ਇਤਿਹਾਸ ਬਨਾਮ ਡੇਰਾ
ਜਹਾਜ ਚਾਹੇ ਅਸਮਾਨੀਂ ਉੱਡ ਲਏ ਪਰ ਲੱਥਣਾ ਉਸ ਨੂੰ ਧਰਤੀ ਤੇ ਹੀ ਪਏਗਾ। ਰਾਕਟ ਚਾਹੇ ਤੁਸੀਂ ਚੰਨ ਤੇ ਚਾਹੜ ਦਿਓ ਪਰ 'ਬੇਸ' ਉਸ ਦਾ ਧਰਤੀ ਹੀ ਰਹੇਗੀ! ਤੁਸੀਂ ਚਾਹੇ ਸੋਨਾ 'ਖਾਣ' ਲੱਗ ਜਾਓ ਪਰ ਕੱਢਣਾ ਤੁਹਾਨੂੰ ਧਰਤੀ ਵਿਚੋਂ ਹੀ ਪਵੇਗਾ! ਮਨੁੱਖ ਅੱਜ ਜਿਥੇ ਵੀ ਹੈ ਉਸ ਦੀ ਜੜ੍ਹ ਧਰਤੀ ਵਿਚ ਹੀ ਰਹੇਗੀ।
ਜਿੰਨੀਆਂ ਮਰਜੀ ਤਰੱਕੀਆਂ ਹੋ ਜਾਣ ਪਰ ਧਰਤੀ ਤੋਂ ਬਾਹਰ ਜਾ ਕੇ ਨਹੀਂ! ਯਾਣੀ 'ਬੇਸ' ਧਰਤੀ!
ਇਉਂ ਹੀ ਕੌਮਾਂ ਦੇ ਇਤਿਹਾਸ ਹੁੰਦੇ ਹਨ। ਕੋਈ ਕੌਮ ਚਾਹੇ ਦੁਨੀਆਂ ਤੇ ਰਾਜ ਕਰ ਲਏ ਪਰ ਉਸ ਪਿੱਛੇ 'ਬੇਸ' ਉਸ ਦਾ ਇਤਿਹਾਸ ਹੀ ਰਹੇਗਾ, ਮੁੱਢ ਉਸ ਦਾ ਇਤਿਹਾਸ ਹੀ । ਇਤਿਹਾਸਾਂ ਤੋਂ ਬਿਨਾ ਕੌਮਾਂ ਵਿਧਵਾ ਹੋ ਜਾਦੀਆਂ ਜਿਹੜੀਆਂ ਅਗਲੀਆਂ ਪੀਹੜੀਆਂ ਜੰਮਣੋ ਹੀ ਹੱਟ ਜਾਦੀਆਂ?
ਇਤਿਹਾਸ ਦਾ ਸੂਰਜ ਉਦੇ ਨਾ ਰਹੇ ਤਾਂ ਧਰਤੀ ਵਿਚੋਂ ਨਵੀਆਂ ਫਸਲਾਂ ਕਦੇ ਨਹੀਂ ਉਗਣਗੀਆਂ। ਇਤਿਹਾਸ ਕਿਤੇ ਵੀ ਕੌਮ ਦੀ 'ਬੈਕ ਬੋਨ' ਯਾਣੀ ਰੀੜ ਦੀ ਹੱਡੀ। ਇਹ ਟੁੱਟ ਗਈ ਤਾਂ, ਟੁੱਟ ਕੀ ਬਰੀਕ ਜਿਹੀ ਤਰੇੜ ਵੀ ਆ ਗਈ ਤਾਂ ਤੁਸੀਂ ਲੱਕ ਧੂੰਹਦੇ ਹੀ ਮਰ ਜਾਓਂਗੇ! ਤੇ ਯਾਦ ਰਹੇ ਕੁੱਲ ਦੁਨੀਆਂ ਦੇ ਇਤਿਹਾਸ ਵਿਚੋਂ ਇੱਕ ਗੱਲ ਤੁਹਾਨੂੰ ਸਾਝੀਂ ਲੱਭੇਗੀ ਕਿ ਕਿਸੇ ਹਕੂਮਤ ਨੇ ਦੂਜੀ ਕੌਮ ਉਪਰ ਰਾਜ ਕਰਨ ਲਈ ਸਭ ਤੋਂ ਪਹਿਲਾਂ ਉਸ ਦਾ ਇਤਿਹਾਸ ਮਿਟਾਇਆ! ਇਹ ਗੱਲ ਸਿੱਖ ਕੌਮ ਨੂੰ ਖੁਦ ਵਿਚੋਂ ਲੱਭਣੀ ਔਖੀ ਨਹੀਂ ਜਿਸ ਦਾ ਵਾਹ ਮੁਗਲਾਂ, ਅੰਗਰੇਜਾਂ ਅਤੇ ਹੁਣ ਹਿੰਦੂ ਨਾਲ ਪੈ ਚੁੱਕਾ ਹੋਇਆ?
