ਅਲੋਪ ਹੋ ਰਹੇ ਵਿਰਸੇ ਦੀ ਬਾਤ ਪਾਉਂਦੀ ਪੁਸਤਕ-ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ
ਅਲੋਪ ਹੋ ਰਹੇ ਵਿਰਸੇ ਦੀ ਬਾਤ ਪਾਉਂਦੀ ਪੁਸਤਕ-ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ
ਅਲੋਪ ਹੋ ਰਹੇ ਵਿਰਸੇ ਦੀ ਬਾਤ ਪਾਉਂਦੀ ਪੁਸਤਕ-ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ
By : ਬਾਬੂਸ਼ਾਹੀ ਬਿਊਰੋ
Saturday, Apr 20, 2019 07:57 PM ਪ੍ਰਕਾਸ਼ਕ:ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਸਾਦਿਕ
ਪੰਜਾਬੀ ਵਿਰਸਾ ਬਹੁਤ ਅਮੀਰ ਅਤੇ ਵਿਲੱਖਣਤਾ ਭਰਪੂਰ ਹੈ।ਇਸਦੀ ਬੋਲੀ,ਤਿਉਹਾਰਾਂ,ਪਹਿਰਾਵੇ, ਘਰੇਲੂ ਅਤੇ ਪਰਿਵਾਰਕ ਕਦਰਾਂ ਕੀਮਤਾਂ ਅਤੇ ਰਹਿਣ ਸਹਿਣ ਦੇ ਢੰਗ,ਘਰੇਲੂ ਵਸਤੂਆਂ, ਖੇਤੀਬਾੜੀ ਸੰਦ ਸੰਦੇੜੇ ,ਪੁਰਾਤਨ ਖੇਡਾਂ ਇਸਦੀ ਅਮੀਰੀ ਅਤੇ ਅਣਮੋਲਤਾ ਦੀ ਹਾਮੀ ਭਰਦੀਆਂ ਹਨ।ਸਮਕਾਲੀਨਤਾ ਜਾਂ ਨਵੀਨਤਾ ਨੂੰ ਅਪਣਾਉਣਾ ਬੇਸ਼ੱਕ ਸਮੇਂ ਲੋੜ੍ਹ ਅਤੇ ਮਜਬੂਰੀ ਬਣ ਜਾਂਦੀ ਹੈ, ਪਰ ਅਤੀਤੀ ਅਤੇ ਤਵਾਰੀਖੀ ਤੋਂ ਜਾਣੂ ਹੋਣਾ ਅਤੇ ਭਵਿੱਖਤ ਪੀੜ੍ਹੀਆਂ ਲਈ ਸੰਭਾਲ ਕੇ ਰੱਖਣਾ ਵੀ ਸਾਡੇ ਲਈ ਅਤਿ ਜਰੂਰੀ ਹੈ, ਕਿਉਂਕਿ ਅਤੀਤ ਚੋਂ ਹੀ ਅਜੋਕੇ ਦੀ ਉੱਤਪਤੀ ਹੋਈ ਹੈ।ਸੋ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਵਿੱਚ ਲੱਗੀਆਂ ਸਾਹਿਤਕ ਹਸਤੀਆਂ ਚੋਂ ਜਸਵੀਰ ਸ਼ਰਮਾ ਦੱਦਾਹੂਰ ਦਾ ਨਾਮ ਉੱਭਰਕੇ ਉੱਤਲੀਆਂ ਸਫਾਂ ਚ ਆਉਂਦਾ ਹੈ।