ਅਜੋਕਾ ਗੁਰਮਤਿ ਪ੍ਰਚਾਰ- 3
ਅਜੋਕੇ ਕਈ ਗੁਰਮਤਿ ਪ੍ਰਚਾਰਕਾਂ ਵੱਲੋਂ ਕਿਸ ਤਰ੍ਹਾਂ ਗੁੱਝੇ ਤਰੀਕੇ ਨਾਲ ਸਿੱਖਾਂ ਵਿੱਚ ਨਾਸਤਿਕਤਾ
ਫੈਲਾਈ ਜਾ ਰਹੀ ਹੈ ਇਹ ਦਰਸਾਣ ਲਈ ਇਨ੍ਹਾਂ ਦੁਆਰਾ ਕੀਤੀਆਂ ਜਾਂਦੀਆਂ ਗੁਰਬਾਣੀ
ਵਿਆਖਿਆਵਾਂ ਬਾਰੇ ਵਿਚਾਰ ਚੱਲ ਰਹੀ ਹੈ।ਗੁਰਬਾਣੀ ਦੇ ਭਾਵਾਰਥ ਇਸ ਤਰੀਕੇ ਨਾਲ ਸਮਝਾ
ਦਿੱਤੇ ਜਾਂਦੇ ਹਨ ਕਿ ਸਹਜੇ ਪਤਾ ਹੀ ਨਹੀਂ ਲੱਗਦਾ ਕਿ ਰੱਬ ਦੀ ਹੋਂਦ ਦੀ ਗੱਲ ਸਿਰਫ ਭੁਲੇਖਾ ਪਾਣ
ਲਈ ਹੀ ਕੀਤੀ ਜਾਂਦੀ ਹੈ, ਪਰ ਅਸਲ ਵਿੱਚ ਇਹ ਕਿਸੇ ਨਿਰਾਕਾਰ ਰੱਬ ਦੀ ਹੋਂਦ ਨੂੰ ਨਹੀਂ
ਮੰਨਦੇ।ਦੋ ਕੁ ਸਾਲ ਪਹਿਲਾਂ ਫੇਸ ਬੁੱਕ ਤੇ ਵਿਚਾਰ ਚੱਲ ਰਹੀ ਸੀ।ਇਨ੍ਹਾਂ ਅਜੋਕੇ ਵਿਦਵਾਨਾਂ ਵਿੱਚੋਂ
ਇਕ ਵਿਦਵਾਨ ਜੀ ਬਾਰੇ ਮੈਂ ਇਹ ਗੱਲ ਲਿਖੀ ਸੀ ਕਿ ਪ੍ਰਿੰ: … ਸਿੰਘ ਜੀ ਗੁਰਮਤਿ ਪ੍ਰਚਾਰ ਦੇ ਨਾਂ
ਤੇ ਨਾਸਤਿਕਤਾ ਫੈਲਾ ਰਹੇ ਹਨ।ਤਾਂ ਇਕ ਸੱਜਣ ਜੀ ਨੇ ਬੜੇ ਗੁੱਸੇ ਨਾਲ ਕਮੈਂਟ ਪਾਏ ਕਿ “ਮੇਰੇ
ਲਈ ਇਹ ਇਕ ਖਬਰ ਸਮਾਨ ਹੈ ਕਿ ਪ੍ਰਿੰ: …. ਜੀ ਨਾਸਤਿਕਤਾ ਫੈਲਾ ਰਹੇ ਹਨ”।ਕੁਝਕੁ
ਉਦਾਹਰਣਾਂ ਪੇਸ਼ ਕਰਨ ਤੇ ਉਨ੍ਹਾਂ ਨੂੰ ਮੇਰੀ ਕਹੀ ਗੱਲ ਤੇ ਯਕੀਨ ਆਇਆ ਅਤੇ ਗੁੱਸਾ ਕੁਝ ਠੰਢਾ
ਹੋਇਆ।
ਦਰ ਅਸਲ ਗੱਲਾਂ ਬਨਾਣ ਦੇ ਮਾਹਰ ਇਨ੍ਹਾਂ ਲੋਕਾਂ ਦਾ ਵਿਆਖਿਆ ਕਰਨ ਦਾ ਤਰੀਕਾ ਹੀ ਇਸ
ਤਰ੍ਹਾਂ ਦਾ ਹੈ ਕਿ ਆਮ ਬੰਦੇ ਨੂੰ ਇਨ੍ਹਾਂਦੇ ਅਸਲੀ ਇਰਾਦਿਆਂ ਦਾ ਪਤਾ ਹੀ ਨਹੀਂ ਲੱਗਦਾ।ਇਨ੍ਹਾਂ ਦੀ
ਦਵਾਈ ਖੰਡ ਵਿੱਚ ਲਪੇਟੀ ਜ਼ਹਿਰ ਦੀ ਗੋਲ਼ੀ ਸਮਾਨ ਹੈ ਜੋ ‘ਸਲੋ ਪੌਇਜ਼ਨ’ ਦੇ ਸਮਾਨ ਕੰਮ
ਕਰਦੀ ਹੈ। ਉੱਪਰੋਂ ਉੱਪਰੋਂ ਇਹ ਲੋਕ ਰੱਬ ਦੀ ਹੋਂਦ ਮੰਨਣ ਦੀ ਗੱਲ ਕਰੀ ਜਾਂਦੇ ਹਨ, ਪਰ ਅਸਲ
