ਕਾਰ ਸੇਵਾ ਦੇ ਨਾਂ 'ਤੇ ਵਿਰਾਸਤ ਦੀ ਤਬਾਹੀ
(ਢਹਿੰਦੀਆਂ ਵਿਰਾਸਤਾਂ ਦੇ ਪਛਤਾਉਂਦੇ ਵਾਰਸ) : ਹਰਜਿੰਦਰ ਸਿੰਘ "ਸਭਰਾਅ"
ਮਿਤੀ ੩੧ ਮਾਰਚ ੨੦੧੯
* ੨੦੦ ਸਾਲ ਪੁਰਾਣੀ ਇਤਹਾਸਕ ਇਮਾਰਤ 'ਤੇ ਹਮਲਾ
* ਸਿੱਖ ਰਾਜ ਵੇਲੇ ਦੀ ਅਹਿਮ ਨਿਸ਼ਾਨੀ
* ਕੰਵਰ ਨੌਨਿਹਾਲ ਸਿੰਘ ਵਲੋਂ ਕਰਵਾਈ ਗਈ ਸੀ ਸੇਵਾ
* ਬਾਬਾ ਜਗਤਾਰ ਸਿੰਘ ਤੇ ਸ੍ਰੋਮਣੀ ਕਮੇਟੀ ਦੀ ਮਿਲੀਭੁਗਤ
* ਨੂਰਦੀਨ ਦੇ ਵਾਰਸ ਦੁਬਾਰਾ ਇੱਟਾਂ ਲੈਣ ਆਏ ਹਨ
30/31 ( ਸ਼ਨਿਛਰਵਾਰ/ ਐਤਵਾਰ) ਮਾਰਚ 2019 ਦੀ ਦਰਮਿਆਨੀ ਰਾਤ ਨੂੰ ਕਾਰ ਸੇਵਾ ਵਾਲੇ (ਬਾਬਾ) ਜਗਤਾਰ ਸਿੰਘ ਦੇ ਹੁਕਮਾਂ ਉੱਤੇ ਚਾਰ ਸੌ ਦੇ ਕਰੀਬ ਲਿਆਂਦੇ ਗਏ ਅਖੌਤੀ ਕਾਰ ਸੇਵਕਾਂ ਜਿਨ੍ਹਾਂ ਨੂੰ ਡੇਢ ਸੌ ਦੇ ਕਰੀਬ ਪੁਲੀਸ ਕਰਮਚਾਰੀ ਸੁਰੱਖਿਆ ਪ੍ਰਦਾਨ ਕਰ ਰਹੇ ਸਨ। ਵੱਲੋਂ ਤਕਰੀਬਨ ਦੋ ਸੌ ਸਾਲ ਪੁਰਾਣੀ ਦਰਬਾਰ ਸਾਹਿਬ ਤਰਨ ਤਾਰਨ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਉਪਰਲੇ ਹਿੱਸੇ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ।
ਅਖੌਤੀ ਕਾਰ ਸੇਵਕਾਂ ਅਤੇ ਪੁਲੀਸ ਦੀ ਮਿਲੀ ਭੁਗਤ ਨਾਲ ਕੀਤੇ ਜਾ ਰਹੇ ਇਸ ਕਾਲੇ ਕਾਰਨਾਮੇ ਦਾ ਵਿਰੋਧ ਕਰਨ ਵਾਲੇ ਇੱਕ ਸੌ ਤੀਹ ਦੇ ਕਰੀਬ ਨੌਜਵਾਨਾਂ ਅਤੇ ਸੰਗਤਾਂ ਨੂੰ ਕੁੱਟਿਆ ਮਾਰਿਆ ਗਿਆ ਅਤੇ ਉਨ੍ਹਾਂ ਨੂੰ ਜ਼ਖਮੀ ਕੀਤਾ ਗਿਆ। ਜਿਸ ਵਿੱਚੋਂ ਦੋ ਸਿੰਘਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਚੋਰਾਂ ਦੀ ਤਰ੍ਹਾਂ ਅੱਧੀ ਰਾਤ ਨੂੰ ਦਰਸ਼ਨੀ ਡਿਉੜੀ ਦੀ ਏਨੀ ਪੁਰਾਣੀ ਇਮਾਰਤ ਦਾ ਉਪਰਲਾ ਹਿੱਸਾ ਢਹਿ ਢੇਰੀ ਕਰਨਾ ਆਪਣੇ ਆਪ ਵਿੱਚ ਬਹੁਤ ਵੱਡੇ ਸ਼ੱਕ ਅਤੇ ਸੁਭੇ ਪੈਦਾ ਕਰਦਾ ਹੈ।