ਜਸਵੀਰ ਸ਼ਰਮਾ ਦੱਦਾਹੂਰ ਦਾ ਸਾਹਿਤਕ ਕੱਦ ਕਾਫੀ ਬੜਾ ਹੈ,ਉਹਨਾਂ ਦੀਆਂ ਸਾਹਿਤਕ ਰਚਨਾਵਾਂ ਪੰਜਾਬ ਅਤੇ ਵਿਦੇਸ਼ਾਂ ਚ ਛਪਦੇ ਪੰਜਾਬੀ ਅਖਬਾਰਾਂ ਅਤੇ ਰਸਾਲਿਆਂ ਚ ਛਪਦੀਆਂ ਰਹਿੰਦੀਆਂ ਹਨ।ਉਹ ਪੰਜਾਬ, ਪੰਜਾਬੀ ,ਪੰਜਾਬੀਅਤ ਅਤੇ ਸੱਭਿਆਚਾਰ ਨੂੰ ਵਰਸੋਇਆ ਸਾਹਿਤਕਾਰ ਹੈ।ਉਹਨਾਂ ਦੀ ਹੱਥਲੀ ਪੁਸਤਕ " ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ" ਅਲੋਪ ਰਹੇ ਵਿਰਸੇ ਦੀ ਬਾਤ ਪਾਉਂਦੀ ਹੈ।ਇਸ ਤੋਂ ਪਹਿਲਾਂ ਵੀ ਲੇਖਕ ਨੇ ਸੱਭਿਆਚਾਰ ਨੂੰ ਸਮਰਪਿਤ ਤਿੰਨ ਪੁਸਤਕਾਂ "ਵਿਰਸੇ ਦੀ ਸੌਗਾਤ","ਵਿਰਸੇ ਦੀ ਲੋਅ","ਵਿਰਸੇ ਦੀ ਖੁਸ਼ਬੋ" ਪੰਜਾਬੀ ਸਾਹਿਤ ਦੀ ਝੋਲੀ ਪਾਕੇ ਸਾਡੀ ਵਿਰਾਸਤ ਦੀ ਅਮੀਰੀ ਦਾ ਖੁਲਾਸਾ ਕੀਤਾ ਹੈ।
ਵਿਰਸਾ ਜਾਂਂ ਸੱਭਿਆਚਾਰ ਸ਼ਬਦ ਭਾਵੇਂ ਲਿਖਣ ਚ ਨਿੱਕਾ ਜਾਪਦਾ ਹੈ, ਪਰ ਇਸ ਬਾਬਤ ਲਿਖਣਾ ਤਲਵਾਰ ਦੀ ਧਾਰ ਤੇ ਤੁਰਨ ਦੇ ਤੁਲ ਹੈ।ਇਸਦੇ ਅਰਥ ਬਹੁਤ ਹੀ ਗੂੜ੍ਹੇ ਅਤੇ ਡੂੰਘਾਈ ਵਾਲੇ ਹਨ।ਇਸ ਬਾਬਤ ਲਿਖਣ ਲਈ ਅਤੀਤ ਨੂੰ ਵਾਂਚਣਾ ਅਤੇ ਮਾਨਸਿਕ ਤਾ ਨੂੰ ਉਸ ਕਦਰ ਲਿਜਾ ਕੇ ਸ਼ਾਬਦਿਕ ਰੂਪ ਦੇਣ ਜਰੂਰਤ ਤੋਂ ਕਿਸੇ ਕਦਰ ਮੁਨਕਰ ਨਹੀਂ ਹੋਇਆ ਜਾ ਸਕਦਾ।ਇਸ ਪੁਸਤਕ ਦੇ ਲੇਖਕ ਨੇ ਇਸ ਸਭ ਔਖਿਆਲੀਆਂ ਸਥਿਤੀਆਂ ਨੂੰ ਹੰਢਾਉਂਦਿਆਂ ਸੁਖਾਲਾ ਕਰ ਦਿਖਾਇਆ ਹੈ।ਉਹਨਾਂ ਪੰਜਾਬੀ ਸੱਭਿਆਚਾਰ ਚੋਂ ਅਲੋਪ ਹੋ ਰਹੇ ਟਾਂਗਾ ਸਵਾਰੀ, ਰੇਡੀਓ, ਪੁਰਾਤਨ ਖੇਡਾਂ, ਬੇਬੇ ਦਾ ਸੰਦੂਕ, ਤੂਤ ਦੀਆਂ ਛਿਟੀਆਂ ਦੇ ਟੋਕਰੇ,ਕਾਂਸੀ,ਪਿੱਤਲ ਅਤੇ ਤਾਂਬੇ ਦੇ ਭਾਂਡੇ, ਪੈਰੀਂ ਗਾਹੁਣਾ ,ਛੱਲੀਆਂ ਦੇ ਢੇਰ,ਝਾਲਰ ਵਾਲੀ ਪੱਖੀ, ਚੱਕੀ ਝੋਹਣਾ,ਸੁੱਬੜ ਵੱਟਣਾ, ਤੂੜੀ ਵਾਲੇ ਕੁੱਪ,ਪੁਰਾਤਨ ਖੇਤੀਬਾੜੀ ਸੰਦ, ਪੁਰਾਤਨ ਰੀਤੀ ਰਿਵਾਜ, ਜਾਤੀ ਧੰਦੇ, ਪੁਰਾਣੇ ਗੀਤ ਆਦਿ ਨੂੰ ਆਪਣੇ ਲੇਖਾਂ ਵਿੱਚ ਵਿਸਥਾਰਤ ਜਾਣਕਾਰੀ ਭਰਪੂਰ ਪੇਸ਼ ਕੀਤਾ ਹੈ।
