ਗੁਰਬਾਣੀ ਨੇ ਅਖੌਤੀ ਦਸਮ ਗ੍ਰੰਥ ਦੀ ਭਵਾਨੀ ਪੂਜਾ ਨੂੰ ਮੂਲ਼ੋਂ ਨਕਾਰਿਆ
ਪ੍ਰੋ. ਕਸ਼ਮੀਰਾ ਸਿੰਘ USA
ਅਖੌਤੀ ਦਸਮ ਗ੍ਰੰਥ ਦੀਆਂ ਤਿੰਨ ਰਚਨਾਵਾਂ:
‘ਚੰਡੀ ਚਰਿਤ੍ਰ ਉਕਤਿ ਬਿਲਾਸ’, ‘ਚੰਡੀ ਚਰਿਤ੍ਰ’ ਅਤੇ ‘ਵਾਰ ਦੁਰਗਾ ਕੀ’ ਸਿੱਧੇ ਅਤੇ ਪੂਰਨ ਤੌਰ 'ਤੇ ਹਿੰਦੂ ਮੱਤ ਦੇ ਗ੍ਰੰਥ ਮਾਰਕੰਡੇ ਪੁਰਾਣ ਦੀ ਦੁਰਗਾ ਸਮਤਸ਼ਤੀ ( ਦੁਰਗਾ ਦੀ 700 ਸ਼ਲੋਕਾਂ ਦੀ ਕਥਾ) ਵਾਲ਼ੀ ਕਹਾਣੀ ਨੂੰ ਬਿਆਨ ਕਰਦੀਆਂ ਹੋਈਆਂ ਭਵਾਨੀ ਦੇ ਗੁਣ ਗਾ ਰਹੀਆਂ ਹਨ । ਇਸ ਦਾ ਕਾਰਣ ਹੈ ਕਿ ਦੁਰਗਾ/ਭਵਾਨੀ ਨੇ ਦੈਂਤ ਰੂਪ ਦੁਸ਼ਟਾਂ ਨੂੰ ਮਾਰ ਕੇ ਸੰਤ ਰੂਪ ਦੇਵਤਿਆਂ ਦੀ ਰੱਖਿਆ ਕੀਤੀ ਅਤੇ ਇੰਦ੍ਰ ਨੂੰ ਮੁੜ ਸਵੱਰਗ ਪੁਰੀ ਦਾ ਰਾਜ ਸੰਪਿਆ ਸੀ ।
ਰਚਨਾਵਾਂ ਵਿੱਚ ਲਿਖਾਰੀ ਦਾ ਫ਼ਰਜ਼ੀ ਨਾਮ:
ਇਹ ਕਹਾਣੀਆਂ ਦਸਵੇਂ ਗੁਰੂ ਜੀ ਦਾ ਫ਼ਰਜ਼ੀ ਨਾਮ ਵਰਤ ਕੇ ਸੰਨ 1897 ਵਿੱਚ ਛਪਾ ਕੇ ਬਣਾਏ ਅਖੌਤੀ ਦਸਮ ਗ੍ਰੰਥ ਰਾਹੀਂ ਸਿੱਖਾਂ ਦੇ ਗਲ਼ ਮੜ੍ਹੀਆਂ ਗਈਆਂ ਹਨ ਤਾਂ ਜੋ ਅਣਭੋਲ਼ੇ ਹੀ ਹੌਲ਼ੀ ਹੌਲ਼ੀ ਸਿੱਖ ਹਿੰਦੂ ਮੱਤ ਵਿੱਚ ਰਲਗਢ ਹੋਈ ਜਾਣ ਅਤੇ ਸਿੱਖਾਂ ਨੂੰ ਇਸ ਤਬਦੀਲੀ ਦਾ ਪਤਾ ਵੀ ਨਾ ਲੱਗੇ ਕਿਉਂਕਿ ਦਸਵੇਂ ਗੁਰੂ ਜੀ ਦਾ ਫ਼ਰਜ਼ੀ ਨਾਂ ਸਿੱਖਾਂ ਨੂੰ ਹਿਪਨੋਟਾਈਜ਼ ਕਰਨ ਵਾਸਤੇ ਵਰਤਿਆ ਗਿਆ ਹੈ । ਅਸਲੀ ਲਿਖਾਰੀ ਰਾਮ. ਸ਼ਿਆਮ ਆਦਿਕ ਕਵੀ ਹਨ ।
ਸਿੱਖੀ ਸਿਧਾਂਤ ਕੀ ਹੈ?
ਸਿੱਖੀ ਵਿੱਚ ਸਵੱਰਗ ਅਤੇ ਨਰਕ, ਕੋਈ ਇਸ ਧਰਤੀ ਤੋਂ ਪਰੇ ਕਿਤੇ ਅਗਾਂਹ ਹਨ, ਦੀ ਵਿਚਾਰਧਾਰਾ ਨੂੰ ਰੱਦ ਕੀਤਾ ਗਿਆ ਹੈ । ਇਹ ਮਾਰਕੰਡੇ ਪੁਰਾਣ ਵਿੱਚ ਹਿੰਦੂ ਮੱਤ ਦਾ ਕਲ਼ਪਿਆ ਮਿਥਿਹਾਸ ਹੈ । ਸਿੱਖਾਂ ਨਾਲ਼ ਸਵਰਗ ਦੇ ਰਾਜੇ ਦੀ ਇਸ ਕਹਾਣੀ ਦਾ ਕੋਈ ਸੰਬੰਧ ਨਹੀਂ ਹੈ ।
ਭਵਾਨੀ ਕੌਣ ਹੈ?
ਹਿੰਦੂ ਮੱਤ ਵਿੱਚ ਸ਼ਿਵ ਦੇ ਘਰ ਵਾਲ਼ੀ ਨੂੰ ਪਾਰਬਤੀ ਕਿਹਾ ਜਾਂਦਾ ਹੈ । ਪਾਰਬਤੀ ਦੇ ਵੱਖ-ਵੱਖ ਰੂਪ ਹਨ ਜਿਨ੍ਹਾਂ ਨੂੰ ਵੱਖ-ਵੱਖ ਨਾਵਾਂ ਨਾਲ਼ ਦੇਵੀਆਂ ਕਿਹਾ ਜਾਂਦਾ ਹੈ । ਇਨ੍ਹਾਂ ਨਾਵਾਂ ਵਿੱਚ ਦੁਰਗਾ, ਭਵਾਨੀ, ਗਿਰਿਜਾ, ਕਾਲਿਕਾ, ਕਾਲ਼ੀ, ਸਰਸਵਤੀ, ਭਗਵਤੀ, ਭਗਉਤੀ, ਸ਼ਿਵਾ, ਅੰਬਿਕਾ, ਜੰਬਿਕਾ, ਤੋਤਲਾ, ਚੰਡੀ ਆਦਿਕ ਕਈ ਨਾਂ ਸ਼ਾਮਲ ਹਨ ਜੋ ਅਖੌਤੀ ਦਸਮ ਗ੍ਰੰਥ ਵਿੱਚ ਲਿਖੇ ਹੋਏ ਹਨ ।
ਸ਼ਿਵ ਅਤੇ ਪਾਰਬਤੀ ਦਾ ਨਿਵਾਸ ਕਿੱਥੇ ਹੈ?
ਹਿੰਦੂ ਮੱਤ ਅਨੁਸਾਰ ਸ਼ਿਵ ਅਤੇ ਪਾਰਬਤੀ ਦਾ ਟਿਕਾਣਾਂ ਕੈਲਾਸ਼ ਪਰਬਤ ਨੂੰ ਮੰਨਿਆਂ ਗਿਆ ਹੈ । ਇਸ ਦਾ ਬੋਧ ਓਦੋਂ ਹੁੰਦਾ ਹੈ ਜਦੋਂ ਇੰਦ੍ਰ ਸਾਥੀ ਦੇਵਤਿਆਂ ਸਮੇਤ ਕੈਲਾਸ਼ ਪਰਬਤ ਉੱਤੇ ਜਾ ਕੇ ਆਪਣੇ ਰਾਜ ਦੇ ਖੁੱਸ ਜਾਣ ਦਾ ਰੋਣਾ ਪਾਰਬਤੀ ਅੱਗੇ ਜਾ ਕੇ ਰੋਂਦਾ ਹੈ । ਅਖੌਤੀ ਦਸਮ ਗ੍ਰੰਥ ਵਿੱਚ ਇੱਸ ਕਹਾਣੀ ਨੂੰ ਲਿਖਣ ਵਾਲ਼ਾ ਰਾਮ/ਸ਼ਯਾਮ ਜੋ ਵੀ ਕਵੀ ਹੈ, ਉਹ ਲਿਖਦਾ ਹੈ ਕਿ ਇੰਦ੍ਰ ਨੇ ਆਪਣੀ ਵਿਥਿਆ ਜਿਸ ਨੂੰ ਕੈਲਾਸ਼ ਪਰਬਤ ਉੱਤੇ ਸੁਣਾਈ ਉਹ ਦੁਰਗ ਸ਼ਾਹ ਸੀ ਅਤੇ ਦੇਵੀ ਸੀ । ਪ੍ਰਮਾਣ ਵਜੋਂ ਦੇਖੋ-
ੳ). ਇੰਦ੍ਰ ਕੈਲਾਸ਼ ਪਰਬਤ ਉੱਤੇ ਗਿਆ:
ਦਿੱਤਾ ਇੰਦ੍ਰੁ ਨਿਕਾਲ ਕੈ ਤਿਨ ਗਿਰ ਕੈਲਾਸੁ ਤਕਾਇਆ ॥ ਡਰਿ ਕੈ ਹੱਥੋਂ ਦਾਨਵੀ ਦਿਲ ਅੰਦਰਿ ਤ੍ਰਾਸੁ ਵਧਾਇਆ ॥3। {ਵਾਰ ਦੁਰਗਾ ਕੀ}
ਅ). ਇੰਦ੍ਰ ਸ਼ਿਵ ਦੇਵਤੇ ਕੋਲ਼ ਆਇਆ ਜਾਂ ਸ਼ਿਵਾ ਦੇਵੀ ਕੋਲ਼?
