ਪੁਰੇਵਾਲ ਜੀ ਨੇ ਕੈਲੰਡਰ 14 ਮਾਰਚ ਤੋਂ ਆਰੰਭ ਕਿਉਂ ਕੀਤਾ?
ਪੁਰੇਵਾਲ ਜੀ ਵਲੋਂ ਤਿਆਰ ਕੀਤੇ ਕੈਲੰਡਰ ਬਾਰੇ ਵਿਚਾਰ ਕੀਤੇਆਂ ਜੋ ਨੁਕਤੇ ਮੇਰੀ ਅਲਪਮਤ ਵਿਚ ਆਏ ਹਨ ਉਨ੍ਹਾਂ ਵਿਚੋਂ ਇਕ ਅਹਿਮ ਨੁਕਤਾ ਹੈ ਪੁਰੇਵਾਲ ਜੀ ਵਲੋਂ ਤਿਆਰ ਕੀਤੇ ਕੈਲੰਡਰ ਦੀ ਸਕੀਮ ਦੇ ਸਾਲ ਦਾ ਆਰੰਭਕ ਦਿਹਾੜਾ ! ਪੁਰੇਵਾਲ ਜੀ ਨੇ ਭਾਰੀ ਸਰਕਾਰ ਵਲੋਂ ਤਿਆਰ ਕਰਵਾਏ 'ਭਾਰਤੀ ਰਾਸ਼ਟ੍ਰੀ ਕੈਲੰਡਰ' ਦੀ ਸਕੀਮ ਨੂੰ ਵਰਤਿਆ।
ਭਾਰਤੀ ਸਰਕਾਰ ਵਲੋਂ ਤਿਆਰ ਕੀਤਾ ਭਾਰਤੀ ਨੈਸ਼ਨਲ ਕੈਲੰਡਰ (ਸਾਕਾ ਕੈਲੰਡਰ) 21 ਮਾਰਚ ਤੋਂ ਆਰੰਭ ਹੁੰਦਾ ਹੈ ਪਰ ਪੁਰੇਵਾਲ ਜੀ ਨੇ ਇਸੇ ਸਕੀਮ ਨੂੰ 7 ਦਿਨ ਦੇ ਫ਼ਰਕ ਨਾਲ 14 ਮਾਰਚ ਤੋਂ ਆਰੰਭ ਕੀਤਾ। ਕਿਉਂ ?
ਸਾਕਾ ਕੈਲੰਡਰ ਨੂੰ 22/21 ਮਾਰਚ ਤੋਂ ਆਰੰਭ ਕਰਨ ਦਾ ਖ਼ਗੋਲੀ ਅਧਾਰ ਤਾਂ ਈਕਵੀਨਾਕਸ (Equinox) ਜਾਪਦਾ ਹੈ ਪਰ ਪੁਰੇਵਾਲ ਜੀ ਦੇ 14 ਮਾਰਚ ਦਾ ਖਗੋਲੀ ਰੇਫ਼ਰੇਂਸ ਕੀ ਸੀ ਇਹ ਸਮਝ ਨਹੀਂ ਆਉਂਦਾ।ਲੇਕਿਨ ਜਿਹੜੀ ਗਲ ਜ਼ਾਹਰਾ ਤੌਰ ਤੇ ਸਮਝ ਆਉਂਦੀ ਹੈ ਉਹ ਦਿਲਚਸਪ ਪਰੰਤੂ ਖ਼ਗੋਲੀ ਰੇਫਰੇਂਸ ਤੋਂ ਵਾਂਝੀ ਜਾਪਦੀ ਹੈ।
ਜਾਪਦਾ ਹੈ ਪੁਰੇਵਾਲ ਜੀ ਦੇ ਕੈਲੰਡਰ ਦਾ ਆਰੰਭਕ ਦਿਹਾੜਾ ਕਿਸੇ ਖ਼ਗੋਲੀ ਨਿਸ਼ਾਨੀ ਨਾਲ ਨਹੀਂ ਬਲਕਿ ਇਕ ਮਜਬੂਰੀ ਨਾਲ ਬੱਝਿਆ ਹੋਇਆ ਸੀ। ਸ਼ਾਯਦ ਉਹ ਮਜਬੂਰੀ ਸੀ ਵੈਸਾਖ਼ ਦੀ ਪਹਿਲੀ ਤਾਰੀਖ਼!