ਗੁਰੁ ਨਾਨਕ ਸਾਹਿਬ ਜੀ ਜਦ ਸਿੱਧਾਂ-ਜੋਗੀਆਂ ਕੋਲੇ ਗਏ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਜੰਗਲਾਂ ਵਿਚੋਂ ਨਿਕਲਣ ਦੀ ਯਾਣੀ ਘੁਰਨਿਆਂ ਵਿਚੋਂ ਯਾਣੀ ਉਸ ਸਮੇ ਦੇ ਡੇਰਿਆਂ-ਮੱਠਾਂ ਵਿਚੋਂ ਨਿਕਲਣ ਦੀ ਗੱਲ ਆਖੀ! ਗੁਰੂ ਗੋਬਿੰਦ ਸਿੰਘ ਜੀ ਜਦ ਮਾਧੋ ਕੋਲੇ ਗਏ ਤਾਂ ਸਭ ਤੋਂ ਪਹਿਲਾਂ ਉਸ ਨੂੰ ਡੇਰੇ ਵਿਚੋਂ ਕੱਢਿਆ। ਕਿਉਂ?
ਅੰਗਰੇਜ ਤਿੱਖਾ ਸੀ ਉਹ ਖਾਲਸੇ ਦੇ ਇਤਿਹਾਸ ਨੂੰ ਜਿਹੜਾ ਹੱਥ ਪਾਇਆ ਸੋ ਪਾਇਆ, ਨਾਲ ਉਸ 'ਸੰਤ' ਦੇ ਬੀਜ ਦਾ ਛੱਟਾ ਦੇ ਦਿੱਤਾ। ਉਹ ਚਲਾ ਗਿਆ ਹਿੰਦੂ ਨੇ ਉਸ ਫਸਲ ਨੂੰ ਖਾਦ ਪਾਣੀ ਅਜਿਹਾ ਦਿੱਤਾ ਕਿ ਸੱਚ ਤੁਹਾਡੇ ਸਾਹਵੇਂ! ਡੇਰਾ ਅਜਿਹੀ ਸਿਉਂਕ ਜਿਹੜਾ ਇਤਿਹਾਸ ਨੂੰ ਟੁੱਕ ਟੁੱਕ ਕੇ ਖਾ ਜਾਂਦਾ ਪਰ ਬੰਦੇ ਨੂੰ ਪਤਾ ਹੀ ਉਦੋਂ ਲੱਗਦਾ ਜਦ ਤੁਹਾਡੀਆਂ ਚੁਗਾਠਾਂ ਹਿੱਲ ਚੁੱਕੀਆਂ ਹੁੰਦੀਆਂ। ਡੇਰਾ ਕਦੇ ਇਤਿਹਾਸ ਦੀ ਗੱਲ ਨਹੀਂ ਕਰੇਗਾ, ਕਰ ਸਕਦਾ ਹੀ ਨਹੀਂ ਕਿਉਂਕਿ ਡੇਰੇ ਅਤੇ ਇਤਿਹਾਸ ਦਾ ਮੁੱਢੋਂ ਵੈਰ। ਇਤਿਹਾਸ ਢਾਹੁੰਦਾ ਹੀ ਪਹਿਲਾਂ ਡੇਰਾ! ਤੁਹਾਡੇ ਕੋਲੇ ਇੱਕ ਚੀਜ ਹੀ ਰਹਿ ਸਕਦੀ ਡੇਰਾ ਜਾਂ ਇਤਿਹਾਸ। ਡੇਰਿਆਂ ਦੀ ਬਰਸੀਆਂ ਦੇ ਉਡਦੇ ਧੂੰਏ ਵਿਚੋਂ ਕਦੇ ਤੁਹਾਨੂੰ ਇਤਿਹਾਸ ਦਾ ਕਿਣਕਾ ਵੀ ਲੱਭਾ ਕਿਤੇ ?
