ਸਿੱਖ ਦੀ ਪ੍ਰੀਭਾਸ਼ਾ
ਅਵਤਾਰ ਸਿੰਘ ਮਿਸ਼ਨਰੀ (5104325827)
ਸਿੱਖ ਸੰਸਕ੍ਰਿਤ ਦਾ ਲਫਜ਼ ਤੇ ਇਸ ਦੇ ਅਰਥ ਹਨ-ਸਿਖਿਆਰਥੀ (ਸਟੂਡੈਂਟ) ਸ਼ਗਿਰਦ ਅਤੇ ਚੇਲਾ। ਗੁਰਸਿੱਖ-ਗੁਰੂ ਦੀ ਸਿਖਿਆ ਤੇ ਚੱਲਣ ਵਾਲਾ।
ਸਿੱਖ ਕਿਸੇ ਲੁਬਾਸ ਜਾਂ ਭੇਖ ਦਾ ਨਾਂ ਨਹੀਂ।
ਗੁਰੂ ਗ੍ਰੰਥ ਸਾਹਿਬ ਮੁਤਾਬਿਕ ਜੋ ਹਰ ਵੇਲੇ ਸਾਰੀ ਉਮਰ ਕੁਝ ਨਾ ਕੁਝ ਹਰ ਰੋਜ ਸਿੱਖੇ, ਉਹ ਸਿੱਖ ਹੈ।
ਸਫਾਈ ਵਾਸਤੇ ਹਰ ਰੋਜ਼ ਇਸ਼ਨਾਨ ਕਰੇ, ਨਾਮ ਧਿਆਵੈ (ਰੱਬੀ ਨਿਯਮਾਂ) ਦੀ ਪਾਲਣਾ ਕਰੇ। ਗੁਰਬਾਣੀ ਪੜ੍ਹਦਾ ਹਰ ਵੇਲੇ ਗੁਰ ਉਪਦੇਸ਼ਾਂ ਨੂੰ ਯਾਦ ਰੱਖਦਾ, ਆਪ ਰੱਬੀ ਨਿਯਮਾਂ ਦੀ ਪਾਲਣਾ ਕਰਦਾ, ਹੋਰਨਾਂ ਨੂੰ ਵੀ ਇਹ ਸਿਖਿਆ ਦੇਵੇ-
ਗੁਰ ਸਤਿਗੁਰ ਕਾ ਜੋ ਸਿਖ ਅਖਾਏ॥
ਸੁ ਭਲਕੈ ਉਠਿ ਹਰਿ ਨਾਮੁ ਦਿਆਵੈ॥
ਉਦਮ ਕਰੈ ਭਲਕੈ ਪਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸ਼ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਿਦਿਆ ਉਠਦਿਆ ਹਰਿ ਨਾਮੁ ਧਿਆਵੈ॥
ਜੋ ਸਾਸਿ ਗਿਰਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿੱਖ ਗੁਰੂ ਮਨੁ ਭਾਵੈ॥
ਜਨ ਨਾਨਕੁ ਧੂੜਿ ਮੰਗੈ ਤਿਸੁ ਗੁਰਸਿੱਖ ਕੀ ਜੋ ਆਪ ਜਪੈ ਅਵਰਹ ਨਾਮੁ ਜਪਾਵੈ॥੨॥ (੩੦੫)
ਜੋ ਗੁਰੂ ਦੇ ਭਾਣੇ (ਨਿਯਮਾਂ) ਵਿੱਚ ਰਹੇ-
ਸੋ ਸਿਖ ਸਖਾ ਬੰਧਪ ਹੈ ਭਾਈ ਜਿ ਗੁਰ ਕੇ ਭਾਣੈ ਵਿਚਿ ਆਵੈ॥ (੬੦੧)
ਜੋ ਜਾਤ-ਪਾਤ ਤੋਂ ਉਪਰ ਉੱਠ ਇੱਕ ਪ੍ਰਮਾਤਮਾਂ ਨੂੰ ਸਭ ਦਾ ਪਿਤਾ ਅਤੇ ਆਪ ਸਭ ਨੂੰ ਉਸ ਦੇ ਬੱਚੇ ਸਮਝੇ, ਉਹ ਹੀ ਗੁਰਸਿੱਖ ਹੈ-
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (੬੧੨)