ਅਸੀਂ ਸਾਰੇ ਜਾਣਦੇ ਹਾਂ ਕਿ ਵੈਸਾਖ ਮਹੀਨੇ ਦੀ ਪਹਿਲੀ ਤਾਰੀਖ਼ ਯਾਨੀ ਕਿ 'ਵਸਾਖ਼ੀ' ਦਾ ਸਿੱਖੀ ਵਿਚ ਬਹੁਤ ਵੱਡਾ ਮਹੱਤਵ ਹੈ ਅਤੇ ਪੁਰੇਵਾਲ ਜੀ ਸਾਕਾ ਕੈਲੰਡਰ ਵਿਚ ਮਿਥੀ ਗਈ ੨੨/੨੧ ਐਪ੍ਰਲ ਵਾਲੀ ਵਸਾਖ਼ੀ ਦਾ ਹਸ਼ਰ ਚੰਗੀ ਤਰਾਂ ਜਾਣਦੇ ਸੀ ਕਿ ਉਸ ਨੂੰ ਸਮਾਜ ਵਿਚ ਕਿਸੇ ਨੇ ਨਹੀਂ ਅਪਨਾਇਆ। ਕਿਉਂਕਿ ਵਸਾਖ਼ ਮਹੀਨੇ ਦੇ ਪਹਿਲੀ ਤਾਰੀਖ਼ ਹੀ 'ਵਸਾਖ਼ੀ' ਮੰਨੀ ਜਾ ਸਕਦੀ ਹੈ ਇਸ ਲਈ ਪੁਰੇਵਾਲ ਜੀ ਨੇ ਆਪਣੇ ਕੈਲੰਡਰ ਦੀ ੧ ਵਸਾਖ਼ ਨੂੰ ਬਿਕਰਮੀ ਕੈਲੰਡਰ ਦੀ ੧ ਵਸਾਖ਼ ਨਾਲ ਮਿਲਦਾ-ਜੁਲਦਾ ਰੱਖਣ ਲਈ ਆਪਣੇ ਕੈਲੰਡਰ ਦਾ ਪਹਿਲਾ ਦਿਨ ਬਿਨ੍ਹਾਂ ਕਿਸੇ ਖ਼ਗੋਲੀ ਅਧਾਰ ਦੇ ੧੪ ਮਾਰਚ ਤੋਂ ਆਰੰਭ ਕੀਤਾ ਤਾਂ ਕਿ ਉਨ੍ਹਾਂ ਦੇ ਕੈਲੰਡਰ ਦੀ ਸਕੀਮ ਸਾਕਾ ਵਾਲੀ ਤਾਂ ਰਹੇ ਪਰ ਸਮਾਜਕ ਤੌਰ ਤੇ ਉਸਦਾ ਹਸ਼ਰ ਸਾਕਾ ਕੈਲੰਡਰ ਦੀ ਵਸਾਖ਼ੀ ਵਾਲਾ ਨਾ ਹੋਵੇ। ਜਾਪਦਾ ਹੈ ਇਸੇ ਨੁੱਕਤੇ ਨੂੰ ਮੁੱਖ ਰੱਖ ਕੇ ਚਲਣ ਤੇ ਗੁਰੂ ਸਾਹਿਬਾਨ ਦੀਆਂ ਤਾਰੀਖ਼ਾਂ ਦੀ ਇਤਹਾਸਕਤਾ ਨੂੰ ਤਿਲਾਂਜਲੀ ਦਿੱਤੀ ਗਈ।
ਪੁਰੇਵਾਲ ਜੀ ਅਤੇ ਉਨ੍ਹਾਂ ਦੇ ਕੈਲੰਡਰ ਸਾਥੀ ਅਕਸਰ ਪੁੱਛਦੇ ਹਨ ਕਿ ਉਨ੍ਹਾਂ ਦੇ ਕੈਲੰਡਰ ਤੋਂ ਅਸਹਿਮਤ ਬੰਦੇ ਜੇ ਕਰ ਦਸ਼ਮੇਸ਼ ਜੀ ਦੇ ਪ੍ਰਕਾਸ਼ ਦੀ ਅਸਲ ਅੰਗ੍ਰੇਜ਼ੀ ਤਾਰੀਖ਼ ੧ ਜਨਵਰੀ ਦਸਦੇ ਹਨ ਤਾਂ ਉਹੀ ਅਸਹਿਮਤ ਬੰਦੇ ਵੈਸਾਖੀ ਨੂੰ ੨੯ ਮਾਰਚ ਤੇ ਨਿਸ਼ਚਤ ਕਿਉਂ ਨਹੀਂ ਦਰਸਾਉਂਦੇ ? ਇਹ ਸਵਾਲ ਤਾਂ ਪਹਿਲਾਂ ਉਨ੍ਹਾਂ ਸੱਜਣਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਜਿਹੜੇ
(੧) ਸੰਗਤਾਂ ਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਜਨਮ ਦਿਨ ਵਾਂਗ ਗੁਰੂ ਸਾਹਿਬਾਨ ਦੇ ਪ੍ਰਕਾਸ਼/ਸ਼ਹੀਦੀ ਦਿਹਾੜੇਆਂ ਦੀਆਂ ਤਾਰੀਖ਼ਾਂ 'ਅੰਗ੍ਰਜ਼ੀ ਕੈਲੰਡਰ ਮੁਤਾਬਕ ਪੱਕਿਆਂ ਹੋਣੀਆਂ ਚਾਹੀਦੀਆਂ ਹਨ' ਦਾ ਤਰਕ ਦਿੰਦੇ ਆਏ ਹਨ
(੨) ਜਿਨ੍ਹਾਂ ਨੇ ਕ੍ਰਿਸਮਿਸ ਦੀ ਪੱਕੀ ਤਾਰੀਖ਼ ੨੫ ਦਿਸੰਭਰ ਵਾਲੇ ਤਰਕ ਨੂੰ ਪੇਸ਼ ਕਰਕੇ ਪੰਥ ਵਿਚ ਵੰਡੀ ਪਾਉਣ ਦਾ ਪੁਆੜਾ ਪਾਇਆ।
ਉਪਰੋਕਤ ਸਵਾਲ ਵਿਚ ਸਮੱਸਿਆ ਪੁਰੇਵਾਲ ਜੀ ਤੋਂ ਅਸਹਿਮਤ ਬੰਦੇਆਂ ਦੀ ਨਹੀਂ ਬਲਕਿ ਪੁਰੇਵਾਲ ਜੀ ਦੇ ਖ਼ੇਮੇ ਦੀ ਆਪਣੀ ਹੀ ਹੈ। ਨੌਜਵਾਨ ਪੀੜੀ ਨੂੰ ਪੱਕਿਆਂ ਅੰਗ੍ਰੇਜ਼ੀ ਤਾਰੀਖ਼ਾਂ ਨਾਲ ਆਕ੍ਰਸ਼ਤ ਕੀਤਾ ਗਿਆ ਪਰ ਪਹਿਲੀ ਵਸਾਖ਼ ਚੁੰਕਿ ਵਸਾਖ਼ ਨੂੰ ਹੀ ਆਉਣੀ ਮੰਨੀ ਜਾਣੀ ਸੀ ਇਸ ਲਈ, ਜਿਵੇਂ ਕਿ ਵਿਚਾਰ ਆਏ ਹਾਂ, ਪੁਰੇਵਾਲ ਜੀ ਨੇ ਉਸ ਨੂੰ ਬਿਨਾਂ੍ਹ ਕਿਸੇ ਖ਼ਗੋਲੀ ਅਧਾਰ ਦੇ ਬਿਕਰਮੀ ਸੰਵਤ ਦੀ ੧ ਵੈਸਾਖ ਨਾਲ ਹੀ ਮਿਲਾ-ਜੁਲਾ ਕੇ ਰੱਖਣ ਲਈ ਸਾਕਾ ਕੈਲੰਡਰ ਦੀ ਆਪਣੀ ਨਕਲ ਨੂੰ ੭ ਦਿਨ ਦੇ ਫ਼ਰਕ ਨਾਲ ੧੪ ਮਾਰਚ ਤੋਂ ਆਰੰਭ ਕੀਤਾ ਤਾਂ ਕਿ ਗੁਰੂ ਸਾਹਿਬਾਨ ਦੀਆਂ ਤਾਰੀਖ਼ਾਂ ਭਾਵੇਂ ਗਲਤ ਹੋ ਜਾਣ ਪਰ ਮਿਲਦੀ-ਜੁਲਦੀ ੧ ਵਸਾਖ਼ੀ ਦੇ ਟਪਲੇ ਨਾਲ ਕੈਲੰਡਰ ਕਾਮਯਾਬ ਜਾਏ। ਧਿਆਨ ਰਹੇ ਕਿ ਅੱਜਕਲ ਬਿਕਰਮੀ ਸੰਵਤ ਦੀ ੧ ਵਸਾਖ਼ ਜ਼ਿਆਦਾਤਰ ੧੩/੧੪ ਐਪ੍ਰਲ ਹੀ ਆਉਂਦੀ ਹੈ।ਪ੍ਰਤੀਤ ਹੁੰਦਾ ਹੈ ਕਿ ਪੁਰੇਵਾਲ ਜੀ ਦੇ ਕੈਲੰਡਰ ਦੀ ਬੁਣਤਰ ਵਿਚ ਵਸਾਖ਼ ਦੀ ਪਹਿਲੀ ਤਾਰੀਖ਼ ਦਾ ਅਹਿਮ ਰੋਲ ਸੀ।
ਦੂਜੇ ਪਾਸੇ ਜ਼ਿਆਦਾਤਰ ਆਮ ਸੂਝਵਾਨ ਬੰਦੇ ਹੁਣ ਸਵਾਲ ਪੁੱਛਣ ਲੱਗ ਪਏ ਹਨ ਕਿ ਜਦ ਗੁਰੂ ਸਾਹਿਬਾਨ ਦੀਆਂ ਅਸਲੀ ਅੰਗ੍ਰੇਜ਼ੀ ਤਾਰੀਖ਼ਾਂ ਸਾਡੇ ਪਾਸ ਸਨ ਤਾਂ ਪੱਕੀਆਂ ਅੰਗ੍ਰੇਜ਼ੀ ਤਾਰੀਖ਼ਾਂ ਦੇ ਨਾਮ ਤੇ ਅੰਗ੍ਰੇਜ਼ੀ ਦੀਆਂ ਗਲਤ ਤਾਰੀਖ਼ਾਂ ਕਿਉਂ ਨਿਸ਼ਚਤ ਕੀਤੀਆਂ ਗਈਆਂ?
ਇਸਦੇ ਜਵਾਬ ਵਿਚ ਹੁਣ ਤੋਲਾ-ਮਾਸਾ-ਕੋਸ ਛੱਡ ਆਏ ਹਾਂ ਦਾ ਤਰਕ ਦੇਣ ਵਾਲੇ ਸੱਜਣ ਬਿਕਰਮੀ ਕੈਲੰਡਰ ਦੇ ਹੀ ਪ੍ਰਵਿਸ਼ਟੇਆਂ ਦੇ ਨਾਮ ਪੇਸ਼ ਕਰਕੇ ਉਨ੍ਹਾਂ ਨੂੰ ਨਾ ਛੱਡਣ ਦਾ ਤਰਕ ਪੇਸ਼ ਕਰਦੇ ਗਲਤ ਅੰਗ੍ਰੇਜ਼ੀ ਤਾਰੀਖ਼ਾਂ ਨੂੰ ਅਸਲੀ ਤਾਰੀਖ਼ਾਂ ਵਿਚ ਬਦਲਣ ਦੀ ਨਾਦਾਨੀ ਕਰਦੇ ਪ੍ਰਤੀਤ ਨਹੀਂ ਹੁੰਦੇ ?
ਭਲਾ ਇਨ੍ਹਾਂ ਵਿਚੋਂ ਕੋਈ ਦੱਸੇਗਾ ਕਿ ਜੇ ਕਰ ਬਿਕਰਮੀ ਕੈਲੰਡਰ ਸਕੀਮ ਹੀ ਬ੍ਰਾਹਮਣੀ ਸੀ ਤਾਂ ਇਨ੍ਹਾਂ ਬ੍ਰਾਹਮਣੀ ਪ੍ਰਵਿਸ਼ਟੇ ਕਿਉਂ ਨਾ ਛੱਡੇ ?
ਹਰਦੇਵ ਸਿੰਘ
ਹਰਦੇਵ ਸਿੰਘ ਜਮੂੰ
ਪੁਰੇਵਾਲ ਜੀ ਨੇ ਕੈਲੰਡਰ 14 ਮਾਰਚ ਤੋਂ ਆਰੰਭ ਕਿਉਂ ਕੀਤਾ?
Page Visitors: 2583