ਕੈਟੇਗਰੀ

ਤੁਹਾਡੀ ਰਾਇ



ਕਸ਼ਮੀਰਾ ਸਿੰਘ (ਪ੍ਰੋ.) U.S.A.
‘ਜਪੁ’ ਬਾਣੀ ਦੀ ਇੱਕ ਪੰਕਤੀ ਵਲੋਂ ਅਖੌਤੀ ਦਸਮ ਗ੍ਰੰਥ ਰੱਦ
‘ਜਪੁ’ ਬਾਣੀ ਦੀ ਇੱਕ ਪੰਕਤੀ ਵਲੋਂ ਅਖੌਤੀ ਦਸਮ ਗ੍ਰੰਥ ਰੱਦ
Page Visitors: 2481

‘ਜਪੁ’ ਬਾਣੀ ਦੀ ਇੱਕ ਪੰਕਤੀ ਵਲੋਂ ਅਖੌਤੀ ਦਸਮ ਗ੍ਰੰਥ ਰੱਦ
 ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
ਦਸਵੇਂ ਗੁਰੂ ਜੀ ਵਲੋਂ ਦਮਦਮੀ ਬੀੜ ਰਾਹੀਂ ਪ੍ਰਵਾਨ ਕੀਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂ ਦੇ ਨਿੱਤ-ਨੇਮ ਵਿੱਚ ‘ਜਪੁ’ ਬਾਣੀ ਸ਼ਾਮਲ ਹੈ । ਕਿਸੇ ਵੀ ਬਾਣੀ ਦੇ ਤੋਤਾ-ਰਟਨੀ ਪਾਠ ਰਾਹੀਂ ਉਸ ਬਾਣੀ ਵਿੱਚ ਬਿਆਨ ਕੀਤੇ ਸੱਚ ਤਕ ਪਹੁੰਚਣਾ ਬਹੁਤ ਔਖਾ ਹੈ ।
‘ਜਪੁ’ ਬਾਣੀ ਦੀ ਉਹ ਕਿਹੜੀ ਪੰਕਤੀ ਹੈ ਜੋ ਅਖੌਤੀ ਦਸਮ ਗ੍ਰੰਥ ਨੂੰ ਰੱਦ ਕਰਨ ਲਈ ਕਾਫੀ ਹੈ?
ਲਓ ਉਸ ਪਾਵਨ ਪੰਕਤੀ ਦੇ ਦਰਸ਼ਨ ਕਰੋ-
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥
ਠੀਕ ਪਾਠ ਕਰਨ ਲਈ ਪੰਕਤੀ ਨੂੰ ਇਵੇਂ ਲਿਖਿਆ ਜਾ ਸਕਦਾ ਹੈ- ਗੁਰੁ ਈਸਰੁ, ਗੁਰੁ ਗੋਰਖੁ ਬਰਮਾ , ਗੁਰੁ ਪਾਰਬਤੀ ਮਾਈ
ਪਦ ਅਰਥ: ਈਸਰੁ = ਸ਼ਿਵ। ਬਰਮਾ = ਬ੍ਰਹਮਾ। ਪਾਰਬਤੀ ਮਾਈ = ਮਾਈ ਪਾਰਬਤੀ।
ਅਰਥ: ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ।
(ਗੁਰੂ ਗ੍ਰੰਥ ਸਾਹਿਬ ਦਰਪਣ)
ਵਿਆਖਿਆ:
