ਲੋ ਆਇਆ ਪਿਆਰ ਕਾ ਮੌਸਮ, ਗੁਲੇ-ਗੁਲਜ਼ਾਰ ਕਾ ਮੌਸਮ... ਗੁਰਮੀਤ ਪਲਾਹੀ ਦੀ ਕਲਮ ਤੋਂ
ਡੰਗ ਅਤੇ ਚੋਭਾਂ
ਖ਼ਬਰ ਹੈ ਕਿ ਭਾਜਪਾ ਦਾ ਪਿਛਲੇ ਪੰਜ ਸਾਲਾਂ ਵਿੱਚ ਪੰਜ ਸਹਿਯੋਗੀ ਸਾਥ ਛੱਡ ਗਏ।
2014 ਤੋਂ ਬਾਅਦ 27 ਵਿਧਾਨ ਸਭਾ ਚੋਣਾਂ ਹੋਈਆਂ, ਜਿਹਨਾ ਵਿੱਚ 16 ਵਿੱਚ ਐਨ ਡੀ ਏ (ਭਾਜਪਾ) ਦੀ ਸਰਕਾਰ ਬਣੀ। ਕਾਂਗਰਸ ਨੇ ਆਪਣੇ ਛੇ ਸੂਬੇ ਗੁਆ ਲਏ। ਲੋਕ ਸਭਾ ਦੀਆਂ ਉਪ ਚੋਣਾਂ ਵਿੱਚ ਭਾਜਪਾ ਨੇ 10 ਸੀਟਾਂ ਗੁਆ ਲਈਆਂ। 2014 ਦੀ ਚੋਣ ਵੇਲੇ ਉਸ ਕੋਲ 282 ਲੋਕ ਸਭਾ ਮੈਂਬਰ ਸਨ, ਜੋ ਘਟਕੇ 272 ਰਹਿ ਗਏ। ਸਾਲ 2018 ਵਿੱਚ ਮਰੀ ਹੋਈ ਕਾਂਗਰਸ ਨੂੰ ਮੁੜ ਸੰਜੀਵਨੀ ਮਿਲੀ, ਉਸਨੇ ਛੱਤੀਸਗੜ੍ਹ, ਕਰਨਾਟਕ ਅਤੇ ਰਾਜਸਥਾਨ ਵਿੱਚ ਜਿੱਤ ਪ੍ਰਾਪਤ ਕੀਤੀ। ਭਾਜਪਾ ਨੇ ਤ੍ਰਿਪੁਰਾ ਜਿੱਤ ਲਿਆ। 2019 ਦੀਆਂ ਚੋਣਾਂ ਲਈ ਭਾਜਪਾ ਵਲੋਂ ਨਵੇਂ ਸਹਿਯੋਗੀ ਅੰਨਾ ਡੀ ਐਮ ਕੇ, ਪੀਐਮਕੇ ਅਤੇ ਡੀ ਐਮ ਡੀ ਕੇ ਨਵੇਂ ਸਾਥੀ ਮਿਲੇ ਹਨ। ਭਾਜਪਾ ਤੋਂ ਤੈਲਗੂਦੇਸ਼ਮ, ਸ਼ੇਤਕਾਰੀ ਸੰਗਠਨ, ਹਿੰਦੋਸਤਾਨੀ ਆਵਾਮ ਮੋਰਚਾ ਅਤੇ ਅਸਾਮ ਗਣ ਪ੍ਰੀਸ਼ਦ ਨੇ ਮੁਖ ਮੋੜਿਆ। ਕਾਂਗਰਸ ਨੂੰ ਜੇ ਡੀ ਐਸ, ਐਨ ਸੀ ਪੀ, ਡੀ ਐਮ ਕੇ ਦਾ ਸਾਥ ਮਿਲਿਆ ਹੈ, ਜਦ ਕਿ ਬਿਹਾਰ ਵਿੱਚ ਰਾਜਦ, ਪੱਛਮੀ ਬੰਗਾਲ ਵਿੱਚ ਟੀ ਐਮ ਸੀ ਨਾਲ ਗਠਬੰਧਨ ਬਨਾਉਣ ਦੀ ਗੱਲਬਾਤ ਅੰਤਿਮ ਦੌਰ ਵਿੱਚ ਹੈ।