ਸਾਢੇ ਗਿਆਰਾਂ ਵਜੇ ਗੁਰਦੁਆਰਾ ਚੁਬੱਚਾ ਸਾਹਿਬ ਸਰਹਾਲੀ ਦੇ ਕਮੇਟੀ ਮੈਂਬਰ ਭਾਈ ਬਿਕਰਮਜੀਤ ਸਿੰਘ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਨਮਸ਼ਕਾਰ ਕਰਕੇ ਆਏ ਸਨ ਉਦੋਂ ਤੱਕ ਅਜਿਹੀ ਕੋਈ ਚਹਿਲ ਪਹਿਲ ਦਰਸ਼ਨੀ ਡਿਓੜੀ ਨੂੰ ਢਾਹੁਣ ਵਾਸਤੇ ਨਹੀਂ ਵੇਖੀ ਗਈ ਸੀ। ਪਰ ਅਚਾਨਕ ਬਾਰਾਂ ਵੱਜਣ 'ਤੇ ਚਾਰ ਸੌ ਦੇ ਕਰੀਬ ਅਖੌਤੀ ਕਾਰ ਸੇਵਕਾਂ ਨੇ ਹਥੌੜਿਆਂ ਗੈਂਤੀਆਂ ਅਤੇ ਹੋਰ ਸਾਧਨਾਂ ਦੇ ਨਾਲ ਹਮਲਾਵਰਾਂ ਵਾਂਗ ਦਰਸ਼ਨੀ ਡਿਊੜੀ ਤੇ ਕਰੂਰ ਹਮਲਾ ਬੋਲਿਆ ਅਤੇ ਵੇਖਦਿਆਂ ਹੀ ਵੇਖਦਿਆਂ ਉੱਪਰਲੇ ਮੁਨਾਰੇ ਢਾਹ ਕੇ ਜ਼ਮੀਨ ਤੇ ਸੁੱਟ ਦਿੱਤੇ ਗਏ।
ਪਤਾ ਲੱਗਣ 'ਤੇ ਹੌਲੀ ਹੌਲੀ ਕੁਝ ਨੌਜਵਾਨ ਅਤੇ ਸੰਗਤਾਂ ਇਕੱਤਰ ਹੋ ਗਈਆਂ ਜਿਨ੍ਹਾਂ ਨੇ ਇਸ ਕਾਲੀ ਕਾਰਵਾਈ ਦਾ ਵਿਰੋਧ ਕੀਤਾ ਆਪਣੀ ਹੋ ਰਹੀ ਇਸ ਵਿਰੋਧਤਾ ਨੂੰ ਤੱਕ ਕੇ ਅਖੌਤੀ ਕਾਰ ਸੇਵਕਾਂ ਨੇ ਗੁੰਡਿਆਂ ਦਾ ਰੂਪ ਧਾਰਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਦੀ ਸਹਾਇਤਾ ਦੇ ਨਾਲ ਸਿੱਖ ਸੰਗਤਾਂ ਦੇ ਉੱਤੇ ਹਮਲਾ ਬੋਲ ਦਿੱਤਾ ਜਿਸ ਵਿੱਚ ਦੋ ਨੌਜਵਾਨ ਸਖ਼ਤ ਜ਼ਖ਼ਮੀ ਹੋ ਗਏ ਜੋ ਹਸਪਤਾਲ ਜ਼ੇਰੇ ਇਲਾਜ ਹਨ।
ਕੁਝ ਮਹੀਨੇ ਪਹਿਲਾਂ ਸਤੰਬਰ ੨੦੧੮ ਵਿਚ ਵੀ ਗੁਰਬਚਨ ਸਿੰਘ ਕਰਮੂਵਾਲਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਨੇ ਹਥੌੜਾ ਲੈ ਕੇ ਇਸ ਦਰਸ਼ਨੀ ਡਿਓੜੀ ਨੂੰ ਢਾਹੁਣ ਦੀ ਕਾਰ ਸੇਵਾ ਦਾ ਆਰੰਭ ਕੀਤਾ ਸੀ ਜਿਸ ਉੱਤੇ ਇਨ੍ਹਾਂ ਲੋਕਾਂ ਨੂੰ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ ਅਤੇ ਵਿਦਵਾਨਾਂ ਦਾ ਭਾਰੀ ਵਿਰੋਧ ਸਹਿਣਾ ਪਿਆ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਇਹ ਫ਼ੈਸਲਾ ਕੀਤਾ ਸੀ ਕਿ ਦਰਸ਼ਨੀ ਡਿਓੜੀ ਨੂੰ ਨਹੀਂ ਢਾਇਆ ਜਾਵੇਗਾ।
