ਮੁਕਤ ਹੋਣ ਦਾ ਰਾਹ ਕਿਹੜਾ ਹੈ…?
ਆਤਮਜੀਤ ਸਿੰਘ, ਕਾਨਪੁਰ
"ਮੁਕਤਿ ਪੰਥੁ ਜਾਨਿਓ ਤੈ ਨਾਹਨਿ" …
ਅੱਜ ਹਰ ਕੋਈ ਮੁਕਤ ਹੋਣਾ ਚਾਹੁੰਦਾ ਹੈ …
ਅਸਲ ਵਿਚ ਮੁਕਤੀ ਹੈ ਕਿ …?,
ਮੁਕਤ ਹੋਣ ਦਾ ਰਾਹ ਕਿਹੜਾ ਹੈ …?
ਕਿਸ ਤੋਂ ਮੁਕਤ ਹੋਣਾ ਹੈ …?,
ਇਸ ਤੋਂ ਸਭ ਅਣਜਾਣ ਹਨ । ਸਾਧ ਲਾਣੇ ਨੇ ਸਾਨੂੰ ਬ੍ਰਾਹਮਣ ਵਾਂਗ ਸਮਝਾ ਦਿੱਤਾ ਮੁਕਤੀ ਬਹੁਤ ਅਗਾਹ ਦੀ ਚੀਜ ਹੈ ਜਿਸ ਨੂੰ ਅਸਾਨੀ ਨਾਲ ਨਹੀਂ ਪਾਇਆ ਜਾ ਸਕਦਾ, ਮੁਕਤੀ ਮਰਣ ਤੋਂ ਬਾਅਦ ਮਿਲਦੀ ਹੈ …।
ਭਲਿਓ ! ਅਸਲ ਵਿੱਚ ਮੁਕਤੀ ਹੈ ਜਿਉਂਦਿਆ ਜੀ … ਮਰਨ ਤੋਂ ਬਾਅਦ ਕਿਸ ਤੋਂ ਮੁਕਤੀ ਮਿਲਣੀ ਹੈ, ਗੁਰੂ ਫੁਰਮਾਨ ਹੈ, "ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ" ਮਰਨ ਤੋਂ ਬਾਦ ਕਿਸਨੇ ਕਿਥੇ ਚਲੇ ਜਾਣਾ ਪਤਾ ਨਹੀਂ …।
ਅੱਜ ਸਾਧੇ ਲਾਣੇ ਨੇ ਅਤੇ ਗੱਪ ਕਹਾਣੀਆਂ ਸੁਣਾਉਣ ਵਾਲਿਆਂ ਨੇ ਸਾਨੂੰ ਬ੍ਰਾਹਮਣ ਵਾਂਗ ਮੁਕਤੀ ਦਾ ਮਾਰਗ ਦਸ ਦਿੱਤਾ ਪੁੱਠੇ ਲੱਟਕ ਕੇ ਤਪ ਕਰਨਾ, ਇੰਨੇ ਪਾਠ ਕਰਨੇ, ਇੰਨੇ ਮੰਤ੍ਰ ਪੜ੍ਹਨੇ, ਗੁਰਬਾਣੀ ਨੂੰ ਤੋਤਾ ਰੱਟੂ ਵਾਂਗ ਬਿਨਾ ਸਮਝਿਆ ਦਿਨ ਵਿਚ ਇਕੋ ਪਾਠ ਕਈ ਵਾਰ ਪੜ੍ਹਨਾ … ਸਾਧ ਲਾਣੇ ਨੇ ਮੁਕਤੀ ਦਾ ਇਹ ਮਾਰਗ ਦੱਸ ਕੇ ਸਾਨੂੰ ਅਸਲ ਮੁਕਤੀ ਦੇ ਰਾਹ ਤੋਂ ਕੋਹਾਂ ਦੂਰ ਕਰ ਦਿੱਤਾ … ਗੁਰੂ ਫੁਰਮਾਨ ਹੈ ਇੰਨਾ ਕਰਮਾਂ ਨਾਲ ਤੈਨੂੰ ਮੁਕਤੀ ਤੇ ਨਹੀਂ ਮਿਲਣੀ ਸਗੋਂ ਤੇਰਾ ਅਹੰਕਾਰ ਵੱਧਣਾ ਹੈ …
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥
ਪੰਚ ਜਨਾ ਸਿਉ ਸੰਗ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥
ਜਿਸ ਤੋਂ ਅਸੀਂ ਮੁਕਤ ਹੋਣਾ ਸੀ ਉਸ ਤੋਂ ਅਸੀਂ ਬਹੁਤ ਦੂਰ ਹੋ ਗਏ … ਅਸਲ ਵਿੱਚ ਮੁਕਤ ਹੋਣਾ ਹੈ ਭਰਮ ਤੋਂ, ਮੋਹ ਤੋਂ, ਵਿਕਾਰਾਂ ਤੋਂ, ਬੰਧਨਾਂ ਤੋਂ, ਅਹੰਬੁਧਿ ਤੋਂ ਅਤੇ ਇੰਨਾ ਤੋਂ ਮੁਕਤੀ ਮਿਲਣੀ ਸੀ ਗੁਰੂ ਦੇ ਬਚਨਾਂ ਰਾਹੀਂ ਭਾਵ ਗੁਰੂ ਦੇ ਹੁਕਮ ਵਿਚ ਚੱਲਣਾ ਹੀ ਇੰਨਾਂ ਤੋਂ ਮੁਕਤ ਹੋਣਾ ਹੈ, ਗੁਰੂ ਫੁਰਮਾਨ ਹੈ …
ਭ੍ਰਮੁ ਭਉ ਮੋਹੁ ਕਾਟਿਓ ਗੁਰ ਬਚਨੀ ਅਪਨਾ ਦਰਸੁ ਦਿਖਾਵਹੁ ॥੧॥
ਸਭ ਕੀ ਰੇਨ ਹੋਇ ਮਨੁ ਮੇਰਾ ਅਹੰਬੁਧਿ ਤਜਾਵਹੁ ॥
ਅਸਲ ਵਿਚ ਮੁਕਤੀ ਹੈ ਹੀ ਸ਼ਬਦ ਦੀ ਵਿਚਾਰ ਵਿਚ …
"ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ"
…………………………………………………
ਵਿਚਾਰ :-
ਵੀਰ ਆਤਮ ਜੀਤ ਸਿੰਘ ਜੀ ਲਿਖਦੇ ਹਨ ਕਿ,
ਅਸਲ ਵਿੱਚ ਮੁਕਤੀ ਹੈ ਜਿਉਂਦਿਆ ਜੀ
ਹੁਣ ਪਤਾ ਨਹੀਂ ਉਨ੍ਹਾਂ ਨੇ ਇਹ ਸਿੱਟਾ ਕਿਥੋਂ ਕੱਢਿਆ ਹੈ ?
ਮੈਂ ਉਨ੍ਹਾਂ ਨੂੰ ਥੋੜੀ ਜਿਹੀ ਸੇਧ ਦੇਣਾ ਚਾਹੁੰਦਾ ਹਾਂ, ਜੇ ਉਹ ਉਸ ਤੇ ਗੌਰ ਕਰਨ ਤਾਂ ਉਨ੍ਹਾਂ ਦੀ ਕੁਝ ਜਾਣਕਾਰੀ ਵਧੇਗੀ, ਨਹੀਂ ਤਾਂ ਉਨ੍ਹਾਂ ਦੀ ਮਰਜ਼ੀ। ਮੈਂ ਤਾਂ ਉਨ੍ਹਾਂ ਨੂੰ ਵੀ ਪਿਛਲੇ ਲੇਖ (ਗੁਰਬਾਣੀ ਨੂੰ ਸਮਝਣ ਦੀ ਲੋੜ ਹੈ ਤਰਕ-ਵਿਤਰਕ ਦੀ ਨਹੀਂ) ਵਿਚ ਲਿਖੇ ਮਹਾਨ ਵਿਦਵਾਨਾਂ ਵਿਚੋਂ ਮੰਨ ਲਵਾਂਗਾ, ਪਰ ਸ਼ਰਤ ਓਹੀ ਹੈ ਕਿ ਜੇ ਉਹ ਅਪਣੀ ਲਿਖਤ ਨੂੰ ਗੁਰਬਾਣੀ ਅਨੁਸਾਰ ਦੱਸਦੇ ਹਨ ਤਾਂ ਉਨ੍ਹਾਂ ਨੂੰ ਵੀ ਇਸ ਲਿਖਤ ਨੂੰ ਗੁਰਬਾਣੀ ਵਿਚੋਂ ਹੀ ਸਾਬਤ ਕਰਨਾ ਪਵੇਗਾ, ਉਹ ਵੀ ਇਕ-ਇਕ ਤੁਕ ਲੈ ਕੇ ਨਹੀਂ, ਪੂਰੇ ਸ਼ਬਦ ਦੀ ਵਿਆਖਿਆ ਕਰ ਕੇ।