ਸਿੱਖ ਲਈ ਹਿੰਦੂ ਮੱਤ ਦਾ ਸਿਰਜਿਆ ਦੇਵਤਾ ਸ਼ਿਵ ਗੁਰੂ ਨਹੀਂ, ਗੁਰੂ ਹੀ ਸ਼ਿਵ ਹੈ, ਭਾਵ, ਸਿੱਖ ਨੇ ਸ਼ਿਵ ਦੀ ਅਰਾਧਨਾ ਅਤੇ ਸਿਫ਼ਤਿ ਨਹੀ ਕਰਨੀ , ਕੇਵਲ ਗੁਰੂ ਉੱਤੇ ਹੀ ਭਰੋਸਾ ਰੱਖਣਾ ਹੈ ।
ਸਿੱਖ ਲਈ ਜੋਗ ਮੱਤ ਦੇ ਗੋਰਖ ਨਾਥ ਅਤੇ ਹਿੰਦੂ ਮੱਤ ਦੇ ਬ੍ਰਹਮਾ ਅਵਤਾਰ ਗੁਰੂ ਨਹੀਂ ਸਗੋਂ ਗੁਰੂ ਹੀ ਗੋਰਖ ਅਤੇ ਬ੍ਰਹਮਾ ਹੈ, ਭਾਵ, ਸਿੱਖ ਨੇ ਗੋਰਖ ਨਾਥ ਅਤੇ ਬ੍ਰਹਮਾ ਆਰਾਧਨਾ ਅਤੇ ਸਿਫ਼ਤਿ ਨਹੀਂ ਕਰਨੀ. ਕੇਵਲ ਆਪਣੇ ਗੁਰੂ ਉੱਤੇ ਹੀ ਭਰੋਸਾ ਰੱਖਣਾ ਹੈ। ਸਿੱਖ ਲਈ ਪਾਰਬਤੀ ਮਾਤਾ ਗੁਰੂ ਨਹੀਂ ਹੈ ਸਗੋਂ ਗੁਰੂ ਹੀ ਪਾਰਬਤੀ ਮਾਈ ਹੈ, ਭਾਵ, ਸਿੱਖ ਨੇ ਪਾਰਬਤੀ ਮਾਈ ਦੀ ਆਰਾਧਨਾ ਅਤੇ ਸਿਫ਼ਤਿ ਨਹੀਂ ਕਰਨੀ, ਕੇਵਲ ਆਪਣੇ ਗੁਰੂ ਉੱਤੇ ਹੀ ਭਰੋਸਾ ਰੱਖਣਾ ਹੈ ।
ਅਖੌਤੀ ਦਸਮ ਗ੍ਰੰਥ ਵਿੱਚ ਸ਼ਿਵ ਦਾ ਵਰਤਿਆ ਰੂਪ ਕੌਣ ਹੈ?
ਹਿੰਦੂ ਜਗਤ ਵਿੱਚ ਸ਼ਿਵ ਦੇ 12 ਜੋਤ੍ਰਿਲਿੰਗਮ (ਸਰੂਪ) ਮੰਨੇ ਗਏ ਹਨ। ਇਨ੍ਹਾਂ ਵਿੱਚੋਂ ਮਹਾਂਕਾਲ਼ { ਮਹਾਂਕਾਲ਼ ਦਾ ਮੰਦਰ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਸਥਿੱਤ ਹੈ ਜਿੱਥੇ ਮਹਾਂਕਾਲ਼ ਦੇ ਪੁਜਾਰੀ ਉਸ ਦੀ ਮੂਰਤੀ ਨੂੰ ਪੂਜਦੇ ਹਨ } ਦੀ ਆਰਾਧਨਾ ਅਤੇ ਸਿਫ਼ਤਿ ਅਖੌਤੀ ਦਸਮ ਗ੍ਰੰਥ ਵਿੱਚ ਲਿਖਾਰੀਆਂ ਵਲੋਂ ਕੀਤੀ ਮਿਲ਼ਦੀ ਹੈ । ਮਹਾਂਕਾਲ਼ ਦੀਆਂ ਸਿਫ਼ਤਾਂ ਅਤੇ ਆਰਾਧਨਾ ਦੇ ਹਵਾਲ਼ੇ-