ਪਰ ਅਚਾਨਕ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰਦਿਆਂ ਹੋਇਆ ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਵਾਲੇ ਜਗਤਾਰ ਸਿੰਘ ਦੇ ਭੇਜੇ ਅਨਸਰਾਂ ਨੇ ਦਰਸ਼ਨੀ ਡਿਓੜੀ ਨੂੰ ਚੋਰਾਂ ਵਾਂਗ ਹਮਲਾਵਰ ਹੋ ਕੇ ਅੱਧੀ ਰਾਤ ਢਾਉਣਾ ਸ਼ੁਰੂ ਕਰ ਦਿੱਤਾ ਜ਼ਿਕਰਯੋਗ ਹੈ ਕਿ ਇਹ ਦਰਸ਼ਨੀ ਡਿਓੜੀ ਕੰਵਰ ਨੌ ਨਿਹਾਲ ਸਿੰਘ ਦੇ ਸਮੇਂ ਵਿੱਚ ਹੋਂਦ ਵਿੱਚ ਆਈ ਸੀ ਇਸ ਦਾ ਵਜੂਦ ਡੇਢ ਸੌ ਸਾਲ ਤੋਂ ਪੁਰਾਣਾ ਹੈ।
ਅੱਜ ਤੋਂ ਛੇ ਮਹੀਨੇ ਪਹਿਲਾਂ ਤੱਕ ਦਰਸ਼ਨੀ ਡਿਓੜੀ ਦੀਆਂ ਲਈਆਂ ਗਈਆਂ ਅੰਦਰੂਨੀ ਤੇ ਬਾਹਰੀ ਤਸਵੀਰਾਂ ਇਹ ਸਾਬਤ ਕਰਦੀਆਂ ਹਨ ਕਿ ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਵਾਲਿਆਂ ਨੇ ਇਸ ਦੀ ਜ਼ਰਾ ਜਿੰਨੀ ਵੀ ਮੁਰੰਮਤ ਕਰਨ ਦਾ ਕੋਈ ਯਤਨ ਨਹੀਂ ਕੀਤਾ ਅਤੇ ਇਸ ਬਹਾਨੇ ਦੀ ਉਡੀਕ ਕਰਦੇ ਰਹੇ ਕਿ ਇਹ ਇਮਾਰਤ ਕਮਜ਼ੋਰ ਹੋ ਜਾਵੇ ਅਤੇ ਇਸ ਦੀ ਖਸਤਾ ਹਾਲਤ ਦੀ ਦੁਹਾਈ ਦੇ ਕੇ ਇਸ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇ।
2:30 ਵਜੇ ਰਾਤ ਦੇ ਕਰੀਬ ਦਾਸ ਨੇ ਖੁਦ ਬਾਬਾ ਜਗਤਾਰ ਸਿੰਘ ਨੂੰ ਫੋਨ ਕੀਤਾ ਅਤੇ ਇਸ ਸਾਰੇ ਘਟਨਾਕ੍ਰਮ ਬਾਰੇ ਪੁੱਛਿਆ ਜਿਸ ਉੱਤੇ ਉਨ੍ਹਾਂ ਨੇ ਇਹ ਬਹਾਨਾ ਕੀਤਾ ਦਰਸ਼ਨੀ ਡਿਉੜੀ ਦੀ ਛੱਤ ਕਮਜ਼ੋਰ ਅਤੇ ਖਸਤਾ ਹੋ ਗਈ ਸੀ ਇਸ ਲਈ ਇਹ ਢਾਹੁਣੀ ਪਈ।
ਜਿਸ 'ਤੇ ਮੈਂ ਬਾਬਾ ਜਗਤਾਰ ਸਿੰਘ ਨੂੰ ਸਵਾਲ ਕੀਤਾ
ਕਿ ਸਾਡੇ ਕੋਲ ਛੇ ਮਹੀਨੇ ਤੱਕ ਪਹਿਲਾਂ ਦੀਆਂ ਤਸਵੀਰਾਂ ਮੌਜੂਦ ਹਨ ਇਸ ਦੀ ਕਦੇ ਵੀ ਮੁਰੰਮਤ ਕਰਨ ਦਾ ਅਤੇ ਸੰਭਾਲ ਕਰਨ ਦਾ ਯਤਨ ਕਿਉਂ ਨਹੀਂ ਕੀਤਾ ਗਿਆ? ਤਾਂ ਇਸ ਦਾ ਬਾਬਾ ਜਗਤਾਰ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ।
ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਤੁਹਾਡੀ ਯੋਜਨਾ ਇਸ ਜਗ੍ਹਾ ਤੇ ਕੁਝ ਹੋਰ ਬਣਾਉਣ ਦੀ ਹੈ?
