ਗੁਰਮੀਤ ਪਲਾਹੀ
ਹਰੇ ਰੰਗ ਦੇ ਲੈਨਜ ਦਾ ਚਸ਼ਮਾ ਲਿਆ ਚੜ੍ਹਾਏ, ਸੋਕੇ ਅਤੇ ਅਕਾਲ ਵਿੱਚ "ਹਰੀ ਕ੍ਰਾਂਤੀ" ਹੋ ਜਾਏ...
Page Visitors: 2561
ਹਰੇ ਰੰਗ ਦੇ ਲੈਨਜ ਦਾ ਚਸ਼ਮਾ ਲਿਆ ਚੜ੍ਹਾਏ, ਸੋਕੇ ਅਤੇ ਅਕਾਲ ਵਿੱਚ "ਹਰੀ ਕ੍ਰਾਂਤੀ" ਹੋ ਜਾਏ... ਗੁਰਮੀਤ ਪਲਾਹੀ ਦੀ ਕਲਮ ਤੋਂ
ਡੰਗ ਅਤੇ ਚੋਭਾਂ
ਖ਼ਬਰ ਹੈ ਕਿ ਪੰਜਾਬ ਦੇ ਗੰਨਾ ਉਤਪਾਦਕਾਂ ਅਤੇ ਖੰਡ ਮਿੱਲਾਂ ਨੂੰ 25 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਸਬਸਿਡੀ ਮੁੱਹਈਆ ਕਰਾਉਣ ਲਈ ਪੰਜਾਬ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਹੈ, ਜੋ ਸਿੱਧੇ ਤੌਰ ਤੇ ਗੰਨਾ ਉਤਪਾਦਕ ਕਿਸਾਨ ਦੇ ਖਾਤੇ ਵਿੱਚ ਜਾਏਗੀ। ਹੁਣ ਕਿਸਾਨਾਂ ਨੂੰ ਕੁੱਲ 310 ਰੁਪਏ ਕਵਿੰਟਲ ਗੰਨੇ ਦਾ ਭਾਅ ਮਿਲੇਗਾ, ਜਿਸ ਵਿੱਚ 25 ਰੁਪਏ ਦੀ ਇਹ ਸਬਸਿਡੀ ਸ਼ਾਮਲ ਹੈ। ਉਧਰ ਪੰਜਾਬ ਮੰਤਰੀ ਮੰਡਲ ਵਲੋਂ ਨਵੀਂ ਐਕਸਾਈਜ਼ ਨੀਤੀ ਨੂੰ ਪ੍ਰਵਾਨਗੀ ਦਿੰਦਿਆਂ ਸ਼ਰਾਬ ਤੋਂ ਪਿਛਲੇ ਸਾਲ ਨਾਲੋਂ 739 ਕਰੋੜ ਰੁਪਏ ਜਿਆਦਾ ਮਾਲੀਆ ਇੱਕਠਾ ਕਰਨ ਦਾ ਟੀਚਾ ਮਿੱਥਿਆ ਹੈ।
ਲਉ ਜੀ ਹੁਣ ਲੱਗਣਗੀਆਂ ਮੌਜਾਂ ਹੀ ਮੌਜਾਂ! ਐਕਸਾਈਜ਼ ਵਧੂ ਤੇ ਢੇਰ ਮਾਰਕਾ ਵਧੂ-ਫੁਲੂ। ਸ਼ਰਾਬੀ ਪਹਿਲਾਂ ਤਾਂ ਢੇਰ ਮਾਰਕਾ ਪੀ ਕੇ ਢੇਰਾਂ 'ਚ ਰੁੱਲਦੇ ਸਨ, ਹੁਣ "ਪੈਲਿਸਾਂ" ਵਿੱਚ ਵੀ ਰੁੜ੍ਹਦੇ ਦਿਸਣਗੇ।
