ਕੀ ਅਜੇ ਵੀ ਕੋਈ ਕਹਿੰਦਾ ਹੈ ? ਕਿ “ ਬਾਦਲ ਸਿੱਖ ” ਹੈ !
ਇਕ ਹੁੰਦਾ ਹੈ ਬੁਕਲ ਦਾ ਸੱਪ , ਉਹ ਇਸ ਕਰ ਕੇ ਖਤਰਨਾਕ ਹੁੰਦਾ ਹੈ , ਕਿਉਂਕਿ ਬੁਕਲ ਵਿਚੋਂ ਹੀ ਡੰਗ ਮਾਰਿਆਂ ਪਤਾ ਨਹੀਂ ਲਗਦਾ , ਇਸ ਲਈ ਉਸ ਤੋਂ ਬਚਣਾ ਔਖਾ ਹੁੰਦਾ ਹੈ । ਬਾਦਲ ਤਾਂ ਅਜਿਹਾ ਸੱਪ ਹੈ , ਜਿਸ ਨੂੰ ਸਿੱਖਾਂ ਨੇ ਆਪ ਹੀ ਸਿਰ ਤੇ ਬਿਠਾ ਲਿਆ ਹੈ , ਅਤੇ ਉਹ ਹੁਣ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ , ਅਕਾਲੀ ਦਲ , ਸ਼੍ਰੋਮਣੀ ਕਮੇਟੀ , ਦਿੱਲੀ ਕਮੇਟੀ ਅਤੇ ਤਖਤਾਂ ਤੇ ਕਬਜ਼ਾ ਕਰ , ਕੁੰਡਲੀ ਮਾਰੀ ਬੈਠਾ ਹੈ । ਉਸ ਦੀ ਨਕੇਲ ਬੀ. ਜੇ. ਪੀ. ਦੇ ਹੱਥ ਵਿਚ ਅਤੇ ਬੀ. ਜੇ. ਪੀ. ਦੀ ਨਕੇਲ ਉਸ ਆਰ. ਐਸ. ਐਸ. ਦੇ ਹੱਥ ਵਿਚ ਹੈ ਜੋ , ਰਾਤੋਂ ਉਰੇ-ਉਰੇ ਹੀ ਸਿੱਖੀ ਨੂੰ ਨਿਗਲ ਜਾਣਾ ਚਾਹੁੰਦੀ ਹੈ । ਇਸ ਪ੍ਰਭਾਵ ਹੇਠ ਬਾਦਲ , ਅਕਸਰ ਹੀ ਸਿੱਖੀ ਨੂੰ ਡੰਗ ਮਾਰਦਾ ਰਹਿੰਦਾ ਹੈ , ਦੁਨੀਆ ਇਸ ਭੁਲੇਖੇ ਵਿਚ ਹੈ ਕਿ ਬਾਦਲ ਵੀ ਸਿੱਖ ਹੈ , ਅਤੇ ਇਹ ਇਨ੍ਹਾਂ ਦਾ ਘਰੇਲੂ ਮਸਲ੍ਹਾ ਹੈ ।
1978 ਤੋਂ ਪਹਿਲਾਂ ਦੇ , ਬਾਦਲ ਦੇ ਕਾਰਨਾਮੇ ਤਾਂ ਉਸ ਦੇ ਨੇੜਲੇ ਸਾਥੀ ਹੀ ਜਾਣਦੇ ਹੋਣਗੇ , ਪਰ ਉਸ ਤੋਂ ਮਗਰੋਂ ਤਾਂ ਸਾਰਾ ਕੁਝ ਸਾਮ੍ਹਣੇ ਹੈ । ਉਹ ਲਗਾਤਾਰ ਸਿੱਖੀ ਨੂੰ ਡੰਗ ਮਾਰਦਾ ਆ ਰਿਹਾ ਹੈ । (ਉਸ ਦੇ ਸਕੇ ਭਤੀਜੇ ਨੇ ਵੀ , ਉਸ ਦਾ ਸਾਥ , ਏਸੇ ਕਰ ਕੇ ਹੀ ਛੱਡਿਆ) ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਚੌਰਾਸੀ ਤੋਂ ਮਗਰੋਂ , ਉਸ ਨੇ ਸਿੱਖਾਂ ਨੂੰ ਧੋਖਾ ਦੇ ਕੇ , ਕਿ “ ਮੈਂ ਚੌਰਾਸੀ ਦੇ ਪ੍ਰਭਾਵਤ ਸਾਰੇ ਸਿੱਖਾਂ ਨੂੰ ਇੰਸਾਫ ਦਿਵਾਵਾਂਗਾ , ਦੋਸ਼ੀ ਪੁਲਸੀਆਂ ਨੂੰ ਸਜ਼ਾਵਾਂ ਦਿਵਾਵਾਂਗਾ , ਜੇਲ੍ਹਾਂ ਵਿਚ ਬੰਦ ਸਾਰੇ ਸਿੱਖ ਕੈਦੀ ਛੱਡੇ ਜਾਣਗੇ , ਆਦਿ ਦੇ ਸਬਜ਼-ਬਾਗ ਵਿਖਾ ਕੇ ਉਸ ਨੇ ਸਿੱਖਾਂ ਦੀਆਂ ਵੋਟਾਂ ਲਈਆਂ । ਪਰ ਉਸ ਤੋਂ ਮਗਰੋਂ ਤਾ ਸਾਰਿਆਂ ਨੂੰ ਪਤਾ ਸੀ ਕਿ ਉਸ ਨੇ ਕੀ ਕੀਤਾ ਹੈ ?
ਪਰ ਉਸ ਨੂੰ ਦੁਬਾਰਾ ਪੰਜਾਬ ਵਿਧਾਨ-ਸਭਾ ਵਿਚ ਜਿਤਾਉਣਾ , ਸ਼੍ਰੋਮਣੀ ਕਮੇਟੀ ਵੀ ਉਸ ਦੇ ਹਵਾਲੇ ਕਰ ਦੇਣੀ , ਦਿੱਲੀ ਗੁਰਦਵਾਰਾ ਕਮੇਟੀ ਤੇ ਵੀ ਉਸ ਦਾ ਕਬਜ਼ਾ ਕਰਵਾ ਦੇਣਾ , ਇਹ ਪ੍ਰਤੱਖ ਜ਼ਾਹਰ ਕਰਦਾ ਹੈ ਕਿ ਉਸ ਦੇ ਜ਼ਹਰ ਦੇ ਪ੍ਰਭਾਵ ਹੇਠ ਕਿੰਨੇ ਸਿੱਖ , ਆਪਣੀਆਂ ਨਿੱਜੀ ਗਰਜ਼ਾਂ ਪਿੱਛੇ , ਸਿੱਖੀ ਨੂੰ ਬੇਦਾਵਾ ਦੇ ਬੈਠੇ ਹਨ ?
ਲਾਏ ਲਾਰੇ ਪੂਰੇ ਕਰਨਾ ਤਾਂ ਇਕ ਪਾਸੇ ਰਿਹਾ , ਉਸ ਨੇ ਤਾਂ ਦੋਸ਼ੀ ਪੁਲਸੀਆਂ ਨੂੰ ਵੀ ਆਪਣੇ ਨਾਲ ਹੀ ਸਿੱਖਾਂ ਦੇ ਸਿਰ ਤੇ ਬਿਠਾ ਲਿਆ ਹੈ , ਜੇਲ੍ਹਾਂ ਵਿਚੋਂ ਸਿੱਖਾਂ ਨੂੰ ਛੱਦਣਾ ਤਾਂ ਇਕ ਪਾਸੇ , ਜਿਨ੍ਹਾਂ ਸਿੱਖਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਹਨ , ਉਨ੍ਹਾਂ ਦੇ ਜੇਲ੍ਹਾਂ ਵਿਚੋਂ ਨਿਕਲਣ ਤੇ ਵੀ ਅੜਚਨਾ ਪਾਈਆਂ ਜਾਂਦੀਆਂ ਹਨ , ਰਿਪੋਟਾਂ ਲਵਾਈਆਂ ਜਾਂਦੀਆਂ ਹਨ ਕਿ ਇਹ ਖਤਰਨਾਕ ਆਤੰਕਵਾਦੀ ਹਨ , ਇਨ੍ਹਾਂ ਦੀ ਰਿਹਾਈ , ਭਾਰਤ ਦੇ ਅਮਨ ਲਈ ਖਤਰਾ ਹੋ ਜਾਵੇਗਾ । ਬਾਦਲ ਹਰ ਮੌਕੇ ਸਿੱਖਾਂ ਨੂੰ ਮਰਵਾਉਂਦਾ ਆ ਰਿਹਾ ਹੈ , ਸਿੱਖ ਦੋਖੀਆਂ ਨੂੰ ਬਚਾਉਂਦਾ ਆ ਰਿਹਾ ਹੈ । ਮੋਦੀ ਵਰਗੇ ਘੱਟ ਗਿਣਤੀਆਂ ਦੇ ਦੋਖੀ ਨੂੰ ਪੰਜਾਬ ਵਿਚ ਲਿਆ ਕੇ ਸਟੇਜਾਂ ਤੋਂ ਐਲਾਨ ਕੀਤੇ ਜਾਂਦੇ ਹਨ ਕਿ
“ ਮੋਦੀ ਪੰਜਾਬ ਦੇ ਸਿਰ ਦਾ ਤਾਜ ਹੈ ”
ਹੁਣ ਤਾਂ ਇਕ ਹੋਰ ਅਜਿਹੀ ਗੱਲ ਹੋ ਗਈ ਹੈ , ਜਿਸ ਨੇ ਇਸ ਨੂੰ ਬਿਲਕੁਲ ਨੰਗਾ ਕਰ ਸਿੱਤਾ ਹੈ । ਆਮ ਆਦਮੀ ਨੇ ਚੌਰਾਸੀ ਦੇ ਸਿੱਖ ਮਾਰੂ ਦੰਗਿਆਂ ਦੀ ਤਫਤੀਸ਼ ਦੀ ਗੱਲ , ਆਪਣੇ ਵਿੱਤ ਮੁਤਾਬਕ ਸ਼ੁਰੂ ਕੀਤੀ ਹੈ , ਜ਼ਾਹਰ ਹੈ ਜੇ ਭਾਰਤ ਵਿਚ ਕੋਈ ਅਜਿਹਾ ਬੰਦਾ ਹੈ ਜੋ ਤੀਹ ਸਾਲ ਮਗਰੋਂ ਵੀ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ , ਸਿੱਖ ਉਸ ਦਾ ਸਾਥ ਜ਼ਰੂਰ ਦੇਣਗੇ । ਲੋਕ ਸਭਾ ਚੋਣਾਂ ਸਿਰ ਤੇ ਹਨ , ਕੁਝ ਸਮਾ ਪਹਿਲਾਂ ਤਕ ਤਾਂ ਹਰ ਕੋਈ ਇਹੀ ਅੰਦਾਜ਼ਾ ਲਾਉਂਦਾ ਸੀ ਕਿ ਭ੍ਰਿਸ਼ਟ ਕਾਂਗਰਸ ਦੇ ਮੁਕਾਬਲੇ ਤੇ , ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਦਾ ਹੋਕਾ ਦੇਣ ਵਾਲੀ , ਫਿਰਕੂ ਬੀ. ਜੇ. ਪੀ. ਫਿਰਕੂ ਹਿੰਦੂਆਂ ਦੀਆਂ ਵੋਟਾਂ ਇਕੱਠੀਆਂ ਕਰ ਕੇ ਸੈਂਟਰ ਵਿਚ ਸਰਕਾਰ ਬਣਾ ਲਵੇਗੀ , ਉਸਾਰੂ ਸੋਚ ਦੇ ਬੰਦਿਆਂ ਦੀਆਂ ਵੋਟਾਂ ਹਮੇਸ਼ਾ ਵਾਙ ਹੀ ਵੰਡੀਆਂ ਜਾਣੀਆਂ ਹਨ । ਇਸ ਲਈ ਸਿੱਖ ਵੋਟਾਂ ਨਾਲ ਕੋਈ ਫਰਕ ਨਹੀਂ ਪੈਣਵਾਲਾ । ਪਰ ਹੁਣ ਜਦ ਆਮ ਆਦਮੀ ਖੜਾ ਹੋ ਗਿਆ ਹੈ , ਅਤੇ ਉਸ ਨੇ ਪਹਿਲੇ ਹੱਲੇ ਹੀ , ਬੀ. ਜੇ. ਪੀ. ਤੋਂ ਦਿੱਲੀ ਦੀ ਗੱਦੀ ਖੋਹ ਲਈ ਹੈ , ਤਾਂ ਸਿੱਖਾਂ ਦੀਆਂ ਵੋਟਾਂ ਦੀ ਕੀਮਤ ਨਜ਼ਰ ਆਉਣ ਲੱਗੀ ਹੈ ।
ਅਜਿਹੀ ਹਾਲਤ ਵਿਚ ਬੀ. ਜੇ. ਪੀ. ਨੂੰ ਵੀ ਸਿੱਖਾਂ ਸੀਆਂ ਵੋਟਾਂ ਦੀ ਲੋੜ ਭਾਸਣ ਲਗ ਪਈ ਹੈ . ਮੋਦੀ ਨੇ ਵੀ ਸਿੱਖ ਨਸਲ-ਕੁਸ਼ੀ ਬਾਰੇ ਜਾਂਚ ਕਰਵਾਉਣ ਦੀ ਮੰਗ ਕਰ ਦਿੱਤੀ ਹੈ । ਪਰ ਸਦਕੇ ਜਾਈਏ ਬਾਦਲ ਦੇ ਜਿਸ ਨੇ ਕਿਹਾ ਹੈ ਕਿ , ਚੌਰਾਸੀ ਦੇ ਸਿੱਖ ਕਤਲੇ-ਆਮ ਦੀ ਜਾਂਚ ਕਰਵਾਉਣ ਦੀ ਕੋਈ ਲੋੜ ਨਹੀਂ । ਆਉ ਜ਼ਰਾ ਬਾਦਲ ਦੇ ਇਸ ਬਿਆਨ ਨੂੰ ਥੋੜਾ ਡੂੰਘਾਈ ਨਾਲ ਵਿਚਾਰੀਏ ।
ਬਾਦਲ ਨੂੰ ਇਸ ਜਾਂਚ ਨਾਲ ਦੋ ਬੰਨਿਆਂ ਤੋਂ ਬਹੁਤ ਵੱਡਾ ਨੁਕਸਾਨ ਹੋਵੇਗਾ ।
1. ਇਸ ਜਾਂਚ ਵਿਚ , (ਕਿਉਂਕਿ ਇਸ ਵਾਰ ਇਹ ਜਾਂਚ ਅੱਖਾਂ ਪੂੰਝਣ ਵਾਲੀ ਨਹੀਂ ਹੋਣੀ , ਭਾਰਤ ਵਿਚ ਸਿਆਸੀ ਮਾਹੌਲ ਬਹੁਤ ਬਦਲ ਚੁੱਕਾ ਹੈ , ਸੁਪ੍ਰੀਮ ਕੋਰਟ ਦਾ ਮਿਜਾਜ਼ ਵੀ ਦੱਬੂ-ਪਣੇ ਵਾਲਾ ਨਹੀਂ ਰਿਹਾ । ਵਿਦੇਸ਼ੀਂ ਵਸਦੇ ਸਿੱਖ ਵੀ ਜਾਗਰੂਕ ਹੋ ਕੇ ਆਪਣਾ ਫਰਜ਼ ਨਿਭਾ ਰਹੇ ਹਨ , ਉਨ੍ਹਾਂ ਨੇ ਪ੍ਰਕਾਸ਼ ਬਾਦਲ , ਸੁਖਬੀਰ ਬਾਦਲ , ਸੋਨੀਆ ਗਾਂਧੀ , ਅਮਿਤਾਬ ਬੱਚਨ ਆਦਿ ਨੂੰ ਦਿਨੇ ਤਾਰੇ ਵਿਖਾ ਦਿੱਤੇ ਹਨ) ਜੇ ਇਹ ਜਾਂਚ ਸਹੀ ਢੰਗ ਨਾਲ ਹੋ ਗਈ (ਜੈਸੀ ਕਿ ਸੰਭਾਵਨਾ ਹੈ , ਇਸ ਵਾਰ ਇਸ ਜਾਂਚ ਵਿਚ ਦੁਨੀਆ ਦੇ ਬਹੁਤ ਸਾਰੇ ਮੁਲਕ ਵੀ ਦਿਲਚਸਪੀ ਲੈਣਗੇ) ਤਾਂ ਬਾਦਲ ਸਾਹਿਬ ਦਾ ਸਾਰਾ ਭਾਂਡਾ ਫੁੱਟ ਜਾਵੇ ਗਾ । ਬੀ. ਜੇ. ਪੀ. ਦਾ ਇਹ ਸੱਚ ਵੀ , ਕਿ ਉਨ੍ਹਾਂ ਨੇ ਹੀ ਦਬਾਅ ਪਾ ਕੇ ਇੰਦਰਾ ਕੋਲੋਂ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ , ਉਨ੍ਹਾਂ ਦੇ ਗਲੇ ਦੀ ਹੱਡੀ ਬਣਨ ਵਾਲੀ ਹੈ । ਜਦੋਂ ਕੇ. ਪੀ. ਗਿੱਲ ਅਤੇ ਸੁਮੇਧ ਸੈਣੀ ਆਦਿ ਉਨ੍ਹਾਂ ਪੁਲਸੀਆਂ ਤੇ ਸ਼ਿਕੰਜਾ ਕੱਸ ਹੋਇਆ , ਜਿਨ੍ਹਾਂ ਤੇ ਸਿੱਖ ਕਤਲਾਂ ਦੇ ਇਲਜ਼ਾਮ ਹਨ ਤਾਂ , ਗੁਜਰਾਤ ਦੇ ਪੁਲਸ ਵਾਲਿਆਂ ਤੋਂ ਸਬਕ ਲੈਂਦੇ , ਉਹ ਵੀ ਬਾਦਲ ਦਾ ਕੋਈ ਲਿਹਾਜ਼ ਨਹੀਂ ਕਰਨ ਲੱਗੇ ।
ਅਜਿਹੀ ਹਾਲਤ ਵਿਚ ਬਾਦਲ ਦਾ ਫਸਣਾ ਲਾਜ਼ਮੀ ਹੈ ।
2. ਬਾਦਲ ਦੀ ਸੋਚ ਮੁਤਾਬਕ ਇਹੀ ਚੰਗਾ ਹੈ ਕਿ ਇਹ ਜਾਂਚ ਨਾ ਹੋਵੇ , ਜ਼ਿਆਦਾ ਤੋਂ ਜ਼ਿਆਦਾ ਇਹੀ ਹੋਵੇਗਾ ਕਿ ਸਿੱਖ ਨਾਰਾਜ਼ ਹੋ ਕੇ ਇਨ੍ਹਾਂ ਲੋਕ-ਸਭਾ ਚੋਣਾਂ ਵਿਚ ਉਸ ਨੂੰ ਵੋਟਾਂ ਨਹੀਂ ਪਾਉਣਗੇ , ਜਿਸ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਣਵਾਲਾ , ਉਸ ਨੂੰ ਪਤਾ ਹੈ ਕਿ ਸਿੱਖ ਬੜੇ ਭੁਲੱਕੜ ਹਨ , ਪੰਜਾਬ ਵਿਧਾਨ-ਸਭਾ ਦੀਆਂ ਚੋਣਾਂ ਤਕ , ਉਨ੍ਹਾਂ ਨੇ ਆਪਣੀ ਆਦਤ ਮੂਜਬ , ਸਭ ਭੁੱਲ ਜਾਣਾ ਹੈ । ਨਾਲੇ ਇਸ ਵਾਰ ਤਾਂ ਆਮ ਆਦਮੀ ਲੋਕਸਭਾ ਚੋਣਾਂ ਮਗਰੋਂ ਪੰਜਾਬ ਦਾ ਮਾਹੌਲ ਵੀ ਬਦਲਣ ਵਾਲੇ ਹਨ , ਅਤੇ ਇਸ ਜਾਂਚ ਮਗਰੋਂ ਉਸ ਦਾ ਬ੍ਰਹਮ-ਅਸਤ੍ਰ , ਕਿ ਸਿੱਖਾਂ ਦਾ ਕਤਲੇ-ਆਮ ਕਾਂਗਰਸੀਆਂ ਨੈ ਕਰਵਾਇਆ ਸੀ , ਕਿਸੇ ਕੰਮ ਨਹੀਂ ਆਉਣ ਵਾਲਾ । ਉਸ ਵੇਲੇ ਦੀ ਉਸ ਵੇਲੇ ਵੇਖੀ ਜਾਵੇਗੀ , ਫਿਲਹਾਲ ਸਿਰ ਤੇ ਆਈ ਮੁਸੀਬਤ ਟਾਲੋ ਵਾਲੀ ਨੀਤੀ ਬਾਦਲ ਅਪਣਾ ਰਿਹਾ ਹੈ।