ਉੱਤਰ- ਸ਼ਿਵਾ ਦੇਵੀ ਕੋਲ਼ ।
ਪਾਸ ਦੁਰਗਾ ਦੇ ਇੰਦ੍ਰੁ ਆਇਆ ॥ 3॥ {ਵਾਰ ਦੁਰਗਾ ਕੀ}
ਸ਼ਿਵਾ=ਦੁਰਗਾ=ਪਾਰਬਤੀ ।
ੲ). ਇਕ ਦਿਹਾੜੇ ਨਾਵਣ ਆਈ ਦੁਰਗ ਸ਼ਾਹ।
ਇੰਦ੍ਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ। {ਦਗ ਵਾਰ ਦੁਰਗਾ ਕੀ}
ਸ). ਦੁਰਗਾ, ਦੇਵੀ ਦੁਰਗਸ਼ਾਹ ਹੈ:
ਦਿੱਤੇ ਦੇਵ ਭਜਾਈ ਸਭਨਾ ਰਾਕਸਾਂ ।
ਕਿਨੈ ਨ ਜਿੱਤਾ ਜਾਈ ਮਹੱਖੇ ਦੈਤ ਨੂੰ ।
ਤੇਰੀ ਸਾਮ ਤਕਾਈ ਦੇਵੀ ਦੁਰਗਸਾਹ । 4। {ਵਾਰ ਦੁਰਗਾ ਕੀ}
ਉੱਪਰੋਕਤ ਤਿੰਨ ਮੁੱਖ ਰਚਨਾਵਾਂ ਤੋਂ ਬਿਨਾਂ ਦੁਰਗਾ/ਭਵਾਨੀ ਦੀ ਸਿਫ਼ਤਿ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਵਿੱਚ ਲਿਖੀ ਨਿਲ਼ਦੀ ਹੈ ਕਿਉਂਕਿ ਲਿਖਣ ਵਾਲ਼ਿਆ ਦੇ ਸ਼ਿਵ ਅਤੇ ਪਾਰਬਤੀ ਜਾਂ ਮਹਾਂਕਾਲ ਅਤੇ ਦੁਰਗਾ ਹੀ ਪਿਆਰੇ ਇਸ਼ਟ ਹਨ । ਇਸ਼ਟ ਤਾਂ ਬੰਦੇ ਦਾ ਇੱਕ ਹੀ ਹੁੰਦਾ ਹੈ ਪਰ ਅਖੌਤੀ ਦਸਮ ਗ੍ਰੰਥ ਦੇ ਲਿਖਾਰੀਆਂ ਨੇ ਦੋ ਇਸ਼ਟ ਬਣਾਏ ਹਨ- ਲਿਖਾਰੀ ਵੀ ਬਹੁਤੇ ਅਤੇ ਇਸ਼ਟ ਵੀ ਬਹੁਤੇ ।
ਪਾਰਬਤੀ ਦਾ ਨਾਂ ਦੁਰਗਾ ਕਿਉਂ ਹੈ?
ਪ੍ਰਮਾਣ- ਇੰਦ੍ਰ ਤਾਂ ਪਾਰਬਤੀ ਕੋਲ਼ ਕੈਲਾਸ਼ ਪਰਬਤ ਉੱਤੇ ਆਪਣੀ ਪੁਕਾਰ ਲੈ ਕੇ ਗਿਆ ਸੀ ਤਾਂ ਪਾਰਬਤੀ ਨੂੰ ਜੰਗ ਵਿੱਚ ਲੜਨਾ ਚਾਹੀਦਾ ਸੀ । ਜੰਗ ਵਿੱਚ ਕਿਉਂਕਿ ਦੁਰਗਾ ਲੜਦੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਦੁਰਗਾ ਕੋਈ ਹੋਰ ਨਹੀਂ ਸਗੋਂ ਪਾਰਬਤੀ ਦਾ ਨਾਂ ਹੀ ਦੁਰਗਾ ਹੈ ।
ਪਾਰਬਤੀ ਦਾ ਨਾਂ ਭਵਾਨੀ ਕਿਉਂ ਹੈ?
