ਗਵਾਰ ਕੌਣ
ਗੁਰਸ਼ਰਨ ਸਿੰਘ ਕਸੇਲ
ਜਦੋਂ ਕੋਈ ਕਿਸੇ ਇਨਸਾਨ ਨੂੰ ਗਵਾਰ ਆਖਦਾ ਹੈ ਤਾਂ ਜਿਆਦਾਤਰ ਅਸੀਂ ਇਹ ਹੀ ਸਮਝਦੇ ਹਾਂ ਕਿ ਇਸਨੇ ਮੈਂਨੂੰ ਪਿੰਡ ਦਾ ਰਹਿਣ ਵਾਲਾ ਹੋਣ ਕਰਕੇ ਗਿਆਨ-ਹੀਨ (ਬੂਝੜ-ਜਿਹਾ) ਬੰਦਾ ਆਖਿਆ ਹੈ । ਜਿਹੜਾ ਕਿ ਦੁਨੀਆਵੀ ਪੜ੍ਹਾਈ ਅਤੇ ਸਮਾਜਿਕ ਸੂਝ-ਬੂਝ ਪੱਖੋਂ , ਅਕਲੋਂ ਕੋਰਾ ਹੈ । ਸ਼ਹਿਰ ਵਿਚ ਰਹਿਣ ਵਾਲੇ ਅਤੇ ਦਫਤਰੀ ਕੰਮ ਕਰਨ ਵਾਲੇ ਜਿਆਦਾਤਰ ਵਿਅਕਤੀ ਆਪਣੇ ਆਪ ਨੂੰ ਅਗਾਂਹ ਵਧੂ ਸਮਝਦੇ ਹਨ ਅਤੇ ਜੇਕਰ ਕਿਸੇ ਨਾਲ ਕੋਈ ਡਿਗਰੀ ਵੀ ਲੱਗੀ ਹੋਵੇ ਤਾਂ ਤੇ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ । ਜਦੋਂ ਗੁਰਬਾਣੀ ਪੜ੍ਹਦਿਆਂ ਲਫਜ “ਗਵਾਰ” ਪੜ੍ਹਿਆ ਤਾਂ ਸੋਚਣ ਲੱਗਾ ਕਿ ਅਸੀਂ ਤਾਂ ਇਹ ਸਮਝਦੇ ਸੀ ਕਿ ‘ਗਵਾਰ’ ਸ਼ਬਦ ਪਿੰਡਾ ਵਿਚ ਰਹਿਣ ਵਾਲੇ ਸਾਦਾ ਜੀਵਨ ਬਤੀਤ ਕਰਨ ਵਾਲਿਆਂ ਨੂੰ ਸ਼ਹਿਰੀ ਬਾਬੂ ਲੋਕ ਆਮ ਕਰਕੇ ਆਖਦੇ ਹਨ ਪਰ ਇਥੇ ਤਾਂ ਗੁਰੂ ਜੀ “ਗਵਾਰ’ ਕਿਸੇ ਹੋਰ ਬਿਰਤੀ ਵਾਲੇ ਇਨਸਾਨ ਨੂੰ ਆਖਦੇ ਹਨ । ਵੇਖਦੇ ਹਾਂ ਗੁਰਬਾਣੀ ਅਨੁਸਾਰ ‘ਗਵਾਰ’ ਕਿਸਨੂੰ ਆਖਦੇ ਹਨ ।
ਸਿੱਖ ਧਰਮ ਅਨੁਸਾਰ ਕੋਈ ਵੀ ਦਿਨ ਆਪਣੇ ਆਪ ਵਿਚ ਚੰਗਾ ਜਾਂ ਮਾੜਾ ਨਹੀਂ ਹੈ, ਪਰ ਅੱਜ ਬਹੁਗਿਣਤੀ ਸਿੱਖ ਧਰਮ ਨੂੰ ਮੰਨਣ ਵਾਲੇ ਸੰਗਰਾਂਦ, ਮੱਸਿਆ, ਪੁਨਿਆਂ ਆਦਿਕ ਸੂਰਜ ਚੰਦ ਨਾਲ ਸਬੰਧਤ ਜਾਣੇ ਜਾਂਦੇ ਇਹਨਾਂ ਖਾਸ ਦਿਨਾਂ ਨੂੰ ਪਵਿਤਰ ਦਿਨ ਸਮਝਦੇ ਹਨ । ਇਸੇ ਕਰਕੇ ਇਹਨਾਂ ਦਿਨਾਂ ਤੇ ਗੁਰਦੁਆਰਿਆਂ ਵਿਚ ਭੀੜ ਹੁੰਦੀ ਹੈ । ਗੁਰਦੁਆਰੇ ਜਾਣਾ ਮਾੜੀ ਗੱਲ ਨਹੀਂ ਪਰ ਕਿਸੇ ਖਾਸ ਦਿਨ ਨੂੰ ਚੰਗਾ ਸਮਝ ਕੇ ਉਥੇ ਜਾਣਾ ਗੁਰਮਤਿ ਸਿਧਾਂਤ ਦੇ ਉਲਟ ਹੈ ।
ਮੈਂਨੂੰ ਅਜੇ ਵੀ ਯਾਦ ਹੈ ਕਿ ਤਕਰੀਬਨ ਸੰਨ 1969-70 ਵਿਚ ਅਸੀਂ ਵੀ ਨਵਾਂ ਟਰੈਕਟਰ ਲੈਕੇ ਬੜੇ ਮਾਣ ਨਾਲ ਆਪਣੇ ਲਾਗੇ ਗੁਰਦੁਆਰੇ, ਬੀੜ ਬਾਬਾ ਬੁੱਢਾ ਸਾਹਿਬ ਸੰਗਰਾਂਦ ਵਾਲੇ ਦਿਨ ਖਾਸ ਕਰਕੇ ਜਾਂਦੇ ਸਾਂ । ਉਦੋਂ ਅਸੀਂ ਵੀ ਸਮਝਦੇ ਸਾਂ ਕਿ ਇਸ ਦਿਨ ਨੂੰ ਪਵਿਤਰ ਸਮਝ ਕੇ ਅਸੀਂ ਉਚੇਚੇ ਤੌਰ ਤੇ ਗੁਰਦੁਆਰੇ ਆਏ ਹਾਂ ਸਾਡੇ ਤੇ ਗੁਰੂ ਸਾਹਿਬ ਖੁਸ਼ ਹੋਣਗੇ; ਪਰ ਜਦੋਂ ਗੁਰਬਾਣੀ ਪੜ੍ਹੀ ਤਾਂ ਪਤਾ ਲੱਗਾ ਕਿ ਸੰਗਰਾਂਦ ਨੂੰ ਪਵਿਤਰ ਦਿਨ ਸਮਝਣ ਕਰਕੇ ਗੁਰੂ ਜੀ ਸਾਡੇ ਤੇ ਖੁਸ਼ ਨਹੀਂ ਸਗੋਂ ਉਹ ਤਾਂ ਅਜਿਹੀ ਸੋਚ ਵਾਲੇ ਮਨੁੱਖਾਂ ਨੂੰ ਜਿਹੜੇ ਇਕ ਅਕਾਲ ਪੁਰਖ ਨੂੰ ਛੱਡਕੇ, ਸੂਰਜ ਜਾਂ ਚੰਦ ਦੇ ਪੂਜਾਰੀ ਬਣੇ ਹੋਏ ਹਨ ਨੂੰ ‘ਗਵਾਰ’ ਆਖਦੇ ਹਨ:-
ਸਤਿਗੁਰ ਬਾਝਹੁ ਅੰਧੁ ਗੁਬਾਰੁ ॥
ਥਿਤੀ ਵਾਰ ਸੇਵਹਿ ਮੁਗਧ ਗਵਾਰ ॥
ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥
ਇਕਤੁ ਨਾਮਿ ਸਦਾ ਰਹਿਆ ਸਮਾਇ ॥(ਮ:੩,ਪੰਨਾ ੮੪੨-੮੪੩)
ਗੁਰਬਾਣੀ ਨੇ ਤਾਂ ਅਕਾਲ ਪੁਰਖ ਨੂੰ ਭੁਲਕੇ ਆਪਣੇ ਹੀ ਰਿਸ਼ਤੇਦਾਰਾਂ ਅਤੇ ਪੈਸੇ ਦੇ ਨਸ਼ੇ ਵਿੱਚ ਹੋਏ ਹੰਕਾਰੀ ਮਨੁੱਖ ਨੂੰ ਵੀ ‘ਗਵਾਰ’ ਨਾਲ ਹੀ ਸੰਬੋਧਨ ਕੀਤਾ ਹੈ । ਅਜਿਹੇ ਲੋਕਾਂ ਨੂੰ ਗੁਰਬਾਣੀ ਯਾਦ ਕਰਵਾਉਂਦੀ ਹੈ:-