ਮੈਂ ਸੋਚਦਾ ਸੀ ਢੱਡਰੀ ਵਾਲੇ ਦਾ ਡੇਰਾ ਮਰ ਗਿਆ ਤਾਂ ਹੀ ਉਹ ਡੇਰਿਆਂ ਵਿਰੁਧ ਹੋ ਤੁਰਿਆ, ਪਰ ਅੱਜ ਜਦ ਉਹ ਇਤਿਹਾਸ ਬਾਰੇ ਕੱਚੀਆਂ ਅਤੇ ਬਚਕਾਨਾ ਦਲੀਲਾਂ ਦੇ ਰਿਹਾ ਤਾਂ ਮੈਂ ਦਾਅਵੇ ਨਾਲ ਕਹਿ ਸਕਦਾਂ ਕਿ ਡੇਰਾ ਮਾਰਨਾ ਇਨਾ ਸੌਖਾ ਨਹੀਂ! ਧਰਤੀ 'ਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਮੇ ਕਿਤੇ ਹੀ ਜੰਮਦੇ ਜਿਹੜੇ ਡੇਰੇ ਦੀ ਵਾੜ ਟੱਪ ਕੇ ਸਿੱਧੇ ਹੋ ਲੈਂਦੇ ਮੌਤ ਵੰਨੀ!
ਡੇਰਾ ਛੱਡੋ ਸਹੀਂ ਤੁਸੀਂ ਅਗਲਿਆਂ ਬਾਬਾ ਬੰਦਾ ਸਿੰਘ ਦੀ ਬੋਟੀ ਬੋਟੀ ਕਰ ਮਾਰੀ ਤੇ ਸਕੇ ਪੁੱਤ ਨੂੰ ਉਸੇ ਦੇ ਪੱਟ 'ਤੇ ਰੱਖ ਕੇ ਚੀਰ ਦਿੱਤਾ ਅਤੇ ਪੁੱਤ ਦਾ ਕਲੇਜਾ ਕੱਢ ਕੇ ਉਸ ਦੇ ਮੂੰਹ ਤੁੰਨਿਆ ਤੇ ਬਾਬਾ ਜਰਨੈਲ ਸਿੰਘ ਤੋਪਾਂ ਡਾਹ ਕੇ ਉਡਾਇਆ! ਪਰ ਦੂਜੇ ਪਾਸੇ ਉਸੇ ਡੇਰੇ ਦੇ ਠਾਕੁਰ ਸਿਊਂ ਨੂੰ ਕਦੇ ਖਰੋਚ ਕਿਉਂ ਨਹੀਂ ਆਈ ਤੇ ਧੁੰਮਾ ਹਾਲੇ ਤਾਈਂ ਸੂਰ ਤਰ੍ਹਾਂ ਘੁਰ ਘੁਰ ਕਰਦਾ ਫਿਰਦਾ ਬਾਦਲਾਂ ਮੂਹਰੇ ?
