ਗੁਰਮੀਤ ਪਲਾਹੀ
ਰੁੱਤਾਂ ਆਉਂਦੀਆਂ ਤੇ ਰੁੱਤਾਂ ਜਾਂਦੀਆਂ ਨੇ, ਐਪਰ ਚੱਜ ਦੀ ਨਹੀਂ ਸਰਕਾਰ ਮਿਲਦੀ .... ਗੁਰਮੀਤ ਪਲਾਹੀ ਦੀ ਕਲਮ ਤੋਂ
Page Visitors: 2530
ਰੁੱਤਾਂ ਆਉਂਦੀਆਂ ਤੇ ਰੁੱਤਾਂ ਜਾਂਦੀਆਂ ਨੇ, ਐਪਰ ਚੱਜ ਦੀ ਨਹੀਂ ਸਰਕਾਰ ਮਿਲਦੀ .... ਗੁਰਮੀਤ ਪਲਾਹੀ ਦੀ ਕਲਮ ਤੋਂ
ਡੰਗ ਅਤੇ ਚੋਭਾਂ
Feb 26, 2019 12:00 AM
ਖ਼ਬਰ ਹੈ ਕਿ ਨਰੇਂਦਰ ਮੋਦੀ ਸਰਕਾਰ ਨੇ ਹਿੰਦੋਸਤਾਨ ਦੇ ਹਰ ਕਿਸਾਨ ਦੇ ਬੈਂਕ ਖਾਤੇ ਵਿੱਚ 2000 ਰੁਪਏ ਪਾ ਦਿੱਤੇ ਹਨ ਅਤੇ ਇਹ ਰਕਮ ਹਰ ਕਿਸਾਨ ਨੂੰ ਸਲਾਨਾ 6000 ਰੁਪਏ ਦੇਣ ਦੀ ਕੁੱਲ ਰਕਮ ਦਾ ਇੱਕ ਹਿੱਸਾ ਹੈ। ਅਗਲੀਆਂ ਕਿਸ਼ਤਾਂ ਬਾਅਦ ਵਿੱਚ ਦਿੱਤੀਆਂ ਜਾਣਗੀਆਂ। ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਵਿੱਚ ਇੱਕ ਕਰੋੜ ਕਿਸਾਨਾਂ ਨੂੰ ਇਹ ਰਕਮ ਦਿੱਤੀ ਗਈ ਹੈ। ਮੋਦੀ ਨੇ ਕਿਹਾ ਕਿ ਮੇਰੀ ਸਰਕਾਰ ਵਿੱਚ ਵਿਚੋਲਿਆਂ-ਦਲਾਲਾਂ ਦੀ ਥਾਂ ਨਹੀਂ ਹੈ। ਤੁਸੀਂ ਸੁਣਿਆ ਤਾਂ ਹੋਵੇਗਾ ਕਿ ਫਰਾਂਸ ਨਾਲ ਰਾਫੇਲ ਸੌਦਾ ਸਿੱਧਾ ਮੋਦੀ ਜੀ ਨੇ ਕੀਤਾ ਅਤੇ ਰਾਫੇਲ ਜਹਾਜ਼ਾਂ ਦੀ ਕੀਮਤ ਪਹਿਲਾਂ ਤਹਿ ਕੀਤੀ ਕੀਮਤ ਤੋਂ ਦੁਗਣੀ ਹੋ ਗਈ। ਯਾਰੀ ਪੁਗਾਉਂਦਿਆਂ ਆਪਣੇ ਦੋਸਤ ਅੰਬਾਨੀ ਨਾਲ ਫਰਾਂਸੀਸੀਆਂ ਦੀ ਗੱਲ ਕਰਾਤੀ। ਵਿਚੋਲਿਆਂ-ਦਲਾਲਾਂ ਦੀ ਤਾਂ ਲੋੜ ਹੀ ਕੋਈ ਨਹੀਂ, ਸਿੱਧੀ ਜੇਬ ਗਰਮ ਕਰਨ ਦਾ ਸਮਾਂ ਆ ਗਿਆ ਹੈ।