ਵਿੱਚ ਰੱਬ ਦੀ ਪਰਿਭਾਸ਼ਾ “ਕੁਦਰਤੀ ਨਿਯਮਾਵਲੀ” ਕਹਿਕੇ ਪ੍ਰਚਾਰ ਰਹੇ ਹਨ।ਅਰਥਾਤ ਰੱਬ ਕੋਈ
ਨਹੀਂ ਸਭ ਕੁਝ ਕੁਦਰਤੀ ਨਿਯਮਾਂ ਅਧੀਨ ਹੋ ਰਿਹਾ ਹੈ।ਜਿਹੜੇ ਗੁਰਮਤਿ-ਪ੍ਰੇਮੀ ਸੱਜਣ ਅਨਜਾਣੇ
ਹੀ ਇਸ ਭੁਲੇਖੇ ਵਿੱਚ ਹਨ ਕਿ ਇਹ ਅਜੋਕੇ ਪ੍ਰਚਾਰਕ ਰੱਬ ਦੀ ਹੋਂਦ ਤੋਂ ਮੁਨਕਰ ਨਹੀਂ,
ਨਾਸਤਿਕਤਾ ਨਹੀਂ ਫੈਲਾ ਰਹੇ, ਉਹ ਜਰੂਰ ਗੰਭੀਰਤਾ ਨਾਲ ਇਨ੍ਹਾਂ ਦੀਆਂ ਵਿਆਖਿਆਵਾਂ ਤੇ
ਵਿਚਾਰ ਕਰਨ।ਵਿਚਾਰ-ਲੜੀ ਨੂੰ ਅੱਗੇ ਤੋਰਦੇ ਹੋਏ ਅਜੋਕੇ ਅਰਥਾਂ ਸਮੇਤ ਇਨ੍ਹਾਂ ਵਿਦਵਾਨਾਂ
ਦੁਆਰਾ ਕੀਤੀਆਂ ਜਾਂਦੀਆਂ ਵਿਆਖਿਆਵਾਂ ਵਿੱਚੋਂ ਕੁੱਝ ਹੋਰ ਉਦਾਹਰਣਾਂ ਪੇਸ਼ ਕੀਤੀਆਂ ਜਾ
ਰਹੀਆਂ ਹਨ, ਨਿਰਣਾ ਪਾਠਕਾਂ ਦੇ ਹੱਥ ਹੈ।
5- “ਸਭੁ ਕੋ ਤੇਰੈ ਵਸਿ ਅਗਮ ਅਗੋਚਰਾ॥ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ॥” (ਪੰਨਾ 962)
ਅਜੋਕੇ ਅਰਥ- “ਸਾਰਾ ਕੁੱਝ ਪਰਮਾਤਮਾ ਦੇ ਵੱਸ ਵਿੱਚ ਹੈ ਭਾਵ **ਸਦੀਵਕਾਲ ਨਿਯਮਾਵਲੀ ਬਿਨਾ
ਰੋਕ-ਟੋਕ ਦੇ ਚੱਲ ਰਹੀ ਹੈ**।ਉਸ ਰੱਬੀ ਕਨੂੰਨ ਨਾਲ ਛੇੜਛਾੜ ਕਰਨ ਨਾਲ ਭਿਆਨਕ ਸਿੱਟੇ
ਨਿਕਲਦੇ ਹਨ।ਰੱਬ ਜੀ ਦੀ **ਸਦੀਵ-ਕਾਲ ਨਿਯਮਾਵਲੀ ਇੱਕ ਬੱਝਵੇਂ ਨਿਯਮ ਵਿੱਚ ਚੱਲਦੀ ਹੈ,
ਜਿਸ ਨੂੰ ‘ਸਭਿ ਕੋ ਤੇਰੈ ਵਸਿ ਅਗਮ ਅਗੋਚਰਾ’ ਕਿਹਾ ਹੈ**।ਜਿਹੜਾ ਗੁਰਬਾਣੀ ਗਿਆਨ ਨੂੰ
ਸਮਝ ਕੇ ਜੀਵਨ ਵਿੱਚ ਢਾਲਦਾ ਹੈ, ਰੱਬ ਜੀ ਓਥੇ ਵੱਸਦਾ ਹੈ।ਰੱਬ ਭਗਤ ਦੇ ਵੱਸ ਨਹੀਂ ਹੁੰਦਾ
ਸਗੋਂ ਭਗਤ ਵਿੱਚ ਵੱਸਦਾ ਹੈ।
ਵਿਚਾਰ- ਤੁਕ ਨੂੰ ਅਤੇ ਅਜੋਕੇ ਅਰਥਾਂ ਨੂੰ ਧਿਆਨ ਨਾਲ ਪੜ੍ਹਿਆ ਜਾਵੇ, ਕੀ ਕਿਸੇ ਤਰ੍ਹਾਂ ਵੀ
