ਲੋਕਾਂ ਵਲੋਂ ਉਠੇ ਵਚਿਤਰ ਸਵਾਲ
ਕੁੱਝ ਸੱਜਣ 'ਸਿੱਖ ਰਹਿਤ ਮਰਿਆਦਾ' ਨੂੰ ਦੋਸ਼ੀ ਕਰਾਰ ਦੇ ਅਕਸਰ ਕਹਿੰਦੇ ਹਨ ਕਿ; 'ਭਾਈ ਕਾਹਦੀ ਸਿੱਖ ਰਹਿਤ ਮਰਿਆਦਾ ?
ਇਸ ਨੂੰ ਤਾਂ ਸਾਰੇ ਮੰਨਦੇ ਹੀ ਨਹੀਂ ! ਇਹ ਤਾਂ ਫ਼ਲਾਂ-ਫ਼ਲਾਂ ਥਾਂ ਤੇ ਲਾਗੂ ਨਹੀਂ ਹੋ ਪਾਈ !!
ਇਨਾਂਹ 'ਕੁੱਝ ਸੱਜਣਾਂ' ਨੂੰ ਕੋਈ ਇਹ ਪੁੱਛੋ ਕਿ; ਭਾਈ ਜੇ ਮੰਨਦੇ ਸਿੱਖ ‘ਸਾਰੀ’ ਗੁਰੂ ਗ੍ਰੰਥ ਸਾਹਿਬ ਦੀ ਵੀ ਨਹੀਂ, ਤਾਂ ਦੋਸ਼ ਕਿਸਦਾ ਕੱਡੋਗੇ? ਸਿੱਖ ਦਾ, ਕਿ ਗੁਰੂ ਦਾ ? ਜੇਕਰ ਹਰ ਥਾਂ ਸਿੱਖ ਰਹਿਤ ਮਰਿਆਦਾ ਦਾ ਇਕਸਾਰ ਲਾਗੂ ਨਾ ਹੋ ਪਾਉਣਾਂ,
ਸਿੱਖ ਰਹਿਤ ਮਰਿਆਦਾ ਦੇ ਦੋਸ਼ੀ ਹੋਂਣ ਦਾ ਸਬੂਤ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆਵਾਂ ਦਾ ਇਕਸਾਰ ਲਾਗੂਨਾ ਹੋ ਪਾਉਂਣਾ, ਜਾਂ ਇਕਸਾਰ ਅਪਨਾਇਆ ਨਾ ਜਾਣਾ, ਕਿਸ ਦਾ ਦੋਸ਼ ਕਿਹਾ ਜਾਏਗਾ ? ਖ਼ੈਰ !
ਕੇਨੈਡਾ ਤੋਂ ਕਿਸੇ ਸੱਜਣ ਨੇ 'ਸਿੱਖ ਰਹਿਤ ਮਰਿਆਦਾ ਬਾਰੇ ਕੁੱਝ ਸਵਾਲ ਪੁੱਛ ਲਏ ਤਾਂ ਕੁੱਝ ਤਾਜੁੱਬ ਮਹਸੂਸ ਹੋਇਆ।
ਸਵਾਲ ਇਸ ਪ੍ਰਕਾਰ ਸਨ:-
(੧) ਜੇਕਰ ਰਹਿਤ ਮਰਿਆਦਾ ਵਾਕਿਆ ਹੀ ਚੰਗੀ ਹੈ,ਮੰਨਣ ਯੋਗ ਹੈ, ਆਪਣੇ ਆਪ ਵਿਚ ਇਕ ਨਮੂਨਾ ਹੈ ਤਾਂ ਫਿਰ ਸਿੱਖੀ ਕਿੱਧਰ ਗਈ ?
(੨) ਇਸ ਰਹਿਤ ਮਰਿਆਦਾ ਦੇ ਹੁੰਦਿਆਂ ਵੱਗਾਂ ਦੇ ਵੰਗ ਸਾਧ ਕਿਵੇਂ ਪੈਦਾ ਹੋ ਗਏ ?
