ਕਰਾਮਾਤ ਕੀ ਹੈ ?
ਭਾਈ ਨਿਰਮਲ ਸਿੰਘ ਸੁਰ ਸਿੰਘ ਤੋਂ
988 852 0250
ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ ਬਾਦਸ਼ਾਹ ਕੋਲ ਬੈਠੇ ਹੋਏ ਸਨ, ਧਰਮ ਦੇ ਵਿਸ਼ੇ 'ਤੇ ਗੱਲਬਾਤ ਹੋ ਰਹੀ ਸੀ, ਸਰਹੰਦ ਦੇ ਰਹਿਣ ਵਾਲਾ ਸਯੀਅਦ ਵੀ ਕੋਲ ਆਣ ਬੈਠਾ, ਇਹ ਗੁਰੂ ਸਾਹਿਬ ਜੀ ਨੂੰ ਲਾਜਵਾਬ ਕਰਕੇ ਬਾਦਸ਼ਾਹ ਦੀ ਨਜ਼ਰ ਵਿੱਚ ਮਹਾਰਾਜ ਦਾ ਰਸੂਖ਼ ਘਟਾਉਣਾ ਚਾਹੁੰਦਾ ਸੀ। ਤੇ ਇਸਦੇ ਮਨ ਵਿੱਚ ਗੁਰੂ ਸਾਹਿਬ ਪ੍ਰਤੀ ਬੜੀ ਈਰਖਾ ਸੀ, ਉਹ ਗੁਰਦੇਵ ਜੀ ਨੂੰ ਸਵਾਲ ਕਰਦਾ, ਮਹਾਰਾਜ ! ਸਾਰੇ ਪੀਰ ਪੈਗੰਬਰ ਅਵਤਾਰ ਕਰਾਮਾਤਾਂ ਵਿਖਾਉਂਦੇ ਰਹੇ ਹਨ । ਆਪ ਜੀ ਦੀ ਕਰਾਮਾਤ ਬਾਰੇ ਕੀ ਰਾਇ ਹੈ ?
ਗੁਰਦੇਵ ਨੇ ਬਾਦਸ਼ਾਹ ਸ਼ਾਹ ਬਹਾਦਰ ਵੱਲ ਹੱਥ ਕਰਕੇ ਕਿਹਾ "ਇਹ ਜਿਊਂਦੀ ਜਾਗਦੀ ਕਰਾਮਾਤ ਹੈ।
ਜਿਸਦੇ ਹੱਥ ਵਿੱਚ ਰਾਜਸੀ ਤਾਕਤ ਹੈ ਜੋ ਚਾਹੇ ਕਰ ਸਕਦਾ ਹੈ।"
ਨਹੀਂ, ਮਹਾਰਾਜ ! ਮੇਰਾ ਮਤਲਬ ਦੂਸਰੀ ਕਰਾਮਾਤ ਤੋਂ ਸੀ। ਮੌਲਵੀ ਨੇ ਫਿਰ ਸਵਾਲ ਕੀਤਾ।
"ਦੂਸਰੀ ਕਰਾਮਾਤ ਇਹ ਹੈ"। ਸੋਨੇ ਦੀ ਮੋਹਰ ਸਾਹਮਣੇ ਸੁੱਟਦਿਆਂ ਗੁਰਦੇਵ ਨੇ ਕਿਹਾ ਇਸ ਮੋਹਰ ਨਾਲ ਸੰਸਾਰ ਵਿੱਚ ਬਹੁਤ ਕੁੱਝ ਖਰੀਦਿਆ ਜਾ ਸਕਦਾ ਹੈ।
ਸਯੀਅਦ ਫਿਰ ਬੋਲਿਆ ਕੀ ਗੁਰੂ ਮਹਾਰਾਜ ਇਸ ਤੋਂ ਇਲਾਵਾ ਕੋਈ ਹੋਰ ਕਰਾਮਾਤ ਵਿਖਾ ਸਕਦੇ ਹਨ ?