ਲਉ ਜੀ ਹੁਣ ਲੱਗਣਗੀਆਂ ਮੌਜਾਂ ਹੀ ਮੌਜਾਂ। ਸ਼ਰਾਬ ਦੀਆਂ ਫੈਕਟਰੀਆਂ ਜਿਹੜੀ ਪੰਜਾਬੋਂ ਬਾਹਰ ਆ, ਪੰਜਾਬੋਂ ਲਸੰਸ ਲੈ ਸਕਣਗੀਆਂ। ਉਹ ਭਾਈ ਸ਼ਰਾਬ ਕੋਈ ਨਸ਼ਾ ਥੋੜਾ ਆ ਕਿ ਇਹਦੇ ਤੇ ਪਾਬੰਦੀ ਲਾਉਣੀ ਆ। ਉਹ ਭਾਈ, ਸ਼ਰਾਬ ਕੋਈ ਨਸ਼ਾ ਥੋੜਾ ਆ, ਕਿ ਇਹ ਘਰਾਂ, ਪੈਲਿਸਾਂ ਜਾਂ ਪਬਲਿਕ ਥਾਵਾਂ ਤੇ ਬੰਦ ਕਰਨਾ ਆ। ਉਹ ਭਾਈ ਸ਼ਰਾਬ ਆਸਰੇ ਤਾਂ ਪੰਜਾਬ ਦਾ ਸਾਰਾ ਖਰਚਾ ਚੱਲਦਾ। ਅਫ਼ਸਰਾਂ, ਨੇਤਾਵਾਂ ਦੀ ਚਿੱਟੀ ਕਾਰ, ਅਫ਼ਸਰਾਂ ਨੇਤਾਵਾਂ ਦਾ ਚਿੱਟਾ ਬੰਗਲਾ, ਅਫ਼ਸਰਾਂ ਨੇਤਾਵਾਂ ਦੀ ਕੁਰਸੀ ਅਤੇ ਉਹਦੇ ਉਤੇ ਟੰਗਿਆਂ ਚਿੱਟਾ ਤੋਲੀਆ ਤੇ ਗੁਸਲਖਾਨੇ 'ਚ ਰੱਖਿਆ ਚਿੱਟਾ ਸਾਬਣ ਇਹ ਸਾਰਾ ਕੁੱਝ ਭਾਈ ਸ਼ਰਾਬ ਦੀ ਬਦੌਲਤ ਹੀ ਉਹਨਾ ਨੂੰ ਮਿਲਦਾ ਆ।
ਰਹੀ ਭਾਈ ਗੰਨੇ ਦਾ ਭਾਅ ਵਧਾਉਣ ਦੀ ਗੱਲ ਗੰਨੇ ਉਤੇ ਖਰਚੇ ਤੇ ਦਾੜ੍ਹੀ ਨਾਲੋਂ ਮੁੱਛ ਵਧੀ ਹੁੰਦੀ ਆ ਭਾਵ ਆਮਦਨ ਨਾਲੋਂ ਖਰਚਾ ਵਧੇਰੇ ਆ। ਜ਼ਮੀਨ ਹੁੰਦੀ ਆ ਥੋੜ੍ਹੀ, ਭਾਈਬੰਦ ਟਰੈਕਟਰ ਖਰੀਦ ਲੈਂਦਾ। ਜ਼ਮੀਨ ਹੁੰਦੀ ਆ ਥੋੜ੍ਹੀ, ਭਾਈਬੰਦ ਰੀਪਰ ਖਰੀਦ ਲੈਂਦਾ। ਜਿਹੜਾ ਚਾਰ ਦਿਨ ਚਲਾਉਣਾ ਹੁੰਦਾ, ਬਾਕੀ ਦਿਨਾਂ 'ਚ ਛੁੱਟੀ ਤੇ ਚਲੇ ਜਾਂਦਾ। ਪਤਾ ਸਰਕਾਰਾਂ ਨੂੰ ਵੀ ਆ ਕਿ ਕਿਸਾਨ ਮਰ ਰਹੇ ਆ ਭੁੱਖੇ। ਭੁੱਖੇ ਢਿੱਡ ਨੂੰ ਝੁਲਕਾ ਦੇਣ ਲਈ ਉਪਰਲੀ ਸਰਕਾਰ ਨੇ ਵੇਖੋ ਨਾ 500 ਰੁਪੱਈਆ ਮਹੀਨਾ ਕਿਸਾਨਾਂ ਨੂੰ ਦੇ ਦਿੱਤਾ। ਤੇ ਐਧਰ ਵਰ੍ਹਿਆਂ ਦੇ ਪਏ ਬਕਾਏ ਪੂਰੇ ਕਰਨ ਲਈ ਗੰਨਾ ਮਾਲਕਾਂ ਨੂੰ ਕਰੋੜਾਂ ਤੇ ਗੰਨਾ ਉਤਪਾਦਕਾਂ ਪੱਲੇ 25 ਰੁਪਈਏ ਕੁਵਿੰਟਲ ਪਾ ਦਿੱਤੇ ਆ। ਅਸਲ ਜਾਣਦੀ ਆ ਸਰਕਾਰ ਭਾਈ ਕਿ ਲੋਕਾਂ ਨੂੰ ਕਿਵੇਂ ਲੁੱਟੀਏ? ਲੋਕਾਂ ਨੂੰ ਕਿਵੇਂ ਕੁੱਟੀਏ ਤੇ ਕਿਵੇਂ ਉਹਨਾ ਨੂੰ ਸਬਜ਼ ਬਾਗ ਦਿਖਾਕੇ ਆਪਣੇ "ਕੰਨੀ" ਕਰੀਦਾ। ਚੋਣਾਂ ਦਾ ਵੇਲਾ ਆ, ਉਪਰਲੀ ਹੇਠਲੀ ਸਰਕਾਰ ਨੇ ਕੁੱਝ ਤਾਂ ਕਰਨਾ ਹੀ ਆਂ। ਤਦੇ ਭਾਈ ਕਿਸਾਨਾਂ ਲਈ ਇਹ ਤੋਹਫੇ ਦਿੱਤੇ ਆ। "ਰਿਸ਼ਵਤ' ਦਾ ਦਾਣਾ ਵੰਡਿਆ ਆ। ਕਵੀਓ ਵਾਚ ਸੁਣੋ, "ਹਰੇ ਰੰਗ ਦੇ ਲੈਨਜ਼ ਦਾ ਚਸ਼ਮਾ ਲਿਆ ਚੜ੍ਹਾਏ, ਸੋਕੇ ਅਤੇ ਅਕਾਲ ਵਿੱਚ 'ਹਰੀ ਕ੍ਰਾਂਤੀ' ਹੋ ਜਾਏ"।
ਜੋ ਦਲ ਹੂਆ ਪੁਰਾਣਾ, ਉਸਕੋ ਬਦਲੋ,
ਦਲ ਦੀ ਦਲਦਲ ਮੇਂ, ਫੰਸਕਰ ਮਰ ਜਾਤਾ ਹਾਥੀ।
ਖ਼ਬਰ ਹੈ ਕਿ ਪੰਜਾਬ ਵਿੱਚ ਵਿਰੋਧੀ ਧਿਰ ਦੇ ਮਹਾਂਗਠਬੰਧਨ ਵਿੱਚੋਂ ਟਕਸਾਲੀ ਅਕਾਲੀ ਬਾਹਰ ਨਿਕਲ ਗਏ ਹਨ ਅਤੇ ਉਹਨਾ ਨੇ ਆਮ ਆਦਮੀ ਪਾਰਟੀ ਨਾਲ ਸੀਟਾਂ ਦੀ ਵੰਡ ਕਰ ਲਈ ਹੈ, ਜਿਸ ਅਨੁਸਾਰ "ਆਪ" 10 ਸੀਟਾਂ ਉਤੇ, 2 ਸੀਟਾਂ ਉਤੇ ਟਕਸਾਲੀ ਅਕਾਲੀ ਅਤੇ ਇੱਕ ਸੀਟ ਬਸਪਾ ਲਈ ਛੱਡੀ ਗਈ ਹੈ। ਪੰਜਾਬ ਵਿੱਚ ਵਿਰੋਧੀ ਮਹਾਂਗਠਬੰਧਨ ਵਿੱਚ ਪੰਜਾਬ ਏਕਤਾ ਪਾਰਟੀ, ਬਸਪਾ, ਬੈਂਸ ਭਰਾਵਾਂ ਦੀ ਪਾਰਟੀ ਅਤੇ ਧਰਮਵੀਰ ਗਾਂਧੀ ਦੀ ਪਾਰਟੀ ਸਮੇਤ ਟਕਸਾਲੀ ਸ਼ਾਮਲ ਸਨ ਪਰ ਟਕਸਾਲੀ ਅਨੰਦਪੁਰ ਸਾਹਿਬ ਦੀ ਸੀਟ ਮੰਗ ਰਹੇ ਸਨ ਜੋ ਉਹਨਾ ਨੂੰ ਨਹੀਂ ਮਿਲੀ, ਜਿਸ ਕਰਕੇ ਟਕਸਾਲੀ ਗਠਬੰਧਨ ਵਿਚੋਂ ਬਾਹਰ ਚਲੇ ਗਏ।
ਕੀਹਨੂੰ ਫਿਕਰ ਆ ਪੰਜਾਬ ਦੀ ? ਮਰਦਾ ਏ ਤਾਂ ਮਰੇ ਪੰਜਾਬ। ਜੰਗ ਦੀ ਭੱਠੀ 'ਚ ਜਲਦਾ ਏ ਤਾਂ ਜਲੇ ਪੰਜਾਬ। ਭੁੱਖੇ ਢਿੱਡ ਰਹਿੰਦਾ ਏ ਤਾਂ ਰਹੇ ਪੰਜਾਬ। ਤਪਸ਼ ਨਾਲ ਬੱਲਦਾ ਏ ਤਾਂ ਬਲੇ ਪੰਜਾਬ। ਅਸੀਂ ਤਾਂ ਨੇਤਾਗਿਰੀ ਕਰਨੀ ਆ।
ਕੀਹਨੂੰ ਫਿਕਰ ਆ ਪੰਜਾਬ ਦੀ।ਬੇਰੁਜ਼ਗਾਰ ਨੇ ਨੌਜਵਾਨ ਤਾਂ ਰਹਿਣ। ਨਸ਼ੇ ਦੀ ਭੱਠੀ 'ਚ ਝੁਲਸਦੇ ਆ ਨੌਜਵਾਨ ਤਾਂ ਝੁਲਸਣ। ਪੰਜਾਬੋਂ ਨਿਰਮੋਹੇ ਹੋ ਵਿਦੇਸ਼ ਭੱਜਦੇ ਆ ਤਾਂ ਭੱਜਣ। ਅਸੀਂ ਤਾਂ ਨੇਤਾਗਿਰੀ ਕਰਨੀ ਆ।
ਕੀਹਨੂੰ ਫਿਕਰ ਆ ਪੰਜਾਬ ਦੇ ਪਾਣੀਆਂ ਦਾ ?
ਕੀਹਨੂੰ ਫਿਕਰ ਆ "ਉਜੜਦੇ ਜਾ ਰਹੇ ਕੰਮੀਆਂ ਦੇ ਵਿਹੜਿਆਂ ਦਾ"?
ਕੀਹਨੂੰ ਫਿਕਰ ਆ ਖੁਦਕੁਸ਼ੀ ਕਰਨ ਜਾ ਰਹੇ ਕਿਸਾਨਾਂ ਦਾ?
ਅਸੀਂ ਤਾਂ ਨੇਤਾਗਿਰੀ ਕਰਨੀ ਆ।
ਨੇਤਾਗਿਰੀ ਵੀ ਇਹੋ ਜਿਹੀ ਜੋ ਸਾਡੀ ਝੋਲੀ ਕੁਰਸੀ ਪਾਏ, "ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਕੁਰਸੀ ਪਾ" ਵਾਲੀ ਨੇਤਾਗਿਰੀ।
ਤਦੇ ਭਾਈ ਚਿੱਟੇ ਕਾਂਗਰਸੀ, ਨੀਲੇ ਅਕਾਲੀ ਬਣ ਜਾਂਦੇ ਆ, "ਹੱਥ" ਛੱਡਕੇ ਤੱਕੜੀ ਫੜ ਲੈਂਦੇ ਆ। ਤਦੇ ਭਾਈ ਭਾਜਪਾਈ, ਬਾਸਪਾਈ ਬਣ ਜਾਂਦੇ ਆ, ਫੁੱਲ ਛੱਡਕੇ ਹਾਥੀ ਤੇ ਸਵਾਰ ਹੋ ਜਾਂਦੇ ਆ। ਅਕਾਲੀ ਟਕਸਾਲੀ ਬਣ ਜਾਂਦੇ ਆ। ਆਪ ਵਾਲੇ ਆਪ ਪੰਜਾਬ ਬਣ ਜਾਂਦੇ ਆ। ਕੋਈ ਘੋੜੇ ਤੇ ਸਵਾਰ ਹੁੰਦਾ ਆ, ਕੋਈ ਊਠ ਤੇ। ਕੋਈ ਬੱਕਰੀ ਤੇ ਸਵਾਰ ਹੁੰਦਾ ਆ ਤੇ ਕੋਈ ਮੱਝ ਤੇ। ਕਿਉਂਕਿ ਜਾਣਦੇ ਆ ਸਾਰੇ, " ਜੋ ਦਲ ਹੂਆ ਪੁਰਾਣਾ, ਉਸਕੋ ਬਦਲੋ ਸਾਥੀ, ਦਲ ਦੀ ਦਲਦਲ ਮੇਂ, ਫੰਸਕਰ ਮਰ ਜਾਤਾ ਹਾਥੀ"।
ਕਾਗਜ਼ ਕਲਮ ਫੜ ਬਣੇ ਨੇ ਬਹੁਤ ਲੇਖਕ,
ਕਿਵੇਂ ਲੇਖਕ, ਅਲੇਖਕ ਨਖੇੜੀਏ ਜੀ।
