ਕੀ ਵਾਹਿ ਗੁਰੂ, ਵਾਹਿ ਗੁਰੂ ਜੱਪਣਾ “ਤੋਤਾ ਰੱਟਣ” ਨਹੀਂ ?
ਗੁਰਪ੍ਰੀਤ ਸਿੰਘ, ਵਾਸ਼ਿੰਗਟਨ ਸਟੇਟ
ਮਨੁੱਖ ਵੱਲੋਂ ਅਕਾਲ ਪੁਰਖ ਦੇ ਘੜੇ ਹੋਏ (ਕਿਰਤਮ) ਬੇਅੰਤ ਨਾਮ, ਜਦ ਉਸ ਦੀ ਸਰਬ ਵਿਆਪਕ ਹੋਂਦ ਦੇ ਸਨਮੁਖ ਅਪੂਰਨ ਸਾਬਤ ਹੋ ਰਹੇ ਸਨ, ਤਦ ਗੁਰਮਤ ਨੇ ਇੱਕ ਵਿਲੱਖਣਤਾ ਪੇਸ਼ ਕੀਤੀ:
ਨਾਮੈ ਹੀ ਤੇ ਸਭੁ ਕਿਛੁ ਹੋਆ; (ਮ:੩/੭੫੩)
ਭਾਵ ਕਿ ਨਾਮ ਇੱਕ ਸਰਬ ਵਿਆਪਕ ਸ਼ਕਤੀ ਹੈ; ਜੋ ਕਿ ਹਰ ਥਾਂ ਭਰਪੂਰ ਹੈ। ਸਤਿਗੁਰੂ ਨਾਨਕ ਪਾਤਸ਼ਾਹ ਦੇ ਫ਼ਰਮਾਨ ਹਨ:
ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ ॥
ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੰ॥ (ਮ:੧/੧੨੭੫)
ਜੇਤਾ ਕੀਤਾ ਤੇਤਾ ਨਾਉ॥ ਵਿਣੁ ਨਾਵੈ ਨਾਹੀ ਕੋ ਥਾਉ॥( ਮ:੧/੪)
ਭਾਵੇਂ ਕਿ ਗੁਰੂ ਸਾਹਿਬਾਨ ਨੇ ਬਾਣੀ ‘ਚ ਅਕਾਲ ਪੁਰਖ ਦੇ ਪਹਿਲਾਂ ਤੋਂ ਹੀ ਪ੍ਰਚਲਿਤ ਨਾਮ ਵਰਤ ਕੇ, ਨਿਰੰਕਾਰ ਦੇ ਗੁਣ ਵੀ ਵਰਣਨ ਕੀਤੇ ਪਰ ਨਾਲ ਹੀ ਸੇਧ ਵੀ ਬਖ਼ਸ਼ ਦਿੱਤੀ ਕਿ ਅਨੇਕਾਂ ਨਾਮ ਹੋਣ ਦੇ ਬਾਵਜੂਦ ਵੀ ਉਸ ਦੀ ਕੀਮਤ ਨਹੀਂ ਪਾਈ ਜਾ ਸਕਦੀ ਕਿਉਂਕਿ ਨਿਰੰਕਾਰ ਇਸ ਪਸਾਰੇ ਤੋਂ ਨਿਰਲੇਪ ਹੈ, ਜਿਵੇਂ ਕਿ ਗੁਰ-ਵਾਕ ਹਨ:
ਤੇਰੇ ਨਾਮ ਅਨੇਕ ਕੀਮਤਿ ਨਹੀ ਪਾਈ॥ (ਮ:੩/੧੦੬੭)
ਦ੍ਰਿਸਟਿਮਾਨ ਅਖਰ ਹੈ ਜੇਤਾ॥ ਨਾਨਕ ਪਾਰਬ੍ਰਹਮ ਨਿਰਲੇਪਾ॥ (ਮ:੫/੨੬੧)
ਨਾਮ ਨੂੰ ਗੁਰਬਾਣੀ ‘ਚ ਨਾਇ, ਨਾਵੈ, ਨਾਮਾ, ਨਾਉ, ਆਦਿ ਕਈ ਰੂਪ ‘ਚ ਬਿਆਨ ਕੀਤਾ ਗਿਆ ਹੈ ਪਰ ਵਖੋ-ਵੱਖਰੇ ਅਰਥ ਹੋਣ ਦੇ ਬਾਵਜੂਦ ਕਿਸੇ ਵੀ ਇੱਕ ਖ਼ਾਸ ਅੱਖਰ/ਸ਼ਬਦ ਨੂੰ ਵਾਰ-ਵਾਰ ਦੁਹਰਾਉਣ ਦਾ ਉਪਦੇਸ਼ ਨਹੀਂ ਮਿਲਦਾ। ਉਦਾਹਰਨ ਵਜੋਂ; ਹਥਲੇ ਗੁਰ-ਵਾਕਾਂ ਨੂੰ ਗਹੁ ਨਾਲ ਵਿਚਾਰਿਆਂ ਸਹਿਜੇ ਹੀ ਪਤਾ ਲੱਗ ਜਾਵੇਗਾ ਕਿ ਅਸੀਂ ਸਦਾ ਹੀ (ਇੱਕ-ਸਾਰ) ਰੱਬ ਦੀ ਸਿਫ਼ਤ-ਸਲਾਹ ਕਰ ਕੇ, ਰੱਬ ਨਾਲ ਇੱਕ ਰੂਪ ਹੋਣਾ ਹੈ।
ਸਾਸਿ ਗਿਰਾਸਿ ਜਪਹੁ ਜਪੁ ਰਸਨਾ ਨੀਤ ਨੀਤ ਗੁਣ ਗਾਈਐ ॥( ਆਸਾ ਮਹਲਾ ੫/ ੩੮੨)
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ ( ਜਪੁ, ਮ:੧/੭)
ਯਕੀਨਨ! ਗਿਣਤੀ-ਮਿਣਤੀ ਵਾਲੀ ਵਡਿਆਈ ਨਾਲ ਹਿਰਦੇ 'ਚ ਨਾਮ ਦਾ ਵਾਸਾ ਹੋਣਾ ਸੰਭਵ ਨਹੀਂ ਹੈ; ਉਲਟਾ ਮਨੁੱਖ ਦੇ ਅਹੰਕਾਰ ‘ਚ ਜ਼ਰੂਰ ਵਾਧਾ ਹੋ ਸਕਦਾ ਹੈ। ਰਸਨਾ ਨਾਲ ਪ੍ਰਮਾਤਮਾ ਦੇ ਗੁਣ ਤਾਂ ਗਾਏ ਜਾ ਸਕਦੇ ਹਨ (ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਹਰਿ ਗੁਣ ਗਾਈ॥ ਮ:੪/੧੨੪੫) ਪਰ ਨਾਮ ਤਾਂ ਪ੍ਰੇਮ, ਲਿਵ ਤੇ ਸਿਮਰਨ (ਯਾਦ) ਦੀ ਇੱਕ ਅਵਸਥਾ ਹੈ। ਨਾਮ ਨਿਰੰਜਨ ਹੈ, ਹੁਕਮ ਹੈ, ਅਗੰਮ-ਅਗੋਚਰ ਹੈ, ਅਮੁੱਲ ਹੈ। ਇਹ ਪ੍ਰੇਮ ਪਦਾਰਥ ਭਾਵ ਪ੍ਰਮਾਤਮਾ ਦੇ ਪਿਆਰ ਦਾ ਕੀਮਤੀ ਨਾਮ ਧਨ, ਕੇਵਲ ਹਿਰਦੇ(ਮਨ) ‘ਚ ਸਾਂਭ ਕੇ ਹੀ ਰੱਖਿਆ ਜਾ ਸਕਦਾ ਹੈ। ਨਾਮ ਤਾਂ ਮਨ ਦਾ ਇੱਕ ਅਨੁਭਵ ਹੈ ਤੇ ਪ੍ਰਭੂ ਦੀ ਯਾਦ ‘ਚ ਇੱਕ-ਸਾਰ ਲੀਨ ਹੋਣਾ ਹੀ ਨਾਮ ਜਪਣਾ ਹੈ, ਜਿਵੇਂ ਕਿ ਗੁਰੂ ਨਾਨਕ ਪਾਤਸ਼ਾਹ ਫ਼ਰਮਾਉਂਦੇ ਹਨ:
ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥
ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥ ( ਮ:੧/੧੨੯੧)
ਪਰ ਅਜਿਹੀ ਅਵਸਥਾ ਨੂੰ ਗੁਰੂ ਦੇ ਉਪਦੇਸ਼ ਤੇ ਤੁਰਿਆਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰੂ, ਉਹ ਪਾਰਸ ਹੈ ਜਿਹੜਾ ਸਾਡੇ ਹਿਰਦੇ ਤੋਂ ਮਾਇਆ ਦਾ ਜੰਗਾਲ਼ ਲਾਹ ਕੇ, ਸਾਨੂੰ ਆਪਣਾ ਮੂਲ ਪਛਾਣਨ ਦੀ ਦਾਤ ਬਖ਼ਸ਼ਦਾ ਹੈ।
ਹੁਣ ਸਵਾਲ ਪੈਦਾ ਹੋਣਾ ਸੁਭਾਵਿਕ ਹੈ ਕਿ ਅਜਿਹੇ ਗੁਰੂ ਦੀ ਕਿਉਂ ਨਾ ਵਾਹ- ਵਾਹ ਕਰਕੇ ਉਸਤਤ ਕੀਤੀ ਜਾਵੇ? “ਵਾਹਿ ਗੁਰੂ” ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ‘ਚ ਵੀ ੧੩ ਵਾਰ ਦਰਜ ਹੈ, ਜੋ ਕਿ ਭੱਟਾਂ ਨੇ ਗੁਰੂ ਦੀ ਉਸਤਤ ‘ਚ ਉਚਾਰਨ ਕੀਤਾ ਹੈ, ਜਿਵੇਂ ਕਿ:
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ ॥
(ਸਵਈਏ ਮਹਲੇ ਚਉਥੇ ਕੇ, ਭਟ: ਗਯੰਦ /੧੪੦੩)
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿ ਗੁਰੂ ਤੇਰੀ ਸਭ ਰਚਨਾ ॥
(ਸਵਈਏ ਮਹਲੇ ਚਉਥੇ ਕੇ, ਭਟ: ਗਯੰਦ /੧੪੦੪)
ਗੁਰਬਾਣੀ ‘ਚ ਗੁਰੂ ਦਾ ਅਰਥ ਅਕਾਲ ਪੁਰਖ ਵੀ ਹੈ ਤੇ ਪਾਹੁਲ ਛਕਾਉਣ ਵੇਲੇ ਵੀ ਪੰਜ ਪਿਆਰੇ ਗੁਰਮੰਤ੍ਰ ਜਪਣ ਦੀ ਹਿਦਾਇਤ ਕਰਦੇ ਹਨ। ਕੀ ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ‘ਚ “ਵਾਹਿਗੁਰੂ” ਜਪਣ ਦੀ ਪ੍ਰੋੜ੍ਹਤਾ ਕਰਦੇ ਹਨ? ਜਿਵੇਂ ਕਿ:
ਵਾਹਿਗੁਰੂ ਗੁਰਮੰਤ੍ਰ ਹੈ; ਜਪਿ ਹਉਮੈ ਖੋਈ।ਆਪ ਗਵਾਏ ਆਪਿ ਹੈ; ਗੁਣ ਗੁਣੀ ਪਰੋਈ।( ਵਾਰ ੧੩, ਪਉੜੀ ੨/੬)
ਵਾਹਿਗੁਰੂ ਸਾਲਾਹਣਾ; ਗੁਰ ਸਬਦ ਅਲਾਏ। (ਵਾਰ ੯, ਪਉੜੀ ੧੩/੬) ਆਦਿ।
“ਵਾਹਿ ਗੁਰੂ” ਸ਼ਬਦ ਦੀ ਗੁਰ-ਮੰਤਰ ਵਜੋਂ ਵਿਚਾਰ ਕਰਨ ਤੋਂ ਪਹਿਲਾਂ ਇਹ ਯਾਦ ਰੱਖਣਾ ਪਵੇਗਾ ਕਿ ਗੁਰਬਾਣੀ ਹਰ ਕਿਸੇ ਅਖੌਤੀ ਮੰਤ੍ਰ-ਤੰਤਰ ਤੋਂ ਵਰਜਦੀ ਹੈ, ਜਿਵੇਂ ਕਿ ਗੁਰ- ਵਾਕ ਹੈ:
ਅਉਖਧ ਮੰਤ੍ਰ ਤੰਤ ਸਭਿ ਛਾਰੁ ॥
ਕਰਣੈਹਾਰੁ ਰਿਦੇ ਮਹਿ ਧਾਰੁ ॥ (ਮ:੫/੧੯੫)
ਨਾਲ ਹੀ ਇੱਥੇ ਇਹ ਜਾਣ ਲੈਣਾ ਵੀ ਲਾਭਕਾਰੀ ਰਹੇਗਾ ਕਿ ਗੁਰਬਾਣੀ 'ਚ ਮੰਤਿ੍ਰ, ਮੰਤ੍ਰ ,ਮੰਤ ਜਾਂ ਮੰਤਾ ਆਦਿ ਦਾ ਮਤਲਬ ਬਹੁਤੀ ਵਾਰ ਸਲਾਹ ਜਾਂ ਗੁਰ-ਉਪਦੇਸ਼ ਕਰ ਕੇ ਹੀ ਆਇਆ ਹੈ, ਪ੍ਰਮਾਣ ਵਜੋਂ; ਆਓ! ਕੁਝ ਇੱਕ ਗੁਰ- ਵਾਕਾਂ ਤੇ ਗ਼ੌਰ ਕਰੀਏ:
ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ ॥ ( ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ ੫/੧੩੮੫)
ਪੂਰਾ ਗੁਰੁ ਅਖ੍ਹਓ ਜਾ ਕਾ ਮੰਤ੍ਰ ॥( ਗਉੜੀ ਸੁਖਮਨੀ ਮ:੫/੨੮੭)
ਸਦਾ ਹਜੂਰਿ ਜਾਣੁ ਭਗਵੰਤ ॥ ਪੂਰੇ ਗੁਰ ਕਾ ਪੂਰਨ ਮੰਤ ॥(ਮ:੫/੮੬੭)
ਘਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਇ ਅਚਿੰਤਾ ॥
ਜਾ ਕਉ ਦਇਆ ਕਰੀ ਮੇਰੈ ਠਾਕੁਰਿ ਤਿਨਿ ਗੁਰਹਿ ਕਮਾਨੋ ਮੰਤਾ ॥( ਮ:੫/੬੭੨)
ਅਸੀਂ ਗੁਰਮਤ ਅਨੁਸਾਰ ਮੰਤ੍ਰ ਦਾ ਅਸਲ ਅਰਥ “ਗੁਰ-ਉਪਦੇਸ਼” ਸਮਝ ਕੇ, ਜੇਕਰ ਹੁਣ “ ਵਾਹਿਗੁਰੂ ਗੁਰਮੰਤ੍ਰ ਹੈ; ਜਪਿ ਹਉਮੈ ਖੋਈ।” ਦੇ ਅਰਥ ਕਰਾਂਗੇ ਤਾਂ ਇਹ ਕਹਿਣਾ ਦਰੁੱਸਤ ਜਾਪੇਗਾ ਕਿ ਗੁਰੂ(ਅਕਾਲ ਪੁਰਖ) ਦੀ ਸਿਫ਼ਤ ਕਰਨਾ ਹੀ, ਗੁਰੂ ਦੀ ਸਿੱਖਿਆ (ਉਪਦੇਸ਼) ਹੈ ਤੇ ਇਸ ਸਿਫ਼ਤ-ਸਲਾਹ ਸਦਕਾ ਭਾਵ ਉਸਦੀ ਵਡਿਆਈ ਨੂੰ ਮਹਿਸੂਸ ਕੀਤਿਆਂ, ਆਪਣਾ ਆਪ ਗੁਆਇਆ ਜਾ ਸਕਦਾ ਹੈ। ਇੰਞ, ਗੁਰ-ਉਪਦੇਸ਼ ਦੇ ਸਹੀ ਅਰਥ ਸਮਝ ਆਉਣ ਉਪਰੰਤ ਸਾਡਾ ਮਨ ਗੁਰਬਾਣੀ ਦੇ ਕਿਸੇ ਵੀ ਇੱਕ ਸ਼ਬਦ ਜਾਂ ਕੁਝ ਖ਼ਾਸ ਅੱਖਰਾਂ ਨੂੰ, ਮੁੜ-ਮੁੜ ਦੁਹਰਾਉਣ ਤੋਂ ਖ਼ੁਦ ਹੀ ਗੁਰੇਜ਼ ਕਰੇਗਾ। ਗੁਰਬਾਣੀ ਨਾਲ ਸੱਚੀ ਸਾਂਝ ਭਾਵ ਗੁਰ-ਉਪਦੇਸ਼ ਦੀ ਸੋਝੀ; ਸਾਧਕ ਦੇ ਹਿਰਦੇ ‘ਚ ਨਾਮ ਵਸਾਉਣ ‘ਚ ਸਹਾਈ ਹੁੰਦੀ ਹੈ, ਜਿਵੇਂ ਕਿ ਗੁਰ-ਵਾਕ ਹੈ:
ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥
ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥ (ਮ:੩/੭੯੭)
ਸਾਡੀ ਬਹੁਤਾਤ ਸਿੱਖ ਸੰਗਤ ਨੂੰ ਇਹੀ ਸੂਝ ਹੈ ਕਿ ਨਾਮ ਜਪਣ ਤੋਂ ਮੁਰਾਦ, ਰਸਨਾ ਨਾਲ ਵਾਹਿਗੁਰੂ, ਵਾਹਿਗੁਰੂ ਜਪਣਾ ਹੈ। ਪਰ ਹਕੀਕਤ ‘ਚ, ਪਹਿਲਾਂ ਹਿਰਦੇ ਨੂੰ ਨਾਮ ਨਾਲ ਭਰਪੂਰ ਕਰਨਾ ਪੈਂਦਾ ਹੈ। ਜਿਵੇਂ ਭੋਜਨ ਨੂੰ ਕੇਵਲ ਮੂੰਹ ਵਿੱਚ ਰੱਖ ਕੇ ਹੀ, ਸਰੀਰ ਦੀ ਲੋੜ ਪੂਰੀ ਨਹੀਂ ਕੀਤੀ ਜਾ ਸਕਦੀ; ਇਸੇ ਤਰ੍ਹਾਂ ਰਸਨਾ ਨਾਲ ਜਪਿਆ ਨਾਮ ਵੀ ਤਾਂ ਹੀ ਸਾਰਥਿਕ ਹੋ ਸਕਦਾ ਹੈ ਜੇਕਰ ਪ੍ਰੇਮ ਨਾਲ (ਸਹਿਜ ਅਵਸਥਾ ਵਿੱਚ) ਨਿਰੰਕਾਰ ਦੇ ਗੁਣਾਂ ਨੂੰ ਹਿਰਦੇ ਵਿੱਚ ਵਸਾ ਕੇ, ਪੂਰੇ ਮਨ ਨਾਲ ਸਿਫ਼ਤ-ਸਲਾਹ ਕਰਾਂਗੇ। ਗੁਰਸਿੱਖ ਦੀ ਤਾਂ ਅਰਦਾਸ ਦਾ ਮੁੱਖ ਵਿਸ਼ਾ ਹੀ ਹਮੇਸ਼ਾਂ ਨਾਮ ਦੇ ਰਸ ‘ਚ ਭਿੱਜਣਾ ਹੁੰਦਾ ਹੈ:
ਹਉ ਜੀਵਾ ਗੁਣ ਸਾਰਿ ਅੰਤਰਿ ਤੂ ਵਸੈ ॥
ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ ॥
....ਇਕ ਨਾਨਕ ਕੀ ਅਰਦਾਸਿ ਜੇ ਤੁਧੁ ਭਾਵਸੀ ॥
ਮੈ ਦੀਜੈ ਨਾਮ ਨਿਵਾਸੁ ਹਰਿ ਗੁਣ ਗਾਵਸੀ ॥ ( ਸੂਹੀ ਮਹਲਾ ੧/ ੭੫੨)
ਧਿਆਨ ਰਹੇ ਕਿ ਗੁਰਬਾਣੀ ‘ਚ ਜਿੱਥੇ ਵੀ ਨਾਮ ਜਪਣ, ਅਰਾਧਨ, ਧਿਆਉਣ ਆਦਿ ਦੀ ਤਾਕੀਦ ਹੈ, ਉੱਥੇ ਨਾਲ ਹੀ ਗੁਣਾਂ ਦਾ ਵਰਣਨ ਵੀ ਜ਼ਰੂਰ ਮਿਲੇਗਾ। ਇਹੀ ਕਾਰਨ ਹੈ ਕਿ ਨਿਰੰਕਾਰ ਦੇ ਬੇਅੰਤ ਗੁਣ ਤੇ ਉਸਦੀ ਕੁਦਰਤ ਵੇਖ ਕੇ, ਵਿਸਮਾਦਤਾ ‘ਚ ਆਨੰਦਿਤ ਹੋਇਆ (ਸ਼ੁਕਰ-ਗੁਜ਼ਾਰ ) ਸੰਤੋਖੀ ਜੀਵਨ ਵਾਲਾ ਗੁਰਸਿੱਖ ਵਾਹ! ਵਾਹ ! “ਤੂੰ ਹੀ ਤੂੰ”, ਕਰ ਉੱਠਦਾ ਹੈ:
ਰਸਨਾ ਜਪਤੀ ਤੂਹੀ ਤੂਹੀ ॥
ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥(ਮ:੫/੧੨੧੫)
ਆਤਮਕ ਸੋਝੀ ਵਾਲੀ, ਪ੍ਰੇਮ ਭਰਪੂਰ ਅਜਿਹੀ ਵਾਹ! ਵਾਹ ! ਪੂਰੇ ਗੁਰੂ ਨੂੰ ਭਾਉਂਦੀ ਹੈ ਪਰ ਇਹ ਵੀ, ਉਸਦੀ ਆਪਣੀ ਬਖ਼ਸ਼ਿਸ਼ ਸਦਕਾ ਹੀ ਸੰਭਵ ਹੁੰਦਾ ਹੈ
ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥ਮ:੩/੫੧੪)