ਕਿਆ ਤੂ ਰਤਾ, ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ ॥
ਰਸ ਭੋਗਹਿ, ਖੁਸੀਆ ਕਰਹਿ, ਮਾਣਹਿ ਰੰਗ ਅਪਾਰ ॥
ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ ॥
ਕਰਤਾ ਚਿਤਿ ਨ ਆਵਈ ਮਨਮੁਖ ਅੰਧ ਗਵਾਰ ॥੧॥(ਮ:੫,ਪੰਨਾ ੪੨)
ਅੱਜ ਕੱਲ੍ਹ ਸਿੱਖਾਂ ਵਿਚ ਵੀ ਬਹੁਗਿਣਤੀ ਅਜਿਹੀ ਹੈ ਜਿਹੜੀ ਗੁਰਬਾਣੀ ਦੀ ਸੋਝੀ ਨਾ ਹੋਣ ਕਾਰਨ ਡੇਰਿਆਂ, ਕਬਰਾਂ ਮੜੀਆਂ, ਅਖੌਤੀ ਸਾਧ ਬਾਬਿਆਂ ਆਦਿ ਉਹਨਾਂ ਥਾਵਾਂ ਤੇ ਵੀ ਨੱਕ ਰਗੜਦੇ ਫਿਰਦੇ ਜ਼ਰਾ ਵੀ ਸ਼ਰਮ ਮਹਿਸੂਸ ਨਹੀਂ ਕਰਦੇ ਹਨ । ਅਜਿਹੇ ਸਿੱਖ ਵੇਖਣ ਨੂੰ ਬਹੁਤ ਸੁਲਝੇ ਹੋਏ ਪੜ੍ਹੇ ਲਿਖੇ ਅਮੀਰ ਵੀ ਦਿਸਦੇ ਹਨ ਪਰ ਅਕਾਲ ਪੁਰਖ ਨੂੰ ਭੁਲਕੇ ਜਿਉਂਦੇ ਅਖੌਤੀ ਸਾਧਾਂ ਸੰਤਾਂ ਨੂੰ ਅਤੇ ਕਈ ਮਰੇ ਹੋਏ ਸਾਧਾਂ ਦੀਆਂ ਬਰਸੀਆਂ ਦੇਸ਼ ਵਿਦੇਸ਼ ਵਿਚ ਮਨਾਉਂਦੇ ਵੇਖੇ ਜਾਂ ਸਕਦੇ ਹਨ । ਪਰ ਗੁਰਬਾਣੀ ਦੇ ਸ਼ਬਦ ਨੂੰ ਮੰਨਣ ਲਈ ਤਿਆਰ ਨਹੀਂ ਹਨ:-
ਸੁਣਿ ਮਨ ਅੰਧੇ ਮੂਰਖ ਗਵਾਰ ॥
ਆਵਤ ਜਾਤ ਲਾਜ ਨਹੀ ਲਾਗੈ ਬਿਨੁ ਗੁਰ ਬੂਡੈ ਬਾਰੋ ਬਾਰ ॥੧॥ ਰਹਾਉ ॥(ਮ:੧,ਪੰਨਾ ੧੩੪੪)
ਹਰ ਧਰਮ ਦੇ ਆਪਣੇ ਆਪਣੇ ਸਿਧਾਂਤ ਹਨ ਜਿਵੇਂ ਕਿ ਹਿੰਦੂ ਧਰਮ ਵਿਚ ਵਰਤ ਅਤੇ ਮੂਰਤੀ ਪੂਜਾ ਹੈ; ਇਵੇਂ ਹੀ ਮੁਸਲਮਾਨ ਧਰਮ ਦੇ ਪੈਰੋਕਾਰ ਵੀ ਵਰਤ ਰੱਖਦੇ ਹਨ । ਉਹਨਾਂ ਦੇ ਧਰਮ ਅਨੁਸਾਰ ਉਹਨਾਂ ਨੂੰ ਇਹ ਕੰਮ ਮੁਬਾਰਕ ਹਨ ਪਰ ਸਿੱਖ ਧਰਮ ਨੂੰ ਮੰਨਣ ਵਾਲਿਆਂ ਵਾਸਤੇ ਮੂਰਤੀ ਪੂਜਾ ਅਤੇ ਵਰਤ ਦੋਵੇਂ ਹੀ ਕਰਮ ਕਰਨੇ ਸਿੱਖ ਧਰਮ ਅਨੁਸਾਰ ਮਨਾਹੀ ਹੈ । ਪਰ ਵੇਖਣ ਵਿਚ ਆਇਆ ਹੈ ਕਿ ਇਹ ਦੋਵੇਂ ਕਰਮ ਸ਼ਹਿਰੀ ਸਿੱਖ, ਪੇਂਡੂ ਸਿੱਖਾ ਨਾਲੋਂ ਜਿਆਦਾ ਗਿਣਤੀ ਵਿਚ ਕਰਦੇ ਹਨ । ਕੀ ਫਿਰ ਸ਼ਹਿਰਾਂ ਵਿਚ ਰਹਿਣ ਵਾਲੇ ਅਤੇ ਆਪਣੇ ਆਪ ਨੂੰ ਪੜ੍ਹੇ ਲਿਖੇ ਅਖਵਾਉਣ ਵਾਲੇ ਅਤੇ ਫਿਰ ਅਜਿਹੇ ਕਰਮ ਕਰਨ ਵਾਲੇ ਸਿੱਖ ਗਵਾਰ ਹਨ ? ਇਸ ਬਾਰੇ ਗੁਰਬਾਣੀ ਕੀ ਆਖਦੀ ਹੈ:
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥
ਨਾਰਦਿ ਕਹਿਆ ਸਿ ਪੂਜ ਕਰਾਂਹੀ ॥
ਅੰਧੇ ਗੁੰਗੇ ਅੰਧ ਅੰਧਾਰੁ ॥
ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥(ਮ:1,ਪੰਨਾ ੫੫੬)
ਇਵੇਂ ਹੀ ਵਰਤ ਰੱਖ ਕੇ ਕਿਸੇ ਦੇਵਤੇ ਜਾਂ ਰੱਬ ਨੂੰ ਖੁਸ਼ ਕਰਨ ਦੇ ਭੁਲੇਖਿਆਂ ਵਿਚ ਪਏ ਸਿੱਖਾਂ ਨੂੰ ਗੁਰਬਾਣੀ ਨੇ ਸੁਚੇਤ ਕੀਤਾ ਹੈ:
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥
ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ॥
ਮਨਮੁਖਿ ਜਨਮੈ ਜਨਮਿ ਮਰੀਜੈ ॥ ( ਮ: ੧, ੯੦੫ ) ਅਤੇ
ਕਬੀਰ ਹਰਿ ਕਾ ਸਿਮਰਨੁ ਛਾਡਿ ਕੇ ਅਹੋਈ ਰਾਖੈ ਨਾਰਿ॥
ਗਦਹੀ ਹੋਇ ਕੈ ਅਉਤਰੈ ਭਾਰ ਸਹੈ ਮਨ ਚਾਰਿ ॥( ਪੰਨਾ ੧੩੭੦)
ਕੀ ਗੁਰਬਾਣੀ ਦੇ ਇਹ ਹੁਕਮ ਜਾਣਦੇ ਹੋਏ ਵੀ ਜਿਹੜੇ ਸਿੱਖ ਜਾਂ ਸਿੱਖ ਪ੍ਰੀਵਾਰ ਨਾਲ ਸੰਬੰਧਤ ਬੀਬੀਆਂ ਵਰਤ ਰੱਖਦੀਆਂ ਹਨ ਤਾਂ ਕੀ ਉਹ ‘ਗਵਾਰ’ ਨਹੀਂ ਹਨ ?