ਲਉ ਜੀ, ਹੋ ਗਈ ਸ਼ੁਰੂ ਕੁਰਸੀ ਲਈ ਜੱਦੋ-ਜਹਿਦ। ਹੋ ਗਿਆ ਸ਼ੁਰੂ ਦੋਸਤੀ ਦਾ ਨਵਾਂ ਦੌਰ। ਹੋ ਗਿਆ ਪੈਸੇ-ਧੇਲੇ, ਸੀਟਾਂ, ਚੋਧਰਾਂ ਦਾ ਲੈਣ ਦੇਣ! ਬੰਦਾ ਜਿੱਤਣ ਵਾਲਾ ਚਾਹੀਦਾ, ਬੰਦਾ ਪੈਸੇ ਵਾਲਾ ਚਾਹੀਦਾ, ਚੋਰ ਹੋਵੇ, ਡਾਕੂ ਹੋਵੇ, ਸ਼ੈਤਾਨ ਹੋਵੇ , ਇਸ ਗੱਲ ਨਾਲ ਹਾਕਮਾਂ, ਨੇਤਾਵਾਂ ਨੂੰ ਕੋਈ ਨਹੀਂ ਫਰਕ। ਕੋਈ ਕੇਸ ਅਪਰਾਧਿਕ ਚੱਲਦਾ ਆ ਤਾਂ ਨੇਤਾਵਾਂ ਹਾਕਮਾਂ ਨੂੰ ਦੱਸੋ। ਲੋਕਾਂ ਕੋਲ ਰੋਕੜਾ ਆ ਤਾਂ ਹਾਕਮ, ਨੇਤਾਵਾਂ ਨੂੰ ਸੰਪਰਕ ਕਰੋ। ਲੋਕਾਂ ਨੂੰ ਗੁੰਮਰਾਹ ਕਰਨ, ਭੁਲੇਖੇ 'ਚ ਰੱਖਣ ਵਾਲੇ ਸਖਸ਼ ਹੋ ਤਾਂ ਹਾਕਮਾਂ, ਨੇਤਾਵਾਂ ਨੂੰ ਦੱਸੋ। ਟਣਕ-ਟਣਕ ਕਰਦੀ "ਕਾਨੂੰਨ ਘੜਨੀ" ਦੀ ਸੀਟ ਹਾਜ਼ਰ ਹੋ ਜਾਏਗੀ। ਜਿੱਤਣ ਜਿਤਾਉਣ ਦੀ ਜ਼ੁੰਮੇਵਾਰੀ ਹਾਕਮਾਂ, ਨੇਤਾਵਾਂ ਦੀ। ਲੋੜੀਂਦਾ ਲੈਣ ਦੇਣ ਤਾਂ ਕਰਨਾ ਹੀ ਪਏਗਾ! ਜਿਸਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਸਾਲ 2014 ਸੀ ਤਾਂ ਸਭ ਕਾ ਸਾਥ ਸੀ। ਸਾਲ 2014 ਗਿਆ ਤਾਂ ਸਿਰਫ ਆਪਣਿਆਂ ਦਾ ਸਾਥ ਰਿਹਾ। ਸਾਲ 2019 ਆਇਆ ਤਾਂ ਮੁੜ ਸਭ ਕਾ ਸਾਥ ਚਾਹੀਦਾ। ਅੱਗੋਂ ਸਾਥ ਛੱਡਣ-ਰੱਖਣ ਦੀ ਜ਼ੁੰਮੇਵਾਰੀ ਕੋਈ ਨਹੀਉਂ।