ਹਾਂ, ਗੁਰਦੇਵ ਬੀਰ ਰਸ ਵਿੱਚ ਆਏ ਅੱਖਾਂ ਵਿੱਚ ਲਾਲੀ ਕਿਰਪਾਨ ਨੂੰ ਕੀਤਾ ਬੇਮਿਆਨ ਤੇ ਜੋਸ਼ ਨਾਲ ਸਯੀਅਦ ਨੂੰ ਕਹਿਣ ਲੱਗੇ "ਸੱਭ ਤੋਂ ਵੱਡੀ ਕਰਾਮਾਤ ਇਹ ਕਿਰਪਾਨ ਹੈ, ਜੋ ਜਰਵਾਣਿਆਂ ਦੀ ਜਾਨ ਲੈ ਸਕਦੀ ਹੈ, ਤਖ਼ਤ ਉਲਟਾ ਸਕਦੀ ਹੈ, ਰੁਲਦੇ ਫਿਰਦਿਆਂ ਨੂੰ ਬਾਦਸ਼ਾਹ ਬਣਾ ਸਕਦੀ ਹੈ"। ਇਹ ਗੱਲ ਸੁਣਕੇ ਸਯੀਅਦ ਲਾਜਵਾਬ ਹੋ ਗਿਆ ਤੇ ਫਿਰ ਨਹੀਂ ਬੋਲਿਆ, ਖ਼ੈਰ…………
ਇਹ ਗੱਲ ਤਾਂ ਕਈ ਸਾਲ ਪੁਰਾਣੀ ਹੈ, ਅੱਜ ਦੇ ਵਿਗਿਆਨ ਯੁੱਗ ਵਿੱਚ ਵੀ ਕਰਾਮਾਤਾਂ ਉੱਤੇ ਵਿਸ਼ਵਾਸ਼ ਰੱਖਣ ਵਾਲੇ ਅਣਗਿਣਤ ਲੋਕ ਮਿਲ ਜਾਂਦੇ ਹਨ, ਇਸਦਾ ਕਾਰਨ ਸ਼ਾਇਦ ਇਹ ਵੀ ਹੈ ਭਾਰਤ ਦੇਸ਼ ਅੰਦਰ ਕਰਾਮਾਤਾਂ ਨੂੰ ਮੰਨਣ ਦਾ ਰਵਾਜ਼ ਬੜੇ ਲੰਮੇ ਸਮੇਂ ਤੋਂ ਚੱਲਿਆ ਆਉਂਦਾ ਹੈ, ਸ਼ਾਇਦ ਤਾਂ ਸਾਡੀ ਮਨਸਿਕਤਾ ਵਿੱਚੋਂ ਇਹ ਗੱਲਾਂ ਅਜੇ ਤੱਕ ਨਹੀਂ ਨਿਕਲੀਆ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਡਾ (ਸਿੱਖਾਂ) ਨਾਲ ਇਹਨਾਂ ਕਰਾਮਾਤਾਂ ਦਾ ਸਬੰਧ ਕਦੋਂ ਤੋਂ ਜੁੜਿਆ ?
ਇਸਦਾ ਉੱਤਰ ਇਹਨਾਂ 2 ਨੁਕਤਿਆਂ ਵਿੱਚੋਂ ਪੜੋ ਜੀ।
1. ਪ੍ਰੋ: ਸਾਹਿਬ ਸਿੰਘ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਰਥਾਂ ਸਮੇਤ ਟੀਕਾ ਕਰਨ ਵਾਲੇ ਲੇਖਕਾਂ ਨੇ ਗੁਰਬਾਣੀ ਅਰਥ ਕਰਨ ਲੱਗਿਆਂ ਬਿਨਾਂ ਵਜ੍ਹਾ ਸ਼ਬਦਾਂ ਨਾਲ ਸਾਖੀਆਂ ਜੋੜ ਦਿੱਤੀਆਂ, ਜਦੋਂ ਕਿ ਉਹਨਾਂ ਕਰਾਮਾਤੀ ਸਾਖੀਆਂ ਦਾ ਸ਼ਬਦ ਦੀ ਮੂਲ਼ ਭਾਵਨਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਐਸੇ ਕਰਕੇ ਭਗਤ ਰਵਿਦਾਸ ਜੀ, ਧੰਨਾ ਜੀ, ਕਬੀਰ ਜੀ, ਨਾਮਦੇਉ ਜੀ ਦੇ ਜੀਵਨ ਨਾਲ ਸਬੰਧਿਤ ਮਨਘੜਤ ਸਾਖੀਆਂ ਦਾ ਬੋਲਬਾਲਾ ਅੱਜ ਵੀ ਸਾਨੂੰ ਲੋਕ ਮਨਾ ਉੱਤੇ ਵੇਖਣ ਨੂੰ ਮਿਲਦਾ ਹੈ। ਜਿੱਥੇ ਇਹ ਸਾਖੀਆਂ ਜ਼ਿੰਦਗੀ ਨੂੰ ਕੋਈ ਸਾਰਥਿਕ ਸੇਧ ਨਹੀਂ ਦਿੰਦੀਆਂ, ਉਥੇ ਵਿਗਿਆਨਕ ਨਜ਼ੱਰੀਏ ਨਾਲ ਵੇਖਿਆਂ ਵੀ ਖ਼ਰੀਆਂ ਨਹੀਂ ਉੱਤਰਦੀਆਂ।
ਕਰਾਮਾਤੀ ਸਾਖੀਆਂ ਬਾਣੀ ਰਚੇਤਾ ਮਹਾਂਪੁਰਸ਼ਾਂ ਦੀ ਵਡਿਆਈ ਨਹੀਂ, ਸਗੋਂ ਉਹਨਾਂ ਦੀ ਤੌਹੀਨ ਕਰਨ ਦੇ ਤੁੱਲ਼ ਹਨ। ਪਰ, ਪ੍ਰੋ: ਸਾਹਿਬ ਸਿੰਘ ਜੀ ਹੁਰਾਂ ਨੇ ਕਈ ਸਾਲਾਂ ਦੀ ਮਿਹਨਤ ਤੋਂ ਬਅਦ ਗੁਰਬਾਣੀ ਵਿਆਕਰਣ ਨੇਮਾਂ ਨੂੰ ਸਾਹਮਣੇ ਰੱਖ ਕੇ ਵਾਧੂ ਦੀਆਂ ਕਰਾਮਾਤੀ ਸਾਖੀਆਂ ਨੂੰ ਤਿਲਾਂਜ਼ਲੀ ਦੇ ਕੇ ਬਾਣੀ ਦੇ ਅਰਥ ਕੀਤੇ ਹਨ। ਹੁਣ ਤੱਕ ਦੇ ਹੋਏ ਟੀਕਿਆਂ ਵਿੱਚੋਂ ਸੱਭ ਤੋਂ ਸਲਾਹੁਣ ਯੋਗ ਕਾਰਜ ਪ੍ਰੋ: ਸਾਹਿਬ ਸਿੰਘ ਜੀ ਨੇ ਹੀ ਕੀਤਾ ਹੈ। ਭਾਂਵੇ ਕਿ ਇਹ ਕਾਰਜ ਹੋਏ ਨੂੰ ਪੰਜਾਹ ਸਾਲਾਂ ਤੋਂ ਵੱਧ ਸਮਾਂ ਹੋ ਚੁੱਕਾ ਹੈ, ਅਗਾਂਹ ਹੋਰ ਵੀ ਵਿਕਾਸ ਦੀ ਲੋੜ ਹੈ, ਪਰ ਜਿੰਨੀ ਦੇਰ ਕੋਈ ਨਵਾਂ ਉਪਰਾਲਾ ਨਹੀਂ ਹੁੰਦਾ ਉਦੋਂ ਤੱਕ ਪ੍ਰੋ: ਸਾਹਿਬ ਸਿੰਘ ਦਾ ਟੀਕਾ ਕਰਾਮਾਤੀ ਕਹਾਣੀਆਂ ਨੂੰ ਠੱਲ੍ਹ ਪਾਉਣ ਲਈ ਚੰਗਾ ਹਥਿਆਰ ਹੈ ਸਾਡੇ ਕੋਲ ।
2. ਭਾਂਵੇ ਕਿ ਸਾਡੇ ਗੁਰੂ ਸਾਹਿਬ ਕਰਾਮਾਤ ਨੂੰ ਕਹਿਰ ਕਹਿੰਦੇ ਸਨ, ਪਰ ਸਾਡੇ ਬਹੁਤ ਸਾਰੇ ਇਤਿਹਾਸਕ ਸ੍ਰੋਤਾਂ ਵਿੱਚ ਗੁਰੂ ਸਾਹਿਬ ਜੀ ਤੇ ਹੋਰ ਇਤਹਾਸਕ ਪਾਤਰਾਂ ਨਾਲ ਕਰਾਮਾਤੀ ਕਹਾਣੀਆਂ ਜੁੜੀਆ ਸਾਨੂੰ ਅੱਜ ਵੀ ਮਿਲਦੀਆਂ ਹਨ। ਇਸਦਾ ਸਿੱਧਾ ਜਿਹਾ ਕਾਰਨ ਇਹ ਹੈ ਕਿ ਸਾਡਾ ਬਹੁਤ ਸਾਰਾ ਇਤਿਹਾਸ ਗੈਰ ਸਿੱਖ ਲਿਖਾਰੀਆਂ ਨੇ ਲਿਖਿਆ ਹੈ, ਜਿਨ੍ਹਾਂ ਨੇ ਜਾਣ ਬੁੱਝ ਕੇ ਸ਼ਰਾਰਤ ਵੱਸ ਇਤਿਹਾਸ ਨੂੰ ਗਲਤ ਰੰਗਤ ਦੇ ਆਪਣੀ ਈਰਖ ਦਾ ਪ੍ਰਗਟਾਵਾ ਕੀਤਾ ਹੈ, ਇੰਝ ਦੁਨੀਆਂ ਦੇ ਲਾਸਾਨੀ ਤੇ ਲਹੂ ਭਿੱਜੇ ਇਤਿਹਾਸ ਨੂੰ ਤੋੜ ਮਰੋੜ ਕੇ ਗਲਤ ਰੰਗਤ ਦਿੱਤੀ ਗਈ, ਜੇਕਰ ਸਿੱਖ ਇਤਿਹਾਸਕਾਰਾਂ ਦੀ ਗੱਲ ਕਰੀਏ ਤਾਂ ਇਹਨਾਂ ਲਿਖਾਰੀਆਂ ਨੇ ਗੁਰਮਤਿ ਦੀ ਕਸਵੱਟੀ 'ਤੇ ਹਰੇਕ ਗੱਲ ਨੂੰ ਪਰਖਣ ਦੀ ਥਾਂ ਸ਼ਰਧਾ ਤੇ ਮਜ਼ਬੂਰੀ ਵੱਸ ਬਹੁਤ ਸਾਰੀਆਂ ਕਰਾਮਾਤੀ ਕਹਾਣੀਆਂ ਇਤਿਹਾਸ ਵਿੱਚ ਰਲਗੱਡ ਕਰ ਦਿੱਤੀਆਂ।
ਨੋਟ: ਕਵੀ ਸੰਤੋਖ ਸਿੰਘ ਚੂੜਾਮਣੀ ਰਚੇਤਾ (ਸੂਰਜ ਪ੍ਰਕਾਸ਼) ਗ੍ਰੰਥ ਲਿਖਦੇ ਹਨ ਕਿ ਸੂਰਜ ਪ੍ਰਕਾਸ਼ ਗ੍ਰੰਥ ਰਚਨ ਸਮੇਂ ਉਹਨਾਂ ਦੁਆਲੇ ਮੰਦ ਮੱਤ ਝੋਟੇ ਅੜਿੰਗਦੇ ਹਨ, ਸੂਰ ਘੁਰਕਦੇ ਹਨ, ਖੋਤੇ ਹੀਂਗਦੇ ਹਨ, ਤੇ ਕੁੱਤੇ ਭੌਂਕਦੇ ਹਨ। ਜਾਣੀ ਕਿ ਇਹ ਸਾਰੀ ਪਸੂ ਮੰਡਲੀ ਉਹਨਾਂ ਦੀ ਸਮੱਗਰੀ ਨੂੰ ਦੂਸ਼ਿਤ ਕਰਨ ਲਈ ਪੂਰੀ ਤਰਾਂ, ਪ੍ਰਤਿਗਿਆ ਬੱਧ ਸੀ, ਫਿਰ ਕੈਥਲ ਦੇ ਰਾਜਾ ਉਦੈ ਸਿੰਘ ਦੇ ਕਹਿਣ ਤੇ ਸੰਤੋਖ ਸਿੰਘ ਦੀ ਰਚਨਾ ਸੋਧਣ ਲਈ ਚਾਰ ਪੰਡਿਤਾਂ ਦੀ ਇੱਕ ਟੋਲੀ ਥਾਪੀ ਗਈ ਸੀ, ਜਿੰਨਾਂ ਦਾ ਸੰਤੋਖ ਸਿੰਘ ਪ੍ਰਤੀ ਸੱਭ ਤੋਂ ਵੱਡਾ ਅੈਤਰਾਜ਼ ਲਿਖਾਰੀ ਦਾ ਬ੍ਰਾਹਮਣ ਜ਼ਾਤੀ ਵਿੱਚੋਂ ਨਾਂ ਹੋਣਾ ਸੀ, ਐਸੇ ਹਲਾਤਾਂ ਚੋਂ ਬਿੱਪਰਵਾਦੀ ਰਲਾ ਨਾਂ ਪਵੇ ਹੋ ਈ ਨਹੀਂ ਸਕਦਾ ।
ਸੋ ਏਥੇ ਇਹ ਗੱਲ ਵਿਚਾਰਣਯੋਗ ਹੈ ਕਿ ਜਿਸ ਗ੍ਰੰਥ ਦੀ ਕਥਾ ਬਹੁਤਾਂਤ ਗੁਰਦੁਆਰਿਆਂ ਵਿੱਚ ਅੱਜ ਹੋ ਰਹੀ ਹੈ, ਜੇ ਉਸ ਗ੍ਰੰਥ ਵਿੱਚ ਗੁਰਮਤਿ ਦੇ ਉਲਟ ਕਰਾਮਾਤੀ ਸਾਖੀਆਂ ਦਰਜ਼ ਹਨ ਤਾਂ ਬਾਕੀ ਗ੍ਰੰਥਾਂ ਬਾਰੇ ਕੀ ਕਿਹਾ ਜਾਵੇ ?
