾਰ ਖੋਲ੍ਹਣ ਲੱਗ ਪਿਆ।
ਉਹਨੇ ਅਖ਼ਬਾਰ ‘ਤੇ ਨਿਗਾਹ ਘੁਮਾਈ ਤੇ ਬੋਲਿਆ, “ਲਓ ਬਈ ਬੜੀ ਵਧੀਆ ਖ਼ਬਰ ਐ ਅੱਜ ਤਾਂ, ਆਪਣੀ ‘ਕਾਲੀ ਸਰਕਾਰ ਨੇ ਸਕੀਮ ਬਣਾਈ ਐ ਕਿ ਪੰਜਾਬ ਵਿਚ ਕੋਲ਼ੇ ਨਾਲ਼ ਚੱਲਣ ਵਾਲ਼ੇ ਚਾਰ ਪੰਜ ਬਿਜਲੀ-ਘਰ ਚਾਲੂ ਕਰ ਦੇਣੇ ਆਂ ਤੇ ਬਿਜਲੀ ਐਨੀ ਵਾਧੂ ਹੋਊ ਪੰਜਾਬ ਕੋਲ ਕਿ ਆਪ ਰੱਜਵੀਂ ਵਰਤ ਕੇ ਬਾਕੀ ਦੀ ਬਚਦੀ ਦੂਜੇ ਸੂਬਿਆਂ ਨੂੰ ਵੇਚ ਕੇ ਪੈਸੇ ਖਰੇ ਕਰਿਆ ਕਰੂ”।
“ਬਈ ਆਹ ਤਾਂ ਬਹੁਤ ਈ ਵਧੀਆ ਖ਼ਬਰ ਐ, ਹੁਣ ਤਾਂ ਆਹ ਬਿਜਲੀ ਵਾਲ਼ਿਆਂ ਨੇ ਸਾਲ਼ਿਆਂ ਮੇਰਿਆਂ ਨੇ ਖ਼ੂਨ ਪੀਤਾ ਪਿਐ, ਦੋ ਦਿਨ ਹੋ ਗਏ ਐ ਮੈਨੂੰ ਚੱਕੀ ‘ਤੇ ਦਾਣੇ ਸੁੱਟਿਆਂ ਨੂੰ। ਸਹੁਰੀ ਦਿਆਂ ਨੇ ਬਿਜਲੀ
ਪਤਾ ਨੀ ਕਿੱਥੇ ਭੇਜ ‘ਤੀ, ਤਿੰਨ ਦਿਨ ਹੋ ‘ਗੇ ਲੋਕਾਂ ਦੇ ਘਰੋਂ ਆਟਾ ਮੰਗ ਮੰਗ ਕੇ ਖਾਂਦਿਆਂ ਨੂੰ। ਇਕ ਆਹ ਬੁੜ੍ਹੀ ਆ ਸਾਡੀ, ਜਦੋਂ ਜਮਾਂ ਈ ਆਟਾ ਥੱਲੇ ਲੱਗ ਜੂ ਉਦੋਂ ਈ ਦੱਸੂ”। ਬਿੱਕਰ ਨੇ ਬਿਜਲੀ ਮਹਿਕਮੇ ‘ਤੇ ਤਵਾ ਲਾਇਆ ਤੇ ਆਪਣੀ ਮਾਂ ‘ਤੇ ਗੁੱਸਾ ਕੱਢਿਆ।
“ਬਈ ਬਿੱਕਰਾ ਗੱਲ ਤੇਰੀ ਸੋਲ਼ਾਂ ਆਨੇ ਠੀਕ ਆ, ਇਹ ਬਿਜਲੀ ਆਲ਼ੇ ਸਹੁਰੀ ਦੇ ਬਿੱਲ ਤਾਂ ਅੰਬਾਂ ਦੇ ਟਪਕੇ ਆਂਗੂੰ ਸਿੱਟੀ ਜਾਂਦੇ ਆ ਤੇ ਬਿਜਲੀ ਦਿੰਦੇ ਆ ਲੰਗੇ ਡੰਗ, ਕੋਈ ਨਈਂ ਏਹਨਾਂ ਨੂੰ ਪੁੱਛਣ ਵਾਲ਼ਾ”।
ਫੌਜੀ ਕਰਮ ਸਿੰਘ ਨੇ ਆਪਣਾ ਗੁੱਸਾ ਕੱਢਿਆ। “ਬਿੱਕਰਾ ਤੂੰ ਵੀ ਸਰਕਾਰ ਦੇ ਗਪੌੜਿਆਂ ‘ਤੇ ਯਕੀਨ ਕਰੀ ਜਾਨੈ, ਕੋਲ਼ਾ ਆਉਣੈ ਹਜ਼ਾਰਾਂ ਮੀਲਾਂ ਤੋਂ, ਉਹ ਕੀ ਭਾਅ ਦੇਣੈ ਅਗਲਿਆਂ ਨੇ? ਇਹ ਪੰਜਾਬ ਦੀ ਕਣਕ ਤੇ ਝੋਨਾ ਥੋੜ੍ਹੀ ਐ ਪਈ ਸਰਕਾਰ ਆਪਣੀ ਮਰਜੀ ਦੇ ਰੇਟ ਲਾਊ। ਤੁਸੀਂ ਆਪ ਈ ਅੰਦਾਜਾ ਲਾ ਲਉ ਪਈ ਕਿਸ ਭਾਅ ਪਊ ਬਿਜਲੀ, ਏਨੀ ਮਹਿੰਗੀ ਬਿਜਲੀ ਕੌਣ ਖਰੀਦੂ। ਨਾਲ਼ੇ ਕੀ ਪਤਾ ਕੋਲ਼ਾ ਟੈਮ ਸਿਰ ਅਗਲਿਆਂ ਨੇ ਦੇਣਾ ਵੀ ਐ ਕਿ ਨਹੀਂ, ਚਲੋ ਜੇ ਬਿਜਲੀ ਬਣ ਵੀ ਗਈ ਤਾਂ ਵੇਚੂ ਕੌਣ ਬਈ?” ਸੇਵਾ-ਮੁਕਤ ਪਟਵਾਰੀ ਚੰਨਣ ਸਿਉਂ ਨੇ ਦਲੀਲ ਦੇ ਨਾਲ਼ ਹੀ ਸਵਾਲ ਠੋਕ ਦਿੱਤੇ।
“ਸਰਕਾਰ ਨੇ ਆਹ ਇੱਕੀ ਪਾਰਲੀਮੈਂਟਰੀ ਸੈਕਟਰੀਆਂ ਦੀ ਹੇੜ੍ਹ ਇਕੱਠੀ ਕੀਤੀ ਹੋਈ ਐ, ਨਾ ਏਹਨਾਂ ਨੂੰ ਕੰਮ ਨਾ ਕਾਰ ਤੇ ਸਹੂਲਤਾਂ ਲੈਂਦੇ ਆ ਸਾਰੀਆਂ ਮੰਤਰੀਆਂ ਵਾਲ਼ੀਆਂ। ਸਰਕਾਰ ਏਹਨਾਂ ਨੂੰ ਰੇਹੜੀਆਂ ਲਾ ਕੇ ਦੇਊ ਚੰਡੀਗੜ੍ਹ ਸੈਕਟਰੀਏਟ ਦੇ ਮੂਹਰੇ ਪਈ ਹੋਕਾ ਦੇ ਕੇ ਬਿਜਲੀ ਵੇਚੋ”। ਫੌਜੀ ਕਰਮ ਸਿਉਂ ਨੇ ਸਿਆਸੀ ਤੀਰ ਛੱਡਿਆ।
ਸੱਥ ਵਿਚ ਚਾਰੇ ਪਾਸੇ ਹਾਸਾ ਮਚ ਗਿਆ। “ਬਈ ਓਦਾਂ ਦੇਖ ਲਉ ਦਿੱਲੀ ਵਾਲ਼ਿਆਂ ਦੀਆਂ ਚਲਾਕੀਆਂ, ਪਾਣੀ ਨਾਲ਼ ਪੈਦਾ ਹੋਣ ਵਾਲ਼ੀ ਪੰਜਾਬ ਦੀ ਸਸਤੀ ਬਿਜਲੀ ਲੁੱਟ ਕੇ ਦਿੱਲੀ ਲੈ ਗਏ ਤੇ ਪੰਜਾਬ ਨੂੰ ਕਹਿੰਦੇ ਐ ਕਿ ਕੋਲ਼ੇ ਨਾਲ਼ ਬਿਜਲੀ ਪੈਦਾ ਕਰੋ ਤੇ ਸਿਰ ‘ਚ ਸੁਆਹ ਪੁਆਉ” ਪਟਵਾਰੀ ਬੋਲਿਆ।
“ਬਈ ਪਹਿਲੀ ਤਾਂ ਗੱਲ ਆ ਪਈ ਚਾਰ ਪੰਜ ਬਿਜਲੀ-ਘਰ ਲਾਉਣੇ ਕੀਹਨੇ ਆਂ, ਇਹ ਤਾਂ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਗੱਲਾਂ ਨੇ, ਸਰਕਾਰ ਨੇ ਗਪੌੜ ਮਾਰਨ ਲਈ ਬੰਦੇ ਰੱਖੇ ਹੋਏ ਐ” ਲੱਛੂ ਅਮਲੀ ਨੇ ਤੋੜਾ ਝਾੜਿਆ।