ਸੁਖਮਨੀ ਬਾਣੀ ਵਿਚ ਦੋ ਅਸ਼ਟਪਦੀਆਂ ਹਨ, ਇਕ ਜਿਊਂਦਿਆਂ ਦੀ ਮੁਕਤੀ ਬਾਰੇ, ਇਕ ਆਵਾਗਵਣ ਤੋਂ ਮੁਕਤੀ ਬਾਰੇ। ਆਉ ਵਿਚਾਰਦੇ ਹਾਂ।
ਪ੍ਰਭ ਕੀ ਆਗਿਆ ਆਤਮ ਹਿਤਾਵੈ ॥ ਜੀਵਨ ਮੁਕਤਿ ਸੋਊ ਕਹਾਵੈ ॥
ਤੈਸਾ ਹਰਖੁ ਤੈਸਾ ਉਸੁ ਸੋਗੁ ॥ ਸਦਾ ਅਨੰਦੁ ਤਹ ਨਹੀ ਬਿਓਗੁ ॥
ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥
ਤੈਸਾ ਮਾਨੁ ਤੈਸਾ ਅਭਿਮਾਨੁ ॥ ਤੈਸਾ ਰੰਕੁ ਤੈਸਾ ਰਾਜਾਨੁ ॥
ਜੋ ਵਰਤਾਏ ਸਾਈ ਜੁਗਤਿ ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥੭॥
ਪ੍ਰਭ ਕੀ ਆਗਿਆ ਆਤਮ ਹਿਤਾਵੈ ॥ ਜੀਵਨ ਮੁਕਤਿ ਸੋਊ ਕਹਾਵੈ ॥
ਜਿਹੜਾ ਬੰਦਾ ਪ੍ਰਭੂ ਦੇ ਹੁਕਮ, ਪਰਮਾਤਮਾ ਦੀ ਰਜ਼ਾ ਨੂੰ ਦਿਲੋਂ ਮਿੱਠਾ ਕਰ ਕੇ ਮੰਨਦਾ ਹੈ, ਓਹੀ ਜੀਊਂਦਾ ਮੁਕਤ ਅਖਵਾਉਂਦਾ ਹੈ।
ਤੈਸਾ ਹਰਖੁ ਤੈਸਾ ਉਸੁ ਸੋਗੁ ॥ ਸਦਾ ਅਨੰਦੁ ਤਹ ਨਹੀ ਬਿਓਗੁ ॥
ਉਸ ਬੰਦੇ ਲਈ ਖੁਸ਼ੀ ਅਤੇ ਗਮੀ ਇਕੋ ਜਿਹੀ ਹੁੰਦੀ ਹੈ, ਉਸ ਲਈ ਸਦਾ ਹੀ ਆਨੰਦ ਹੈ, ਕਿਉਂਕਿ ਅਜਿਹੀ ਹਾਲਤ ਵਿਚ ਉਹ ਹਮੇਸ਼ਾ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਪ੍ਰਭੂ ਚਰਨਾਂ ਨਾਲੋਂ ਉਸ ਦਾ ਵਿਛੋੜਾ ਨਹੀਂ ਹੁੰਦਾ। ਜੋ ਦੁੱਖ ਦਾ ਮੂਲ ਕਾਰਨ ਹੈ।
ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥
ਅਜਿਹੇ ਬੰਦੇ ਲਈ ਸੋਨਾ ਅਤੇ ਮਿੱਟੀ ਇਕੋ ਸਮਾਨ ਹੁੰਦੀ ਹੈ, ਨਾ ਉਸ ਨੂੰ ਦੌਲਤ ਵੇਖ ਕੇ ਮਾਣ ਹੁੰਦਾ ਹੈ, ਨਾ ਉਸ ਨੂੰ ਤੰਗੀ ਦੀ ਹਾਲਤ ਵਿਚ ਝੋਰਾ ਹੁੰਦਾ ਹੈ। ਉਸ ਲਈ ਅੰਮ੍ਰਿਤ ਅਤੇ ਕੌੜੀ ਜ਼ਹਰ ਵੀ ਇਕ ਸਮਾਨ ਹੀ ਹੁੰਦਾ ਹੈ।
