ਸਿੱਖਾਂ ਦੇ ਬਾਰਾਂ ?
ਸਕੂਲ ਵਿਚ ਜਦ ਅੱਧੀ ਛੁੱਟੀ ਹੁੰਦੀ ਤਾਂ ਮਾਸਟਰ-ਭੈਣਜੀਆਂ ਇਕੱਠੇ ਚਾਹ ਪੀਣ ਤੇ ਗੱਪ ਸ਼ੱਪ ਮਾਰਨ ਬੈਠ ਜਾਂਦੇ। ਮਾਸਟਰ ਰਾਮ ਪ੍ਰਸਾਦ ਚੁਟਕਲਿਆਂ ਦੀ ਲੜੀ ਕਿਹੜਾ ਟੁੱਟਣ ਦਿੰਦਾ ਸੀ। ਹਸਾ ਹਸਾ ਦੂਹਰੇ ਕਰ ਦਿੰਦਾ ਬੰਦੇ ਬੰਦੀਆਂ। ਉਹ ਹਰ ਦੂਜੇ ਚੌਥੇ ਦਿਨ ਸਿੱਖਾਂ ਦੇ ਬਾਰਾਂ ਵੱਜਣ ਵਾਲਾ ਚੁੱਟਕਲਾ ਸੁਣਾਉਂਣਾ ਕਦੇ ਨਾ ਭੁੱਲਦਾ। ਇਹ ਚੁਟਕਲਾ ਤਾਂ ਜਿਵੇਂ ਉਸ ਦਾ ਘਰ ਦਾ ਪਾਲਿਆ ਹੋਇਆ ਸੀ ਯਾਣੀ ਖਾਸ?
ਬੇਸ਼ਕ ਉਥੇ ਜਿਆਦਾ ਮਾਸਟਰ ਸਿੱਖ ਹੀ ਸਨ ਪਰ ਉਹ ਅਪਣੀ ਹੀਣ ਭਾਵਨਾ ਕਾਰਨ ਬਿਨਾ ਸਮਝੇ ਰਾਮ ਪ੍ਰਸਾਦ ਨਾ ਖੀ ਖੀ ਕਰਨ ਲੱਗ ਜਾਂਦੇ।
ਇਨ੍ਹਾਂ ਹੀ ਦਿਨਾ ਵਿਚ ਸਾਹਮਣੇ ਪਿੰਡੋਂ ਬਦਲ ਕੇ ਮਾਸ਼ਟਰ ਗੁਰਭੇਜ ਆ ਗਿਆ। ਮਹਿਫਲ ਜਾਰੀ ਸੀ ਪਰ ਇਸ ਚੁਟਕਲੇ ਬਾਜੀ ਵਿਚ ਉਸ ਦਾ ਦਮ ਘੁੱਟਦਾ, ਉਸ ਨੂੰ ਔਖ ਮਹਿਸੂਸ ਹੁੰਦੀ ਤੇ ਅਪਣਾ ਆਪ ਛੋਟਾ ਛੋਟਾ ਜਿਹਾ ਜਾਪਦਾ। ਕਿਉਂਕਿ ਰਾਮ ਪ੍ਰਸਾਦ ਦਾ ਸਿੱਖਾਂ ਵਾਲਾ ਚੁਟਕਲਾ ਤਾਂ ਜਿਵੇਂ ਰਾਮ ਪ੍ਰਸਾਦ ਦਾ ਤਕੀਆ ਕਲਾਮ ਹੀ ਸੀ ਬਣ ਗਿਆ ਹੋਇਆ ਸੀ। ਮੈਦਾਨ ਖਾਲੀ ਸੀ ਕੋਈ ਮੂਹਰੇ ਅੜਨ ਵਾਲਾ ਨਹੀਂ ਸੀ ਤੇ ਰਾਮ ਪ੍ਰਸਾਦ ਉਸ ਮੈਦਾਨ ਵਿਚ ਜਿਵੇਂ ਇੱਕਲਾ ਹੀ 'ਸੂਰਮਾ' ਸੀ ਤੇ ਉਸ ਨੂੰ ਇਸ ਗੱਲ ਦਾ ਜਿਵੇਂ ਮਾਣ ਜਿਹਾ ਹੋ ਗਿਆ!
ਮਾਸਟਰ ਗੁਰਭੇਜ ਨੂੰ ਨਾਲ ਵਾਲੇ ਮਾਸਟਰਾਂ 'ਤੇ ਬੜੀ ਖਿੱਝ ਚ੍ਹੜਦੀ ਜਿਹੜੇ ਖੁਦ ਦੀ ਹੀ ਬੇਇੱਜਤੀ ਕਰਵਾ ਕੇ ਦੰਦ ਕੱਢਣ ਲੱਗ ਜਾਂਦੇ ਸਨ। ਇੱਕ ਦਿਨ ਰਾਮ ਪ੍ਰਸਾਦ ਸਿੱਖਾਂ ਦੇ ਬਾਰਾਂ ਵੱਜੇ ਵਾਲਾ ਚੁਟਕਲਾ ਸੁਣਾ ਕੇ ਹੀ ਹਟਿਆ ਸੀ ਕਿ ਗੁਰਭੇਜ ਬੋਲ ਪਿਆ ਕਿ ਇੱਕ ਚੁਟਕਲਾ ਮੇਰੇ ਵਲੋਂ ਵੀ!
ਨਾਲ ਵਾਲੇ ਕਹਿੰਦੇ ਆਉਣ ਦੇਹ!
ਕਹਿੰਦੇ ਇੱਕ ਚੂਹਾ ਸੀ ਉਹ ਟੱਪਦਾ ਟੁੱਪਦਾ ਕਿਤੇ ਲਾਹਣ ਵਾਲੇ ਡਰੰਮ ਵਿਚ ਡਿੱਗ ਗਿਆ ਤੇ ਜਦ ਥੋੜੀ ਜਿਹੀ 'ਖੁਰਕ' ਜਿਹੀ ਲੜਨ ਲੱਗੀ ਤਾਂ ਉਹ ਨਦੀ ਕੰਢੇ ਨਹਾ ਰਹੇ ਹਾਥੀਂ ਵੰਨੀ ਨਾ ਹੋ ਪਿਆ ਤੇ ਕਹਿੰਦਾ ਨਿਕਲ ਓਏ ਬਾਹਰ?
ਹਾਥੀ ਬਾਹਰ ਆਇਆ ਤਾਂ ਕਹਿੰਦਾ ਜਾਹ ਚਲਾ ਜਾਹ ਦੇਖਣਾ ਹੀ ਸੀ ਕਿਤੇ ਮੇਰਾ ਕੱਛਾ ਤਾਂ ਨਹੀਂ ਪਾ ਕੇ ਵੜੀ ਫਿਰਦਾ?
ਸਾਰੇ ਹੱਸ ਪਏ ਪਰ ਰਾਮ ਪ੍ਰਸਾਦ ਬੋਲ ਪਿਆ!
ਇਹ ਕੀ ਚੁਟਕਲਾ ਹੋਇਆ?
ਪੁਰਾਣਾ, ਬੇਹਾ ਹੋ ਚੁੱਕਾ ਹੋਇਆ ਕੋਈ ਨਵੀਂ ਗੱਲ ਨਹੀਂ ਲੱਭੀ?
ਮਾਸਟਰ ਕਹਿੰਦਾ ਸਿੱਖਾਂ ਦੇ ਬਾਰਾਂ ਵਾਲਾ ਵੀ ਤਾਂ ਬੇਹਾ ਹੀ ਸੀ ਜਿਹੜਾ ਤੁਸੀਂ ਰੋਜ ਸੁਣਾਉਂਦੇ ਪਰ ਇਹ ਕਹਾਣੀ ਹਾਲੇ ਪੂਰੀ ਕਿਥੇ ਹੋਈ। ਸੁਣ!
ਚੂਹੇ ਦੀ ਇਸ ਹਰਕਤ 'ਤੇ ਹਾਥੀ ਨੂੰ ਗੁੱਸਾ ਆ ਗਿਆ ਕਿ ਇਹ ਹੁੰਦਾ ਕੌਣ ਮੇਰੇ ਕੱਛੇ ਦਾ ਨਾਪ ਪੁੱਛਣ ਵਾਲਾ?
ਤੇ ਆਖਰ ਦੋਹਾਂ ਵਿਚ ਯੁੱਧ ਸ਼ੁਰੂ ਹੋ ਗਿਆ। ਜਿਉਂ ਸੱਤਜੁਗ ਤੋਂ ਸ਼ੁਰੂ ਹੋਇਆ ਕਿ ਕੱਲਯੁਗ ਵਿਚ ਆ ਕੇ ਮੁੱਕਿਆ ਤੇ ਹਾਥੀ ਨੇ ਚੁੱਕ ਕੇ ਚੂਹਾ ਲੱਤਾਂ ਹੇਠ ਦੇ ਲਿਆ? ਚੂਹੇ ਨੇ ਖੀਰ ਸਮੁੰਦਰ ਦਾ ਧਿਆਨ ਧਰਕੇ ਸ਼ੇਸ਼ਨਾਗ 'ਤੇ ਬੈਠੇ ਨਾਨਕਸਰੀ ਬਾਬਿਆਂ ਤਰ੍ਹਾਂ ਲਛਮੀ ਮਾਈ ਤੋਂ ਪਿੰਝਣੀਆਂ ਘੁਟਵਾ ਰਹੇ ਵਿਸ਼ਨੂੰ ਜੀ ਦੇ ਜਾ ਘੰਟੀ ਖੜਕਾਈ!
ਪਰ ਕਿਥੇ ਉਨੇ ਚਿਰ ਨੂੰ ਹਾਥੀ ਨੇ ਚੂਹੇ ਨੂੰ ਮਧੋਲ ਮਧਾਲ ਕੇ ਉਪਰ ਕਾਠੀ ਪਾ ਲਈ ਤੇ ਸਵਾਰੀ ਲਈ ਤਬੇਲੇ ਬੰਨ ਲਿਆ?
ਰਾਮ ਪ੍ਰਸ਼ਾਦ ਫਿਰ ਬੁੜਕ ਪਿਆ ।
ਕੀਤੀ ਨਾ ਸਰਦਾਰਾਂ ਵਾਲੀ?
ਇਹ ਕੋਈ ਚੁਟਕਲਾ ਸੀ ਕਿ ਚੂਹੇ 'ਤੇ ਹਾਥੀ ਚੜਾ ਛੱਡਿਆ?
ਮਾਸਟਰ ਹੱਸ ਪਿਆ। ਰਾਮ ਪ੍ਰਸ਼ਾਦ ਜੀ ਚੁਟਕਲਾ ਕਿਓਂ ਨਹੀਂ ਉਹ ਹਾਥੀ ਹਾਲੇ ਤੱਕ ਚੂਹੇ 'ਤੇ ਚੜਿਆ ਫਿਰਦਾ, ਨਹੀਂ ਯਕੀਨ ਤਾਂ ਕੱਲ ਨੂੰ ਗਣੇਸ਼ ਜੀ ਦੀ ਸਵਾਰੀ ਨਿਕਲਨੀ ਖੁਦ ਦੇਖ ਲਿਓ ਕਿਵੇਂ ਹਾਥੀ ਨੇ ਚੂਹਾ ਹੇਠਾਂ ਦਿੱਤਾ ਪਿਆ?
ਰਾਮ ਪ੍ਰਸਾਦ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਜਵਾਬ ਦੇਵੇ ਕਿਉਂਕਿ ਉਸ ਨੂੰ ਪਤਾ ਸੀ ਪੁਰਾਣਾਂ ਮੁਤਾਬਕ ਗਣੇਸ਼ ਜੀ ਯਾਣੀ ਹਾਥੀ ਜੀ ਦੀ ਸਵਾਰੀ ਚੂਹਾ ਹੀ ਹੈ! ਉਹ ਘੁਰ ਘੁਰ ਕਰਦਾ ਆਪਦੀ ਵਾਰੀ ਇਸ ਨੂੰ ਧਰਮ ਦੇ ਮਸਲੇ ਵੰਨੀ ਲੈ ਤੁਰਿਆ।
ਦੇਖ ਬਈ ਮਾਸਟਰ ਚੁਟਕਲੇ ਵੁਟਕਲੇ ਅਪਣੀ ਥਾਂ ਪਰ ਇਹ ਹੈਗਾ ਈ ਧਰਮ ਦਾ ਮਾਮਲਾ ਇਸ ਉਪਰ ਕਾਹਦੀ ਚੁਟਕਲੇ ਬਾਜੀ?
