ਕੀ ਸੰਨ 1699 ਦੀ ਵਿਸਾਖੀ ਦੇ ਪੰਜ ਪਿਆਰੇ ਪਹਿਲਾਂ ਹੀ ਗੁਰੂ ਜੀ ਦੀ ਹਜ਼ੂਰੀ ਵਿੱਚ ਸੇਵਾ ਵਿੱਚ ਰਹਿ ਰਹੇ ਸਨ ?
ਪ੍ਰੋ. ਕਸ਼ਮੀਰਾ ਸਿੰਘ USA
(ਵਿਸਾਖੀ ਤੇ ਵਿਸ਼ੇਸ਼)
ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਨੇ ਸੰਨ 1699 ਈਸਵੀ ਵਿੱਚ ਸਿੱਖਾਂ ਨੂੰ ਖੰਡੇ ਦੀ ਪਾਹੁਲ ਦੇ ਕੇ ਖ਼ਾਲਸੇ ਦੀ ਸਾਜਨਾ ਕੀਤੀ ਸੀ। ਪ੍ਰੋ. ਸਾਹਿਬ ਸਿੰਘ ਅਨੁਸਾਰ ਪੰਜ ਸਿੱਖਾਂ ਦੀ ਚੋਣ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਕਰ ਲਈ ਗਈ ਸੀ ਅਤੇ ਉਨ੍ਹਾਂ ਨੂੰ ਵਿਸਾਖੀ ਵਾਲ਼ੇ ਦਿਨ ਖੰਡੇ ਦੀ ਪਾਹੁਲ ਦੇ ਕੇ ਪੰਜ ਪਿਆਰੇ ਬਣਾਇਆ ਗਿਆ ਸੀ।
ਕੀ ਪੰਜ ਪਿਆਰੇ ਪਹਿਲੀ ਵਾਰੀ ਹੀ ਸੰਗਤਾਂ ਦੇ ਨਾਲ਼ ਵਿਸਾਖੀ ਵਾਲ਼ੇ ਦਿਨ ਜਾਂ ਉਸ ਤੋਂ ਇੱਕ ਦਿਨ ਪਹਿਲਾਂ ਸ਼੍ਰੀ ਅਨੰਦਪੁਰ ਗੁਰੂ ਜੀ ਦੇ ਸਨਮੁਖ ਹੋਏ ਸਨ ਜਾਂ ਉਹ ਪਹਿਲਾਂ ਹੀ ਗੁਰੂ ਜੀ ਦੀ ਹਜ਼ੂਰੀ ਵਿੱਚ ਸੇਵਾ ਵਿੱਚ ਰਹਿ ਰਹੇ ਸਨ?
ਉਪਰੋਕਤ ਪ੍ਰਸ਼ਨ ਦਾ ਉੱਤਰ ਲੱਭਣ ਲਈ ਪ੍ਰਸਿੱਧ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦੀ ਮਹਾਨ ਲਿਖਤ 'ਮਹਾਨ ਕੋਸ਼' {ਗੁਰ ਸ਼ਬਦ ਰਤਨਾਕਰ} ਵਿੱਚ ਝਾਤ ਮਾਰਨੀ ਪਵੇਗੀ।
ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ ਯਤਨ ਕਰਨ 'ਤੇ ਭੀ ਪੰਜਾਂ ਪਿਆਰਿਆਂ ਦੇ ਜੀਵਨ ਬ੍ਰਿਤਾਂਤ ਸਹੀ ਰੂਪ ਵਿੱਚ ਨਹੀਂ ਮਿਲ਼ੇ । ਗਿਆਨੀ ਠਾਕੁਰ ਸਿੰਘ ਅਤੇ ਭਾਈ ਮੰਗਲ਼ ਸਿੰਘ ਵਲੋਂ ਲਿਖੀ ਜੋ ਜਾਣਕਾਰੀ ਮਹਾਨ ਕੋਸ਼ ਵਿੱਚ ਦਿੱਤੀ ਗਈ ਹੈ ਉਸ 'ਤੇ ਆਧਾਰਿਤ ਵੇਰਵਾ ਇਸ ਪ੍ਰਕਾਰ ਹੈ:
ਦਇਆ ਰਾਮ ਤੋਂ ਬਣੇ ਭਾਈ ਦਇਆ ਸਿੰਘ ਜੀ:
ਜਨਮ: ਸੰਮਤ 1726 (ਸੰਨ 1669) ਨੂੰ ਲਾਹੌਰ ਵਿੱਚ
ਮਾਤਾ ਪਿਤਾ: ਭਾਈ ਸੁੱਧਾ ਅਤੇ ਮਾਈ ਦਿਆਲੀ
ਗੁਰੂ ਜੀ ਦੀ ਸ਼ਰਣ ਵਿੱਚ ਗਏ: ਸੰਨ 1677 ਵਿੱਚ
ਖੰਡੇ ਦੀ ਪਾਹੁਲ ਸਮੇਂ ਸੇਵਾ ਦਾ ਸਮਾਂ: 22 ਸਾਲ
ਧਰਮ ਦਾਸ ਤੋਂ ਬਣੇ ਭਾਈ ਧਰਮ ਸਿੰਘ ਜੀ:
ਜਨਮ: ਸੰਮਤ 1723 (ਸੰਨ 1666) ਨੂੰ ਹਸਤਨਾਮਪੁਰ ਵਿੱਚ
ਮਾਤਾ ਪਿਤਾ: ਭਾਈ ਸੰਤ ਰਾਮ, ਮਾਤਾ ਜੱਸੀ (ਜਾਂ ਸਾਵ ਜਾਂ ਸਾਭੋ)
ਗੁਰੂ ਜੀ ਦੀ ਸ਼ਰਣ ਵਿੱਚ ਗਏ: ਸੰਨ 1677 ਵਿੱਚ
ਖੰਡੇ ਦੀ ਪਾਹੁਲ ਸਮੇਂ ਸੇਵਾ ਦਾ ਸਮਾਂ: 22 ਸਾਲ
ਹਿੰਮਤ ਰਾਇ ਤੋਂ ਬਣੇ ਭਾਈ ਹਿੰਮਤ ਸਿੰਘ ਜੀ:
ਜਨਮ: 5 ਮਾਘ ਸੰਮਤ 1718 (ਸੰਨ 1661) ਨੂੰ ਜਗਨਨਾਥ ਪੁਰੀ ਵਿੱਚ
ਮਾਤਾ ਪਿਤਾ: ਭਾਈ ਜੋਤੀ ਰਾਮ (ਜਾਂ ਗੁਲਜਾਰੀ) ਅਤੇ ਮਾਤਾ ਰਾਮੋ (ਜਾਂ ਧੰਨੋ)
ਗੁਰੂ ਜੀ ਦੀ ਸ਼ਰਣ ਵਿੱਚ ਗਏ: ਸੰਨ 1678 ਵਿੱਚ
ਗੁਰੂ ਜੀ ਕੋਲ਼ ਸੇਵਾ ਦਾ ਸਮਾਂ: 21 ਸਾਲ
ਮੁਹਕਮ ਚੰਦ ਤੋਂ ਬਣੇ ਭਾਈ ਮੁਹਕਮ ਸਿੰਘ ਜੀ:
ਜਨਮ: 22 ਜੇਠ ਸੰਮਤ 1720 ਸੰਨ 1663) ਨੂੰ ਦੁਆਰਕਾ ਵਿੱਚ
ਮਾਤਾ ਪਿਤਾ: ਭਾਈ ਤੀਰਥ ਰਾਮ ਅਤੇ ਮਾਤਾ ਸੁੱਖ ਦੇਵੀ (ਜਾਂ ਦੇਵਾਂ ਬਾਈ) ਜੀ
ਗੁਰੂ ਜੀ ਸ਼ਰਣ ਵਿੱਚ ਗਏ: ਸੰਨ 1685 ਨੂੰ
ਖੰਡੇ ਦੀ ਪਾਹੁਲ ਸਮੇਂ ਸੇਵਾ ਦਾ ਸਮਾਂ: 14 ਸਾਲ
ਸਾਹਿਬ ਚੰਦ ਤੋਂ ਬਣੇ ਭਾਈ ਸਾਹਿਬ ਸਿੰਘ ਜੀ:
ਜਨਮ: ਸੰਮਤ 1719 (ਸੰਨ 1662) ਨੂੰ ਬਿਦਰ ਵਿੱਚ