(੩) ਇਸ ਰਹਿਤ ਮਰਿਆਦਾ ਦੇ ਹੁੰਦਿਆਂ ਪੰਜਾਬ ਵਿਚ ਨਸ਼ਿਆਂ ਦੇ ਦਰਿਆ ਕਿਵੇਂ ਵਗ ਤੁਰੇ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਬਹੁਤਾ ਮਨਮਤੀ ਜੀਵਨ, ਮਨਮਤੀ ਸਾਧ ਅਤੇ ਪੰਜਾਬ ਜਾਂ ਬਾਹਰ ਨਸ਼ਿਆਂ ਦਾ ਪ੍ਰਚਲਨ ਚਿੰਤਾ ਦਾ ਵਿਸ਼ਾ ਹੈ ਪਰ ਇਸ ਲਈ, ਸਵਾਲਾਂ ਰਾਹੀਂ, ਸਿੱਖ ਰਹਿਤ ਮਰਿਆਦਾ ਨੂੰ ਦੋਸ਼ੀ ਠਹਿਰਾਉਂਣਾ, ਇਕ ਵਚਿੱਤਰ ਪ੍ਰਕਾਰ ਦਾ ਅਪਰਿਪੱਕਵ ਵਿਚਾਰ ਹੈ।ਵਿਸ਼ੇਸ਼ ਤੌਰ ਤੇ ਉਨਾਂਹ ਸੱਜਣਾ ਵੱਲੋਂ ਜੋ ਸਿੱਖ ਰਹਿਤ ਮਰਿਆਦਾ ਨੂੰ੧੯੪੫ ਵਿਚ ਭਾਈ ਵੀਰ ਸਿੰਘ ਦੀ ਕਾਡ ਦੱਸਦੇ ਹਨ।ਉਪਰੋਕਤ ਚਾਰ ਸਵਾਲਾਂ ਵਿਚ ਸਾਰੀ ਜਿੰਮੇਵਾਰੀ ਸਿੱਖ ਰਹਿਤ ਮਰਿਆਦਾ ਦੇ ਸਿਰ ਮੜਨ ਦਾ ਵਿਚਾਰ ਪ੍ਰਤੀਤ ਹੁੰਦਾ ਹੈ।
ਹੈ ਤਾਂ ਝੂਠੀ, ਪਰ ਚਲੋ ਨੁਕਤਾ ਸਪਸ਼ਟ ਕਰਨ ਲਈ, ਕੁੱਝ ਚਿਰ ਵਾਸਤੇ, ਇੱਥੇ ਇਸੇ ਕਥਿਤ ਕਹਾਣੀ ਅਨੁਸਾਰ ਤੁਰਦੇ ਹਾਂ ਕਿ ਸਿੱਖ ਰਹਿਤ ਮਰਿਆਦਾ ੧੯੪੫ ਦੀ ਕਾਡ ਸੀ, ਅਤੇ ਇਸੇ ਮਰਿਆਦਾ ਕਾਰਨ ਉਪਰੋਕਤ ਸਵਾਲ ਪੁੱਛਣ ਦੀ ਨੌਬਤ ਆ ਬਣੀ।ਸਿੱਖ ਰਹਿਤ ਮਰਿਆਦਾ ਸਾਧਾਂ, ਨਸ਼ਿਆਂ ਆਦਿ ਦੇ ਹੜ ਨੂੰ ਨਾ ਰੋਕ ਸਕੀ ਇਸ ਲਈ ਕਥਿਤ ਤੌਰ ਤੇ ਦੋਸ਼ੀ ਹੋ ਗਈ।
ਪਰ ਸਵਾਲ ਪੈਦਾ ਹੁੰਦਾ ਹੈ ਕਿ ੧੯੪੫ ਤੋਂ ਪਹਿਲਾਂ ਤਾਂ ਇਹ ਰਹਿਤ ਮਰਿਆਦਾ ਹੈ ਹੀ ਨਹੀਂ ਸੀ ਤਾਂ ਉਦੋਂ ਸਿੱਖ ਜੀਵਨ ਦਾ ਸਤਰ ਧਾਰਮਕ ਪੱਖੋਂ ਨੀਵਾਂ ਕਿਉਂ ਹੋਇਆ ? ਸਾਧਾਂ ਅਤੇ ਮਸੰਦਾ ਦਾ
ਵੰਗ ਕਿਵੇਂ ਵੱਗਿਆ ਸੀ ਅਤੇ ਨਸ਼ਿਆਂ ਦਾ ਪ੍ਰਚਲਨ ਕਿਵੇਂ ਸੀ ?
੧੭੦੮ ਵਿਚ ਦਸ਼ਮੇਸ਼ ਜੀ ਨੇ ਸਿੱਖਾਂ ਨੂੰ, ਗੁਰੂ ਗ੍ਰੰਥ ਦੇ ਲੜ ਲਗੇ ਰਹਿਣ ਦਾ ਹੁਕਮ ਦਿੰਦੇ ਹੋਏ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੀਤਾ ਸੀ।ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦਿਆ ਹੁੰਦਿਆਂ ਹੀ ੧੭੦੮ ਬਾਦ ਉਹ ਸਭ ਕੁੱਝ ਕਿਵੇਂ ਹੋਗਿਆ ਜਿਸ ਬਾਰੇ ਕੇਨੈਡਾ ਤੋਂ ਸਵਾਲ ਕੀਤੇ ਗਏ ਹਨ ? ਕੀ ਪੁੱਛਾਂਗੇ ਕਿ ਸਮਰਥ ਗੁਰੂ , ਸਾਧਾਂ/ਮਸੰਦਾਂ ਦੀ ਉਪਜ ਅਤੇ ਨਸ਼ਿਆਂ ਦੇ ਹੜ ਨੂੰ ਕਿਉਂ ਨਹੀਂ ਰੋਕ ਸਕਿਆ ਅਤੇ ਕਿੱਥੇ ਗਈ ਸਿੱਖੀ ? ਕਦਾਚਿਤ ਨਹੀਂ ਪੁੱਛ ਸਕਦੇ ਐਸੇ ਗਲਤ ਸਵਾਲ !
ਆਪਣੇ ਦੋਸ਼, ਆਪਣੀਆਂ ਕਮੀਆਂ-ਨਾਸਮਝੀਆਂ ਲਈ ਮੁੱਢਲੇ ਅਧਾਰਾਂ ਨੂੰ ਦੋਸ਼ੀ ਕਰਾਰਨਾ ਵਿਦਵਾਨਾਂ ਦੀ ਸਿਆਣਪ ਨਹੀਂ।
ਕਾਲ (ਸਮੇਂ) ਚੱਕਰ ਵਿਚ ਵਾਪਰਦੀਆਂ ਰਹਿੰਦੀਆਂ ਘਟਨਾਵਾਂ ਅਤੇ ਉੱਠਦੀਆਂ ਸਮੱਸਿਆਵਾਂ ਦੇਕਾਰਨ ਕੁੱਝ ਹੋਰ ਹੁੰਦੇ ਹਨ ਜਿਨਾਂਹ ਨੂੰ ਵਿਚਾਰਨ ਦੀ ਲੋੜ ਹੈ।
ਹਰਦੇਵ ਸਿੰਘ,ਜੰਮੂ-੧੬.੫.੨੦੧੩