ਇਸ ਵਾਰੀ ਮਾਸਟਰ ਗੁਰਭੇਜ ਦੀ ਥਾਂ ਮਾਸਟਰ ਸਰਮੁਖ ਬੋਲ ਪਿਆ, ਦੇਖ ਬਈ ਰਾਮ ਪ੍ਰਸਾਦਾ ਤੈਨੂੰ ਵੈਸੇ ਗੁੱਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਹੁਣ ਤੀਕ ਜਿੰਨੇ ਚੁਟਕਲੇ ਤੈਂ ਸੁਣਾਏ ਉਸ ਵਿਚੋਂ ਬਾਹਲੇ ਸਰਦਾਰਾਂ ਦੇ ਹੀ ਹੁੰਦੇ, ਪਰ ਤੈਨੂੰ ਕਿਸੇ ਨਹੀਂ ਕਿਹਾ ਸਾਡੇ ਧਰਮ ਦਾ ਮਾਮਲਾ?
ਮਾਸਟਰ ਗੁਰਭੇਜ ਕਹਿੰਦਾ ਰਾਮ ਪ੍ਰਸਾਦ ਜੀ ਇਵੇਂ ਦੇ ਤਾਂ ਪੂਰੇ ਗਰੰਥ ਭਰੇ ਪਏ ਨੇ, ਹਾਲੇ ਤਾਂ ਮੈਂ ਸ਼ਿਵਲਿੰਗ ਜੀ ਦੀ ਪਰਲੋਕ ਯਾਤਰਾ ਸੁਣਾਉਂਣੀ ਸੀ, ਪਰ ਚਲੋ ਜੇ ਇਹ ਧਰਮ ਤਾਂ ਰਾਜਨੀਤੀ ਵੰਨੀ ਦੇਖ ਲਓ ਪੂਰੇ ਮੁਲਖ ਦੇ ਬਾਰਾਂ ਵੱਜੇ ਪਏ, ਜਿੰਨਾ ਨੂੰ ਚਾਹ ਵੇਚਣ ਵਾਲੇ ਤੋਂ ਬਿਨਾ ਕੋਈ ਚੱਜਦਾ ਬੰਦਾ ਹੀ ਨਹੀਂ ਮਿਲਿਆ ਪ੍ਰਧਾਨ ਮੰਤਰੀ ਲਈ, ਤੇ ਹਾਲੇ ਅਗਲੇ ਪੰਜ ਸਾਲ ਵੀ ਲੱਗਦਾ ਕਿ ਇਸ ਪੂਰੇ ਮੁਲਖ ਦੇ ਬਾਰਾਂ ਵੱਜੇ ਰਹਿਣੇ, ਜਿੰਨਾ ਨੂੰ ਪੰਜ ਸਾਲ ਛਿੱਤਰ ਖਾ ਕੇ ਵੀ ਹਾਲੇ ਅਕਲ ਨਹੀਂ ਆਈ ਲੱਗਦੀ, ਤੇ ਹਾਲੇ ਵੀ ਹਰ ਹਰ ਮੋਦੀ ਕਰਦੇ ਫਿਰਦੇ !
ਗੁਰਦੇਵ ਸਿੰਘ ਸੱਧੇਵਾਲੀਆ
ਗੁਰਦੇਵ ਸਿੰਘ ਸੱਧੇਵਾਲੀਆ
ਸਿੱਖਾਂ ਦੇ ਬਾਰਾਂ ?
Page Visitors: 2480