ਮਾਤਾ ਪਿਤਾ: ਭਾਈ ਤੁਲਸੀ (ਜਾਂ ਚਮਨ ਰਾਮ) ਅਤੇ ਮਾਤਾ ਬਿਸ਼ਨਦੇਈ (ਜਾਂ ਸੋਨਾ ਬਾਈ)
ਗੁਰੂ ਜੀ ਦੀ ਸ਼ਰਣ ਵਿੱਚ ਗਏ: ਸੰਨ 1681 ਵਿੱਚ
ਖੰਡੇ ਦੀ ਪਾਹੁਲ ਸਮੇਂ ਸੇਵਾ ਦਾ ਸਮਾਂ: 18 ਸਾਲ
ਉੱਪਰੋਕਤ ਵੇਰਵੇ ਤੋਂ ਪਤਾ ਲੱਗਦਾ ਹੈ ਕਿ ਪੰਜ ਪਿਆਰੇ ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੀ ਸ਼ਰਣ ਵਿੱਚ 14 ਤੋਂ 21 ਸਾਲ਼ਾਂ ਤੋਂ ਸੇਵਾ ਕਰ ਰਹੇ ਸਨ । ਗੁਰੂ ਜੀ ਵਾਸਤੇ ਨਾ ਇਹ ਓਪਰੇ ਸਨ ਅਤੇ ਇਨ੍ਹਾਂ ਵਾਸਤੇ ਗੁਰੂ ਜੀ ਓਪਰੇ ਨਹੀਂ ਸਨ।
ਨੋਟ: 'ਗੁਰਦੁਆਰੇ ਦਰਸ਼ਨ' ਵਿੱਚ ਲਿਖੀਆਂ ਪੰਜਾਂ ਪਿਆਰਿਆਂ ਦੀਆਂ ਜਨਮ ਤਰੀਕਾਂ ਅਤੇ ਭਾਈ ਮੰਗਲ਼ ਸਿੰਘ ਵਲੋਂ ਦਿੱਤੀਆਂ ਤਰੀਕਾਂ, ਮਾਤਾ ਪਿਤਾ ਦੇ ਨਾਵਾਂ ਅਤੇ ਹੋਰ ਤੱਥਾਂ ਵਿੱਚ ਅੰਤਰ ਹੈ ਅਤੇ ਇਹ ਵੇਰਵਾ ਵੀ ਮਹਾਨ ਕੋਸ਼ ਵਿੱਚ ਦਿੱਤਾ ਗਿਆ ਹੈ। ਸੱਚ ਕੀ ਹੈ, ਇਹ ਮੌਜੂਦਾ ਇਤਿਹਾਸਕਾਰ ਸਪੱਸ਼ਟ ਕਰਨ ਤਾਂ ਬਹੁਤ ਚੰਗਾ ਹੋਵੇਗਾ।
ਥੱਲੇ ਦਿੱਤਾ ਵਿਰਤਾਂਤ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ "ਗੁਰ ਸ਼ਬਦ ਰਤਨਾਕਰ ਮਹਾਨ ਕੋਸ਼" ਵਿੱਚੋਂ ਲਿਆ ਗਿਆ ਹੈ, ਜੋ ਮਹਾਨ ਕੋਸ਼ ਦੀ PDF file ਦੇ ਪੰਨਾਂ ਨੰ: 2781 'ਤੇ ਦਰਜ ਹੈ ਤੇ ਇਸ ਲਿੰਕ http://punjabipedia.org/topic.aspx?txt=ਪੰਜ ਪਿਆਰੇ 'ਤੇ ਵੀ ਮੌਜੂਦ ਹੈ।
..............................
With Thanks from "The Khalsa News" Amar Jit Singh Chandi