ਖ਼ਬਰ ਹੈ ਕਿ ਇਲੈਕਟਰੋਨਿਕ ਮੀਡੀਆ ਨੇ ਆਪਣੇ ਚੈਨਲਾਂ ਤੇ ਧੂੰਆਧਾਰ ਤਕਰੀਰਾਂ ਕਰਨ ਵਾਲੇ ਨੇਤਾਵਾਂ ਨੂੰ ਸੱਦਕੇ ਆਪਣੇ ਐਨਕਰਾਂ ਰਾਹੀਂ ਭਾਰਤ-ਪਾਕਿ ਵਿੱਚ ਜੰਗ ਦਾ ਮਾਹੌਲ ਸਿਰਜ ਦਿੱਤਾ। ਉਚੀਆਂ ਆਵਾਜ਼ਾਂ ਵਿੱਚ, ਜੁਮਲੇਬਾਜੀ ਕਰਨ ਵਾਲੇ ਟੀ.ਵੀ. ਐਂਕਰ ਇਵੇਂ ਲੱਗਦਾ ਸੀ ਜਿਵੇਂ ਲੜਾਈ ਦੇ ਮੈਦਾਨ ਵਿੱਚ ਗੋਲੇ ਸੁੱਟ ਰਹੇ ਹੋਣ ਅਤੇ ਆਪਣੇ ਸੀਟਾਂ ਤੋਂ ਉਪਰ ਉਠ ਉੱਠਕੇ ਬਾਹਾਂ ਟੁੰਗ ਟੁੰਗਕੇ ਪਾਕਸਿਤਾਨ ਦੀ ਫੌਜ, ਪਾਕਿ ਦੇ ਪ੍ਰਧਾਨ ਮੰਤਰੀ ਅਤੇ ਅਤਿਵਾਦੀਆਂ ਬਾਰੇ ਇਵੇਂ ਚਰਚਾ ਕਰ ਰਹੇ ਸਨ, ਜਿਵੇਂ ਉਹ ਕਿਸੇ ਖੇਡ ਦੇ ਮੈਦਾਨ ਦੀ ਕੁਮੈਂਟਰੀ ਕਰ ਰਹੇ ਹਨ। ਸੁਨਣ ਵਿੱਚ ਆਇਆ ਹੈ ਕਿ ਇਹ ਸਭ ਕੁਝ ਸਰਕਾਰ ਦੇ ਇਸ਼ਾਰੇ ਤੇ ਜੰਗ ਦਾ ਮਾਹੌਲ ਪੈਦਾ ਕਰਨ ਲਈ ਕੀਤਾ ਜਾ ਰਿਹਾ ਸੀ ਤਾਂ ਕਿ ਭਾਜਪਾ 2019 ਦੀਆਂ ਚੋਣਾਂ 'ਚ ਜੰਗ ਦੇ ਮਾਹੌਲ ਦਾ ਫਾਇਦਾ ਲੈ ਸਕੇ।
ਠੀਕ ਹੀ ਤਾਂ ਕਿਹਾ ਜੀ, ਪਿਛਲੀ ਬੀਜੇਪੀ ਸਰਕਾਰ ਵੇਲੇ ਕੰਧਾਰ ਹਾਈਜੈਕ ਹੋਇਆ। ਹਾਈਜੈਕ ਕਰਨ ਵਾਲੇ ਨੇ ਹੀ ਹੁਣ ਪੁਲਵਾਮਾ ਹਮਲਾ ਕਰਵਾਇਆ। ਭਾਜਪਾ ਵਾਲੇ ਵੱਡੇ ਨੇਤਾ ਆਪਣੇ ਹਵਾਈ ਯਾਤਰੀ ਛੁਡਵਾਕੇ ਮਸੂਦ ਨੂੰ ਖੁੱਲ੍ਹੀ ਛੁੱਟੀ ਦੇ ਆਏ ਕਿ ਭਾਈ ਤੂੰ ਜੋ ਮਰਜ਼ੀ ਕਰ। ਅਕਛਰਧਾਰ ਹਮਲਾ, ਰਘੂਨਾਥ ਮੰਦਰ ਹਮਲਾ, ਕਾਰਗਿਲ ਹਮਲਾ ਅਤੇ ਮੁੜ ਅਮਰਨਾਥ ਯਾਤਰੀਆਂ ਤੇ ਹਮਲਾ ਬੀਜੇਪੀ ਸਰਕਾਰ ਵੇਲੇ ਹੋਇਆ। ਕਾਰਗਿਲ ਹਮਲੇ ਦਾ ਸਿੱਟਾ ਬੀਜੇਪੀ ਸਰਕਾਰ ਮੁੜ ਬਣੀ ਤੇ 5 ਸਾਲ ਬਾਜਪਾਈ ਵੇਲੇ ਰਾਜ ਕਰ ਗਈ।
ਕੁਰਸੀ ਛੱਵਣ ਦਾ ਕੀਹਨੂੰ ਜੀਅ ਕਰਦਾ ?