ਤਾਂ ਉਨ੍ਹਾਂ ਨੇ ਸਾਫ ਇਨਕਾਰ ਕੀਤਾ।
ਜਿਸ ਵੇਲੇ ਮੈਂ ਬਾਬਾ ਜਗਤਾਰ ਸਿੰਘ ਨੂੰ ਇਹ ਕਿਹਾ ਕਿ ਦਰਬਾਰ ਸਾਹਿਬ ਦੀ ਇਮਾਰਤ ੧੭੬੨ ਈ: ਵਿਚ ਸਿੱਖ ਮਿਸਲਾਂ ਵੇਲੇ ਦੀ ਬਣੀ ਹੋਈ ਹੈ ਦਿਉ ਸੰਭਾਲ ਹੋਣ ਉੱਤੇ ਉਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਤਾਂ ਇਨ੍ਹਾਂ ਇਮਾਰਤਾਂ ਦੀ ਅਣਦੇਖੀ ਕਿਉਂ ਕੀਤੀ ਜਾਂਦੀ ਹੈ?
ਇਸ ਉੱਤੇ ਵੀ ਉਨ੍ਹਾਂ ਨੇ ਕਿਸੇ ਕਿਸਮ ਦਾ ਜਵਾਬ ਨਹੀਂ ਦਿੱਤਾ।
ਜਦੋਂ ਮੈਂ ਉਨ੍ਹਾਂ ਨੂੰ ਇਹ ਪੁੱਛਿਆ ਕਿ ਤੁਸੀਂ ਅੱਧੀ ਰਾਤ ਬਿਨਾਂ ਕਿਸੇ ਦੀ ਸਲਾਹ ਨਾਲ, ਸਿੱਖ ਸੰਗਤਾਂ/ ਸਿੱਖ ਜਥੇਬੰਦੀਆਂ/ ਵਿਦਵਾਨਾਂ ਅਤੇ ਮਾਹਿਰਾਂ ਦੀ ਰਾਏ ਲਏ ਬਿਨਾਂ ਇਸ ਤਰ੍ਹਾਂ ਚੋਰਾਂ ਵਾਂਗ ਹਮਲਾਵਰ ਹੋ ਕੇ ਇਸ ਇਮਾਰਤ ਨੂੰ ਤੋੜਨਾ ਸ਼ੁਰੂ ਕੀਤਾ ਹੈ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ?
ਮੇਰੇ ਇਸ ਸਵਾਲ ਉੱਤੇ ਵੀ ਬਾਬਾ ਜਗਤਾਰ ਸਿੰਘ ਨੇ ਕੇਵਲ ਪੱਲਾ ਹੀ ਝਾੜਿਆ ਅਤੇ ਖਸਤਾ ਹਾਲਤ ਦੀ ਗੱਲ ਹੀ ਦੁਬਾਰਾ ਦੁਹਰਾ ਦਿੱਤੀ।
ਜਦੋਂ ਮੈਂ ਉਨ੍ਹਾਂ ਨੂੰ ਅਗਲਾ ਸਵਾਲ ਪੁੱਛਿਆ ਕਿ ਤੁਸੀਂ ਖੁਦ ਅਤੇ ਸ਼੍ਰੋਮਣੀ ਕਮੇਟੀ ਦੇ ਕੁਝ ਉੱਚ ਅਧਿਕਾਰੀ ਹੀ ਆਪਸ ਵਿੱਚ ਮਿਲੀਭੁਗਤ ਕਿਉਂ ਕਰ ਲੈਂਦੇ ਹੋ?
ਤਾਂ ਇਹ ਸੁਆਲ ਤੇ ਉਨ੍ਹਾਂ ਨੇ ਆਪਣਾ ਫੋਨ ਕੱਟ ਦਿੱਤਾ ਅਤੇ ਦੁਬਾਰਾ ਕਈ ਵਾਰ ਫ਼ੋਨ ਕਰਨ ਉੱਤੇ ਵੀ ਉਨ੍ਹਾਂ ਨੇ ਆਪਣਾ ਫੋਨ ਨਹੀਂ ਚੁੱਕਿਆ। ਇਹ ਹਾਲਤ ਤਾਂ ਹੈ ਸਾਡੇ ਕਾਰ ਸੇਵਾ ਵਾਲੇ ਅਧਿਕਾਰੀਆਂ ਦੀ।
ਹੁਣ ਤੱਕ ਸਿੱਖਾਂ ਨੂੰ ਠੰਢੇ ਬੁਰਜ, ਕੱਚੀ ਗੜ੍ਹੀ, ਆਨੰਦਪੁਰ ਸਾਹਿਬ ਦੇ ਕਿਲੇ, ਅਤੇ ਹੋਰ ਕਈ ਇਮਾਰਤ ਦਾ ਨਾ ਸਾਂਭੇ ਜਾਣਾ ਸਿੱਖਾਂ ਨੂੰ ਸੰਗਤਾਂ ਨੂੰ ਝੋਰਾ ਦਿੰਦਾ ਆ ਰਿਹਾ ਹੈ।
ਕੁਝ ਸਮਾਂ ਪਹਿਲਾਂ ਸੁਲਤਾਨਪੁਰ ਵਿਖੇ ਸਥਿਤ ਬੇਬੇ ਨਾਨਕੀ ਦਾ ਜੱਦੀ ਘਰ ਵੀ ਢਾਹ ਦਿੱਤਾ ਗਿਆ ਸੀ।
ਇਹ ਸਿਲਸਿਲਾ ਅਜੇ ਖਤਮ ਨਹੀਂ ਹੋਇਆ ਜਿੰਨਾਂ ਤੱਕ ਜਿੰਨਾ ਚਿਰ ਤੱਕ ਇੱਕ ਵੀ ਪੁਰਾਣੀ ਇਮਾਰਤ ਜਾਂ ਇੱਕ ਵੀ ਪੁਰਾਣੀ ਇੱਟ ਮੌਜੂਦ ਹੈ ਸਿੱਖ ਕੌਮ ਦੇ ਨਾਂ ਤੇ ਬਣੇ ਹੋਏ ਇਹ ਅਦਾਰੇ ਇਨਾਂ ਨੂੰ ਮਲੀਆਮੇਟ ਕੀਤੇ ਬਿਨਾਂ ਸੁਖ ਦਾ ਸਾਹ ਨਹੀਂ ਲੈਣਗੇ।
ਕਾਰ ਸੇਵਾ ਦੇ ਨਾਂ 'ਤੇ ਵਰਗਲਾ ਕੇ ਲਿਆਂਦੀ ਹੋਈ ਭੀੜ ਆਪਣੇ ਆਪ ਨੂੰ ਵੱਡਭਾਗਾ ਸਮਝ ਕੇ ਆਪਣੀਆਂ ਹੀ ਇਤਿਹਾਸਕ ਵਿਰਾਸਤਾਂ ਦਾ ਖਾਤਮਾ ਕਰਨ ਉੱਤੇ ਤੁਲੀ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਗੁਰਬਚਨ ਸਿੰਘ ਕਰਮੂਵਾਲਾ, ਪੱਟੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ, ਤਰਨ ਤਾਰਨ ਦਰਬਾਰ ਸਾਹਿਬ ਦੇ ਮੈਨੇਜਰ ਅਤੇ ਹੋਰ ਸਾਰੇ ਅਧਿਕਾਰੀ ਅਤੇ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਆਪਸ ਵਿੱਚ ਰਲੇ ਮਿਲੇ ਹੋਏ ਹਨ।