“ਸਦੀਵਕਾਲ ਨਿਯਮਾਵਲੀ ਬਿਨਾ ਰੋਕ-ਟੋਕ ਦੇ ਚੱਲ ਰਹੀ ਹੈ” ਅਰਥ ਬਣਦੇ ਹਨ? ਕਿਸੇ ਤਰ੍ਹਾਂ ਵੀ
ਅਰਥ ਬਣਦੇ ਹਨ ਕਿ “ਉਸ ਰੱਬੀ ਕਨੂੰਨ ਨਾਲ ਛੇੜਛਾੜ ਕਰਨ ਨਾਲ ਭਿਆਨਕ ਸਿੱਟੇ ਨਿਕਲਦੇ
ਹਨ”? ਪਾਠਕਾਂ ਨੂੰ ਭੁਲੇਖੇ ਵਿੱਚ ਪਾਣ ਲਈ ਬੇਸ਼ੱਕ ਸ਼ੁਰੂ ਵਿੱਚ ਅਰਥ ਕਰ ਦਿੱਤੇ ਗਏ ਹਨ ਕਿ
“ਸਾਰਾ ਕੁੱਝ ਪਰਮਾਤਮਾ ਦੇ ਵੱਸ ਹੈ” ਪਰ ਨਾਲ ਹੀ ਆਪਣੀ ਸੋਚ ਦੀ ਰੰਗਤ ਦਿੰਦਿਆਂ ਹੋਇਆਂ
ਭਾਵਾਰਥ ਕਰ ਦਿੱਤੇ ਹਨ- “ਸਦੀਵਕਾਲ ਨਿਯਮਾਵਲੀ ਬਿਨਾ ਰੋਕਟੋਕ ਦੇ ਚੱਲ ਰਹੀ ਹੈ”।ਜਾਣੀ
ਕਿ ਦੱਸ ਦਿੱਤਾ ਗਿਆ ਹੈ ਕਿ ਪ੍ਰਭੂ ਦੇ ਵੱਸ ਨਹੀਂ ਬਲਕਿ ਸਭ ਕੁਝ ਸਦੀਵਕਾਲ ਨਿਯਮਾਂ ਅਧੀਨ
ਚੱਲ ਰਿਹਾ ਹੈ।
ਹਰ ਜਗ੍ਹਾ ਤੇ ਰੱਬ ਜੀ ਦੇ ਅਰਥ ਕੁਦਰਤੀ ਨਿਯਮਾਵਲੀ ਕਰ ਦਿੱਤੇ ਜਾਂਦੇ ਹਨ।ਜੋ ਕਿ ਦੇਵ ਸਮਾਜ
ਆਦਿ ਨਾਸਤਿਕ ਧਰਮ ਵਾਲੇ ਖੁਲ੍ਹੇ ਆਮ ਇਹ ਗੱਲ ਕਹਿ ਰਹੇ ਹਨ ਕਿ ਰੱਬ ਕੋਈ ਨਹੀਂ, ਸਭ ਕੁਝ
ਕੁਦਰਤੀ ਨਿਯਮਾਂ ਅਧੀਨ ਹੋਈ ਜਾ ਰਿਹਾ ਹੈ।ਤੁਕ ਦੇ ਪਹਿਲੇ ਅੱਧੇ ਹਿੱਸੇ ਵਿੱਚ ਪਰਮਾਤਮਾ ਨੂੰ
ਰੱਬੀ ਨਿਯਮਾਵਲੀ ਦੱਸਿਆ ਗਿਆ ਹੈ।ਪਰ ਜੇ ਪਰਮਾਤਮਾ ਦਾ ਅਰਥ ਰੱਬੀ/ ਕੁਦਰਤੀ
ਨਿਯਮਾਵਲੀ ਹੈ ਤਾਂ ਤੁਕ ਦੇ ਬਾਕੀ ਦੇ ਅੱਧੇ ਹਿੱਸੇ ਵਿੱਚ ਇਹ ਗੱਲ ਫਿੱਟ ਨਹੀਂ ਬੈਠਦੀ।
ਵਿਆਖਿਆਕਾਰ ਜੀ ਅਰਥ ਕਰ ਰਹੇ ਹਨ “ਰੱਬ ਅਰਥਾਤ ਕੁਦਰਤੀ ਨਿਯਮਾਵਲੀ ਭਗਤ ਵਿੱਚ
ਵਸਦਾ/ ਵਸਦੀ ਹੈ” ਤਾਂ ਸਵਾਲ ਪੈਦਾ ਹੁੰਦਾ ਹੈ ਕਿ ਕੀ ਕੁਦਰਤੀ ਨਿਯਮਾਵਲੀ ਸਿਰਫ ਭਗਤ
ਵਿੱਚ ਹੀ ਚੱਲਦੀ ਹੈ? ਬਾਕੀ ਲੋਕਾਂ ਵਿੱਚ ਜਾਂ ਚੋਰਾਂ ਠੱਗਾਂ ਵਿੱਚ ਕੁਦਰਤੀ ਨਿਯਮਾਵਲੀ ਕੰਮ ਨਹੀਂ
ਕਰ ਰਹੀ?