ਭਾਈ ਗੁਰਦਾਸ ਜੀ ਅਨੁਸਾਰ ਵੀ ਗੁਰੂ ਦੀ ਸਿਖਿਆ ਲੈਣ ਵਾਲਾ ਹੀ ਗੁਰਸਿੱਖ ਅਖਵਾ ਸਕਦਾ ਹੈ-
ਗੁਰ ਸਿਖ ਲੈ, ਗੁਰਸਿਖੁ ਸਦਾਇਆ॥(ਵਾਰ-੧੧)
ਜੋ ਸ਼ਬਦ ਸੁਰਤਿ ਦੁਵਾਰਾ ਗੁਰ ਉਪਦੇਸ਼ ਨੂੰ ਅੰਦਰ ਧਾਰੇ ਉਹ ਸਿੱਖ ਹੈ-
ਗੁਰ ਉਪਦੇਸ਼ ਪ੍ਰਵੇਸ਼ ਰਿਦ ਅੰਤਰਿ ਹੈ ਸਬਦ ਸੁਰਤਿ ਸੋਈ ਸਿੱਖ ਜਗ ਜਾਨੀਐ॥ (ਕਬਿਤ ੩੮੦)
ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ (ਰੱਬੀ ਨਿਯਮ) ਸਿੱਖੀ ਦੇ ਮੁਢਲੇ ਇਨ੍ਹਾਂ ਅਸੂਲਾਂ ਦੀ ਪਾਲਣਾ ਕਰਨ ਵਾਲੇ ਗੁਰਸਿੱਖ ਨੂੰ ਹੋਰ ਕਿਸੇ ਸਰਟੀਫੀਕੇਟ ਦੀ ਲੋੜ ਨਹੀਂ। ਇਹ ਸਿੱਖ ਦੀ ਪ੍ਰੀਭਾਸ਼ਾ ਗੁਰੂ ਗ੍ਰੰਥ ਸਾਹਿਬ ਤੇ ਭਾਈ ਗੁਰਦਾਸ ਜੀ ਮੁਤਾਬਿਕ ਦਰਸਾਈ ਹੈ। ਸਿੱਖ ਦੀ ਇਸ ਪ੍ਰਭਾਸ਼ਾ ਨੂੰ ਸੰਸਾਰ ਦਾ ਹਰੇਕ ਮਾਈ-ਭਾਈ ਧਾਰਨ ਕਰ ਸਕਦਾ ਹੈ।
ਕਰਮਕਾਂਡੀ ਰਹੁ ਰੀਤਾਂ ਦਾ ਧਾਰਨੀ ਜਾਂ ਗੁਲਾਮ ਸਿੱਖ ਨਹੀਂ ਹੋ ਸਕਦਾ। ਸਿੱਖ ਮਰਦ ਅਤੇ ਔਰਤ ਨੂੰ ਬਰਾਬਰ ਸਮਝਦਾ ਹੈ। ਸਿੱਖ ਸਦਾ ਅਜ਼ਾਦ ਵਿਚਰਦਾ ਅਤੇ ਹਰ ਵੇਲੇ ਮਨੁੱਖਤਾ ਦੀ ਸੇਵਾ ਕਰਦਾ ਸਰਬੱਤ ਦਾ ਭਲਾ ਮੰਗਦਾ ਹੈ। ਸਿੱਖ ਗੁਰੂ ਤੋਂ ਬਿਨਾਂ ਕਿਸੇ ਅਖੌਤੀ ਸਾਧ, ਸੰਤ, ਡੇਰੇਦਾਰ ਜਾਂ ਸੰਪ੍ਰਦਾਈ ਟਕਸਾਲੀ ਦੀ ਸਿਖਿਆ ਨਹੀਂ ਲੈਂਦਾ। ਸਿੱਖ ਮਰੇ ਹੋਏ ਮਹਾਂਪੁਰਖਾਂ ਦੀਆਂ ਬਰਸੀਆਂ ਨਹੀਂ ਮਨਾਉਂਦਾ। ਸਿੱਖਾਂ ਦੇ ਮਾਨਯੋਗ ਮਹਾਂਪੁਰਖ ਰੱਬੀ ਭਗਤ, ਸਿੱਖ ਗੁਰੂ ਸਹਿਬਾਨ ਅਤੇ ਬਾਕੀ ਬਾਣੀਕਾਰ ਹਨ। ਸਮੁੱਚੇ ਰੂਪ ਵਿੱਚ ਅਸੀਂ ਸਾਰੇ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ ਜਿਸ ਵਿੱਚ ਇਨ੍ਹਾਂ ਮਹਾਂਪੁਰਖਾਂ ਦੀ ਬਾਣੀ ਹੈ। ਮੋਟੇ ਰੂਪ ਵਿੱਚ ਜੋ ਇਨਸਾਨ ਸਰਬਵਿਆਪੀ ਤੇ ਸਰਬਕਾਲੀ ਰੱਬ ਦੀ ਜੋਤ-ਸ਼ਕਤੀ ਨੂੰ ਸਭ ਵਿੱਚ ਜਣਦਾ-ਸਭ ਮਹਿ ਜੋਤਿ ਜੋਤਿ ਹੈ ਸੋਇ॥