ਕੌਣ ਨਹੀ ਜਾਣਦਾ ਕਿ ਕਾਰਸੇਵਾ ਸ੍ਰੋਮਣੀ ਕਮੇਟੀ ਵਲੋਂ ਠੇਕੇ ਤੇ ਦਿੱਤੀ ਜਾਂਦੀ ਹੈ ਅਤੇ ਇਸ ਦੀ ਮੋਟੀ ਰਕਮ ਸ੍ਰੋਮਣੀ ਕਮੇਟੀ ਨੂੰ ਮਿਲਦੀ ਹੈ। ਕਾਰ ਸੇਵਾ ਦਾ ਠੇਕਾ ਦਿਵਾਉਣ ਬਦਲੇ ਦਲਾਲ ਕਿਸਮ ਦੇ ਅਧਿਕਾਰੀਆਂ ਨੂੰ ਮੋਟਾ ਮਾਲ ਛਕਣ ਲਈ ਮਿਲਦਾ ਹੈ।
ਅਖੀਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਿਹੜੇ ਲੋਕ ਸਾਡੀਆਂ ਇਨ੍ਹਾਂ ਗੱਲਾਂ ਦਾ ਗੁੱਸਾ ਕਰਦੇ ਹਨ ਤੇ ਦਲੀਕ ਦਿੰਦੇ ਹਨ ਕਿ ਕਾਰ ਸੇਵਾ ਵਾਲੇ ਕੋਈ ਗਲਤ ਨਹੀਂ ਕਰ ਰਹੇ। ਸਾਡਾ ਉਨ੍ਹਾਂ ਨੂੰ ਇਹੀ ਜਵਾਬ ਹੈ ਕਿ ਇਹ ਬਿਲਕੁੱਲ ਸਹੀ ਵੀ ਨਹੀਂ ਕਰ ਰਹੇ। ਅਜਿਹੀਆਂ ਵਿਰਾਸਤੀ ਇਮਾਰਤਾਂ ਦੌਲਤ ਖਰਚਣ ਤੋਂ ਬਾਅਦ ਵੀ ਹੋਂਦ ਵਿੱਚ ਨਹੀਂ ਲਿਆਂਦੀਆਂ ਜਾ ਸਕਦੀਆਂ।
ਕਿਉਂਕਿ ਸੋਹਣੀਆਂ ਇਮਾਰਤਾਂ ਹੀ ਸਾਰਾ ਕੁਝ ਨਹੀਂ ਹੁੰਦਾ ਬਲਕਿ ਵਿਰਾਸਤਾਂ ਬਹੁਤ ਵੱਡੀ ਚੀਜ਼ ਹੁੰਦੀਆਂ ਹਨ।
ਜਿਨ੍ਹਾਂ ਦਾ ਮਲੀਆ ਮੇਟ ਆਪਣੇ ਹੱਥੀਂ, ਆਪਣੀਆਂ ਚੌਧਰਾਂ ਅਤੇ ਸਵਾਰਥਾਂ ਦੀ ਖਾਤਰ ਇਹ ਲੋਕ ਕਰ ਰਹੇ ਹਨ। ਅਤੇ ਅੱਜ ਇਹ ਸਭ ਕੁਝ ਅਸੀਂ ਅੱਖੀਂ ਵੇਖ ਰਹੇ ਹਾਂ। ਸਿੱਖ ਪੰਥ ਦੇ ਪੈਸੇ ਦੇ ਨਾਲ ਸਿੱਖਾਂ ਦੀਆਂ ਵਿਰਾਸਤਾਂ ਦਾ ਹੀ ਘਾਣ ਹੋਵੇਗਾ ਇਹ ਵੀ ਭੈੜੇ ਵਰਤਾਰੇ ਸਿੱਖ ਪੰਥ ਨੂੰ ਵੇਖਣੇ ਪਏ ਰਹੇ ਹਨ। ਕੀ ਸਿੱਖ ਸੰਗਤਾਂ ਇਨ੍ਹਾਂ ਕੋਲੋਂ ਜਵਾਬ ਮੰਗਣਗੀਆਂ ਕਿ ਸਾਡੇ ਭਵਿੱਖ ਨੂੰ ਰੌਸ਼ਨ ਕਰਨ ਅਤੇ ਲਈ ਸਾਡੀਆਂ ਵਿਰਾਸਤਾਂ ਬਚਾਉਣ ਦੀ ਬਜਾਏ ਤੁਸਾਂ ਢਾਣੀਆਂ ਕਿਉਂ ਸ਼ੁਰੂ ਕਰ ਦਿੱਤੀਆਂ ਹਨ? ਸਾਡੇ ਲਈ ਸਸਤੇ ਅਤੇ ਚੰਗੇ ਸਕੂਲ ਅਤੇ ਹਸਪਤਾਲ ਕਿੱਥੇ ਹਨ? ਆਸ ਉਮੀਦ ਨਾਲ ਜਿਹੜੇ ਹਥਿਆਰ ਅਸੀਂ ਤੁਹਾਡੇ ਹੱਥਾਂ ਚ ਦੇ ਰਹੇ ਹਾਂ ਕਿ ਤੁਸੀਂ ਸਾਡੀ ਰਾਖੀ ਕਰੋਗੇ। ਪਰ ਤੁਸੀਂ ਤਾਂ ਸਾਨੂੰ ਹੀ ਕਤਲ ਕਰਨ ਲੱਗ ਪਏ ਹੋ।