ਕੁਦਰਤੀ ਨਿਯਮਾਵਲੀ ਤਾਂ ਜ਼ੱਰੇ ਜ਼ੱਰੇ ਵਿੱਚ ਚੱਲ ਰਹੀ ਹੈ, ਫਿਰ ਭਗਤਾਂ ਵਿੱਚ ਰੱਬੀ ਨਿਯਮਾਵਲੀ
ਚੱਲਣ ਦਾ ਕੀ ਮਤਲਬ ਹੋਇਆ?(ਵਿਆਖਿਆਕਾਰ ਜੀ ਵੱਲੋਂ ਇਹ ਤਾਂ ਦੱਸ ਦਿੱਤਾ ਗਿਆ ਹੈ ਕਿ
ਉਸ ਰੱਬੀ ਕਾਨੂੰਨ ਨਾਲ ਛੇੜਛਾੜ ਕਰਨ ਨਾਲ ਭਿਆਨਕ ਸਿੱਟੇ ਨਿਕਲਦੇ ਹਨ, ਜਿਸ ਦਾ ਕਿ ਤੁਕ
ਵਿੱਚ ਜ਼ਿਕਰ ਵੀ ਨਹੀਂ ਹੈ, ਪਰ “ਭਗਤਾ ਤਾਣੁ ਤੇਰਾ” ਦੇ ਕੋਈ ਅਰਥ ਨਹੀਂ ਕੀਤੇ ਗਏ)।
ਕੀ ਗੁਰੂ ਸਾਹਿਬ ਸਦੀਵਕਾਲ ਨਿਯਮਾਵਲੀ ਨੂੰ *ਤੇਰੈ* ਕਹਿਕੇ ਸੰਬੋਧਨ ਕਰ ਰਹੇ ਹਨ? ਜਾਣੀ ਕਿ
ਇਹ ਕਹਿ ਰਹੇ ਹਨ- “ਹੇ ਕੁਦਰਤੀ ਨਿਯਮਾਵਲੀ ਜੀ *ਤੂੰ* ਬਿਨਾ ਰੋਕ-ਟੋਕ ਚੱਲ ਰਹੀ ਹੈਂ, ਅਤੇ
*ਤੂੰ* ਭਗਤਾਂ ਵਿੱਚ ਵਸਦੀ ਹੈਂ?
ਭੌਤਿਕ ਸੰਸਾਰ ਕੁਦਰਤੀ ਨਿਯਮਾਂ ਅਧੀਨ ਚੱਲਦਾ ਜਰੂਰ ਹੈ, ਪਰ
1- ਕਿਸੇ ਕੁਦਰਤੀ ਨਿਯਮ ਅਧੀਨ ਹੋਂਦ ਵਿੱਚ ਨਹੀਂ ਆਇਆ।ਅਤੇ
2- ਭੌਤਿਕ ਸੰਸਾਰ ਤੇ ਬੇਸ਼ੱਕ ਸਭ ਕੁਝ ਕੁਦਰਤੀ ਨਿਯਮਾਂ ਅਧੀਨ ਚੱਲ ਰਿਹਾ ਹੈ, ਪਰ ਇਸ ਦਿਸਦੇ ਸੰਸਾਰ ਤੋਂ ਇਲਾਵਾ ਵੀ ਬਹੁਤ ਕੁਝ ਹੈ।ਕੁਝ ਵੀ ਵਾਪਰਨ ਦੇ ਪਿੱਛੇ
ੳ- ਪ੍ਰਸਥਿਤੀਆਂ ਵੀ ਹਨ।ਅਤੇ
ਅ- ਬੰਦੇ ਦੇ ਮਨ ਵਿੱਚ ਉਤਪੰਨ ਹੋਣ ਵਾਲੇ ਵਿਚਾਰ ਵੀ ਹਨ।ਵਿਚਾਰ, ਜੋ ਕਿ ਭੌਤਿਕ ਨਹੀਂ ਬਲਕਿ ਪਰਾਭੌਤਿਕ ਤਰੀਕੇ ਨਾਲ ਮਨ ਵਿੱਚ ਉਤਪੰਨ ਹੁੰਦੇ ਹਨ।ਮਨੁੱਖ ਦੇ ‘ਵਿਚਾਰ’ ਕੋਈ ਕੁਦਰਤ ਦੇ *ਬੱਝਵੇ ਨਿਯਮਾਂ ਦੀ ਤਰ੍ਹਾਂ ਕੰਮ ਨਹੀਂ ਕਰਦੇ* ਬਲਕਿ ਮਨ ਦੀ ਮਰਜੀ ਅਨੁਸਾਰ ਭੌਤਿਕ ਦਿਮਾਗ਼ ਵਿੱਚ ਦਾਖਲ ਹੋ ਕੇ, ਬੰਦੇ ਨੂੰ ਉਸ ਮੁਤਾਬਕ ਕੰਮ ਕਰਨ ਲਈ ਮਜਬੂਰ ਕਰਦੇ ਹਨ।