ਕਰਾਮਾਤਾਂ ਨੂੰ ਮੰਨਣ ਦਾ ਭਾਵ ਹੈ, ਕੁਦਰਤੀ ਨਿਯਮਾਂ ਦੇ ਉਲਟ ਚੱਲਣਾਂ ਤੇ ਅੰਧ ਵਿਸ਼ਵਾਸ਼ੀ ਹੋਣਾ ਹੈ। ਜਿਸ ਦੀ ਪ੍ਰਵਾਨਗੀ ਸਾਨੂੰ ੩੫ ਮਹਾਂਪੁਰਸ਼ਾਂ ਦੀ ਰਚਨਾਂ ਕਦੇ ਵੀ ਨਹੀਂ ਦਿੰਦੀ। ਸਿੱਖੀ ਦੇ ਸੁਨਹਿਰੀ ਤਿੰਨ ਅਸੂਲ ਹਨ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਕੁਦਰਤੀ ਰਜ਼ਾ ਵਿੱਚ ਰਾਜ਼ੀ ਰਹਿਣਾਂ ਹੀ ਸੱਭ ਤੋਂ ਵੱਡਾ ਧਰਮ ਹੈ ਸੱਚੇ ਸਿੱਖ ਲਈ, ਦੁੱਖ ਸੁੱਖ ਵਿੱਚ ਅਡੋਲ ਰਹਿਣ ਦਾ ਨਾਮ ਸਿੱਖੀ ਹੈ, ਗੁਰਬਾਣੀ ਪੜਣੀ, ਵਿਚਾਰਨੀ ਤੇ ਅਮਲ ਕਰਨ ਦਾ ਨਾਮ ਹੈ ਸਿੱਖੀ। ਗੁਲਾਮੀ ਦਾ ਜੂਲਾ ਲਾਹੁਣ ਲਈ ਸ਼ੰਘਰਸ਼ ਕਰਨਾ ਹੈ ਸਿੱਖੀ। ਇਸਦੇ ਉਲਟ ਵਿਹਲੇ, ਢਿੱਲੜ ਤੇ ਅਵੇਸਲੇ ਰਹਿ ਕੇ ਕਿਸੇ ਕੁਦਰਤੀ ਕ੍ਰਿਸ਼ਮੇ ਦੀ ਝਾਕ ਰੱਖਣੀ ਸਿੱਖੀ ਸਿਧਾਂਤ ਨਹੀਂ। ਗੁਰੂ ਦਾ ਸਿੱਖ ਰੱਬੀ ਬਖਸ਼ਿਸ਼ ਨੂੰ ਹੀ ਕਰਾਮਾਤ ਸਮਝਦਾ ਹੈ ।
ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ॥੧॥ ਸਫਾ ੪੭੫
ਗੁਰਬਾਣੀ ਵਿੱਚ ਤਾਂ ਇਸ ਕਰਾਮਾਤ ਨੂੰ ਫਿਟਕਾਰਯੋਗ ਵੀ ਕਿਹਾ ਗਿਆ ਹੈ ।
ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ ਸਫਾ ੬੫੦
ਭਾਈ ਗੁਰਦਾਸ ਜੀ ਵਾਰ ੧ ਮੁਤਾਬਕ, ਸਿੱਧਾਂ ਦੇ ਸਵਾਲ ਦਾ ਜੋ ਜਵਾਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤਾ ਉਹ ਇਸ ਪ੍ਰਕਾਰ ਹੈ :
ਸਿਧਿ ਬੋਲਨਿ ਸੁਣਿ ਨਾਨਕਾ ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ। ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੨ ਪੰ. ੧
