ਗੁਰਬਾਣੀ ਨੂੰ ਸਮਝਣ ਦੀ ਲੋੜ ਹੈ ਤਰਕ-ਵਿਤਰਕ ਦੀ ਨਹੀਂ (ਭਾਗ 2)
ਵੀਰ ਸਤਿਨਾਮ ਸਿੰਘ ਮੌਂਟ੍ਰੀਅਲ ਜੀ ਦਾ ਇਕ ਲੇਖ 7-5-2015 ਨੂੰ ‘ ਸਿੱਖ ਮਾਰਗ ’ ਤੇ ਛਪਿਆ , ਜਿਸ ਦਾ ਸਿਰਲੇਖ ਹੈ
॥ਐਸੇ ਲੋਗਨ ਸਿਉ ਕਿਆ ਕਹੀਐ ॥
ਜਿਸ ਵਿਚਲੇ ਸੱਤ ਵਿਸ਼ਿਆਂ ਵਿਚ ਇਕ ਇਹ ਵੀ ਹੈ,
‘ਹਾਏ ਇਹ ਜਮਣ ਮਰਣ ਨੂੰ ਨਹੀਂ ਮੰਨਦੇ ? ਜਿਸ ਦੇ ਜਵਾਬ ਵਿਚ ਉਨ੍ਹਾਂ ਲਿਖਿਆ ਹੈ,
ਜਵਾਬ - ਕਈ ਬਾਰ ਕਿਹਾ ਕਿ ਵੀਰੋ ਜੇ ਥੁਹਾਡੇ ਬਾਬੇ ਨੂੰ ਗੁਰਮਤਿ ਦੀ ਸਮਝ ਨਹੀ ਹੈ ਤਾਂ ਆਪਣੇ ਬਾਬੇ ਦੀ ਮੱਤ ਪੰਥ ਤੇ ਕਿਉਂ ਥੋਪਦੇ ਹੋ? ਪਰ ਕਿਥੇ! ਮਰ ਕੇ ਗਧਾਂ ਕੁੱਤਾ ਬਣਨ ਨੂੰ ਕਾਹਲੇ ਲੋਕ ਸਮਝਣ ਨੂੰ ਤਿਆਰ ਹੀ ਨਹੀ, ਗੁਰਬਾਣੀ ਤਾਂ ਸਿਰਫ ਮਨ ਦੇ ਅੰਦਰ ਦੇ ਸੁਭਾ ਦੀ ਗੱਲ ਕਰਦੀ ਹੈ, ਜਿਹੜਾ ਮਨੁੱਖ ਦੇ ਅੰਦਰ ਨਿਤ ਜਮਦਾ ਤੇ ਮਰਦਾ ਰਹਿੰਦਾ ਹੈ, ਗੁਰਬਾਣੀ ਵਿੱਚ ਸਾਫ ਲਿਖਿਆ ਕਿ “ਕਾਇਆ ਅੰਦਰਿ ਹਉਮੈ ਮੇਰਾ ॥ ਜੰਮਣ ਮਰਣੁ ਨ ਚੂਕੈ ਫੇਰਾ ॥ ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥126॥” ਹੁਣ ਤੁਸੀਂ ਸਾਨੂੰ ਦੱਸੋ ਕਿ ਅਸੀਂ ਗੁਰਬਾਣੀ ਦੀ ਮਨੀਏ ਜਾ ਥੁਹਾਡੇ ਕਿਸੇ ਭ੍ਰਮਗਿਆਨੀ ਦੀ ਮਨੀਏ??
ਇਸ ਵਿਚ ਜੰਮਣ-ਮਰਨ ਨੂੰ ਰੱਦ ਕਰਦੀ , ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਪੰਗਤੀ ਲਿਖੀ ਹੈ,
ਕਾਇਆ ਅੰਦਰਿ ਹਉਮੈ ਮੇਰਾ ॥ ਜੰਮਣ ਮਰਣੁ ਨ ਚੂਕੈ ਫੇਰਾ ॥
ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥ (126)
ਜਿਸ ਨੂੰ ਪੜ੍ਹ ਕੇ ਮੈਨੂੰ ਇਨ੍ਹਾਂ ਦੇ ਗੁਰਮਤਿ ਗਿਆਨ ਤੇ ਤਰਸ ਹੀ ਆਇਆ ਹੈ। ਵੈਸੇ ਮੈਂ ਇਹ ਵੀ ਸਮਝ ਨਹੀਂ ਸਕਿਆ ਕਿ ਵੀਰ ਜੀ ਆਪ ਹੀ ਗੁਰਬਾਣੀ ਨੂੰ ਨਹੀਂ ਸਮਝਦੇ ? ਜਾਂ ਆਮ ਸਿੱਖਾਂ ਨੂੰ ਹੀ ਅਗਿਆਨੀ ਸਮਝਦੇ ਹਨ ? ਚਲੋ ਆਪਾਂ ਵੇਖਦੇ ਹਾਂ ਕਿ ਇਹ ਪੰਗਤੀ ‘ਜਨਮ-ਮਰਨ’ ਦੇ ਗੇੜ ਨੂੰ ਰੱਦ ਕਰਦੀ ਹੈ ਜਾਂ ਉਸ ਦੀ ਪ੍ਰੋੜ੍ਹਤਾ ਕਰਦੀ ਹੈ ?
ਅਰਥ:- ਜਿਸ ਮਨੁੱਖ ਦੇ ਸਰੀਰ ਵਿਚ ਹਉਮੈ ਪਰਬਲ ਹੈ, ਮਮਤਾ (ਮੈਂ-ਮੇਰਾ) ਪਰਬਲ ਹੈ, ਉਸ ਮਨੁੱਖ ਦਾ ਜਨਮ-ਮਰਨ ਰੂਪ ਗੇੜਾ ਮੁਕਦਾ ਹੀ ਨਹੀਂ ।
ਜਿਹੜਾ ਮਨੁੱਖ ਗੁਰਮੁਖਿ ਹੋ ਕੇ, ਗੁਰੂ ਦੀ ਆਗਿਆ ਵਿਚ ਰਹਿੰਦਾ ਹੈ, ਉਹ ਆਪਣੇ ਅੰਦਰੋਂ ਹਉਮੈ ਮਾਰ ਲੈਂਦਾ ਹੈ, ਤੇ ਉਹ ਹਉਮੈਂ ਮਾਰ ਕੇ ਸਦਾ-ਥਿਰ ਰਹਣ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹੈ ।
ਇਹ ਤਾਂ ਇਸ ਤੁਕ ਦੇ ਅਰਥ ਹਨ , ਵੈਸੇ ਇਸ ਪੂਰੇ ਸ਼ਬਦ ਦੇ ਅਰਥ ਇਵੇਂ ਹਨ,
ਸ਼ਬਦ: ਮੇਰਾ ਪ੍ਰਭੁ ਭਰਪੂਰਿ ਰਹਿਆ ਸਭ ਥਾਈ ॥ ਗੁਰ ਪਰਸਾਦੀ ਘਰ ਹੀ ਮਹਿ ਪਾਈ ॥
ਸਦਾ ਸਰੇਵੀ ਇਕ ਮਨਿ ਧਿਆਈ ਗੁਰਮੁਖਿ ਸਚਿ ਸਮਾਵਣਿਆ ॥1॥
ਹਉ ਵਾਰੀ ਜੀਉ ਵਾਰੀ ਜਗਜੀਵਨੁ ਮੰਨਿ ਵਸਾਵਣਿਆ ॥
ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਜਿ ਸਮਾਵਣਿਆ ॥1॥ਰਹਾਉ॥
ਘਰ ਮਹਿ ਧਰਤੀ ਧਉਲੁ ਪਾਤਾਲਾ ॥ ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ ॥
ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ ॥2॥
ਕਾਇਆ ਅੰਦਰਿ ਹਉਮੈ ਮੇਰਾ ॥ ਜੰਮਣ ਮਰਣੁ ਨ ਚੂਕੈ ਫੇਰਾ ॥
ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥3॥
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥4॥
ਘਰ ਹੀ ਮਾਹਿ ਦੂਜੈ ਭਾਇ ਅਨੇਰਾ ॥ ਚਾਨਣੁ ਹੋਵੈ ਛੋਡੈ ਹਉਮੈ ਮੇਰਾ ॥
ਪਰਗਟੁ ਸਬਦੁ ਹੈ ਸੁਖਦਾਤਾ ਅਨਦਿਨੁ ਨਾਮੁ ਧਿਆਵਣਿਆ ॥5॥
ਅੰਤਰਿ ਜੋਤਿ ਪਰਗਟੁ ਪਾਸਾਰਾ ॥ ਗੁਰ ਸਾਖੀ ਮਿਟਿਆ ਅੰਧਿਆਰਾ ॥
ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਵਣਿਆ ॥6॥
ਅੰਦਰਿ ਮਹਲ ਰਤਨੀ ਭਰੇ ਭੰਡਾਰਾ ॥ ਗਰਮੁਖਿ ਪਾਏ ਨਾਮ ਅਪਾਰਾ ॥
ਗੁਰਮੁਖਿ ਵਣਜੇ ਸਦਾ ਵਾਪਾਰੀ ਲਾਹਾ ਨਾਮੁ ਸਦ ਪਾਵਣਿਆ ॥7॥
ਆਪੇ ਵਥੁ ਰਾਖੈ ਆਪੇ ਦੇਇ ॥ ਗੁਰਮੁਖਿ ਵਣਜਹਿ ਕੇਈ ਕੇਇ ॥
