ਹਰਨਾਮ ਸਿੰਘ ਧੁੰਮਾਂ ਸਰਕਾਰੀ ਏਜੰਟ : ਬਾਬਾ ਰਾਮ ਸਿੰਘ
ਅੰਮ੍ਰਿਤਸਰ 25 ਮਈ (ਜਸਬੀਰ ਸਿੰਘ ਪੱਟੀ): ਦਮਦਮੀ ਟਕਸਾਲ ਮੁੱਖੀ ਬਾਬਾ ਰਾਮ ਸਿੰਘ ਨੇ ਦਮਦਮੀ ਟਕਸਾਲ ਮਹਿਤਾ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਸਰਕਾਰੀ ਏਜੰਟ ਗਰਦਾਨਦਿਆਂ ਕਿਹਾ, ਕਿ ਸ਼ਹੀਦੀ ਯਾਦਗਾਰ ਦਾ ਉਹ ਵਿਰੋਧ ਇਸ ਕਰਕੇ ਕਰਦੇ ਸਨ, ਕਿਉਂਕਿ ਉਹਨਾਂ ਦੀ ਰਾਇ ਸੀ ਕਿ ਸ਼ਹੀਦੀ ਯਾਦਗਾਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਖੁੱਲੇ ਥਾਂ ਤੇ ਚੱਪੜਚਿੜੀ ਦੇ ਪੈਟਰਨ ਤੇ ਬਣਾਈ ਜਾਵੇ, ਕਿਉਂਕਿ ਗੁਰੂਦਆਰਾ ਯਾਦਗਾਰ ਨਹੀਂ ਹੋ ਸਕਦਾ।
ਆਪਣੇ ਹਮਾਇਤੀਆਂ ਤੇ ਸੰਤ ਸਮਾਜ ਦੀ ਬੁਲਾਈ ਗਈ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਬਾ ਰਾਮ ਸਿੰਘ ਨੇ ਕਿਹਾ, ਕਿ ਉਹਨਾਂ ਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਸ਼ਹੀਦੀ ਯਾਦਗਾਰ ਦਾ ਵਿਵਾਦ ਜਰੂਰ ਉਤਪਨ ਹੋਵੇਗਾ ਤੇ ਫਿਰ ਧੁੰਮੇ ਵਰਗੇ ਨੂੰ ਯਾਦਗਾਰ ਦੀ ਸੇਵਾ ਦੇਣਾ ਕਦਾਚਿਤ ਜਾਇਜ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਹੁਣ ਯਾਦਗਾਰ ਬਣ ਹੀ ਗਈ ਹੈ, ਤਾਂ ਇਸ ਨੂੰ ਨਾ ਤਾਂ ਢਾਹਿਆ ਜਾਣਾ ਚਾਹੀਦਾ ਹੈ ਅਤੇ ਨਾ ਹੀ ਇਸ ਦੀ ਬਣਤਰ ਵਿੱਚ ਕੋਈ ਤਬਦੀਲੀ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਤਿਹਾਸ ਨੂੰ ਦਰਸਾਉਦੇ ਬੋਰਡ ਜਿਉ ਦੇ ਤਿਉ ਲੱਗੇ ਰਹਿਣੇ ਚਾਹੀਦੇ ਹਨ ਅਤੇ ਬਾਕੀ ਸ਼ਹੀਦਾਂ ਦੇ ਨਾਮ ਵੀ ਲਿਖੇ ਜਾਣੇ ਚਾਹੀਦੇ ਹਨ।
ਉਹਨਾਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਸਿੱਧੇ ਰੂਪ ਵਿੱਚ ਚੈਲਿੰਜ ਕਰਦਿਆਂ ਕਿਹਾ ਕਿ ਯਾਦਗਾਰ ਵਿੱਚ ਕਿਸੇ ਕਿਸਮ ਦੀ ਤਬਦੀਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਸਗੋਂ ਇਸ ਵਿੱਚ ਧੁੰਮੇ ਵਰਗਿਆਂ ਨੂੰ ਘੜੀਆਂ ਵਿੱਚ ਦੋ ਇੰਚ ਦੀ ਫੋਟੋ ਲਗਾਉਣ ਦਾ ਕੋਈ ਅਧਿਕਾਰ ਨਹੀਂ ਹੈ, ਸਗੋਂ ਸ਼ਹੀਦਾਂ ਦੀਆ ਸ਼ਹੀਦੀ ਯਾਦਗਾਰ ਵਿੱਚ ਵੱਡੀਆਂ ਤਸਵੀਰਾਂ ਲੱਗਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਜਿਹੜੇ ਯਾਦਗਾਰ ਦਾ ਬੇਲੋੜਾ ਵਿਰੋਧ ਕਰ ਰਹੇ ਹਨ, ਉਹਨਾਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਜਦੋਂ ਉਹਨਾਂ ਨੇ ਇੰਦਰਾ ਗਾਂਧੀ ਤੇ ਬੇਅੰਤ ਸਿੰਘ ਦੀਆ ਯਾਦਗਾਰਾਂ ਬਣਾਈਆਂ ਸਨ ਕੀ ਉਸ ਵੇਲੇ ਸਿੱਖਾਂ ਨੇ ਕੋਈ ਵਿਰੋਧ ਕੀਤਾ ਸੀ? ਉਹਨਾਂ ਕਿਹਾ ਕਿ ਜੇਕਰ ਸਿੱਖਾਂ ਨੇ ਪੰਥ ਵਿਰੋਧੀਆਂ ਦੀਆਂ ਯਾਦਗਾਰਾਂ ਬਣਾਉਣ ਦਾ ਵਿਰੋਧ ਨਹੀਂ ਕੀਤਾ, ਤਾਂ ਫਿਰ ਇਹ ਸਿੱਖਾਂ ਦਾ ਅੰਦਰੂਨੀ ਫੈਸਲਾ ਹੈ ਤੇ ਇਸ ਦਾ ਫੈਸਲਾ ਸਿੱਖ ਖੁਦ ਕਰ ਲੈਣਗੇ ਕਿਸੇ ਵੀ ਬਾਹਰੀ ਤਾਕਤ ਨੂੰ ਇਸ ਦਾ ਵਿਰੋਧ ਨਹੀਂ ਕਰਨ ਦਿੱਤਾ ਜਾਵੇਗਾ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਰਧਾਨ ਸ੍ਰੀ ਕਰਨੈਲ ਸਿੰਘ ਪੀਰ ਮੁੰਹਮਦ ਨੇ ਕਿਹਾ ਕਿ ਸ਼ਹੀਦੀ ਯਾਦਗਾਰ ਦਾ ਜਿਹੜਾ ਸਰੂਪ ਬਣਾਇਆ ਗਿਆ ਹੈ, ਉਹ ਯਾਦਗਾਰ ਦਾ ਸਰੂਪ ਨਹੀਂ ਸਗੋ ਇੱਕ ਗੁਰੂਦੁਆਰਾ ਹੈ। ਉਹਨਾਂ ਕਿਹਾ ਕਿ ਸ਼ਹੀਦੀ ਯਾਦਗਾਰ ਬਣਾਉਣ ਤੋਂ ਪਹਿਲਾਂ ਸਮੂਹ ਪੰਥਕ ਧਿਰਾਂ ਦੀ ਮੀਟਿੰਗ ਬੁਲਾਈ ਜਾਣੀ ਚਾਹੀਦੀ ਸੀ, ਤੇ ਸਾਰਿਆਂ ਦੀ ਰਾਇ ਲੈ ਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਜੇਕਰ ਹੁਣ ਯਾਦਗਾਰ ਬਣ ਗਈ ਹੈ ਤਾਂ ਫਿਰ ਇਸ ਦੇ ਸਰੂਪ ਨੂੰ ਵਿਗਾੜਿਆ ਨਹੀਂ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਲੰਮੇ ਸਮੇਂ ਤੋ ਜੇਲਾਂ ਵਿੱਚ ਬੰਦ ਸੰਘਰਸ਼ਸ਼ੀਲ ਨੌਜਵਾਨਾਂ ਦੀ ਰਿਹਾਈ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ, ਪਰ ਹਾਲੇ ਪੰਜਾਬ ਦੀ ਪੰਥਕ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਮੀਟਿੰਗ ਨੂੰ ਅਕਾਲੀ ਦਲ 1920 ਦੇ ਸੀਨੀਅਰ ਮੀਤ ਪਰਧਾਨ ਰਘਬੀਰ ਸਿੰਘ ਰਾਜਾਸਾਂਸੀ, ਦਰਸ਼ਨ ਸਿੰਘ ਈਸਾਪੁਰ, ਦਲਜੀਤ ਸਿੰਘ ਸੰਧੂ, ਬਾਬਾ ਘਾਲਾ ਸਿੰਘ ਨਾਨਕਸਰ ਵਾਲੇ, ਬਾਬਾ ਸੁਲੱਖਣ ਸਿੰਘ ਪੰਜਵੜ ਵਾਲੇ ਅਤੇ ਸਤਨਾਮ ਸਿੰਘ ਕਾਹਲੋਂ ਸਮੇਤ ਹੋਰ ਵੀ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ।