ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਮਾਂ-ਦਿਵਸ ‘ਤੇ ਵਿਸ਼ੇਸ਼ ਅਤੇ ਸਮੁੱਚੀਆਂ ਮਾਵਾਂ
ਮਾਂ-ਦਿਵਸ ‘ਤੇ ਵਿਸ਼ੇਸ਼ ਅਤੇ ਸਮੁੱਚੀਆਂ ਮਾਵਾਂ
Page Visitors: 2528

ਮਾਂ-ਦਿਵਸ 'ਤੇ ਵਿਸ਼ੇਸ਼ ਅਤੇ ਸਮੁੱਚੀਆਂ ਮਾਵਾਂ
 ਅਵਤਾਰ ਸਿੰਘ ਮਿਸ਼ਨਰੀ  510 432 5827 
ਕੀ ਮਾਵਾਂ ਇਕੱਲੀਆਂ ਮਨੁੱਖੀ ਹੀ ਹਨ?
 ਨਹੀਂ ਸਗੋਂ ਸਮੁੱਚੇ ਸੰਸਾਰੀ ਜੀਵਾਂ ਨੂੰ ਜਨਮ ਦੇਣ ਵਾਲੀਆਂ ਸਭ ਮਾਵਾਂ ਹੀ ਹਨ। ਸਭ ਤੋਂ ਵੱਡੀ ਪਸ਼ੂ, ਪੰਛੀ ਤੇ ਮਨੁੱਖ ਆਦਿਕ ਸਭ ਵਰਗਾਂ ਵਿੱਚ ਮਾਵਾਂ ਹਨ। ਸੰਸਾਰ ਪੈਦਾ ਕਰਨ ਵਾਲੀ ਪਰਮ ਸ਼ਕਤੀ ਰੱਬ ਅਤੇ ਧਰਤੀ ਸਭ ਤੋਂ ਵੱਡੀ ਮਾਤਾ ਹੈ-
 ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ (ਬਾਬਾ ਨਾਨਕ)
ਬਾਂਦਰੀ ‘ਚ ਏਨੀ ਮਮਤਾ ਹੈ ਕਿ ਉਹ ਮਰੇ ਬੱਚੇ ਨੂੰ ਵੀ ਛਾਤੀ ਨਾਲ ਲਾਈ ਫਿਰਦੀ ਹੈ।
ਮਾਂ ਦਿਵਸ ਤਾਂ ਤਦ ਤੋਂ ਹੀ ਮੰਨਿਆਂ ਜਾ ਸਕਦੈ ਜਦ ਤੋਂ ਸੰਸਾਰ ਤੇ ਸੰਸਾਰੀ ਜੀਵ ਹੋਂਦ 'ਚ ਆਏ ਹਨ। ਪਹਿਲੀ ਮਾਂ ਰੱਬੀ ਕੁਦਰਤਿ ਜਿਸ ਅਸੀਂ ਸਭ ਬੱਚੇ ਹਾਂ-
 ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ (੨੬੮)
  ਵੈਸੇ ਅਜੋਕਾ ਪ੍ਰਚਲਿਤ ਮਾਂ ਦਿਵਸ ੧੯੦੮ ਤੋਂ ਹੋਂਦ ਵਿਚ ਆਇਆ। ਮਾਂ ਆਦਿ ਕਾਲ ਤੋਂ ਹੀ ਤਿਆਗ, ਮਮਤਾ ਅਤੇ ਪਿਆਰ ਦਾ ਰੂਪ ਤੇ ਇਸੇ ਸਤਿਕਾਰ ਵਿੱਚ 'ਮਾਂ ਦਿਵਸ' ਮਨਾਇਆ ਜਾਂਦਾ ਹੈ।
  ੧੦ ਮਈ ੧੯੦੮ ਨੂੰ ਗਰਾਟਨ ‘ਚ “ਐਂਡ੍ਰਿਊਸ ਮੈਥੋਡਿਸਟ” ਨਾਮੀ ਚਰਚ ਨੇ ਸਭ ਤੋਂ ਪਹਿਲਾਂ “ਮਦਰਸ ਡੇ” ਮਨਾਇਆ। ਨੌਂ ਮਈ ੧੯੧੪ ਨੂੰ ਅਮਰੀਕੀ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਅਮਰੀਕਾ ‘ਚ “ਮਦਰਸ ਡੇ” ਨੂੰ ਰਾਸ਼ਟਰੀ ਦਿਨ ਐਲਾਨਿਆ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਯੁੱਧ 'ਚ ਸ਼ਹੀਦ ਹੋਏ ਪੁੱਤਰਾਂ ਦੀਆਂ ਮਾਵਾਂ ਨੂੰ ਸਨਮਾਨ ਦੇਣ, ਦੇਸ਼ ਦੀਆਂ ਸਭ ਮਾਵਾਂ ਪ੍ਰਤੀ ਇੱਜ਼ਤ ਅਤੇ ਪਿਆਰ ਦੀ ਭਾਵਨਾ ਜਤਾਉਣ ਲਈ ਮਨਾਇਆ ਜਾਵੇਗਾ। ਸੰਨ ੧੯੧੧ ਤੱਕ ਇਹ ਦਿਨ ਅਮਰੀਕਾ ‘ਚ ਹੀ ਨਹੀਂ, ਸਗੋਂ ਮੈਕਸੀਕੋ, ਕੈਨੇਡਾ, ਸਾਊਥ ਅਮਰੀਕਾ, ਚੀਨ, ਜਾਪਾਨ ਅਤੇ ਅਫ਼ਰੀਕਾ ਆਦਿ 'ਚ ਵੀ ਮਨਾਇਆ ਜਾਣ ਲੱਗ ਪਿਆ। ਵਿਸ਼ਵੀਕਰਨ ਕਾਰਨ ਲਗਭਗ ਦਸ ਸਾਲਾਂ ਤੋਂ ਇਹ ਪੱਛਮੀ ਦੇਸ਼ਾਂ ਦਾ ਤਿਓਹਾਰ ਇੰਡੀਆ ‘ਚ ਵੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਇਸ ਤਿਓਹਾਰ ਦੀ ਸਫ਼ਲਤਾ ਦਾ ਕਾਰਨ ਮਾਂ ਨਾਲ ਜੁੜੀਆਂ ਭਾਵਨਾਵਾਂ ਹਨ। ਮਾਵਾਂ ਨੂੰ ਤਾਂ ਭਾਰਤ 'ਚ ਪਹਿਲਾਂ ਹੀ ਕਈ ਰੂਪਾਂ ‘ਚ ਪੂਜਿਆ ਜਾਂਦਾ ਹੈ। ਇਹ ਤਿਓਹਾਰ ਸਾਨੂੰ ਸੋਚਣ ਲਈ ਮਜਬੂਰ ਕਰਦੈ ਕਿ ਮਾਂ ਦਾ ਸਾਡੇ ਜੀਵਨ 'ਚ ਕੀ ਮਹੱਤਵ ਹੈ। ਮਾਂ ਨੇ ਸਾਨੂੰ ਜਨਮ ਦਿੱਤਾ ਤੇ ਬਿਨਾ ਕਿਸੇ ਸਵਾਰਥ ਸਾਡਾ ਪਾਲਣ ਪੋਸ਼ਣ ਕੀਤਾ। ਮਾਂ ਤੋਂ ਵੀ ਵਧੇਰੇ ਮਹਾਨ ਉਸ ਦੀ ਮਮਤਾ ਜੋ ਕਦੇ ਖਤਮ ਨਹੀਂ ਹੁੰਦੀ। ਮਾਂ ਇੱਕ ਅਜਿਹਾ ਰਿਸ਼ਤਾ ਜਿਸ ‘ਤੇ ਬੱਚਾ ਅੱਖਾਂ ਮੀਟ ਕੇ ਵਿਸ਼ਵਾਸ ਕਰ ਸਕਦਾ ਹੈ। ਅੱਜ ਦੀ ਮਾਂ ਪਹਿਲਾਂ ਨਾਲੋਂ ਕਿਤੇ ਅਧੁਨਿਕ ਅਤੇ ਮਜ਼ਬੂਤ ਹੈ। ਭਾਵੇਂ ਮਾਵਾਂ ਦੇ ਜੀਵਨ 'ਚ ਜ਼ਮੀਨ ਅਸਮਾਨ ਦਾ ਫ਼ਰਕ ਆਇਐ ਪਰ ਮਮਤਾ ਅੱਜ ਵੀ ਓਹੀ ਹੈ।
ਇਸ ਦਿਨ ਬੱਚੇ ਆਪਣੀਆਂ ਮਾਵਾਂ ਨੂੰ ਫੁੱਲਾਂ ਦੇ ਗੁਲਦਸਤੇ ਆਦਿਕ ਤੋਹਿਫੇ ਦੇ ਪਿਆਰ ਸਤਿਕਾਰ ਦੀਆਂ ਭਾਵਨਾਵਾਂ ਪ੍ਰਗਟ ਕਰਦੇ ਹਨ। ਕੁੱਝ ਬੱਚੇ ਆਪਣੀ ਮਾਂ ਨੂੰ ਇਸ ਦਿਨ ਰਸੋਈ ਤੋਂ ਛੁੱਟੀ ਦੇ ਦਿੰਦੇ ਅਤੇ ਮਾਂ ਲਈ ਸੁਆਦੀ ਪਕਵਾਨ ਬਣਾਉਂਦੇ ਹਨ। ਕੁੱਝ ਲੋਕ ਇਸ ਦਿਨ ਘਰਾਂ ਨੂੰ ਖ਼ੂਬ ਸਜਾਉਂਦੇ ਅਤੇ ਕੇਕ ਵੀ ਕੱਟਦੇ ਹਨ। ਪੰਜਾਬੀਆਂ ਖਾਸ ਕਰ ਗੁਰਸਿੱਖਾਂ ਦੇ ਘੱਰੀਂ ਲੱਡੂ, ਜ਼ਲੇਬੀਆਂ, ਖੀਰ-ਕੜਾਹ ਆਦਿਕ ਦੇ ਖੁੱਲ੍ਹੇ ਗੱਫੇ ਵਰਤਦੇ ਹਨ। ਗੁਰਸਿੱਖ ਵੀ ਇਸ ਦਿਨ ਮਾਂ ਨੂੰ ਤੋਹਫੇ ਦਿੰਦੇ ਤੇ ਮਿਲ ਕੇ "ਸ਼ਬਦ ਗੁਰੂ ਗ੍ਰੰਥ" ਦੀ ਬਾਣੀ, ਪੜ੍ਹਦੇ, ਗਾਉਂਦੇ ਤੇ ਵਿਚਾਰਦੇ ਹਨ। ਗੁਰਮਤਿ ਦੀ ਰੂਹਾਨੀਅਤ ‘ਚ ਮਾਤਾ ਮਤਿ ਤੇ ਪਿਤਾ ਸੰਤੋਖ ਨੂੰ ਦਰਸਾਇਆ ਹੈ-
 ਮਾਤਾ ਮਤਿ ਪਿਤਾ ਸੰਤੋਖ
 ਹਰੀ ਕਰਤਾਰ ਹੀ ਮਾਂ-ਬਾਪ ਹੈ-
 ਮੇਰਾ ਮਾਤ ਪਿਤਾ ਹਰਿ ਰਾਇਆ॥ (੬੨੭)
ਨੋਟ : ਜੀਂਦੇ ਮਾਂ-ਬਾਪ ਦੀ ਸੇਵਾ ਹੀ ਅਸਲ ਪਿਤਰ-ਪੂਜਾ ਪਰ ਪੁਜਾਰੀ ਪ੍ਰਭਾਵ ਵਾਲੇ ਅਕ੍ਰਿਤਘਣ ਲੋਕ ਮਰਿਆਂ ਦੇ ਸਰਾਧ ਕਰਾਉਂਦੇ ਤੇ ਜੀਂਦੇ ਮਾਂ-ਬਾਪ ਨੂੰ ਪਾਣੀ ਦੀ ਘੁੱਟ ਵੀ ਨਹੀਂ ਪੁੱਛਦੇ-
 ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀ॥ (੩੩੨)
ਕਈ ਅਕ੍ਰਿਤਘਣ ਤਾਂ ਜਨਮ ਦੇਣ ਵਾਲੀਆਂ ਮਾਵਾਂ ਨੂੰ ਬੁੱਢੇਵਾਰੇ ਵੀ ਘਰੋਂ ਕੱਢ ਦਿੰਦੇ ਹਨ। ਭਾਈ ਗੁਰਦਾਸ ਜੀ ਅਨੁਸਾਰ ਮਾਂ ਬਾਪ ਨੂੰ ਵਿਸਾਰ ਕੇ ਧਰਮ-ਕਰਮ ਕਰਨ ਵਾਲੇ ਬੇਈਮਾਨ ਹਨ-
ਮਾਂ ਪਿਉ ਪਰਹਰਿ ਪੜੇ ਬੇਦ ਬੇਈਮਾਨ ਅਗਿਆਨ ਪ੍ਰਾਣੀ । (ਭਾ.ਗੁ)
ਮਾਂ ਦਾ ਆਦਰ ਸਵੱਰਗ ਤੇ ਨਿਰਾਦਰ ਹੀ ਨਰਕ ਹੋਰ ਕੋਈ ਨਰਕ ਸਵੱਰਗ ਅਕਾਸ਼ ਨਹੀਂ ਟੰਗੇ ਹੋਏ! ਮਾਂ ਦਾ ਅਸਲ ਸਤਿਕਾਰ ਆਗਿਆ ਦਾ ਪਾਲਨ, ਡਿਸਏਬਲ ਤੇ ਬੁਢੇਪੇ ਸਮੇਂ ਤਨਦੇਹੀ ਨਾਲ ਕੀਤੀ ਗਈ ਸੇਵਾ-ਸੰਭਾਲ, ਹਮਦਰਦੀ ਤੇ ਪਿਆਰ ਹੈ। ਮਾਂ ਵਾਲੀ ਨਿਮਰਤਾ, ਮਿਠਾਸ, ਪਿਆਰ, ਹਲੇਮੀ, ਤੜਫ ਤੇ ਵੰਡ ਛੱਕਣ ਆਦਿਕ ਵਾਲੇ ਗੁਣ ਸਾਨੂੰ ਵੀ ਜੀਵਨ ‘ਚ ਧਾਰਨੇ ਚਾਹੀਦੇ, ਨਾ ਕਿ ਨਿਰਾ ਮਾਂ ਦਿਵਸ 'ਤੇ ਲੋਕਾਂ ਦੀ ਦੇਖਾ-ਦੇਖੀ ਫਾਰਮਿਲਟੀ ਹੀ ਪੂਰੀ ਕਰਨੀ ਚਾਹੀਦੀ ਹੈ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.