ਤੈਸਾ ਮਾਨੁ ਤੈਸਾ ਅਭਿਮਾਨੁ ॥ ਤੈਸਾ ਰੰਕੁ ਤੈਸਾ ਰਾਜਾਨੁ ॥
ਕਿਸੇ ਵਲੋਂ ਕੀਤਾ ਹੋਇਆ ਅਪਮਾਨ (ਜੋ ਓਹ ਅਭਿਮਾਨੁ ਸਦਕੇ ਕਰਦਾ ਹੈ) ਅਤੇ ਕਿਸੇ ਵਲੋਂ ਕੀਤਾ ਹੋਇਆ ਮਾਣ ਆਦਰ ਵੀ ਉਸ ਲਈ ਇਕ ਸਮਾਨ ਹੀ ਹੁੰਦਾ ਹੈ, ਉਹ ਕਿਸੇ ਰਾਜੇ ਨੂੰ ਵੀ ਵੈਸਾ ਹੀ ਸਮਝਦਾ ਹੈ, ਜੈਸਾ ਕਿਸੇ ਗਰੀਬ ਆਦਮੀ ਨੂੰ ਸਮਝਦਾ ਹੈ।
ਜੋ ਵਰਤਾਏ ਸਾਈ ਜੁਗਤਿ ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥੭॥ (275)
ਜਿਹੜਾ ਬੰਦਾ ਆਪਣੀ ਜ਼ਿੰਗੀ ਇਸ ਤਰ੍ਹਾਂ ਦੀ ਜੁਗਤ ਨਾਲ ਜਿਉਂਦਾ ਹੈ , ਹਮੇਸ਼ਾ ਇਕ ਸਮਾਨ ਅਵਸਥਾ ਵਿਚ ਰਹਿੰਦਾ ਹੈ, ਹੇ ਨਾਨਕ ਆਖ, ਉਸ ਬੰਦੇ ਨੂੰ ਹੀ ਜੀਵਨ ਮੁਕਤ ਕਿਹਾ ਜਾ ਸਕਦਾ ਹੈ।
ਇਹ ਹੈ ਜਿਊਂਦੇ ਮੁਕਤੀ ਦੀ ਗੱਲ, ਜੋ ਜ਼ਿੰਗੀ ਵਿਚ ਹੀ ਮਾਣੀ ਜਾਂਦੀ ਹੈ।
ਆਉ ਹੁਣ ਆਵਾ-ਗਵਣ ਤੋਂ ਮੁਕਤੀ ਦੀ ਗੱਲ ਕਰਦੇ ਹਾਂ।
ਕਬਹੂ ਸਾਧਸੰਗਤਿ ਇਹੁ ਪਾਵੈ ॥ ਉਸੁ ਅਸਥਾਨ ਤੇ ਬਹੁਰਿ ਨ ਆਵੈ ॥
ਅੰਤਰਿ ਹੋਇ ਗਿਆਨ ਪਰਗਾਸੁ ॥ ਉਸੁ ਅਸਥਾਨ ਕਾ ਨਹੀ ਬਿਨਾਸੁ ॥
ਮਨ ਤਨ ਨਾਮਿ ਰਤੇ ਇਕ ਰੰਗਿ ॥ ਸਦਾ ਬਸਹਿ ਪਾਰਬ੍ਰਹਮ ਕੈ ਸੰਗਿ ॥
ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥
ਮਿਟਿ ਗਏ ਗਵਨ ਪਾਏ ਬਿਸ੍ਰਾਮ ॥ ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥
ਕਬਹੂ ਸਾਧਸੰਗਤਿ ਇਹੁ ਪਾਵੈ ॥ ਉਸੁ ਅਸਥਾਨ ਤੇ ਬਹੁਰਿ ਨ ਆਵੈ ॥
ਜਦੋਂ ਕਿਤੇ ਪ੍ਰਭੂ ਦੀ ਅੰਸ਼ ਇਹ ਮਨ ਸਾਧ-ਸੰਗਤ ਵਿਚ ਜੁੜ ਜਾਂਦਾ ਹੈ ਤਾਂ ਫਿਰ ਸਾਧ-ਸੰਗਤ ਤੋਂ ਅਲੱਗ ਨਹੀਂ ਹੁੰਦਾ।