ਤੁਸੀਂ ਸੁਣਿਆ ਤਾਂ ਹੋਏਗਾ ਰਾਤੋ-ਰਾਤ ਮੋਦੀ ਨੂੰ ਸੁਫ਼ਨਾ ਆਇਆ, ਨੋਟਬੰਦੀ ਕਰ ਦਿੱਤੀ। ਲੋਕਾਂ 'ਚ ਹਾਹਾਕਾਰ ਮੱਚ ਗਈ। ਕਾਰਪੋਰੇਟੀਆਂ ਅਤੇ ਵੱਡੇ ਭਾਜਪਾ ਨੇਤਾਵਾਂ ਆਪਣਾ ਕਾਲਾ ਧਨ 'ਗੋਰਾ' ਕਰ ਲਿਆ। ਨਾ ਨੋਟ ਕਾਲੇ ਨਿਕਲੇ, ਨਾ ਨੋਟ ਨਕਲੀ ਨਿਕਲੇ। ਉਲਟਾ ਘਰਾਂ ਦੇ ਘਰ ਤਬਾਹ ਹੋ ਗਏ। ਕਈ ਨੋਟਬੰਦੀ ਦੀ ਭੇਟ ਚੜ੍ਹ ਗਏ। ਬੈਂਕਾਂ ਵਾਲੇ ਮੈਨੇਜਰਾਂ ਅਧਿਕਾਰੀਆਂ ਦੀ ਮੌਜਾਂ ਲੱਗ ਗਈਆਂ।
ਇਧਰ ਵਿਚਾਰੀਆਂ ਬੀਬੀਆਂ ਦੀਆਂ ਗੁੱਥਲੀਆਂ ਵਿਚੋਂ ਵਰ੍ਹਿਆਂ ਤੋਂ ਰੱਖੇ ਨੋਟ ਖਿਸਕ ਗਏ, ਉਹਨਾ ਦੇ ਖਜ਼ਾਨੇ ਖਾਲੀ ਹੋ ਗਏ। ਵਿਚੋਲਿਆਂ-ਦਲਾਲਾਂ ਦੀ ਤਾਂ ਮੋਦੀ ਜੀ ਨੂੰ ਲੋੜ ਹੀ ਨਹੀਂ ਪਈ, ਉਹਦੇ ਮਿੱਤਰ ਕਾਰਪੋਰੇਟੀਆਂ ਦੇ ਖਜ਼ਾਨੇ ਚਿੱਟੇ ਧਨ ਨਾਲ ਤੂਸੇ ਗਏ।
ਤੁਸੀਂ ਸੁਣਿਆ ਤਾਂ ਹੋਵੇਗਾ ਕਿ 2014 ਦੀਆਂ ਚੋਣਾਂ 'ਚ ਮੋਦੀ ਜੀ ਨੇ 15 ਲੱਖ ਹਰੇਕ ਦੀ ਝੋਲੀ 'ਚ 'ਕਾਲਾ ਧਨ' ਵਿਦੇਸ਼ੋਂ ਲਿਆ ਕੇ ਪਾਉਣ ਦਾ ਵਾਅਦਾ ਕੀਤਾ ਸੀ, ਉਹ ਵਾਅਦਾ ਨਿਭਾਇਆ ਨਾ ਜਾ ਸਕਿਆ ਕਿਉਂਕਿ ਉਹ ਭਾਜਪਾ ਪ੍ਰਧਾਨ ਦੇ ਕਹਿਣ ਅਨੁਸਾਰ ਚੋਣ-ਜੁਮਲਾ ਸੀ। ਪਰ ਆਹ ਦੇਖੋ ਕਿੱਡੀ ਵੱਡੀ ਗੱਲ ਮੋਦੀ ਸਰਕਾਰ ਨੇ ਆਤਮ ਹੱਤਿਆ ਕਰ ਰਹੇ, ਭੁੱਖ ਨਾਲ ਮਰ ਰਹੇ ਕਿਸਾਨਾਂ ਲਈ ਕਰ ਦਿੱਤੀ ਆ। ਵਿਚੋਲਿਆਂ-ਦਲਾਲਾਂ ਤੋਂ ਬਿਨ੍ਹਾਂ ਹੀ 2019 ਦੀ ਚੋਣ ਲਈ ਵੋਟਾਂ ਦੀ ਖਰੀਦ ਕਰ ਲਈ ਆ। ਉਂਜ ਤਾਂ ਚੋਣ ਡੱਬੇ ਭਾਜਪਾਈਆਂ ਨੂੰ ਸਾਫ ਹੀ ਦਿਸਦੇ ਸਨ, ਚਲੋ ਦੋ ਚਾਰ ਵੋਟਾਂ ਡਿੱਗਣ ਦੀ ਆਸ ਬੱਝ ਗਈ ਆ। ਚਾਰ ਜੀਆਂ ਦੇ ਪਰਿਵਾਰ ਲਈ 2000 ਰੁਪੱਈਏ (ਛਿੱਲੜ) ਜਾਣੀ ਪ੍ਰਤੀ ਵੋਟ 500 ਰੁਪਈਆ। ਵਿਚੋਲਿਆਂ-ਦਲਾਲਾਂ ਦੀ ਤਾਂ ਭਾਈ ਲੋੜ ਹੀ ਕੋਈ ਨਹੀਂ, ਸਿੱਧੇ ਆਉ ਸਿੱਧੇ ਪਾਉ ਅਤੇ 2000 ਰੁਪਈਏ ਨਾਲ ਮੌਜਾਂ ਉਡਾਓ ਜਾਂ ਫਿਰ ਔਖੇ ਵੇਲਿਆਂ ਲਈ ਸੰਦੂਕੜੀ 'ਚ ਪਾ ਕੇ ਰੱਖ ਲਓ, ਕੰਮ ਆਉਣਗੇ।
ਗੁੱਡੇ ਗੁੱਡੀ ਦਾ ਵਿਆਹ ਰਚਾ ਦੇਈਏ,
ਪੈਦਾ ਉਹਦੇ 'ਚੋਂ ਨਹੀਂ ਸੰਤਾਨ ਹੁੰਦੀ
ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨੇ ਕੁੰਭ ਮੇਲੇ ਦੇ ਆਖ਼ਰੀ ਦਿਨ ਪਵਿੱਤਰ ਤ੍ਰਿਵੇਣੀ 'ਚ ਪੁੰਨ ਦੀਆਂ ਪੰਜ ਡੁੱਬਕੀਆਂ ਲਾਕੇ ਪੂਜਾ ਅਰਚਨਾ ਤੋਂ ਬਾਅਦ ਸਾਧੂ-ਸੰਤਾਂ ਦੀ ਚਰਨ ਧੂੜ ਲੈਣ ਦੀ ਪਰੰਪਰਾ 'ਚ ਸਮਾਜਿਕ ਸੁਧਾਰ ਦੀ ਲੜੀ ਜੋੜੀ। ਉਹਨਾ ਪੰਜ ਸਫ਼ਾਈ ਮੁਲਾਜ਼ਮਾਂ ਦੇ ਪੈਰ ਧੋਤੇ। ਇਸ ਅਨੋਖੇ ਸਨਮਾਨ ਨਾਲ ਗਦਗਦ ਸਵੱਛਤਾ ਵਰਕਰਾਂ ਦੇ ਨਾਲ ਹੀ ਸਫ਼ਾਈ ਮੁਲਾਜ਼ਮਾਂ ਨੂੰ ਕਰਮਯੋਗੀ ਦਾ ਨਾਂ ਦੇਕੇ ਸਨਮਾਨਿਤ ਕੀਤਾ। ਕਰਮਯੋਗੀਆਂ ਦੇ ਪਰਿਵਾਰ ਲਈ ਉਹਨਾ ਸਵੱਛ ਸੇਵਾ ਸਨਮਾਨ ਦਾ ਐਲਾਨ ਕਰ ਕੇ ਸਵੱਛਤਾ, ਬਰਾਬਰੀ ਤੇ ਖੁਸ਼ਹਾਲੀ ਦੀ ਵੀ ਕਾਮਨਾ ਕੀਤੀ। ਸਫ਼ਾਈ ਮੁਲਾਜ਼ਮਾਂ ਦੇ ਪੈਰ ਧੋਣ ਨੂੰ ਉਹਨਾ ਨੇ ਜੀਵਨ ਭਰ ਨਾ ਭੁਲਣ ਵਾਲਾ ਇਤਿਹਾਸਕ ਪਲ ਦੱਸਿਆ।