...ਤੇ ਗੁਰੂ ਬਾਬੇ ਦਾ ਉੱਤਰ ਸੀ
ਬਾਬਾ ਬੋਲੇ ਨਾਥ ਜੀ ਸਬਦੁ ਸੁਨਹੁ ਸਚੁ ਮੁਖਹੁ ਅਲਾਈ।
ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ। ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੩ ਪੰ.੧
ਆ ਕਰਾਮਾਤ ਹੈ, ਗੁਰੂ ਦਰ ਦੀ... ਸਦੀਆਂ ਦੀ ਗੁਲਾਮੀ ਨੂੰ ਮਨੁੱਖਤਾ ਦੇ ਗਲੋਂ ਲਾਹੁਣ ਲਈ ਲੰਮੇ ਲੰਮੇ ਪਰਚਾਰ ਦੌਰੇ, ਰਾਜਸ਼ੀ ਦੇ ਧਾਰਮਿਕ ਲੁਟੇਰਿਆਂ ਦੀ ਸਚਾਈ ਲੋਕਾਂ ਨੂੰ ਨੰਗੇ ਧੜ ਹੋ ਕੇ ਦੱਸਣੀ, ਧਰਮ ਦੇ ਨਾਂ 'ਤੇ ਹੋ ਰਹੇ ਫੋਕਟ ਕਰਮਕਾਂਡਾਂ ਨੂੰ ਰੱਦ ਕਰਨਾਂ, ਜ਼ੁਲਮ ਨਾਲ ਆਡ੍ਹਾ ਲੈਣ ਵਾਲੀ ਸੂਰਬੀਰ ਯੋਧਿਆਂ ਦੀ ਜੱਥੇਬੰਦੀ ਕਾਇਮ ਕਰਨੀ, ਅਣਖ਼ ਗੈਰਤ ਲਈ ਮਰ ਮਿੱਟਣ ਵਾਲੇ ਮੁੱਠੀ ਭਰ ਜੁਝਾਰੂ ਸਿੱਖਾਂ ਨਾਲ ਵਕਤ ਦੀ ਸਰਕਾਰ ਨੂੰ ਭਾਜੜ ਪਾ ਦੇਣੀ, ਤੱਤੀਆਂ ਤਵੀਆਂ, ਉਬਲਦੇ ਦੇਗੇ, ਆਰੇ, ਚਰਖੜੀਆਂ, ਜੰਬੂਰ, ਕੌਮੀ ਪਰਵਾਨਿਆਂ ਦੇ ਹੌਂਸਲੇ ਪਸਤ ਨਾ ਕਰ ਸਕੇ। ਇਹ ਸਾਰਾ ਕੁੱਝ ਕਰਾਮਾਤਾਂ ਹੀ ਤਾਂ ਹਨ, ਗੁਰੂ ਦਰ ਦੀਆਂ, ਨਿੱਕੀਆਂ ਜ਼ਿੰਦਾਂ ਦਾ ਨੀਹਾਂ 'ਚ ਖਲੋਣਾ... ਕਿਸੇ ਕਰਾਮਾਤ ਤੋਂ ਘੱਟ ਸੀ ਭਲਾ ?
ਸੱਭ ਤੋਂ ਵੱਡੀ ਕਰਾਮਾਤ ਜੀਵਨ ਮਨੋਰਥ ਦੱਸਣਾਂ ਤੇ ਜ਼ਿੰਦਗੀ ਜਿਉਣ ਦਾ ਢੰਗ ਸਿਖਾ ਦੇਣਾ ਸੀ। ਇਸ ਤੋਂ ਇਲਾਵਾ ਕਿਸੇ ਹੋਰ ਦੂਜੀ ਕਰਾਮਾਤ ਨੂੰ ਗੁਰਮਤਿ ਨੇ ਨਾ ਮੰਨਿਆ ਹੈ ਤੇ ਨਾ ਹੀ ਮੰਨਦੀ ਹੈ।
ਨਿਰਮਲ ਸਿੰਘ ਸੁਰ ਸਿੰਘ
ਕਰਾਮਾਤ ਕੀ ਹੈ ?
Page Visitors: 2521