ੳ. ਤ੍ਰਿਅ ਚਰਿੱਤ੍ਰ ਨੰਬਰ 404 ਸਾਰਾ ਹੀ ਮਹਾਂਕਾਲ਼ ਦੀ ਸਿਫ਼ਤਿ ਵਿੱਚ ਲਿਖਿਆ ਗਿਆ ਹੈ ਜਿਸ ਦੇ 405 ਬੰਦ ਹਨ । ਇਸੇ ਤ੍ਰਿਅ ਚਰਿੱਤਰ ਵਿੱਚੋਂ ਹੀ ਮਹਾਂਕਾਲ਼ ਅੱਗੇ ਕੀਤੀ ਬੇਨਤੀ ਵਾਲ਼ੀ ‘ਕਬਿਯੋ ਬਾਚ ਬੇਨਤੀ ਚੌਪਈ’ ਸ਼੍ਰੋ. ਕਮੇਟੀ ਵਲੋਂ ਸੰਨ 1945 ਵਿੱਚ ਪ੍ਰਵਾਨ ਕੀਤੀ ਸਿੱਖ ਰਹਿਤ ਮਰਯਾਦਾ ਵਿੱਚ ਪਾ ਕੇ ਸਿੱਖਾਂ ਨੂੰ ਸ਼ਿਵ ਦੇ ਰੂਪ ਮਹਾਂਕਾਲ਼ ਦੇਵਤੇ ਦੇ ਪੁਜਾਰੀ ਬਣਾ ਦਿੱਤਾ ਗਿਆ ਸੀ ।
ਅ. ਤਹ ਹਮ ਅਧਿਕ ਤਪੱਸਿਆ ਸਾਧੀ। ਮਹਾਂਕਾਲ਼ ਕਾਲਿਕਾ ਆਰਾਧੀ। (ਬਚਿੱਤ੍ਰ ਨਾਟਕ)
ਅਖੌਤੀ ਦਸਮ ਗ੍ਰੰਥ ਵਿੱਚ ਪਾਰਬਤੀ ਮਾਈ ਕੌਣ ਹੈ ?
ਅਖੌਤੀ ਦਸਮ ਗ੍ਰੰਥ ਵਿੱਚ ਪਾਰਬਤੀ ਮਾਈ ਦੀ ਹੋਂਦ ਨੂੰ ਸਮਝਣ ਲਈ ਅਖੌਤੀ ਦਸਮ ਗ੍ਰੰਥ ਵਿੱਚ ਲਿਖੀਆਂ ਤਿੰਨ ਰਚਨਾਵਾਂ ਦੀ ਸਾਂਝੀ ਕਹਾਣੀ ਨੂੰ ਸਮਝਣਾ ਪਵੇਗਾ । ਇਹ ਤਿੰਨ ਰਚਨਾਵਾਂ ਹਨ-
ਚੰਡੀ ਚਰਿੱਤ੍ਰ ਉਕਤਿ ਬਿਲਾਸ, ਚੰਡੀ ਚਰਿੱਤ੍ਰ (ਦੂਜਾ) ਅਤੇ ਵਾਰ ਦੁਰਗਾ ਕੀ {ਇਸ ਵਾਰ ਦਾ ਨਾਂ ਸੰਨ 1897 ਵਿੱਚ ਪਹਿਲੀ ਵਾਰ ਛਪਾਏ ਅਖੌਤੀ ਦਸਮ ਗ੍ਰੰਥ ਵਿੱਚ ਬਦਲ ਕੇ ‘ਵਾਰ ਸ਼੍ਰੀ ਭਗਉਤੀ ਜੀ ਕੀ’ ਰੱਖ ਦਿੱਤਾ ਗਆ ਸੀ ।
ਸਾਂਝੀ ਕਹਾਣੀ ਕੀ ਹੈ ?
ਇੰਦ੍ਰ ਦੇਵਤੇ ਦਾ ਰਾਜ ਦੈਂਤਾਂ ਵਲੋਂ ਖੋਹਿਆ ਜਾਣਾ, ਇੰਦ੍ਰ ਦੇਵਤੇ ਦਾ ਕੈਲਾਸ਼ ਪਰਬਤ ਉੱਤੇ ਪੁਕਾਰ ਕਰਨ ਲਈ ਜਾਣਾ, ਕੈਲਾਸ਼ ਪਰਬਤ ਉੱਤੇ ਰਹਿੰਦੀ ਦੇਵੀ ਦਾ ਦੈਂਤਾਂ ਨਾਲ਼ ਯੁੱਧ ਹੋਣਾ ਜਿਸ ਵਿੱਚ ਦੇਵੀ ਦੀ ਤਿੰਨੇ ਵਾਰੀ ਜਿੱਤ ਹੁੰਦੀ ਹੈ ਅਤੇ ਇੰਦ੍ਰ ਨੂੰ ਮੁੜ ਰਾਜਾ ਸਥਾਪਿਤ ਕੀਤਾ ਜਾਂਦਾ ਹੈ ।
ਕੈਲਾਸ਼ ਪਰਬਤ ਉੱਤੇ ਰਹਿਣ ਵਾਲ਼ੀ ਦੇਵੀ ਕੌਣ ਸੀ ?