ਮੈਂ ਨਹੀਂ ਜਾਣਦਾ ਕਿ ਤੁਸੀਂ ਨਹੀਂ ਜਾਣਦੇ ਕਿ ਸਫ਼ਾਈ ਕਾਮਿਆਂ ਨਾਲ ਹਾਲੇ ਵੀ ਉੱਚ ਜਾਤੀਆਂ ਦੇ ਲੋਕ ਛੂਆ-ਛੂਤ ਕਰਦੇ ਹਨ। ਉਹਨਾ ਨੂੰ ਮੰਦਰਾਂ 'ਚ ਜਾਣ ਦੀ ਆਗਿਆ ਨਹੀਂ। ਹਾਲੇ ਵੀ ਉਹਨਾ ਨੂੰ ਮਨੁੱਖੀ ਗੰਦ ਸਿਰਾਂ ਤੇ ਢੋਣਾ ਪੈਂਦਾ ਹੈ। ਕੁੰਭ ਮੇਲੇ 'ਚ ਕਿਹਾ ਜਾਂਦਾ ਹੈ ਕਿ 22 ਕਰੋੜ ਲੋਕ ਪੁੱਜੇ ਅਤੇ ਸਫ਼ਾਈ ਦਾ ਕੰਮ ਉਹਨਾ ਵਲੋਂ ਬਿਨ੍ਹਾਂ ਹੁਜਤ ਕੀਤਾ ਗਿਆ।
ਮੈਂ ਨਹੀਂ ਜਾਣਦਾ ਕਿ ਤੁਸੀਂ ਨਹੀਂ ਜਾਣਦੇ ਕਿ ਹਾਲੇ ਵੀ ਸਫ਼ਾਈ ਸੇਵਕਾਂ ਦੇ ਲੋਕਾਂ ਨੂੰ ਘੋੜੀ ਚੜ੍ਹਕੇ ਵਿਆਹ ਕਰਾਉਣ ਦੀ ਆਗਿਆ ਉੱਚ ਤਬਕੇ ਦੇ ਲੋਕ ਨਹੀਂ ਦਿੰਦੇ, ਉਹਨਾ ਨਾਲ ਵਰਤੋਂ ਵਿਹਾਰ ਦੀ ਗੱਲ ਤਾਂ ਦੂਰ, ਭੈੜੇ-ਭੈੜੇ ਬੋਲਾਂ ਨਾਲ ਉਹਨਾ ਦਾ ਤ੍ਰਿਸਕਾਰ ਕੀਤਾ ਜਾਂਦਾ ਹੈ।
ਮੈਂ ਨਹੀਂ ਜਾਣਦਾ ਕਿ ਤੁਸੀਂ ਨਹੀਂ ਜਾਣਦੇ ਕਿ ਦੋ ਟੁੱਕ ਰੋਟੀ ਲਈ ਇਹਨਾ ਲੋਕਾਂ ਨੂੰ ਹਾਲੇ ਵੀ ਸੌ ਸੌ ਜਫ਼ਰ ਜਾਲਣੇ ਪੈਂਦੇ ਹਨ। ਉਹਨਾ ਦੀ ਸਵੱਛਤਾ, ਬਰਾਬਰੀ ਤੇ ਖੁਸ਼ਹਾਲੀ ਦੀ ਤਾਂ ਗੱਲ ਹੀ ਛੱਡੋ, ਉਹਨਾ ਦੇ ਤਨ ਤੇ ਨਾ ਲੀੜੇ ਹਨ, ਸਿਰ ਤੇ ਛੱਤ ਉਹਨਾ ਨੂੰ ਨਹੀਂ ਮਿਲਦੀ, ਢਿੱਡ ਨੂੰ ਝੁਲਸਾ ਦੇਣ ਦਾ ਕੋਈ ਪੱਕਾ ਪ੍ਰਬੰਧ ਹੀ ਕੋਈ ਨਹੀਂ।