ਵੇਖੋ ਨਾ ਕਿ, ਮੌਸਮ ਬਦਲ ਰਿਹਾ ਆ। ਵੇਖੋ ਨਾ ਜੀ, ਸਰਦੀ ਘੱਟ ਰਹੀ ਆ, ਮੌਸਮ ਮੌਲ ਰਿਹਾ ਆ। ਵੇਖੋ ਨਾ ਜੀ, ਇਹੋ ਜਿਹੇ ਮੌਸਮ 'ਚ "ਇਸ਼ਕ ਦੀ ਨਵੀਂਓ ਨਵੀਂ ਬਹਾਰ" ਆਉਂਦੀ ਆ। ਮੁਰਝਾਏ ਮਾਰੇ ਸੁਕਾਏ ਜਾਂਦੇ ਆ, ਨਵੇਂ ਨਕੋਰ ਮਿੱਤਰ ਬਣਾਏ ਜਾਂਦੇ ਆ। ਮੋਦੀ, ਰਾਹੁਲ ਤਾਂ ਭਾਈ ਇੱਕਲੇ ਇਕਹਰੇ ਆ, ਰੌਲਾ ਪਾਉਂਦੇ ਆ। ਸਾਥੀ ਤਾਂ ਲੱਭਣੇ ਹੀ ਆਂ ਤਦੇ ਮੌਸਮ ਮੁੜ ਤਰੋ-ਤਾਜ਼ਾ ਹੋਊ। ਭੌਰਾ ਕਲੀਆਂ ਪਿੱਛੇ ਭੱਜੂ ਤਾਂ ਨਵਾਂ ਸਾਥ ਬਣੂ।
"ਕਲੀਓਂ ਨੇ ਘੁੰਗਟ ਖੋਲੇ, ਹਰ ਫੂਲ ਪੇ ਭੌਰਾ ਡੋਲੇ,
ਲੋ ਆਇਆ ਪਿਆਰ ਕਾ ਮੌਸਮ ਗੁਲੇ-ਗੁਲਜ਼ਾਰ ਕਾ ਮੌਸਮ"।
ਖੰਭ ਆਪਣੇ ਖੋਲ੍ਹਦੀ ਨਹੀਂ ਜਿਹੜੀ, ਚਿੜੀ ਅੰਬਰਾਂ ਵਿੱਚ ਉਹ ਨਹੀਂ ਉੱਡਦੀ
ਖ਼ਬਰ ਹੈ ਕਿ ਸੁਪਰੀਮ ਕੋਰਟ ਨੇ 70 ਸਾਲ ਪੁਰਾਣੇ ਆਯੋਧਿਆ ਵਿਵਾਦ ਮਾਮਲੇ ਨੂੰ ਵਿਚੋਲਗੀ ਦੇ ਲਈ ਭੇਜ ਦਿੱਤਾ ਹੈ ਅਤੇ ਇਸ ਕੰਮ ਲਈ ਸਾਬਕਾ ਸੁਪਰੀਮ ਕੋਰਟ ਦੇ ਜੱਜ ਕਲੀਫੁਲਾ, ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਅਤੇ ਉਘੇ ਵਕੀਲ ਸ਼੍ਰੀ ਰਾਮ ਪੰਚੂ ਉਤੇ ਅਧਾਰਿਤ ਪੈਨਲ ਬਣਾਇਆ ਹੈ, ਜੋ ਅੱਠ ਹਫ਼ਤਿਆਂ ਵਿੱਚ ਇਸ ਵਿਵਾਦ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਮਾਮਲਾ ਕੁੱਝ ਏਕੜ ਜ਼ਮੀਨ ਦਾ ਵਿਵਾਦ ਨਹੀਂ ਹੈ, ਬਲਕਿ ਲੋਕਾਂ ਦੀ ਸੰਵੇਦਨਾ ਅਤੇ ਵਿਸ਼ਵਾਸ ਨਾਲ ਜੁੜਿਆ ਹੈ।