ਅੰਤ ‘ਚ ਇਸ ਆਸ ਨਾਲ ਲੇਖ ਸਮਾਪਤ ਕਰਦੇ ਹਾਂ ਕਿ ਉਪਰੋਕਤ ਸਾਰੀ ਵਿਚਾਰ ਤੋਂ ਬਾਅਦ ਇਹ ਸਮਝਣਾ ਆਸਾਨ ਹੋ ਗਿਆ ਹੋਵੇਗਾ ਕਿ ਕੇਵਲ “ ਵਾਹਿਗੁਰੂ” ਸ਼ਬਦ ਨੂੰ ਵਾਰ-ਵਾਰ ਦੁਹਰਾਉਣਾ ਨਾਮ ਜਪਣਾ ਨਹੀਂ ਹੈ। ਰਸਨਾ ਨਾਲ ਕੇਵਲ ਵਾਹਿਗੁਰੂ, ਵਾਹਿਗੁਰੂ ਕੀਤਿਆਂ ਹਿਰਦੇ ਦੀ ਕਠੋਰਤਾ ਦੂਰ ਨਹੀਂ ਹੋ ਸਕਦੀ ਅਤੇ ਨਾ ਹੀ ਰੁਹਾਨੀਅਤ ਤਰੱਕੀ ਸੰਭਵ ਹੈ। ਗੁਰਬਾਣੀ ਜੋ ਕਿ ਅਸਲ ਵਿੱਚ ਅਕਾਲ ਪੁਰਖ ਦੇ ਗੁਣਾਂ ਦਾ ਹੀ ਵਿਸਥਾਰ ( ਨਾਮ ) ਹੈ, ਅਜਿਹੇ ਗੁਣਾਂ ਨੂੰ ਹਿਰਦੇ ‘ਚ ਵਸਾਇਆਂ ਭਾਵ ਕਿ ਮਨ ਨੂੰ ਗੁਰ- ਸ਼ਬਦ ਦੁਆਰਾ ਨਿਰਮਲ ਕਰ ਕੇ, ਸਵਾਸ-ਸਵਾਸ ਮਾਲਕ ਦੀ ਸਿਫ਼ਤ ਸਲਾਹ ਕਰਨਾ ਹੀ ਇੱਕ ਉੱਤਮ ਜੀਵਨ ਜਾਚ ਹੈ। ਨਿਰੰਕਾਰ ਦੇ ਭਾਉ ‘ਚ ਰਹਿ ਕੇ, ਉਸ ਤੇ ਨਿਸ਼ਚਾ (ਪ੍ਰਤੀਤ) ਕਰਨਾ ਹੈ। ਉਸ ਨਾਲ ਸੱਚਾ ਪਿਆਰ ਪਾਉਣਾ ਹੈ ਤੇ ਹਮੇਸ਼ਾਂ ਅਰਦਾਸ ਭਾਵਨਾ ‘ਚ ਵਿਚਰਦਿਆਂ ਉਸ ਦੇ ਦਰੋਂ, ਗੁਰ-ਸ਼ਬਦ ਰਾਹੀਂ ਨਦਰਿ ਦੀ ਜਾਚਨਾ ਕਰਦੇ ਰਹਿਣਾ ਹੈ, ਜਿਵੇਂ ਕਿ:
ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ ਮੈ ਦੇਵਾਨਾ ਭਇਆ ਅਤੀਤੁ ॥
ਕਰ ਕਾਸਾ ਦਰਸਨ ਕੀ ਭੂਖ ॥ ਮੈ ਦਰਿ ਮਾਗਉ ਨੀਤਾ ਨੀਤ ॥( ਤਿਲੰਗ ਮਹਲਾ ੧ /੭੨੧)
ਅਜਿਹਾ ਨਿਰੰਤਰ ਤੇ ਇੱਕ ਰਸ ਅਭਿਆਸ ਹੀ ਗੁਰਮਤਿ ਅਨੁਸਾਰ ਨਾਮ ਸਿਮਰਨ ਜਾਂ ਨਾਮ ਜਪਣਾ ਹੈ।
ਗੁਰਪ੍ਰੀਤ ਸਿੰਘ, ਵਸ਼ਿੰਗਟਨ ਸਟੇਟ
ਕੀ ਵਾਹਿ ਗੁਰੂ, ਵਾਹਿ ਗੁਰੂ ਜੱਪਣਾ “ਤੋਤਾ ਰੱਟਣ” ਨਹੀਂ ?
Page Visitors: 2635