ਉਦਾਹਰਣ ਵਜੋਂ, ਕੋਈ ਬੰਦਾ ਕਿਸੇ ਕੋਲ ਮਦਦ ਲਈ ਜਾਂਦਾ ਹੈ।ਅੱਗੋਂ ਦੋ ਦੂਣੀ ਚਾਰ ਦੀ ਤਰ੍ਹਾਂ ਐਸਾ ਨਹੀਂ ਹੈ ਕਿ ਨਿਯਮ-ਬੱਧ ਤਰੀਕੇ ਨਾਲ ਜਵਾਬ ਮਿਲਣਾ ਹੈ।ਬਲਕਿ ਇਹ ਅਗਲੇ ਦੇ ‘ਮਨ’ ਦੀ ਮਰਜ਼ੀ ਹੈ ਕਿ ਮਦਦ ਕਰਨੀ ਹੈ ਜਾਂ ਨਹੀਂ, ਜਿਸ ਮੁਤਾਬਕ ਭੌਤਿਕ ਦਿਮਾਗ ਦੇ ਜਰੀਏ ਅੱਗੋਂ ਕਾਰਵਾਈ ਹੋਣੀ ਹੈ।
“ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ਕਾਹੇ ਕੀ ਕੁਸਲਾਤ ਹਾਥਿ ਦੀਪੁ ਕੁਏ
ਪਰੇ॥ (1376)
ਦਿਮਾਗ ਦੇ ਜਰੀਏ ਬੰਦੇ ਨੂੰ ਸੋਝੀ ਹੈ ਕਿ ਅੱਗੇ ਖੂਹ ਹੈ, ਵਿੱਚ ਡਿੱਗ ਸਕਦਾ ਹੈਂ।ਪਰ ਮਨ ਦੇ
ਉਤਪੰਨ ਹੋਏ ਵਿਚਾਰ ਦਿਮਾਗ ਨੂੰ ਆਪਣੀ ਹੀ ਮਰਜੀ ਮੁਤਾਬਕ ਚੱਲਣ ਲਈ ਮਜਬੂਰ ਕਰਦੇ
ਹਨ।ਅਤੇ ਕਈ ਵਾਰੀਂ ਹੱਥ ਵਿੱਚ ਦੀਵਾ ਫੜੇ ਤੋਂ ਵੀ ਬੰਦਾ ਖੂਹ ਵਿੱਚ ਡਿੱਗ ਪੈਂਦਾ ਹੈ, ਅਰਥਾਤ ਜਾਣ ਬੁੱਝ ਕੇ ਗ਼ਲਤ ਕੰਮ ਕਰਦਾ ਹੈ।ਕਾਰਣ ਇਹ ਹੈ ਕਿ ਮਨ ਦਿਮਾਗ ਨੂੰ ਆਪਣੇ ਮੁਤਾਬਕ ਚੱਲਣ ਲਈ ਮਜਬੂਰ ਕਰ ਦਿੰਦਾ ਹੈ।
ਪਰ ਇਹ ਅਜੋਕੇ ਵਿਆਖਿਆਕਾਰ ‘ਮਨ’ ਵਰਗੀ ਕਿਸੇ ਆਕਾਰ ਰਹਿਤ ਵਸਤੂ ਦੀ ਹੋਂਦ ਨੂੰ ਹੀ
ਨਹੀਂ ਮੰਨਦੇ।ਬਲਕਿ ਮਨ ਨੂੰ ਦਿਮਾਗ ਦਾ ਹੀ ਹਿੱਸਾ ਮੰਨਦੇ ਹਨ।ਇਸੇ ਕਰਕੇ ਇਨ੍ਹਾਂ ਨੂੰ ਗੁਰਬਾਣੀ
ਦੇ ਅਰਥ ਬਦਲਣੇ ਪੈ ਰਹੇ ਹਨ।ਪਰ ਦਿਮਾਗ਼ ਇੱਕ ਵਾਰੀਂ ਵਿਕਸਿਤ ਹੋ ਕੇ ਅਵਿਕਸਿਤ ਨਹੀਂ