ਅੰਤਰਿ ਹੋਇ ਗਿਆਨ ਪਰਗਾਸੁ ॥ ਉਸੁ ਅਸਥਾਨ ਕਾ ਨਹੀ ਬਿਨਾਸੁ ॥
ਅਜਿਹੀ ਹਾਲਤ ਵਿਚ ਉਸ ਦੇ ਅੰਦਰ ਰੱਬ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਉਸ ਗਿਆਨ ਵਾਲੀ ਹਾਲਤ ਦਾ ਨਾਸ ਨਹੀਂ ਹੁਂਦਾ।ਉਹ ਹਮੇਸ਼ਾ ਰੱਬ ਦੇ ਗਿਆਨ ਦੀ ਗੱਲ ਕਰਦਾ ਹੈ।
ਮਨ ਤਨ ਨਾਮਿ ਰਤੇ ਇਕ ਰੰਗਿ ॥ ਸਦਾ ਬਸਹਿ ਪਾਰਬ੍ਰਹਮ ਕੈ ਸੰਗਿ ॥
ਜਿਸ ਮਨੁੱਖ ਦੇ ਮਨ ਅਤੇ ਤਨ ਹਮੇਸ਼ਾ ਪ੍ਰਭੂ ਦੇ ਨਾਮ, ਉਸ ਦੀ ਰਜ਼ਾ ਵਿਚ ਰੰਗੇ ਰਹਿੰਦੇ ਹਨ, ਉਹ ਹਮੇਸ਼ਾ ਅਕਾਲ-ਪੁਰਖ ਦੇ ਨਾਲ ਹੀ ਰਹਿੰਦਾ ਹੈ।
ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥
ਜਿਵੇਂ ਪਾਣੀ ਵਿਚ ਪਾਇਆ ਪਾਣੀ ਇਕ-ਮਿਕ ਹੋ ਜਾਂਦਾ ਹੈ, ਫੇਰ ਅਲੱਗ ਨਹੀਂ ਕੀਤਾ ਜਾ ਸਕਦਾ, ਤਿਵੇਂ ਹੀ ਉਸ ਬੰਦੇ ਦੀ ਜੋਤ ਪਰਮਾਤਮਾ ਦੀ ਸਰਬਵਿਆਪਕ ਜੋਤੀ ਵਿਚ ਵਿਲੀਨ ਹੋ ਜਾਂਦੀ ਹੈ।ਫਿਰ ਅਲੱਗ ਨਹੀਂ ਹੋ ਸਕਦੀ।
ਮਿਟਿ ਗਏ ਗਵਨ ਪਾਏ ਬਿਸ੍ਰਾਮ ॥ ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥ (278)
ਉਸ ਬੰਦੇ ਦੇ ਜਨਮ ਮਰਨ ਦੇ ਗੇੜ ਮੁਕ ਜਾਂਦੇ ਹਨ, ਉਸ ਦੀ ਜਨਮ-ਮਰਨ ਦੇ ਗੇੜ ਤੋਂ ਮੁਕਤੀ ਹੋ ਜਾਂਦੀ ਹੈ। ਹੇ ਨਾਨਕ ਅਜਿਹੇ ਸਰਬ ਸਮਰੱਥ ਪਰਮਾਤਮਾ ਤੋਂ ਹਮੇਸ਼ਾ ਕੁਰਬਾਨ ਜਾਣਾ ਚਾਹੀਦਾ ਹੈ,ਸਦਕੇ ਜਾਣਾ ਚਾਹੀਦਾ ਹੈ।
ਇਹ ਹੈ ਆਵਾ-ਗਵਣ ਤੋਂ ਮੁਕਤੀ ਦੀ ਗੱਲ, ਜਿਸ ਪਿੱਛੋਂ ਮਨ ਆਪਣੇ ਮੂਲ ਨਾਲ ਇਵੇਂ ਇਕ-ਮਿਕ ਹੋ ਜਾਂਦਾ ਹੈ ਜਿਵੇਂ ਪਾਣੀ, ਪਾਣੀ ਨਾਲ ਰਲ ਕੇ ਮੁੜ ਅਲੱਗ ਨਹੀਂ ਕੀਤਾ ਜਾ ਸਕਦਾ, ਤਿਵੇਂ ਹੀ ਮਨ ਦੀ ਹੋਂਦ ਸਦਾ ਲਈ ਖਤਮ ਹੋ ਜਾਂਦੀ ਹੈ, ਉਹ ਰੱਬ ਦੀ ਅੰਸ਼, ਰੱਬ ਨਾਲ ਰਲ ਕੇ ਆਪ ਹੀ ਰੱਬ ਹੋ ਜਾਂਦਾ ਹੈ।