ਜ਼ਰੂਰ ਉਪਰਲਾ, ਹੇਠਲੇ ਬੰਦਿਆਂ ਦੇ ਕੰਮ ਨੂੰ ਨਿਰਖ ਪਰਖ ਰਿਹਾ ਹੋਵੇਗਾ। ਜ਼ਰੂਰ ਉਪਰਲਾ, ਹੇਠਲੇ ਬੰਦਿਆਂ ਦੇ ਜਨੂੰਨ ਨੂੰ ਵੇਖ ਰਿਹਾ ਹੋਵੇਗਾ। ਜ਼ਰੂਰ ਉਪਰਲਾ, ਵੇਖ ਰਿਹਾ ਹੋਵੇਗਾ ਕਿ ਕਿਵੇਂ ਲੋਕ ਮਜ਼ਰਬ, ਧਰਮ ਜਾਤ ਪਾਤ, ਕਾਲੇ ਗੋਰੇ ਦੀ ਖਾਤਰ ਲੜ ਰਹੇ ਹਨ, ਮਰ ਰਹੇ ਹਨ, ਤ੍ਰਿਸ਼ੂਲਾਂ, ਟਕੂਏ, ਤਲਵਾਰਾਂ, ਬੰਬਾਂ ਦੀ ਵਰਖਾ ਕਰ ਰਹੇ ਹਨ। ਜ਼ਰੂਰ ਉਪਰਲਾ ਵੇਖ ਰਿਹਾ ਹੋਏਗਾ ਕਿ ਹੇਠਲੇ ਮਨੁੱਖੀ ਜਾਮੇ 'ਚ ਆਏ ਲੋਕ ਪਸ਼ੂਆਂ ਤੋਂ ਬਦਤਰ ਢੰਗ ਨਾਲ ਇੱਕ ਦੂਜੇ ਦੀ ਖੋਹ ਖਿਚ ਕਰ ਰਹੇ ਹਨ, ਇੱਕ ਦੂਜੇ ਦੀਆਂ ਜ਼ਮੀਨਾਂ ਖੋਹ ਰਹੇ ਹਨ, ਇੱਕ ਦੂਜੇ ਦੇ ਘਰਾ ਖੋਹ, ਸਾੜ ਰਹੇ ਹਨ ਅਤੇ ਉਪਰਲੇ ਰੱਬ, ਗੌਡ, ਅੱਲ੍ਹਾ ਅਤੇ ਪਤਾ ਨਹੀਂ ਹੋਰ ਕਿਹੜੇ ਕਿਹੜੇ ਨਾਵਾਂ ਨਾਲ ਉਹਦੀ ਖਾਤਰ ਕਹਿਣ ਨੂੰ ਪਰ ਆਪਣੀ ਹਊਮੈ ਨੂੰ ਪੱਠੇ ਪਾਉਣ ਲਈ ਲੜ ਰਹੇ ਹਨ। ਕੀ ਸਮਝਾਈਏ ਇਹਨਾ ਨੂੰ? ਕਿਵੇਂ ਸਮਝਾਈਏ ਇਹਨਾ ਨੂੰ? ਇਹਨਾ ਤੇ "ਸਾਡਾ ਹੱਕ ਇਥੇ ਰੱਖ" ਤੋਂ ਅੱਗੇ ਕੁੱਝ ਸੋਚਣਾ ਜਾਂ ਕਰਨਾ ਹੀ ਨਹੀਂ। ਕਿਉਂਕਿ ਭਾਈ ਉਹ ਹੀ ਰੱਬ, ਅੱਲਾ, ਗੌਡ ਦੇ ਸਭ ਤੋਂ ਪਿਆਰੇ ਭਗਤ ਹਨ। ਕਦੇ ਉਹਨੂੰ ਪੱਥਰ 'ਚ ਲੱਭਦੇ ਹਨ, ਕਦੇ ਮੂਰਤੀਆਂ 'ਚ, ਕਦੇ ਪਹਾੜਾਂ ਕੁੰਦਰਾਂ 'ਚ, ਲੱਭਦੇ ਹਨ, ਮਨ ਦੀ ਸ਼ਾਂਤੀ ਲਈ! ਪਰ ਸ਼ਾਂਤੀ ਨਾਲੋਂ ਅਸ਼ਾਂਤੀ ਵੱਧ ਫੈਲਾਉਂਦੇ ਹਨ।
ਕੀ ਨਹੀਂ ਜਾਣਦਾ ਮਨੁੱਖ ਕਿ ਜੀਹਨੂੰ ਉਹ ਲੱਭਦੇ ਹਨ, ਉਹਦੇ ਅੰਦਰ ਹੀ ਵੱਸਦਾ ਹੈ। ਕੀ ਨਹੀਂ ਜਾਣਦਾ ਬੰਦਾ ਕਿ ਜੀਹਦੀ ਖਾਤਰ ਉਹ ਮਰਨ ਮਿੱਟਣ ਤੱਕ ਜਾਂਦੇ ਹਨ, ਉਹ ਤਾਂ ਉਹਦੇ ਅੰਦਰ ਹੀ ਵੱਸਦਾ ਹੈ। ਕਾਸ਼ ਮਨੁੱਖ ਜਾਣ ਸਕੇ ਕਵੀ ਦੀਆਂ ਸਤਰਾਂ "ਖੰਭ ਆਪਣੇ ਖੋਲ੍ਹਦੀ ਨਹੀਂ ਜਿਹੜੀ, ਚਿੜੀ ਅੰਬਰਾਂ ਵਿੱਚ ਨਹੀਂ ਉੱਡ ਸਕਦੀ"। ਤੇ ਫਿਰ ਝਗੜੇ, ਵਿਵਾਦ, ਸਾਲਸੀਆਂ ਕਿਹੜੇ ਅੱਲਾ, ਰੱਬ ਲਈ ਹਨ?
ਖੂਨ ਡੁਲ੍ਹਿਆ ਜਿਹੜਾ ਬੇਦੋਸ਼ਿਆਂ ਦਾ,
ਪਵੇ ਕਿੰਨੀ ਬਰਸਾਤ, ਨਹੀਂ ਧੋ ਸਕਦੀ
ਖ਼ਬਰ ਹੈ ਕਿ ਭਾਰਤ ਨੇ ਕਿਹਾ ਹੈ ਕਿ ਅਤਿਵਾਦ ਦੇ ਵਿਰੁੱਧ ਪਾਕਸਿਤਾਨ ਸਿਰਫ ਕਾਗਜ਼ੀ ਕਾਰਵਾਈ ਕਰ ਰਿਹਾ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਨੇ ਅਤਿਵਾਦ ਖਤਮ ਕਰਨ ਸਬੰਧੀ ਝੂਠੇ ਵਾਅਦੇ ਕੀਤੇ ਹਨ। ਪਾਕਸਿਤਾਨ ਸਰਕਾਰ ਪੁਲਵਾਮਾ ਹਮਲੇ ਵਿੱਚ ਜੈਸ਼ ਦਾ ਹੱਥ ਹੋਣ ਤੋਂ ਇਨਕਾਰ ਕਰ ਰਹੀ ਹੈ। ਭਾਰਤੀ ਪਰਵਕਤਾ ਨੇ ਪੁੱਛਿਆ ਹੈ ਕਿ ਕੀ ਪਾਕਿਸਤਾਨ ਸਰਕਾਰ ਜੈਸ਼ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਕਿਉਂਕਿ ਪੁਲਵਾਮਾ ਹਮਲੇ ਦੀ ਜ਼ੁੰਮੇਵਾਰੀ ਜੈਸ਼ ਆਤੰਕੀ ਸੰਗਠਨ ਨੇ ਲਈ ਸੀ। ਭਾਰਤ ਯੂ.