ਮੈਂ ਨਹੀਂ ਜਾਣਦਾ ਕਿ ਤੁਸੀਂ ਨਹੀਂ ਜਾਣਦੇ ਕਿ 2019 ਦੀਆਂ ਚੋਣਾਂ ਆ ਗਈਆਂ ਹਨ। ਨੇਤਾਵਾਂ ਨੇ ਜਨਤਾ ਦੀਆਂ ਵੋਟਾਂ ਅਟੇਰਨੀਆਂ ਹਨ। ਇਸੇ ਕਰਕੇ ਇਹੋ ਜਿਹੇ ਕੰਮ ਮਜ਼ਦੂਰਾਂ ਦੇ ਦਰੀਂ ਜਾਕੇ ਆਪਣੇ ਘਰੋਂ ਲਿਆਦਾ ਅੰਨ ਛੱਕਣਾ, ਪੈਰ ਧੋ-ਧੋ ਕੇ ਡਰਾਮੇ ਕਰਨੇ ਆਮ ਜਿਹੀ ਗੱਲ ਆ। ਉਂਜ ਭਾਈ ਜਿੰਨੇ ਮਰਜ਼ੀ ਇਹ ਨੇਤਾ ਲੋਕ ਖੇਖਨ ਕਰਨ, ਪਰ ਇਹ ਪਾੜਾ ਖਤਮ ਨਹੀਂ ਕਰ ਸਕਦੇ ਤਦੇ ਤਾਂ ਕਵੀ ਕਹਿੰਦਾ ਹੈ,
"ਗੁੱਡੇ ਗੁੱਡੀ ਦਾ ਵਿਆਹ ਰਚਾ ਦੇਈਏ,
ਪੈਦਾ ਉਹਦੇ 'ਚੋਂ ਨਹੀਂ ਸੰਤਾਨ ਹੁੰਦੀ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਨੇ 1947-48, 1961 (ਗੋਆ), 1962(ਚੀਨ), 1965, 1971, 1987 (ਸਿਆਚਿਨ), ਕਾਰਗਿਲ(1999) ਯੁੱਧ ਲੜੇ, ਜਿਹਨਾ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸੈਨਿਕ ਮਾਰੇ ਗਏ, ਪਰ ਦੇਸ਼ ਦੀ ਖਾਤਰ ਮਰਨ ਵਾਲੇ ਇਹਨਾ ਸੈਨਿਕਾਂ ਨੂੰ ਸਰਕਾਰ ਵਲੋਂ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ।
ਇਕ ਵਿਚਾਰ
ਦੇਸ਼ ਭਗਤੀ ਹਰ ਉਸ ਵੇਲੇ ਦੇਸ਼ ਅਤੇ ਸਰਕਾਰ ਦੀ ਹਮਾਇਤ ਕਰਦੀ ਹੈ, ਜਦ ਉਹ ਇਸਦੀ ਹੱਕਦਾਰ ਹੁੰਦੀ ਹੈ।.........ਮਾਰਕ ਟਵੈਨ
ਗੁਰਮੀਤ ਪਲਾਹੀ
9815802070