ਸ਼ਿਵ ਜੀ ਦਾ ਨਿਵਾਸ ਕੈਲਾਸ਼ ਪਰਬਤ ਉੱਤੇ ਸੀ ਅਤੇ ਓਥੇ ਹੀ ਉਸ ਨਾਲ਼ ਉਸ ਦੀ ਪਤਨੀ ਰਹਿੰਦੀ ਸੀ । ਉਸ ਪਤਨੀ ਦਾ ਨਾਂ ਕੀ ਸੀ?
ਪਾਰਬਤੀ! ਪਾਰਬਤੀ! ਪਾਰਬਤੀ!
ਤਿੰਨਾਂ ਹੀ ਰਚਨਾਵਾਂ ਵਿੱਚ ਦੈਂਤਾਂ ਨਾਲ਼ ਯੁੱਧ ਕਰਨ ਵਾਲ਼ੀ ਕੌਣ ਦੇਵੀ ਹੈ? ਸ਼ਿਵ ਜੀ ਦੀ ਘਰ ਵਾਲ਼ੀ ਪਾਰਬਤੀ ।
ਤਿੰਨਾਂ ਹੀ ਰਚਨਾਵਾਂ ਵਿੱਚ ਯੁੱਧ ਕਰਨ ਵਾਲ਼ੀ ਪਾਰਬਤੀ ਮਾਈ ਦੇ ਵੱਖ-ਵੱਖ ਨਾਂ ਹੀ ਦੁਰਗਾ, ਭਗਉਤੀ, ਭਗਵਤੀ, ਭਵਾਨੀ, ਕਾਲਿਕਾ, ਗਿਰਿਜਾ, ਸ਼ਿਵਾ, ਚੰਡੀ, ਚੰਡਿਕਾ ਆਦਿਕ ਵਰਤੇ ਗਏ ਹਨ ।
ਅਖੌਤੀ ਦਸਮ ਗ੍ਰੰਥ ਦੇ ਲਿਖਾਰੀਆਂ ਨੇ ਦੁਰਗਾ ਆਦਿਕ ਵੱਖ-ਵੱਖ ਦੇਵੀਆਂ ਨੂ ਪਾਰਬਤੀ ਦੇ ਰੂਪ ਹੀ ਮੰਨਿਆਂ ਹੈ, ਦੇਖੋ ਪ੍ਰਮਾਣ-
ਦੁਰਗਾ ਅਤੇ ਦੈਂਤਾਂ ਦੇ ਯੁੱਧ ਦੀ ਕਹਾਣੀ ‘ਚੰਡੀ ਚਰਿੱਤ੍ਰ’-ਦੂਜਾ ਵਿੱਚੋਂ ਜਿਸ ਵਿੱਚ ਲੜਨ ਵਾਲ਼ੀ ਦੁਰਗਾ/ਚੰਡੀ ਹੈ ਅਤੇ ਇਸੇ ਨੂੰ ਹੀ ਪਾਰਬਤੀ ਕਿਹਾ ਗਿਆ ਹੈ-
ਨਮੋ ਜੁੱਧਨੀ ਕ੍ਰੁਧਨੀ ਕ੍ਰੂਰ ਕਰਮਾ। ਮਹਾ ਬੁੱਧਨੀ ਸਿੱਧਨੀ ਸ਼ੁੱਧ ਕਰਮਾ।
ਪਰੀ ਪਦਮਨੀ ਪਾਰਬਤੀ ਪਰਮ ਰੂਪਾ। ਸ਼ਿਵੀ ਬਾਸਵੀ ਬ੍ਰਾਹਮੀ ਰਿਧ ਕੂਪਾ। {ਪੰਨਾਂ ਦਗ 115-16}
ਅਖੌਤੀ ਦਸਮ ਗ੍ਰੰਥ ਕੀ ਕਹਿੰਦਾ ਹੈ?