ਕਵਿਤਾਵਾਂ ਚ ਮਸ਼ਵਰੇ, ਦੋਹੇ ਦਾਦੀ ਮਾਂ ਦਾ ਪਿਆਰ ਆਦਿ ਨੂੰ ਕਾਵਿ ਰੂਪ ਚ ਪੇਸ਼ ਕਰਕੇ ਕਿਤਾਬ ਪ੍ਰਤੀ ਦਿਲਚਸਪੀ ਪੈਦਾ ਕੀਤੀ ਹੈ।ਇੱਕ ਕਵਿਤਾ ਚ ਉਹਨਾਂ ਲਿਖਿਆ ਹੈ:-
ਸਿਆਣੇ ਕਹਿੰਦੇ ਬੱਚਿਆਂ ਤੇ ਕਾਬੂ ਰੱਖੀਏ,
ਨਾ ਪੈਜੇ ਬੱਚਿਆਂ ਦੇ ਪਿੱਛੇ ਹੀ ਫਸਾਦ ਦੋਸਤੋ।
ਇੱਜਤ ਤੇ ਮਾਣ ਦੇਈਏ ਧੀਆਂ ਭੈਣਾਂ ਨੂੰ,
ਹੁੰਦੀ ਦੇਹਲੀ ਦੀ ਵੀ ਇਹੀ ਮੁਨਿਆਦ ਦੋਸਤੋ।
'ਦੱਦਾਹੂਰੀਆ" ਤਾਂ ਗੱਲਾਂ ਕਰੇ ਖਰੀਆਂ,
ਹੋ ਸਕਦੈ ਕੋਈ ਪੈਜੇ ਪ੍ਰਭਾਵ ਦੋਸਤੋ।
ਲੇਖਕਾਂ ਪ੍ਰਤੀ ਨਸੀਹਤ ਕਰਦੀ ਕਵਿਤਾ ਚ ਉਹਨਾਂ ਲਿਖਿਆ ਹੈ;
ਲਿਖਾਰੀ ਪਰ੍ਹੇ ਤੋਂ ਪਰ੍ਹੇ ਨੇ,ਕਦੇ ਕਰੀਏ ਮਾਣ।
ਕਿਸ ਲਿਖਤ ਤੋਂ ਸ਼ੋਹਰਤ ਮਿਲਜੇ, ਹੱਥ ਹੈ ਭਗਵਾਨ।"
ਉਹਨਾਂ ਆਪਣੀਆਂ ਰਚਨਾਵਾਂ ਚ ਠੇਠ ਪੰਜਾਬੀ ਸ਼ਬਦਾਂ ਦੀ ਵਰਤੋਂ ਨਾਲ ਪ੍ਰਭਾਵਸ਼ਾਲੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।ਉਹਨਾਂ ਪੰਜਾਬ ਦੇ ਗੌਰਵਮਈ ਸੱਭਿਆਚਾਰ ਨੂੰ ਪੁਸਤਕਾਂ ਦੇ ਰੂਪ ਚ ਸਾਂਭ ਕੇ ਇੱਕ ਮੀਲ ਪੱਥਰ ਕੰਮ ਕੀਤਾ ਹੈ।ਪੁਸਤਕ ਵਿੱਚ ਜਿੱਥੇ ਪੁਰਾਤਨ ਸੱਭਿਆਚਾਰ ਦੀ ਜਾਣਕਾਰੀ ਹਾਸਿਲ ਹੁੰਦੀ ਹੈ, ਉੱਥੇ ਅਤੀਤ ਦੇ ਦਰਸ਼ਨ ਵੀ ਹੁੰਦੇ ਹਨ ਅਤੇ ਅਜੋਕੇ ਪੀੜ੍ਹੀ ਨੂੰ ਪਦਾਰਥਵਾਦ ਦੀ ਚਕਾਚੌਂਧ ਚ ਅਤੀਤ ਤੋਂ ਨਾ ਟੁੱਟਣ ਦੀ ਪ੍ਰੇਰਨਾ ਵੀ ਮਿਲਦੀ ਹੈ।
ਇੰਜੀ. ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257