ਨਾਨਕ ਜਿਸੁ ਨਦਰਿ ਕਰੇ ਸੋ ਪਾਏ ਕਰਿ ਕਿਰਪਾ ਮੰਨਿ ਵਸਾਵਣਿਆ ॥8॥27॥ (126)
ਹਉ ਵਾਰੀ ਜੀਉ ਵਾਰੀ ਜਗਜੀਵਨੁ ਮੰਨਿ ਵਸਾਵਣਿਆ ॥
ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਜਿ ਸਮਾਵਣਿਆ ॥1॥ਰਹਾਉ॥
ਹੇ ਭਾਈ ਮੈਂ ਸਦਾ ਉਨ੍ਹਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜੇ ਜਗਤ ਦੀ ਜ਼ਿੰਦਗੀ ਦੇ ਆਸਰੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ । ਪਰਮਾਤਮਾ ਜਗਤ ਨੂੰ ਜ਼ਿੰਦਗੀ ਦੇਣ ਵਾਲਾ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ । ਜਿਹੜਾ ਮਨੁੱਖ ਵੀ ਗੁਰੂ ਦੀ ਮੱਤ ਆਸਰੇ ਉਸ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਂਦਾ ਹੈ , ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ।
ਮੇਰਾ ਪ੍ਰਭੁ ਭਰਪੂਰਿ ਰਹਿਆ ਸਭ ਥਾਈ ॥ ਗੁਰ ਪਰਸਾਦੀ ਘਰ ਹੀ ਮਹਿ ਪਾਈ ॥
ਸਦਾ ਸਰੇਵੀ ਇਕ ਮਨਿ ਧਿਆਈ ਗੁਰਮੁਖਿ ਸਚਿ ਸਮਾਵਣਿਆ ॥1॥
ਮੇਰਾ ਪ੍ਰਭੂ ਸਭ ਥਾਵਾਂ ਵਿਚ ਪੂਰਨ ਤੌਰ ਤੇ ਮੌਜੂਦ ਹੈ , ਗੁਰੂ ਦੀ ਕਿਰਪਾ ਨਾਲ ਮੈਂ ਉਸ ਨੂੰ ਆਪਣੇ ਹਿਰਦੇ ਘਰ ਵਿਚ ਹੀ ਲੱਭ ਲਿਆ ਹੈ । ਮੈਂ ਹੁਣ ਉਸ ਨੂੰ ਸਦਾ ਸਿਮਰਦਾ ਹਾਂ, ਸਦਾ ਇਕਾਗਰ-ਮਨ ਹੋ ਕੇ ਉਸ ਦਾ ਧਿਆਨ ਧਰਦਾ ਹਾਂ। ਜਿਹੜਾ ਵੀ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ, ਉਹ ਸਦਾ-ਥਿਰ ਪਰਮਾਤਮਾ ਦੇ ਧਿਆਨ ਵਿਚ ਲੀਨ ਰਹਿੰਦਾ ਹੈ ।
ਘਰ ਮਹਿ ਧਰਤੀ ਧਉਲੁ ਪਾਤਾਲਾ ॥ ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ ॥
ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ ॥2॥