ਹੁੰਦਾ। ਪਰ ਮਨ ਹੋ ਸਕਦਾ ਹੈ।ਕੋਈ ਉੱਚੇ ਆਚਰਣ ਦਾ ਬੰਦਾ ਜਿਸ ਨੇ ਸਾਰੀ ਉਮਰ ਪਰਉਪਕਾਰ
ਹੀ ਕੀਤਾ ਹੈ, ਕਦੋਂ ਸਦਾਚਾਰ ਛੱਡ ਕੇ ਨੀਚਤਾ ਵਾਲੀ ਹਰਕਤ ਕਰ ਬੈਠੇ ਇਹ ਕਈ ਵਾਰੀਂ ਬੰਦੇ ਨੂੰ
ਖੁਦ ਨੂੰ ਵੀ ਪਤਾ ਨਹੀਂ ਹੁੰਦਾ। ਉੱਪਰ ਆਏ ਲਫ਼ਜ਼ ਨਿਰਵੈਰਤਾ, ਮਿੱਠਾ ਬੋਲਣਾ, ਕਿਰਪਾਲਤ , ਧੀਰਜ, ਪਿਆਰ, ਸੇਵਾ ਇਹ ਸਾਰਾ ਕੋਈ ਬਝਵੇਂ ਕੁਦਰਤੀ ਨਿਯਮ ਨਹੀਂ ਬਲਕਿ ਮਨ ਦੀ ਇੱਛਾ
ਨਾਲ ਸੰਬੰਧਤ ਪਰਾਭੌਤਿਕਤਾ ਦਾ ਵਿਸ਼ਾ ਹੈ।
ਦੂਸਰੀ ਗੱਲ ਕਿ ਕੁਦਰਤੀ ਨਿਯਮਾਂ ਨੂੰ ਕੋਈ ਵੀ ਨਹੀਂ ਤੋੜ ਸਕਦਾ।ਭੌਤਿਕ ਸੰਸਾਰ ਤੇ ਗ਼ੈਰ
ਕੁਦਰਤੀ ਕੁਝ ਨਹੀਂ ਵਾਪਰਦਾ, ਪਰ ਕੁਦਰਤ ਦੇ ਨਿਯਮਾਂ ਅੰਦਰ ਹੀ ਚਲਦਿਆਂ ਕੁਝ ਐਸਾ ਵਾਪਰ
ਸਕਦਾ ਹੈ, ਜਾਂ ਵਾਪਰ ਜਾਂਦਾ ਹੈ ਜਿਸ ਦੀ ਕਿ ਉਮੀਦ ਵੀ ਨਹੀਂ ਹੁੰਦੀ
“ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ॥” (1383)।
ਜਦੋਂ ਕੁਝ ਐਸਾ ਵਾਪਰ ਜਾਂਦਾ ਹੈ ਜਿਸ ਦੀ ਉਮੀਦ ਵੀ ਨਹੀਂ ਹੁੰਦੀ ਤਾਂ ਉਸ ਸਥਿਤੀ ਨੂੰ ‘ਸਭ ਕੋ
ਤੇਰੇ ਵਸਿ’ ਕਿਹਾ ਗਿਆ ਹੈ।ਜਾਂ ਐਸੀ ਸਥਿਤੀ ਨੂੰ ਕਿਹਾ ਗਿਆ ਹੈ-
“ਮਤਾ ਕਰੇ ਪਛਮ ਕੈ ਤਾਈ ਪੂਰਬਿ ਹੀ ਲੈ ਜਾਤਿ॥” (496) ਜਾਂ
“ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ॥” (1428)।
ਬੰਦਾ ਸੋਚਦਾ ਕੁਝ ਹੋਰ ਹੈ ਪਰ ਹਾਲਾਤ ਐਸੇ ਬਣ ਜਾਂਦੇ ਹਨ ਕਿ ਹੋ ਕੁਝ ਹੋਰ ਹੀ ਜਾਂਦਾ ਹੈ।ਇਹ
ਸਭ ਕੁਝ ਸਾਡੇ ਨਾਲ ਵਿਧਿ ਦੇ ਰਚੇ ਮੁਤਾਬਕ ਵਾਪਰਦਾ ਹੈ।ਅਤੇ *ਪ੍ਰਭੂ ਦੇ ਹੁਕਮ* ਅਨੁਸਾਰ
ਪ੍ਰੇਰਿਤ ਹੋ ਕੇ ਜੀਵ ਸੰਸਾਰ ਤੇ ਵਿਚਰਦਾ ਹੈ।ਫੁਰਮਾਨ ਹੈ-
“ਜਿਉ ਸੰਪੈ ਤਿਉ ਬਿਪਤਿ ਹੈ ਬਿਧਿ ਨੇ ਰਚਿਆ ਸੋ ਹੋਇ॥” (337)
6- “ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮ ਚੁਕਾਇਓ॥ਸਰਬ ਨਿਵਾਸੀ ਸਦਾ ਅਲੇਪਾ
ਸਭ ਮਹਿ ਰਹਿਆ ਸਮਾਇਓ॥” (ਪੰਨਾ 617)
ਅਜੋਕੇ ਅਰਥ- “ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਮੈਂ ਉਸ ਸਰਬ ਵਿਆਪਕ
ਪ੍ਰਮਾਤਮਾ ਦੇ ਗੁਣਾਂ ਨੂੰ *ਗਾਉਂਦਾ ਹਾਂ* ਭਾਵ ਸਦੀਵ-ਕਾਲ ਪ੍ਰਭੂ ਦੇ ਗੁਣਾਂ ਦੀ *ਵਰਤੋਂ ਕਰਦਾ* ਹਾਂ”।
ਵਿਚਾਰ- ਪ੍ਰਭੂ ਦੀ ਹੋਂਦ ਮੰਨਣ ਤੋਂ ਹੀ ਇਨ੍ਹਾਂ ਲੋਕਾਂ ਨੂੰ ਪਰਹੇਜ ਹੈ, ਸੋ ਉਸ ਦੇ ਗੁਣ ਗਾਉਣ ਦਾ ਤਾਂ
ਸਵਾਲ ਹੀ ਪੈਦਾ ਨਹੀਂ ਹੁੰਦਾ।ਇਸ ਲਈ ਗੁਣ ਗਾਉਣ ਦੇ ਭਾਵ ਅਰਥ ਕਰ ਦਿੱਤੇ ਗਏ ਹਨ- ਗੁਣਾਂ
ਦੀ ਵਰਤੋਂ ਕਰਦਾ ਹਾਂ।ਪਹਿਲਾਂ ਤਾਂ ਸਵਾਲ ਇਹੀ ਪੈਦਾ ਹੁੰਦਾ ਹੈ ਕਿ ਭਾਵ ਅਰਥ ਕਰਨੇ ਕੋਈ ਘਰ
ਦੀ ਹੀ ਖੇਤੀ ਹੈ ਜਿਹੜੇ ਭਾਵ ਅਰਥ ਮਨ ਨੂੰ ਅੱਛੇ ਲੱਗੇ ਕਰ ਦਿੱਤੇ? ਕੋਈ ਤਾਂ ਨਿਯਮ ਹੋਵੇਗਾ
ਜਿਸ ਦੇ ਤਹਿਤ ਕੋਈ ਭਾਵ ਅਰਥ ਕੀਤੇ ਜਾਂਦੇ ਹਨ।ਦੂਸਰਾ, ਸਵਾਲ ਪੈਦਾ ਹੁੰਦਾ ਹੈ ਕਿ ਗੁਣਾਂ ਦੀ
ਵਰਤੋਂ ਤਾਂ ਸਾਰਾ ਸੰਸਾਰ ਹੀ ਕਰ ਰਿਹਾ ਹੈ, ਤਾਂ ਇਸ ਵਿੱਚ ਗੁਰੂ ਸਾਹਿਬ ਨੇ ਨਵਾਂ ਕੀ ਦੱਸਿਆ?