ਗੁਰਬਾਣੀ ਵਿਚ ਆਏ ਲਫ਼ਜ ‘ਗਵਾਰ” ਤੋਂ ਇਹ ਸਿਧ ਹੁੰਦਾ ਹੈ ਕਿ ਗਵਾਰ ਉਹ ਸਿੱਖ ਨਹੀਂ ਹਨ ਜਿਹੜੇ ਪਿੰਡਾਂ ਜਾਂ ਕਸਬਿਆਂ ਵਿਚ ਰਹਿੰਦੇ ਹਨ ਅਤੇ ਭਾਂਵੇਂ ਉਹ ਸਿੱਖ ਦੁਨੀਆਵੀ ਸਕੂਲੀ ਭੜ੍ਹਾਈ ਨਹੀਂ ਵੀ ਕਰ ਸਕੇ । ਪਰ ਇੱਕ ਅਕਾਲ ਪੁਰਖ ‘ਤੇ ਓਟ ਰੱਖਦੇ ਹਨ ਅਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਂਦੇ ਹਨ; ਦਰ-ਦਰ ‘ਤੇ ਸਿਰ ਨਹੀਂ ਝੁਕਾਉਂਦੇ ਅਤੇ ਆਤਮਿਕ ਤੌਰ ਤੇ ਸੂਝਵਾਨ ਹਨ । ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਪਿੰਡਾ ਵਿਚ ਤਾਂ ਗੁਰੂ ਸਾਹਿਬਾਨ ਅਤੇ ਬਾਬਾ ਬੁੱਢਾ ਜੀ ਵਰਗੇ ਮਹਾਪੁਰਖ ਵੀ ਰਹੇ ਹਨ ।
ਸੋ, ਸਗੋਂ ਗੁਰਬਾਣੀ ਅਨੁਸਾਰ ‘ਗਵਾਰ’ ਉਹ ਸਿੱਖ ਹਨ ਜੋ ਦੁਨੀਆਵੀ ਭੜ੍ਹਾਈ ਦੇ ਤੌਰ ਤੇ ਭਾਂਵੇਂ ਡਾਕਟਰ, ਪ੍ਰੋਫੈਸਰ ਜਾਂ ਕਿਸੇ ਉਚੀ ਵਿਦਿਆ ਜਾਂ ਵੱਡੇ ਸ਼ਹਿਰਾਂ ਵਿਚ ਵੀ ਕਿਉਂ ਨਾ ਰਹਿੰਦੇ ਹੋਣ ਪਰ ਜੇ ਉਹ ਲੋਕ ਆਤਮਿਕ ਤੌਰ ਤੇ ਸੁਚੇਤ ਨਹੀਂ ਹਨ ਸਗੋਂ ਅੰਦਰੋਂ ਡਰੇ ਹੋਏ ਹਨ, ਅੰਧਵਿਸ਼ਵਾਸੀ, ਵਹਿਮੀ-ਭਰਮੀ, ਹੱਥਾਂ ਦੀਆਂ ਉਗਲਾਂ ਵਿਚ ਕਿਸੇ ਪਾਂਡੇ ਜੋਤਸ਼ੀ ਦੇ ਦੱਸੇ ਨੰਗ ਛਾਪ (ਮੁੰਦਰੀ) ਵਿਚ ਪਾਉਣੇ, ਲਾਲ ਰੰਗ ਦੇ ਧਾਗੇ ਗੁੱਟ ‘ਤੇ ਬਂਨਣੇ, ਸ਼ਗਨ-ਅਪਸ਼ਗਨ ਮੰਨਣੇ, ਅਕਾਲ ਪੁਰਖ ਤੋਂ ਛੁੱਟ ਕਿਸੇ ਹੋਰ ਅਖੌਤੀ ਸੰਤ ਬਾਬੇ, ਮੜੀ ਸਮਾਧ ਦੇ ਵੀ ਪੁਜਾਰੀ ਹਨ ਤਾਂ ਉਹ ਲੋਕ ‘ਗਵਾਰ’ ਹਨ; ਉਹ ਸਿੱਖ ਰਹਿਦੇ ਭਾਂਵੇਂ ਸ਼ਹਿਰ ਵਿਚ ਹਨ ਜਾਂ ਪਿੰਡ ਵਿਚ ਹਨ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ । ਗੁਰਬਾਣੀ ਦਾ ਫੁਰਮਾਨ ਹੈ:-
ਨਿਰਭਉ ਨਿਰੰਕਾਰ ਦਾਤਾਰੁ ॥ ਤਿਸੁ ਸਿਉ ਪ੍ਰੀਤਿ ਨ ਕਰੈ ਗਵਾਰੁ ॥(ਮ:੫,ਪੰਨਾ 892)