ਜਿਹੜਾ ਕਰਤਾਰ ਸਾਰੀਆਂ ਧਰਤੀਆਂ ਅਤੇ ਪਾਤਾਲਾਂ ਦਾ ਆਸਰਾ ਹੈ, ਉਹ ਮਨੁੱਖ ਦੇ ਹਿਰਦੇ ਘਰ ਵਿਚ ਵਸਦਾ ਹੈ, ਉਹ ਪ੍ਰਭੂ ਪ੍ਰੀਤਮ ਸਦਾ ਜਵਾਨ ਰਹਣ ਵਾਲਾ ਹੈ । ਜਿਹੜਾ ਮਨੁੱਖ ਗੁਰੂ ਦੀ ਮੱਤ ਲੈ ਕੇ, ਉਸ ਸੁਖ ਦੇਣ ਵਾਲੇ ਪ੍ਰਭੂ ਨੂੰ ਸਿਮਰਦਾ ਹੈ, ਉਹ ਸਦਾ ਆਤਮਕ ਆਨੰਦ ਵਿਚ ਰਹਿੰਦਾ ਹੇ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ।
ਕਾਇਆ ਅੰਦਰਿ ਹਉਮੈ ਮੇਰਾ ॥ ਜੰਮਣ ਮਰਣੁ ਨ ਚੂਕੈ ਫੇਰਾ ॥
ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥3॥
ਜਿਸ ਮਨੁੱਖ ਦੇ ਸਰੀਰ ਵਿਚ ਹਉਮੈ ਪਰਬਲ ਹੈ, ਮਮਤਾ (ਮੈਂ-ਮੇਰਾ) ਪਰਬਲ ਹੈ, ਉਸ ਮਨੁੱਖ ਦਾ ਜਨਮ-ਮਰਨ ਰੂਪ ਗੇੜਾ ਮੁਕਦਾ ਹੀ ਨਹੀਂ ।
ਜਿਹੜਾ ਮਨੁੱਖ ਗੁਰਮੁਖਿ ਹੋ ਕੇ, ਗੁਰੂ ਦੀ ਆਗਿਆ ਵਿਚ ਰਹਿੰਦਾ ਹੈ, ਉਹ ਆਪਣੇ ਅੰਦਰੋਂ ਹਉਮੈ ਮਾਰ ਲੈਂਦਾ ਹੈ, ਤੇ ਉਹ ਹਉਮੈਂ ਮਾਰ ਕੇ ਸਦਾ-ਥਿਰ ਰਹਣ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹੈ ।
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥4॥
ਹਉਮੈ ਦੇ ਪ੍ਰਭਾਵ ਹੇਠ ਰਹਣ ਵਾਲੇ ਮਨੁੱਖ ਦੇ ਸਰੀਰ ਵਿਚ, ਹਉਮੈ ਤੋਂ ਪੈਦਾ ਹੋਏ ਪਾਪ ਤੇ ਪੁੰਨ ਦੋਵੇਂ ਭਰਾ ਵਸਦੇ ਹਨ, ਇਨ੍ਹਾਂ ਦੋਵਾਂ ਨੇ ਹੀ ਮਿਲ ਕੇ ਜਗਤ ਦੀ ਰਚਨਾ ਕੀਤੀ ਹੈ। ਜਿਹੜਾ ਮਨੁੱਖ ਗੁਰੂ ਦੀ ਮੱਤ ਲੈ ਕੇ, ਇਨ੍ਹਾਂ ਦੇ ਪ੍ਰਭਾਵ ਨੂੰ ਮਾਰਦਾ ਹੈ, ਉਹ ਇਕੋ ਘਰ ਵਿਚ(ਪ੍ਰਭੂ ਚਰਨਾਂ ਵਿਚ ਹੀ ਟਿਕ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।
ਘਰ ਹੀ ਮਾਹਿ ਦੂਜੈ ਭਾਇ ਅਨੇਰਾ ॥ ਚਾਨਣੁ ਹੋਵੈ ਛੋਡੈ ਹਉਮੈ ਮੇਰਾ ॥
ਪਰਗਟੁ ਸਬਦੁ ਹੈ ਸੁਖਦਾਤਾ ਅਨਦਿਨੁ ਨਾਮੁ ਧਿਆਵਣਿਆ ॥5॥
ਪਰਮਾਤਮਾ ਬੰਦੇ ਦੇ ਹਿਰਦੇ ਘਰ ਵਿਚ ਹੀ ਵਸਦਾ ਹੈ, ਪਰ ਮਾਇਆ ਦੇ ਪ੍ਰਭਾਵ ਦੇ ਕਾਰਨ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ ਬਣਿਆ ਰਹਿੰਦਾ ਹੈ । ਜਦੋਂ ਮਨੁੱਖ ਗੁਰੂ ਦੀ ਸਰਨ ਲੈ ਕੇ ਆਪਣੇ ਅੰਦਰੋਂ ਹਉਮੈ ਤੇ ਮਮਤਾ ਦੂਰ ਕਰਦਾ ਹੈ,