ਐਨ.ਓ.ਤੋਂ ਮੰਗ ਕਰ ਰਿਹਾ ਹੈ ਕਿ ਮਸੂਦ ਅਜ਼ਹਰ ਜੋ ਕਿ ਜੈਸ਼ ਦਾ ਨੇਤਾ ਹੈ ਉਸਨੂੰ ਅੰਤਰਰਾਸ਼ਟਰੀ ਆਤੰਕੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ।
ਬਹੁਤੀ ਦੂਰ ਕੀ ਜਾਣਾ 1947 ਵੇਖ ਲਈ, ਕਿੰਨੇ ਮਰੇ, ਕਿੰਨੇ ਉਜੜੇ, ਕਿੰਨੇ ਸੜੇ, ਕਿੰਨੇ ਦਫਨ ਹੋਏ। ਕਿੰਨੇ ਘਰ ਬਰਬਾਦ ਹੋਏ। ਕਿੰਨੇ ਲੋਕਾਂ ਦੇ ਹਿਰਦੇ ਵਿਅਰਥ ਹੀ ਵਿੰਨੇ ਗਏ।
ਬਹੁਤੀ ਦੂਰ ਕੀ ਜਾਣਾ 1965, 1971, ਕਾਰਗਿਲ, ਚੀਨ ਨਾਲ ਭਾਰਤੀ ਲੜਾਈ ਵੇਖ ਲਉ। ਚੰਦਰੇ ਗੁਆਂਢੀਆਂ ਨੂੰ ਕੀ ਲੱਭਾ? ਉਹਨਾ ਲਈ ਅਸਾਂ ਚੰਦਰੇ, ਸਾਡੇ ਲਈ ਉਹ ਚੰਦਰੇ। ਫਿਰ ਕਦੇ ਉੜੀ ਵਾਪਰਿਆ ਤੇ ਹੁਣ ਪੁਲਵਾਮਾ। ਕਿਵੇਂ ਬੇਦੋਸ਼ੇ ਮਰੇ ? ਕਦੇ ਪੰਜਾਬ 'ਚ ਵੀ ਮਰੇ, ਕਸ਼ਮੀਰ 'ਚ ਵੀ ਨਿੱਤ ਮਰਦੇ ਹਨ। ਪਰ ਮਰਦੇ ਤਾਂ ਬੇਦੋਸ਼ੇ ਹਨ। ਦੇਸ਼ ਦੇ ਦਿਲ ਦਿੱਲੀ ਕਤਲੇਆਮ 'ਚ 84 'ਚ ਹਜ਼ਾਰਾਂ ਮਾਰੇ ਗਏ, ਗੁਜਰਾਤ 'ਚ ਦੰਗਿਆਂ 'ਚ ਸੈਂਕੜੇ ਮਾਰ ਦਿੱਤੇ ਗਏ। ਕੀ ਦੱਸ ਸਕੇਗੀ ਕੋਈ ਹਕੂਮਤ ਕਿ ਰਾਹਗੀਰ ਜਿਹੜੇ ਨਾ ਸਿਆਸੀ ਹਨ, ਨਾ ਚੋਧਰੀ ਹਨ, ਕਿਉਂ ਮਾਰੇ ਜਾਂਦੇ ਹਨ?