ਪਟਵਾਰੀ ਕਹਿਣ ਲੱਗਾ “ਆਹੋ ਬਈ ਜੇ ਗਪੌੜਾਂ ਦੇ ਈ ਬਿਜਲੀ ਘਰ ਲਾਉਣੇ ਐ ਤਾਂ ਇਕ ਅੱਧੇ ਦਾ ਕੀ ਲਾਉਣਾ ਚਾਰ ਪੰਜ ਗੱਡ ਦਿਉ ‘ਕੱਠੇ ਈ। ਲਉ ਬਈ ਮੈਂ ਥੋਨੂੰ ਇਕ ਸਾਖੀ ਸੁਣਾਉਨਾ। ਬਈ ਲੱਛਮਣ ਸਿਆਂ ਗੁੱਸਾ ਨਾ ਕਰ ਲਈਂ ਕਿਤੇ। ਇਹ ਸਾਖੀ ਤਾਂ ਹੈਗੀ ਆ ਅਮਲੀਆਂ ਦੀ ਪਰ ਆਪਣੇ ਪਿੰਡ ਦੇ ਅਮਲੀਆਂ ਦੀ ਨਹੀਂ ਕਿਸੇ ਹੋਰ ਪਿੰਡ ਦੀ ਐ। ਬਈ ਸੱਜਣੋਂ ਇਵੇਂ ਹੀ ਕਿਸੇ ਪਿੰਡ ਪੰਜ ਸੱਤ ਅਮਲੀ ਬੈਠੇ ਸੀ। ਬਰਸਾਤ ਦਾ ਮੌਸਮ ਸੀ, ਨਸ਼ੇ-ਪੱਤੇ ਨਾਲ਼ ਸਾਰੇ ਹੀ ਗੁਲਾਬ ਦੇ ਫੁੱਲ ਵਾਂਗ ਖਿੜੇ ਪਏ ਸੀ। ਇਕ ਕਹਿੰਦਾ ਪਈ ਅੱਜ ਤਾਂ ਕੋਈ ਮਿੱਠੀ ਚੀਜ਼ ਖਾਣ ਨੂੰ ਜੀ ਕਰਦੈ। ਦੂਜਾ ਕਹਿੰਦਾ ਬਈ ਏਦਾਂ ਕਰੋ ਅੱਜ ਕੜਾਹ ਬਣਾ ਲਉ। ਸਾਰਿਆਂ ਦੀ ਸਹਿਮਤੀ ਕੜਾਹ ‘ਤੇ ਹੋ ਗਈ। ਕਹਿੰਦੇ ਬਈ ਕੱਢੋ ਇਕ ਇਕ ਰੁਪੱਈਆ ਰਸਦ ਲਿਆਉਣ ਲਈ। ਪੈਸੇ ਧੇਲੇ ਵਲੋਂ ਤਾਂ ਸਾਰੇ ਈ ਨੰਗ ਸੀਗੇ। ਇਕ ਅਮਲੀ ਬੋਲਿਆ ਪਈ ਜੇ ਪੈਸੇ ਹੈ ਨੀਂ ਤਾਂ ਝੂਠ ਮੂਠ ਦਾ ਈ ਬਣਾ ਲਉ। ਦੂਜਾ ਕਹਿੰਦਾ ਲੈ ਬਈ ਇਉਂ ਕਰੋ ਸੇਰ ਸੇਰ ਪੱਕੀ ਝੂਠ ਦੀ ਰਸਦ ਗਿਰਧਾਰੀ ਸ਼ਾਹ ਦੀ ਹੱਟੀ ਤੋਂ ਲੈ ਆਉ। ਇਕ ਬਹੁਤੇ ਈ ਪਹੁੰਚੇ ਹੋਏ ਅਮਲੀ ਨੇ ਕੁੱਕੜ ਵਾਂਗ ਅੱਖਾਂ ਖੋਲ੍ਹੀਆਂ ਤੇ ਸਲਾਹ ਦਿੱਤੀ ਓਏ ਸਹੁਰੀ ਦਿਉ ਜੇ ਝੂਠ ਦਾ ਈ ਕੜਾਹ ਬਣਾਉਣੈ ਤਾਂ ਕੰਜੂਸੀਆਂ ਕਾਹਤੋਂ ਕਰਦੇ ਹੋ ਰਸਦ ਦੀ ਬੋਰੀ ਬੋਰੀ ਤਾਂ ਲਿਆਉ”।
ਸਾਰੀ ਸੱਥ ਵਿਚ ਹਾਸਾ ਮੱਕੀ ਦੇ ਦਾਣਿਆਂ ਵਾਂਗ ਖਿੜ ਉੱਠਿਆ।
“ਲੈ ਬਈ ਪਟਵਾਰੀ ਤਾਂ ਨੰਬਰ ਲੈ ਗਿਐ ਅੱਜ ਤੇ ਪਤੈ ਤੀਰ ਕਿੱਧਰ ਮਾਰਿਐ ਸ਼ੇਰ ਨੇ”? ਮਾਸਟਰ ਬੋਲਿਆ
“ਮਾਹਟਰਾ ਅਸੀਂ ਏਨੇ ਨਿਆਣੇ ਨਈਂ, ਮੰਨਿਆਂ ਸਕੂਲੇ ਨਹੀਂ ਗਏ ਪਰ ਸੱਥ ਨੇ ਸਾਨੂੰ ਬੀਆ ਐਮਾ ਕਰਾ ‘ਤਾ ਸ਼ੇਰਾ”! ਏਨਾ ਕਹਿ ਕੇ ਲੱਛੂ ਅਮਲੀ ਜਾਣ ਲਈ ਉੱਠ ਖੜ੍ਹਾ ਹੋਇਆ।