ਅਖੀਰ ਉੱਤੇ ਅਸੀਂ ਕਹਿਣਾ ਚਾਹੁੰਦੇ ਹਾਂ ਦਰਸ਼ਨੀ ਡਿਉੜੀ ਦੇ ਡਿਗਦੇ ਹੋਏ ਮੁਨਾਰੇ ਮਹਿਜ ਮਲਬਾ ਨਹੀਂ ਹਨ ਬਲਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਬਾਬਾ ਜਗਤਾਰ ਸਿੰਘ ਸਮੇਤ ਇਨ੍ਹਾਂ ਦੇ ਹੱਕ ਚ ਖਲੋਣ ਵਾਲਿਆਂ ਦੀ ਅਕਲ ਤੇ ਪੈ ਰਹੇ ਪੱਥਰ ਹਨ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਸਰੋਵਰ ਅਤੇ ਦਰਬਾਰ ਦੀ ਪਕਿਆਈ ਵਾਸਤੇ ਆਪਣੇ ਆਵੇ ਪਕਾਏ ਹੋਏ ਸਨ ਤਾਂ ਉਸ ਵੇਲੇ ਨੂਰਦੀਨ ਦਾ ਪੁੱਤਰ ਅਮੀਰਦੀਨ ਜ਼ਬਰਦਸਤੀ ੲਿੱਟਾਂ ਚੁੱਕ ਕੇ ਲੈ ਗਿਆ ਸੀ। ਜਿਹੜੀਆਂ ਉਸ ਨੇ ਨੂਰਦੀਨ ਵਿਖੇ ਸਰਾਂ ਅਤੇ ਆਪਣੇ ਮਕਾਨ ਤੇ ਲਾ ਲਈਆਂ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਆ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵਾਪਸ ਲਿਆਏ ਸਨ।
ਹੁਣ ਦੀ ਚੋਰੀ ਚੋਰੀ ਅਤੇ ਧੱਕੇ ਨਾਲ ਧਾੜ ਵਾਂਗ ਪੈ ਕੇ ਦਰਸ਼ਨੀ ਡਿਓੜੀ ਨੂੰ ਢਾਉਣ ਵਾਲੀ ਕਾਰਵਾਈ ਨੇ ਅਜਿਹਾ ਪ੍ਰਭਾਵ ਦਿੱਤਾ ਹੈ ਕਿ ਜਿਵੇਂ ਨੂਰਦੀਨ ਦੇ ਵਾਰਸ ਦੁਬਾਰਾ ਇੱਟਾਂ ਚੁੱਕਣ ਆ ਗਏ ਹੋਣ ।
ਤੁਸੀਂ ਵੀਡੀਓ ਵੇਖ ਸਕਦੇ ਹੋ ਜਿਸ ਵਿੱਚ ਨਵੇਂ ਪੂਰ ਦੇ ਸਿੱਖ ਨੌਜਵਾਨ ਕਲਪ ਰਹੇ ਹਨ, ਕਚੀਚੀਆਂ ਲੈ ਰਹੇ ਹਨ ਪਰ ਇਹ ਬੁੱਢਾ ਲਾਣਾ ਉਨ੍ਹਾਂ ਦੀ ਇਕ ਵੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਅਤੇ ਧੜਾ ਧੜ ਦਰਸ਼ਨੀ ਡਿਊੜੀ ਤੇ ਹਥੌੜੇ ਚਲਾਈ ਤੁਰਿਆ ਜਾ ਰਿਹਾ ਹੈ।
ਸਿੱਖੋ! ਬੰਦਾ ਪ੍ਰਸਤੀ ਬੰਦ ਕਰੋ! ਸਹੀ ਦਾ ਸਾਥ ਦਿਓ ਅਤੇ ਆਪਣੀਆਂ ਵਿਰਾਸਤਾਂ ਬਚਾਓ! ਨਹੀਂ ਤਾਂ ਦੇਰ ਤਾਂ ਹੋ ਹੀ ਚੁਕੀ ਹੈ।
ਇਸ ਸਮੇਂ ਵੀਰ ਪਰਮਪਾਲ ਸਿੰਘ ਸਭਰਾ ਹੋਰ ਨੌਜਵਾਨ ਵੀਰਾਂ ਸਮੇਤ ਮੌਕੇ 'ਤੇ ਹਾਜਰ ਸਨ ਜਿਨਾਂ ਨੇ ਮੌਕੇ ਦੀ ਸਾਰੀ ਸਥਿਤੀ ਨੂੰ ਬਾਕੀ ਵੀਰਾਂ ਸਮੇਤ ਵੀਡੀਉ ਰਾਹੀਂ ਸਾਂਭਿਆ ਅਤੇ ਫੇਸਬੁਕ ਤੇ ਲਾਈਵ ਹੋ ਕੇ ਸਭ ਨੂੰ ਵਿਖਾਇਆ। ਪਤਾ ਲੱਗਣ 'ਤੇ ਹੌਲੀ ਹੌਲੀ ਸੰਗਤਾਂ ਹੋਰ ਇਕੱਤਰ ਹੋਣ ਲੱਗੀਆਂ। ਜਿਸਤੋਂ ਬਾਅਦ ਦਰਸ਼ਨੀ ਡਿਉੜੀ ਤੇ ਮੁਨਾਰੇ ਢਾਹ ਕੇ ਅਖੌਤੀ ਕਾਰ ਸੇਵਕ ਖਿਸਕ ਗਏ। ਪਰਮਪਾਲ ਸਿੰਘ ਸਭਰਾ ਵਲੋਂ ਬਾਬਾ ਜਗਤਾਰ ਸਿੰਘ ਨਾਲ ਫੋਨ ਤੇ ਕੀਤੀ ਗੱਲਬਾਤ 'ਚ ਉਨਾਂ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਇਸ ਸਬੰਧੀ ਸ੍ਰੋਮਣੀ ਕਮੇਟੀ ਨਾਲ ਗੱਲ ਕਰੋ। ਪਰ ਸ੍ਰੋਮਣੀ ਕਮੇਟੀ ਅਧਿਆਕਰੀਆਂ ਦੇ ਫੋਨ ਲਗਾਤਾਰ ਬੰਦ ਆਉਂਦੇ ਰਹੇ।
………………………….
ਟਿੱਪਣੀ:- ਇਹ ਕੋਈ ਨਵਾਂ ਕੰਮ ਨਹੀਂ. ਅੱਜ ਇਹ ਮਹਿਸੂਸ ਹੁੰਦਾ ਹੈ ਕਿ ਇਹ ਪੰਥ ਦੀਆਂ ਮਹਾਨ ਹੱਸਤੀਆਂ ਦੀ ਮਿਲੀ-ਭੁਗਤ ਨਾਲ ਹੀ ਚਲਦਾ ਰਿਹਾ ਹੈ। ਗੁਰੂ ਨਾਨਕ ਜੀ ਵੇਲੇ ਦਾ ਨਾਨਕਮਤੇ ਦਾ ਭੰਡਾਰੀ ਬੋੜ੍ਹ, ਕਾਰ ਸੇਵਾ ਵਾਲਿਆਂ ਨੈ ਬਾਦਲ ਦੀ ਮੌਜੂਦਗੀ ਵਿਚ ਹੀ ਵੱਢਿਆ ਸੀ । ਕਿਸੇ ਵੀ ਨੇਤਾ ਨੇ ਕਾਰਸੇਵਾ ਵਾਲਿਆਂ ਨੂੰ ਇਸ ਕੰਮ ਤੋਂ ਨਹੀਂ ਵਰਜਿਆ। ਅਜੇ ਵੀ ਕੁਝ ਇਤਿਹਾਸਿਕ ਯਾਦਾਂ ਬਾਕੀ ਹਨ, ਜਿਨ੍ਹਾਂ ਨੂੰ ਬਚਾਉਣ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ।
ਅਮਰ ਜੀਤ ਸਿੰਘ ਚੰਦੀ