ਇਹ ਮੁਕਤੀ ਮਰਨ ਤੋਂ ਮਗਰੋਂ ਹੀ ਮਿਲਦੀ ਹੈ। ਦੋਵਾਂ ਹਾਲਤਾਂ ਵਿਚਲੇ ਫਰਕ ਨੂੰ ਸਮਝਣ ਦੀ ਲੋੜ ਹੈ।
ਇਹ ਦੋਵਾਂ ਤਰ੍ਹਾਂ ਦੀ ਮੁਕਤੀ, ਗੁਰ ਸ਼ਬਦ ਦੀ ਵਿਚਾਰ ਕਰ ਕੇ ਉਸ ਅਨੁਸਾਰ ਜੀਵਨ ਢਾਲਿਆਂ ਹੀ ਮਿਲਣੀ ਹੈ। ਇਹ ਦੋ ਅਵਸਥਾ ਹਨ। ਪਹਿਲੀ ਸ਼ਬਦ ਦੀ ਵਿਚਾਰ ਕਰ ਕੇ ਉਸ ਅਨੁਸਾਰ ਜੀਵਨ ਢਾਲਣ ਨਾਲ ਹੀ ਮਿਲਦੀ ਹੈ, ਫਿਰ ਬੰਦਾ ਚੰਗੇ ਕਰਮ ਕਰਨ ਲੱਗ ਜਾਂਦਾ ਹੈ, ਅਤੇ ਮੋਹ-ਮਾਇਆ ਤੋਂ ਮੁਕਤ ਹੋ ਕੇ ਪ੍ਰਭੂ ਦੇ ਚਰਨਾਂ ਨਾਲ ਜੁੜਿਆ, ਹਮੇਸ਼ਾ ਖੁਸ਼ੀ ਖੇੜੇ ਵਿਚ ਹੀ ਰਹਿੰਦਾ ਹੈ, ਉਸ ਨੂੰ ਰੱਬ ਤੋਂ ਇਲਾਵਾ ਕਿਸੇ ਹੋਰ
ਦੀ ਕਾਣ ਨਹੀਂ ਹੁੰਦੀ। ਇਸ ਅਵਸਥਾ ਵਿਚ ਪਹੁੰਚ ਕੇ ਬੰਦਾ ਚੰਗੇ ਕੰਮ ਤਾਂ ਕਰਦਾ ਰਹਿੰਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਉਸ ਨੂੰ ਆਵਾ-ਗਵਣ ਤੋਂ ਵੀ ਮੁਕਤੀ ਮਿਲ ਜਾਵੇ, ਆਵਾ-ਗਵਣ ਤੋਂ ਮੁਕਤੀ, ਪ੍ਰਭੂ ਦੀ ਮਿਹਰ ਸਦਕਾ ਹੀ ਮਿਲਣੀ ਹੈ।
ਇਸਦਾ ਨਿਰਣਾ ਵੀ ਗੁਰਬਾਣੀ ਇਵੇਂ ਕਰਦੀ ਹੈ,
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥4॥ (2)
ਚੰਗੇ ਕੰਮ ਕਰਨ ਨਾਲ ਪ੍ਰਭੂ ਵਲੋਂ ਇੱਜ਼ਤ ਮਾਣ ਮਿਲਦਾ ਹੈ, ਪਰ ਮੁਕਤੀ ਦਾ ਦਰਵਾਜ਼ਾ, ਪਰਮਾਤਮਾ ਨਾਲ ਇਕ-ਮਿਕਤਾ, ਕਰਤਾਰ ਦੀ ਨਦਰ ਆਸਰੇ, ਮਿਹਰ ਆਸਰੇ ਹੀ ਮਿਲਦੀ ਹੈ। ਹੇ ਨਾਨਕ ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਹਰ ਥਾਂ, ਹਰ ਹਾਲਤ ਵਿਚ ਉਹ ਅਕਾਲ ਪੁਰਖ ਹਮੇਸ਼ਾ ਕਾਇਮ ਰਹਣ ਵਾਲਾ, ਆਪ ਹੀ ਆਪ ਵਰਤ ਰਿਹਾ ਹੈ।
ਅਮਰ ਜੀਤ ਸਿੰਘ ਚੰਦੀ