ਭਾਈ ਰਣਜੀਤ ਸਿੰਘ ਸਨਮੁਖ ਹੋਰ ਜ਼ਰੂਰੀ upgraded ਸਵਾਲ !
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀਉ,
ਗੁਰਬਾਣੀ ਅਨੁਸਾਰ ਰੱਬ ਦਿੱਸਦੀ ਕੁਦਰਤ ਤੋਂ ਪਹਿਲਾਂ ਵੀ ਸੀ, ਕੁਦਰਤ ਵਿਚ ਵੀ ਹੈ ਅਤੇ ਕੁਦਰਤ ਦੇ ਬਾਦ ਵੀ ਰਹੇਗਾ।
ਪਰ ਆਪ ਜੀ ਨੇ ਬਾਣੀ ਵਿਚ ਦਰਸਾਏ ਕੁਦਰਤ ਦੇ ਕਰਤੇ ਕਾਦਰ ਨੂੰ, ਪੁਜਾਰੀ ਦਾ ਦੱਸਿਆ ਰੱਬ ਐਲਾਨਦੇ ਹੋਏ, ਵਿਚਾਰ ਪ੍ਰਗਟ ਕੀਤਾ ਹੈ ਕਿ ਇਸੇ ਮਨੋਤ ਨੇ, ਸਿੱਖਾਂ ਦਾ ਬੇੜਾ ਗ਼ਰਕ ਕੀਤਾ ਹੈ ਅਤੇ ਸਿੱਖਾਂ ਦਾ ਵਿਕਾਸ ਨਹੀਂ ਹੋਣ ਦਿੱਤਾ। ਸਿੱਖ ਤਾਂ ਮੇਹਨਤੀ ਰਹੇ ਹਨ, ਇਸ ਲਈ ਮੈਂ ਜ਼ਰਾ ਆਪ ਜੀ ਦੇ "ਅਪਗ੍ਰੇਡ ਵਿਕਾਸ ਦੇ ਮਾਡਲ" ਨੂੰ ਸਮਝਣ ਦਾ ਜਤਨ ਕਰਦੇ ਲੜੀਵਾਰ ਕੁੱਝ ਸਵਾਲ ਪੁੱਛ ਰਿਹਾ ਹਾਂ।
34 ਸਾਲ ਦਾ 'ਮਾਰਕ ਜ਼ੁਕਰਬਰਗ' ਯਹੂਦੀ ਹੈ, ਫ਼ੇਸਬੁੱਕ ਦਾ ਜਨਕ ਅਤੇ ਅਰਬਾਂ ਡਾਲਰ ਦਾ ਮਾਲਕ ! ਉਹ ਵੀ ਆਪ ਜੀ ਵਲੋਂ ਦੱਸੇ ਪੁਜਾਰੀ ਵਾਲੇ ਰੱਬ ( ਕੁਦਰਤ ਦੇ ਕਾਦਰ) ਤੇ ਯਕੀਨ ਕਰਦਾ ਅਤੇ ਧਰਮ ਨੂੰ ਬਹੁਤ ਜ਼ਰੂਰੀ ਮੰਨਦਾ ਹੈ। ਬਿਜ਼ਨੈਸ ਵਿਚ ਕਿਸੇ ਮੁਸ਼ਕਿਲ ਸਮੇਂ ਦੇ ਆਉਣ ਤੇ ਆਪਣੇ ਅਕੀਦੇ ਮੁਤਾਬਕ, ਆਪਣੇ ਰੱਬ ਅਗੇ ਅਰਦਾਸ ਵੀ ਕਰਦਾ ਹੈ।ਤੁਹਾਡੇ ਪ੍ਰਚਾਰ ਵਿਚ ਉਸਦੀ ਮਹਿਨਤ (ਫ਼ੇਸਬੁੱਕ) ਦਾ ਵੱਡਾ ਇਸਤੇਮਾਲ ਹੈ।
'ਬਿਲ ਗੇਟਸ' ਵੀ ਵੱਡਾ ਕਾਮਯਾਬ ਅਤੇ ਅਰਬਾਂ ਡਾਲਰ ਦਾ ਮਾਲਕ ਹੈ। ਈਸਾਈ ਹੈ ਅਤੇ ਆਪ ਜੀ ਮੁਤਾਬਕ ਪੁਜਾਰੀ ਵਾਲੇ ਰੱਬ (ਕੁਦਰਤ ਦੇ ਕਾਦਰ) ਤੇ ਯਕੀਨ ਕਰਦਾ ਹੈ। ਉਸਨੇ ਆਪਣੇ ਬੱਚਿਆਂ ਨੂੰ ਆਪਣੇ ਧਾਰਮਕ ਮਨੌਤ ਅਨੁਸਾਰ ਪਾਲਿਆ ਹੈ। ਉਹ ਆਪਣੇ ਪਰਿਵਾਰ ਨਾਲ ਕੈਥੋਲਕ ਚਰਚ ਜਾਂਦਾ ਪ੍ਰਾਰਥਨਾ ਵੀ ਕਰਦਾ ਹੈ। ਕਹਿੰਦਾ ਹੈ ਕਿ ਆਪਣੇ ਧਾਰਮਕ ਅਕੀਦੇ ਤੋਂ ਹੀ ਉਸਨੂੰ ਨੈਤਿਕਤਾ ਦੀ ਪ੍ਰਰੇਰਨਾ ਮਿਲਦੀ ਹੈ ਜਿਸ ਰਾਹੀਂ ਉਹ ਸੰਸਾਰ ਵਿਚ ਨਾਬਰਾਬਰੀ ਘਟਾਉਣ ਨੂੰ ਵੀ ਆਪਣੀ ਜਿੰਮੇਵਾਰੀ ਸਮਝਦਾ ਹੈ।
ਭਾਈ ਜੀਉ ਹੁਣ ਇਹ ਦੱਸੇ ਕਿ ਪੁਜਾਰੀ ਦੇ ਦੱਸੇ ਹੋਏ ਧਰਮ/ ਰੱਬ ਵਿਚ ਮਨੌਤ ਨੇ, ਉਪਰੋਕਤ ਦੋਵੇਂ ਸੱਜਣਾਂ ਦਾ ਵੀ ਬੇੜਾ ਗ਼ਰਕ ਕਿਉਂ ਨਾ ਕੀਤਾ ਅਤੇ ਉਨ੍ਹਾਂ ਨੂੰ ਵਿਕਾਸ ਕਰਨ ਤੋਂ ਕਿਉਂ ਨਾ ਰੋਕਿਆ ?
ਹਰਦੇਵ ਸਿੰਘ- (Jammu)