ਮਹਾਂਕਾਲ਼ ਦੀ ਆਰਾਧਨਾ ਅਤੇ ਸਿਫ਼ਤਿ ਕਰੋ । ਪਾਰਬਤੀ ਮਾਈ ਦੀ ਆਰਾਧਨਾ ਅਤੇ ਸਿਫ਼ਤਿ ਕਰੋ ਅਤੇ ਉਸ ਤੋਂ ਬਰ ਮੰਗੋ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਹਨ?
ਸਿੱਖ ਨੇ ਸ਼ਿਵ/ਮਹਾਂਕਾਲ਼, ਗੋਰਖ ਨਾਥ, ਬ੍ਰਹਮਾ ਅਤੇ ਪਾਰਬਤੀ ਮਾਈ ਦੀ ਆਰਾਧਨਾ ਅਤੇ ਸਿਫ਼ਤਿ ਨਹੀਂ ਕਰਨੀ ਕਿਉਂਕਿ ਸਿੱਖ ਲਈ ਗੁਰੂ ਨਾਲ਼ੋਂ ਇਨ੍ਹਾਂ ਵਿੱਚੋਂ ਕੋਈ ਵੀ ਹਸਤੀ ਵੱਧ ਸਮਰੱਥ ਨਹੀਂ ਹੈ । ਕੀ ਇਹ ਅਨੱਰਥ ਨਹੀਂ ਹੋ ਰਿਹਾ ?
ਜਪੁ ਬਾਣੀ ਦਾ ਉਪਦੇਸ਼ ਹੈ ਕਿ ਪਾਰਬਤੀ ਨੂੰ ਸਿੱਖ ਨੇ ਨਹੀਂ ਧਿਆਉਣਾ, ਪਰ ਅਫ਼ਸੋਸ ਕਿ ਜਪੁ ਬਾਣੀ ਪੜ੍ਹਨ ਵਾਲ਼ੇ ਬਹੁ ਗਿਣਤੀ ਸਿੱਖ ਅਰਦਾਸਿ ਕਰਨ ਸਮੇਂ ਪਹਿਲਾਂ ਭਗਉਤੀ (ਪਾਰਬਤੀ) ਨੂੰ ਹੀ ਧਿਆਉਣ ਦੀ ਰੱਟ ਲਾਉਂਦੇ ਹਨ । ‘ਜਪੁ’ ਬਾਣੀ ਦਾ ਉਪਦੇਸ਼ ਹੈ ਕਿ ਮਹਾਂਕਾਲ਼ ਦੇਵਤੇ ਨਾਲ਼ ਸਿੱਖਾ ਦਾ ਕੋਈ ਲੈਣਾ-ਦੇਣਾ ਨਹੀਂ ਪਰ ਅਫ਼ਸੋਸ ਕਿ ਜਪੁ ਬਾਣੀ ਪੜ੍ਹਨ ਵਾਲ਼ੇ ਬਹੁ ਗਿਣਤੀ ਸਿੱਖ ਵੀ ਮਹਾਂਕਲ਼ ਦੇਵਤੇ ਅੱਗੇ ਲੇਲ੍ਹੜੀਆਂ ਕੱਢਣ ਵਾਲ਼ੀ ਚੌਪਈ ਪੜ੍ਹੀ ਜਾਂਦੇ ਹਨ ਅਤੇ ਮਹਾਂਕਾਲ਼/ਪਾਰਬਤੀ ਦੀਆਂ ਸਿਫ਼ਤਾਂ ਵਾਲ਼ਾ ‘ਜਾਪੁ’ ਵੀ ਪੜ੍ਹੀ ਜਾਂਦੇ ਹਨ ਜੋ ਬਾਬਾ ਨਾਨਕ ਦੀ ਸਿੱਖਿਆ ਦੇ ਉਲ਼ਟ ਅੰਧ-ਵਿਸ਼ਵਾਸੀ ਕਰਮ ਹੈ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!
  
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.