ਪ੍ਰਭੂ ਦੇ ਗੁਣਾਂ ਨੂੰ ਕਿਵੇਂ ਵਰਤਣਾ ਹੈ, ਇਸ ਸੰਬੰਧੀ ਇਹ ਵਿਦਵਾਨ ਜੀ ਮਿਸਾਲ ਦਿੰਦੇ ਹਨ-
“ਬੇ-ਤਰਤੀਬੀ ਨਾਮ ਬਣਿਆ ਹੋਇਆ ਘਰ ਕਿਸੇ ਕੰਮ ਦਾ ਨਹੀਂ ਹੁੰਦਾ।ਸਾਡੇ ਮੁਲਕ ਤੇ ਬਾਹਰਲੇ
ਮੁਲਕ ਦਾ ਫ਼ਰਕ ਤਰਤੀਬ ਤੇ ਬੇ ਤਰਤੀਬ ਦਾ ਹੀ ਹੈ।ਆਪਣੇ ਮੁਲਕ ਵਿੱਚ ਅਸੀਂ ਜਿਵੇਂ ਚਾਹੀਏ
ਮਕਾਨ ਖੜਾ ਕਰ ਸਕਦੇ ਹਾਂ ਪਰ ਬਾਹਰਲੇ ਮੁਲਕ ਵਿੱਚ ਬਿਨਾ ਤਰਤੀਬ ਦੇ ਮਕਾਨ ਪ੍ਰਵਾਨ ਨਹੀਂ
ਹੁੰਦਾ।ਬੇ-ਤਰਤੀਬੀ ਨਾਲ ਪਾਇਆ ਕੱਪੜਾ ਝੱਲ-ਪੁਣੇ ਦੇ ਰੂਪ ਨੂੰ ਪ੍ਰਗਟ ਕਰਦਾ ਹੈ।ਕੱਪੜਿਆਂ ਨੂੰ
ਕੱਟ ਕੇ ਤਰਤੀਬ ਦੇਣੀ ਭਾਰਤੀਆਂ ਨੂੰ ਨਹੀਂ ਆਉਂਦੀ ਸੀ ਏਸੇ ਲਈ ਅਣਸੀਤੀ ਸਾੜ੍ਹੀ ਤੇ ਧੋਤੀ ਦਾ
ਸਰੀਰ ਤੇ ਲਪੇਟ ਲੈਣਾ ਹੀ ਭਾਰਤੀਆਂ ਦਾ ਪਹਿਰਾਵਾ ਬਣ ਗਿਆ।ਤੇ ਹੁਣ ਭਾਰਤ ਦੇ ਕਈਆਂ
ਹਿੱਸਿਆਂ ਵਿੱਚ ਇਸ ਨੂੰ ਸਭਿਅਕ ਪਹਿਰਾਵਾ ਗਿਣਿਆ ਜਾਂਦਾ ਹੈ”।
ਸੋ ਇਨ੍ਹਾਂ ਅਜੋਕੇ ਪਦਾਰਥਵਾਦੀ ਸੋਚ ਵਾਲੇ ਪ੍ਰਚਾਰਕਾਂ ਅਨੁਸਾਰ- “ਘਰ-ਬਾਰ ਸੋਹਣੇ ਤਰੀਕੇ ਨਾਲ
ਬਣਿਆ ਹੋਵੇ, ਕੱਪੜੇ ਸੋਹਣੇ ਸਲੀਕੇ ਨਾਲ ਪਾਏ ਹੋਣ …ਆਦਿ।ਇਸ ਤਰ੍ਹਾਂ ਬੰਦੇ ਨੇ ਆਪਣੇ ਆਪ ਨੂੰ
ਤਰਤੀਬ ਵਿੱਚ ਰੱਖਣਾ ਹੈ, ਇਹ ਹੈ ਪ੍ਰਭੂ ਦੇ ਗੁਣ ਗਾਣੇ।ਜਾਣੀ ਕਿ ਗੁਰੂ ਸਾਹਿਬ ਇਹੀ ਸਿੱਖਿਆ ਦੇ
ਰਹੇ ਹਨ ਕਿ ਬੰਦਾ ਸੋਹਣਾ ਅੱਪ-ਟੂ-ਡੇਟ ਬਣ ਕੇ ਰਹੇ, ਅਤੇ ਦੇਸ਼ ਸਮਾਜ ਦੇ ਕਾਨੂੰਨਾਂ ਅਨੁਸਾਰ
ਘਰ-ਬਾਰ ਬਣਾਵੇ, ਦੇਸ਼ ਸਮਾਜ ਦੇ ਬਣੇ ਕਾਨੂੰਨਾਂ ਦੀ ਪਾਲਣਾ ਕਰੇ ਇਹ ਹੈ ਪ੍ਰਭੂ ਦੇ ਗੁਣ ਗਾਣੇ,
*ਜਿਹੜੇ ਕਿ ਇਨ੍ਹਾਂ ਮੁਤਾਬਕ ਬਾਹਰਲੇ ਮੁਲਕਾਂ ਦੇ ਬਸ਼ਿੰਦੇ ਗਾ ਰਹੇ ਹਨ*।ਅਤੇ ਇਹੀ ਹੈ ਬੰਦੇ ਦਾ
ਜੀਵਨ ਮਨੋਰਥ।ਸ਼ਾਇਦ ਇਨ੍ਹਾਂ ਪ੍ਰਚਾਰਕਾਂ ਅਨੁਸਾਰ ਗੁਰੂ ਨਾਨਕ ਦੇਵ ਜੀ, ਉਦਾਸੀਆਂ ਤੇ ਕੋਟ
ਪੈਂਟ ਪਾ ਕੇ, ਟਾਈ ਲਗਾ ਕੇ ਜਾਂਦੇ ਸੀ, ਜਾਂ ਫੇਰ ਉਨ੍ਹਾਂਨੂੰ ਕੋਟ ਪੈਂਟ ਪਾ ਕੇ, ਟਾਈ ਲਗਾ ਕੇ
ਉਦਾਸੀਆਂ ਤੇ ਜਾਣਾ ਚਾਹੀਦਾ ਸੀ।