(੬੬੩) ਅਤੇ ਸਾਰੇ ਸੰਸਾਰ ਨੂੰ ਆਪਣਾ ਵਿਸ਼ਾਲ ਪ੍ਰਵਾਰ ਮੰਨਦਾ। ਮੇਰ ਤੇਰ ਖਤਮ ਕਰ, ਜਾਤ-ਪਾਤ, ਊਚ-ਨੀਚ, ਛੂਆ-ਛਾਤ, ਰੰਗ-ਰੂਪ, ਨਸਲ-ਭੇਦ ਤੋਂ ਉਪਰ ਉੱਠ, ਥੋਥੇ ਕਰਮਕਾਂਡਾ ਦਾ ਤਿਆਗ ਕਰ, ਵਹਿਮਾਂ-ਭਰਮਾਂ, ਵਰਤਾਂ, ਰੱਖੜੀਆਂ, ਸਮਾਧਾਂ,ਚੰਗੇ-ਮਾੜੇ ਦਿਨਾਂ, ਅੰਧ-ਵਿਸ਼ਵਾਸ਼ਾਂ, ਅਣਹੋਣੀਆਂ ਕਰਾਮਾਤਾਂ, ਭੇਖਾਂ-ਰੇਖਾਂ ਅਤੇ ਅਖੌਤੀ ਸੰਤਾਂ-ਮਹੰਤਾਂ ਬ੍ਰਹਮ ਗਿਆਨੀਆਂ, ਜੋਤਸ਼ੀ ਬਾਬਿਆਂ,ਬ੍ਰਾਹਮਣਾਂ, ਮੱਸਿਆ-ਪੁਨਿਆਂ, ਸੰਗ੍ਰਾਂਦਾਂ ਨੂੰ ਨਹੀਂ ਮੰਨਦਾ ਉਹ ਹੀ ਗੁਰੂ ਦਾ ਅਸਲੀ ਸਿੱਖ ਹੈ। ਦੂਜੇ ਪਾਸੇ ਜੋ ਤੰਗਦਿਲੀ, ਕਟੜਵਾਦੀ ਰਹੁਰੀਤਾਂ ਅਤੇ ਮਜਹਬਾਂ ਦੀਆਂ ਸੰਗਲੀਆਂ ਵਿੱਚ ਫਸਿਆ ਹੋਇਆ ਦੂਜਿਆਂ ਨਾਲ ਨਫਰਤਾਂ ਅਤੇ ਵੈਰ ਵਿਰੋਧ ਪਾਲੇ, ਬੁਰੇ ਕਰਮ ਜਿਵੇਂ ਚੋਰੀ ਯਾਰੀ, ਪਰਾਈਆਂ ਔਰਤਾਂ ਤੇ ਮਰਦਾਂ ਨਾਲ ਵਿਭਚਾਰ (ਬਲਾਤਕਾਰ) ਕਰੇ, ਬਾਹਰੀ ਕਰਮਕਾਂਡਾਂ ਦੀ ਸੰਗਲੀ (ਮਰਯਾਦਾ) ਅਤੇ ਕੇਵਲ ਭੇਖ ਧਾਰਨ ਕਰੇ, ਉਹ ਗੁਰਸਿੱਖ ਨਹੀਂ ਹੋ ਸਕਦਾ।
ਸਿੱਖ ਦਾ ਅਸਲੀ ਤੇ ਸਰਬਵਿਆਪਕ ਧਰਮ ਹੈ-
ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (੨੬੬)
ਪ੍ਰਮਾਤਮਾਂ ਨੂੰ ਯਾਦ ਰੱਖਦੇ, ਨਿਰਮਲ ਕਰਮ ਕਰਨੇ ਹੀ ਸਰਬ ਸ੍ਰੇਸ਼ਟ ਧਰਮ ਅਤੇ ਇਸ ਦੀ ਪਾਲਣਾ ਕਰਨ ਵਾਲਾ ਹੀ ਸਿੱਖ ਹੋ ਸਕਦਾ ਹੈ। ਅਗਰ ਗੁਰੂ ਗ੍ਰੰਥ ਮੁਤਾਬਿਕ ਜੋ ਮਰਯਾਦਾ ਤੇ ਪ੍ਰਭਾਸ਼ਾ ਦਰਸਾਈ ਗਈ ਹੈ ਨੂੰ ਪ੍ਰਵਾਨ ਕਰ ਲਿਆ ਜਾਵੇ ਤਾਂ ਦੁਨੀਆਂ ਦੀ ਵੱਡੀ ਗਿਣਤੀ ਸਿੱਖ ਹੋਣ ਦਾ ਮਾਣ ਹਾਸਲ ਕਰ ਸਕਦੀ ਹੈ।
ਅਵਤਾਰ ਸਿੰਘ ਮਿਸ਼ਨਰੀ
ਸਿੱਖ ਦੀ ਪ੍ਰੀਭਾਸ਼ਾ
Page Visitors: 2573