ਇਸ ਵੇਲੇ ਦਾ ਮਾਹੌਲ ਇਹੀ ਮੰਗ ਕਰਦਾ ਹੈ ਕਿ ਸਿੱਖੀ ਬਚਾਈ ਜਾਵੇ , ਵਿਖਾਵੇ ਦੇ ਸਿੱਖ ਨਹੀਂ । ਜੋ ਸਿੱਖ ਇਸ ਵਾਰ ਵੀ ਬਾਦਲ ਦਾ ਹੀ ਸਾਥ ਦਿੰਦੇ ਹਨ , ਉਨ੍ਹਾਂ ਦਾ ਨਾਮ ਵੀ ਸਿੱਖ-ਦੋਖੀਆਂ ਵਿਚ ਲਿਖ ਲਿਆ ਜਾਵੇ , ਵੇਲਾ ਪੈਣ ਤੇ ਕੰਮ ਆਵੇਗਾ । ਇਸ ਵੇਲੇ ਏਸ ਨੀਤੀ ਨੂੰ ਅਪਨਾਉਣ ਦੀ ਲੋੜ ਹੈ ,
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ (601-2)
ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਣੇ ਵਿਚ , ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਚਲਦਾ ਹੈ ਉਹੀ ਚੰਗਾ ਸਿੱਖ ਹੈ , ਉਹੀ ਸਾਡਾ ਸੱਚਾ ਮਿਤ੍ਰ , ਦੋਸਤ , ਰਿਸ਼ਤੇਦਾਰ ਹੈ , ਜੋ ਆਪਣੇ ਭਾਣੇ , ਆਪਣੀ ਮਰਜ਼ੀ , ਆਪਣੀ ਮਨਮਤਿ ਅਨੁਸਾਰ ਚਲਦਾ ਹੈ , ਉਸ ਨਾਲ ਸਾਡਾ ਕੋਈ ਸਬੰਧ ਨਹੀਂ ਹੈ । ਇਸ ਹਿਸਾਬ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਵਿਚ ਚੱਲਣ ਤੋਂ ਆਕੀ , 10 % ਬਲੀ ਦੇ ਬੱਕਰੇ ਬਣਦੇ ਹਨ ਤਾਂ ਵੀ ਕੋਈ ਫਰਕ ਨਹੀਂ ਪੈਣਾ ਚਾਹੀਦਾ , ਜੇ 90 % ਵੀ ਬਲੀ ਦੇ ਬੱਕਰੇ ਬਣਦੇ ਹਨ , ਤਾਂ ਵੀ ਕੋਈ ਫਰਕ ਨਹੀਂ ਪੈਣਾ ਚਾਹੀਦਾ , ਜੇ ਸਿੱਖੀ ਬਚ ਗਈ ਤਾਂ ਹੋਰ ਬਥੇਰੇ ਸਿੱਖ ਪੈਦਾ ਹੋ ਜਾਣਗੇ , ਜੇ ਸਿੱਖੀ ਹੀ ਨਾ ਬਚੀ ਤਾਂ ? ? ? ?
ਅਮਰ ਜੀਤ ਸਿੰਘ ਚੰਦੀ
ਫੋਨ:- 91 95685 41414
31-01-2014
ਇਤਹਾਸਕ ਝਰੋਖਾ
ਕੀ ਅਜੇ ਵੀ ਕੋਈ ਕਹਿੰਦਾ ਹੈ ? ਕਿ “ ਬਾਦਲ ਸਿੱਖ ” ਹੈ !
Page Visitors: 2495