ਠੀਕ ਤਾਂ ਗੱਲ ਆ ਕਿ ਗੋਧਰਾ ਕਾਂਡ ਬੀਜੇਪੀ ਸਰਕਾਰ ਵੇਲੇ ਹੋਇਆ, ਪਠਾਨਕੋਟ ਹਮਲਾ ਅਕਾਲੀ-ਭਾਜਪਾ ਸਰਕਾਰ ਵੇਲੇ। ਉੜੀ ਹਮਲਾ ਬੀਜੇਪੀ ਸਰਕਾਰ ਵੇਲੇ ਹੋਇਆ ਤੇ ਅਮਰਨਾਥ ਯਾਤਰਾ ਹਮਲਾ 2017 ਵਿੱਚ ਬੀਜੇਪੀ ਸਰਕਾਰ ਵੇਲੇ ਹੀ ਤਾਂ ਹੋਇਆ। ਤੇ ਹੁਣ ਪੁਲਵਾਮਾ ਹਮਲਾ-2019 'ਚ ਐਨ ਉਸ ਵੇਲੇ ਹੋਇਆ ਜਦੋਂ ਚੋਣਾਂ ਸਿਰ ਤੇ ਆ।
ਪਰ ਇਹ ਗੱਲਾਂ ਭਾਈ ਕੌਣ ਲਿਖੇ?
ਇਹ ਗੱਲਾਂ ਭਾਈ ਕੌਣ ਕਹੇ? ਕੰਮ ਤਾਂ ਇਹ ਨਿਧੜਕ ਕਾਨੀਆਂ ਦਾ ਹੁੰਦਾ ਆ, ਲਿਖਣਾ, ਬੋਲਣਾ ਤੇ ਮੈਦਾਨ ਵਿੱਚ ਖੜਕਣਾ। ਪਰ ਇਥੇ ਤਾਂ ਲੇਖਕ ਅਨੇਕਾਂ ਨੇ, ਲਿਖਦੇ ਨੇ ਸਰਕਾਰ ਦੇ ਕਸੀਦੇ। ਇਥੇ ਤਾਂ ਲੇਖਕ ਅਨੇਕਾਂ ਨੇ, ਗਾਉਂਦੇ ਨੇ ਸਰਕਾਰ ਦੇ ਸੋਹਲੇ।ਤਦੇ ਤਾਂ ਹੀ ਕਵੀ ਲਿਖਦਾ ਹੈ," ਕਾਗਜ਼ ਕਲਮ ਫੜ ਬਣੇ ਨੇ ਬਹੁਤ ਲੇਖਕ, ਕਿਵੇਂ ਲੇਖਕ, ਅਲੇਖਕ ਨਖੇੜੀਏ ਜੀ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਭਾਰਤ ਦਾ ਰੱਖਿਆ ਖਰਚਾ 63.9 ਅਰਬ ਡਾਲਰ ਹੈ ਜਦਕਿ ਚੀਨ 228 ਅਰਬ ਡਾਲਰ ਸੈਨਾ ਖਰਚਿਆਂ ਲਈ ਖਰਚਦਾ ਹੈ। ਅਮਰੀਕਾ ਦਾ ਸਭ ਤੋਂ ਵੱਧ 610 ਅਰਬ ਡਾਲਰ ਸੈਨਾ ਖਰਚਾ ਹੈ।
ਇੱਕ ਵਿਚਾਰ
ਨਾ-ਕਾਮਯਾਬੀ ਜਿਆਦਾ ਸਮਝਦਾਰੀ ਨਾਲ ਫਿਰ ਤੋਂ ਸ਼ੁਰੂਆਤ ਕਰਨ ਦਾ ਇੱਕ ਮੌਕਾ ਹੈ।..........ਹੈਨਰੀ ਫੋਰਡ
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070