ਕੀ ਮੇਰੀ ਇਹ ਗੱਲ ਝੂਠ ਹੈ ਕਿ ਸਭ ਹਕੂਮਤਾਂ ਦੇ ਕਾਰੇ ਹਨ, ਕੁਰਸੀ ਲਈ, ਪੈਸੇ ਲਈ। ਲੋਕਾਂ ਦੇ ਮਸਲਿਆਂ ਤੋਂ ਮੁੱਖ ਮੋੜਨ ਲਈ ਜੰਗ ਲਗਾਈਆਂ ਜਾਂਦੀ ਹਨ।
ਕੀ ਮੇਰੀ ਇਹ ਗੱਲ ਝੂਠ ਹੈ ਕਿ ਹਾਕਮ ਇਧਰਲੇ ਵੀ ਉਹੋ ਜਿਹੇ ਹਨ, ਹਾਕਮ ਉਧਰਲੇ ਵੀ ਉਹੋ ਜਿਹੇ ਹਨ। ਜਿਹੜੇ ਜ਼ਾਬਰ ਹਨ, ਜਿਹੜੇ ਕੁਰਸੀ ਦੇ ਭੁੱਖੇ ਹਨ, ਹੈਗੇ ਦੋਹੀਂ ਪਾਸੀਂ ਇਕੋ ਜਿਹੇ ਹਨ।
ਕੀ ਮੇਰੀ ਇਹ ਗੱਲ ਝੂਠ ਹੈ ਕਿ ਜਨਤਾ ਇਧਰਲੀ ਵੀ ਨਿਮਾਣੀ, ਨਿਤਾਣੀ ਹੈ, ਤੇ ਜਨਤਾ ਉਧਰਲੀ ਵੀ ਨਿਮਾਣੀ, ਨਿਤਾਣੀ ਹੈ। ਜਿਹੜੀ ਸਿਰਫ ਭੁੱਖੇ ਮਰਨ, ਜ਼ੁਲਮ ਸਹਿਣ ਲਈ ਜੰਮੀ ਹੈ। ਕੀ ਮੇਰੀ ਇਹ ਗੱਲ ਝੂਠੀ ਹੈ ਕਿ ਨੇਤਾ ਲੋਕਾਂ ਦੇ ਕਾਰੇ, ਕਿਵੇਂ ਸਮਝਣ ਲੋਕ ਵਿਚਾਰੇ? ਇਸੇ ਲਈ ਜ਼ੁਲਮ ਹੁੰਦਾ ਹੈ। ਤਦੇ ਤਾਂ ਕਵੀ ਕਹਿੰਦਾ ਹੈ, "ਖੂਨ ਡੁਲ੍ਹਿਆ ਜਿਹੜਾ ਬੇਦੋਸ਼ਿਆਂ ਦਾ, ਪਵੇ ਕਿੰਨੀ ਬਰਸਾਤ, ਨਹੀਂ ਧੌ ਸਕਦੀ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਪਿਛਲੇ ਵੀਹ ਸਾਲਾਂ ਵਿੱਚ ਭਾਰਤ ਦੀ ਆਬਾਦੀ ਵਿੱਚ 34 ਫੀਸਦੀ ਦਾ ਵਾਧਾ ਹੋਇਆ ਹੈ ਜਦਕਿ ਮੈਕਸੀਕੋ 'ਚ 26 ਫੀਸਦੀ, ਤੁਰਕੀ ਵਿੱਚ 29 ਫੀਸਦੀ ਅਤੇ ਦੱਖਣੀ ਅਫ਼ਰੀਕਾ ਵਿੱਚ ਇਹ ਵਾਧਾ 31 ਫੀਸਦੀ ਰਿਹਾ।
ਇੱਕ ਵਿਚਾਰ
ਮੈਂ ਉਹਨਾ ਗੀਤਾਂ ਉਤੇ ਵਿਸ਼ਵਾਸ ਨਹੀਂ ਕਰਦੀ, ਜੋ ਇਕੋ ਨਾਹਰੇ ਵਿੱਚ ਸਭ ਕੁੱਝ ਕਹਿਣ ਦੀ ਕੋਸ਼ਿਸ਼ ਕਰਦੇ ਹਨ।.................ਜੁਲਿਆਣਾ ਹੰਟਫੀਲਡ
ਗੁਰਮੀਤ ਪਲਾਹੀ
9815802070
ਗੁਰਮੀਤ ਪਲਾਹੀ
ਲੋ ਆਇਆ ਪਿਆਰ ਕਾ ਮੌਸਮ, ਗੁਲੇ-ਗੁਲਜ਼ਾਰ ਕਾ ਮੌਸਮ... ਗੁਰਮੀਤ ਪਲਾਹੀ ਦੀ ਕਲਮ ਤੋਂ
Page Visitors: 2563