ਪੰਜਾਬ ਦੀ ਜਵਾਨੀ ਦਾ ਬੀਜ ਨਾਸ ਕਰਨ ਤੇ ਤੁਲੀ ਰਹੀ ਹਕੂਮਤ ਪਰ ਕਿਸੇ ਡੇਰੇ ਵੰਨੀ ਮੂੰਹ ਕੀਤਾ ਉਸ ?
ਯਾਦ ਰਹੇ ਕਿ ਸੰਦ ਜਾਂ ਤਰੀਕੇ ਬਦਲਣ ਨਾਲ ਇਤਿਹਾਸ ਦੀ ਲੋੜ ਕਦੇ ਮਨਫੀ ਨਹੀਂ ਕੀਤੀ ਜਾ ਸਕਦੀ ਯਾਣੀ ਪ੍ਰਰੇਣਾ ਸਰੋਤ ਇਤਿਹਾਸ ਹੀ ਰਹੇਗਾ! ਸਾਡੇ ਬਾਬੇ ਦਾਦਿਆਂ ਦੇ ਹੱਲ ਪੰਜਾਲੀਆਂ ਨਾਲ ਇਤਿਹਾਸ ਦੀ ਕੱਚੀ ਦਲੀਲ? ਸਾਡੇ ਬਾਬੇ ਦਾਦੇ ਇਤਿਹਾਸ ਨਹੀਂ ਸਨ। ਸਿੱਖ ਅੱਜ ਦੇ ਜਿਸ ਤਰੀਕੇ ਨਾਲ ਵੀ ਲੜੇ ਪਰ ਚਾਨਣ ਇਤਿਹਾਸ ਹੀ ਰਹੇਗਾ। ਲੋਅ ਉਸ ਨੂੰ ਇਤਿਹਾਸ ਵਿਚੋਂ ਹੀ ਮਿਲੇਗੀ। ਤੇ ਇਹ ਵੀ ਕਿ ਅੱਜ ਜੇ ਸਿੱਖ ਕੌਮ ਨੇ ਅਪਣੀਆਂ ਨਸਲਾਂ ਜਿਉਂਦੀਆਂ ਰੱਖਣੀਆਂ ਉਸ ਨੂੰ ਅਪਣੇ ਇਤਿਹਾਸ ਵੰਨੀ ਦੁਬਾਰਾ ਅਤੇ ਖਾਸ ਧਿਆਨ ਦੇਣਾ ਪਵੇਗਾ ਨਹੀਂ ਤਾਂ ਹੋਣੀ ਤਾਂ ਕੰਧ ਤੇ ਲਿਖੀ ਹੀ ਪਈ?
ਸੁੱਖਾ ਜਿੰਦਾ ਦੇ ਤਰੀਕੇ, ਸਾਧਨ ਅਤੇ ਹਥਿਆਰ ਸੁੱਖਾ ਸਿੰਘ ਮਹਿਤਾਬ ਸਿੰਘ ਨਾਲੋਂ ਅਲੱਗ ਹੋ ਸਕਦੇ ਪਰ ਪਹਿਲਿਆਂ ਦਾ ਜਾਂ ਆਉਂਣ ਵਾਲਿਆਂ ਤੱਕ ਦਾ ਪ੍ਰਰੇਣਾ ਸਰੋਤ ਸੁੱਖਾ ਸਿੰਘ ਮਹਿਤਾਬ ਸਿੰਘ ਹੀ ਰਹੇਗਾ! ਯਾਣੀ ਇਤਿਹਾਸ!
ਗੁਰਦੇਵ ਸਿੰਘ ਸੱਧੇਵਾਲੀਆ
ਗੁਰਦੇਵ ਸਿੰਘ ਸੱਧੇਵਾਲੀਆ
ਇਤਿਹਾਸ ਬਨਾਮ ਡੇਰਾ
Page Visitors: 2484