ਜੰਗ ਵਿੱਚ ਲੜਨ ਵਾਲ਼ੀ ਦੇਵੀ ਨੂੰ ਭਵਾਨੀ ਵੀ ਕਿਹਾ ਹੈ ਪਰ ਇਹ ਪਾਰਬਤੀ ਹੀ ਹੈ ਕਿਉਂਕਿ ਇੰਦ੍ਰ ਤਾਂ ਪਾਰਬਤੀ ਕੋਲ਼ ਆਪਣਾ ਦੁੱਖ ਰੋਣ ਲਈ ਗਿਆ ਸੀ । ਲੜਦੀ ਤਾਂ ਪਾਰਬਤੀ ਹੈ ਪਰ ਲਿਖਾਰੀ ਨੇ ਉਸ ਦੇ ਵੱਖ-ਵੱਖ ਨਾਂ ਵੀ ਲਿਖ ਦਿੱਤੇ ਹਨ ।
ਪਾਰਬਤੀ ਲਈ ਭਵਾਨੀ ਸ਼ਬਦ ਦੀ ਵਰਤੋਂ:
ਪ੍ਰਮਾਣ- ਇੰਦ੍ਰ ਨੂੰ ਰਾਜ ਕੇ ਪਾਰਬਤੀ ਨੇ ਹੀ ਅਲੋਪ ਹੋਣਾ ਸੀ ਪਰ ਕਵੀ ਨੇ ਉਸ ਪਾਰਬਤੀ ਨੂੰ ਭਵਾਨੀ ਨਾਂ ਨਾਲ਼ ਵੀ ਯਾਦ ਕੀਤਾ ਹੈ, ਜਿਵੇਂ-
ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜੁ ਦੇ ।
ਈਸਰ ਦੀ ਬਰਦਾਨੀ ਹੋਈ ਜਿੱਤ ਦਿਨ ।
ਸੁੰਭ ਨਿਸੁੰਭ ਗੁਮਾਨੀ ਜਨਮੇ ਸੂਰਮੇ ।
ਇੰਦ੍ਰ ਦੀ ਰਜਧਾਨੀ ਤੱਕੀ ਜਿੱਤਨੀ । 22। {ਵਾਰ ਦੁਰਗਾ ਕੀ}
ਇੱਕੋ ਬੰਦ ਵਿੱਚ ਪਾਰਬਤੀ ਨੂੰ ਭਵਾਨੀ ਅਤੇ ਦੁਰਗਾ ਲਿਖਿਆ:
ਪਾਰਬਤੀ ਭਵਾਨੀ ਦੇ ਰੂਪ ਵਿੱਚ ਮੁੜ ਇੰਦ੍ਰ ਦੀ ਮੱਦਦ ਲਈ ਆਉਂਦੀ ਹੈ ਅਤੇ ਦੈਂਤ ਕਹਿੰਦੇ ਹਨ ਕਿ ਭਵਾਨੀ ਮੁੜ ਕੇ ਆ ਗਈ ਹੈ ਚਲੋ ਦੁਰਗਾ ਨੂੰ ਬੰਨ੍ਹ ਕੇ ਲੈ ਆਈਏ । ਪ੍ਰਮਾਣ-
ਆਈ ਫੇਰ ਭਵਾਨੀ ਖਬਰੀ ਪਾਈਆਂ ।
ਦੈਤ ਵਡੇ ਅਭਿਮਾਨੀ ਹੋਏ ਏਕਠੇ ।
ਲੋਚਨ ਧੂਮ ਗੁਮਾਨੀ ਰਾਇ ਬੁਲਾਇਆ ।
ਜਗ ਵਿਚ ਵਡਾ ਦਾਨੋ ਆਪ ਕਹਾਇਆ ।
ਸੱਟ ਪਈ ਖਰਚਾਮੀ ਦੁਰਗਾ ਲਿਆਵਣੀ । 26।
ਗੁਰਬਾਣੀ ਨੇ ਭਵਾਨੀ ਨੂੰ ਕਿਵੇਂ ਨਕਾਰਿਆ?
ਜਿੱਥੇ ਅਖੌਤੀ ਦਸਮ ਗ੍ਰੰਥ ਵਿੱਚ ਭਵਾਨੀ ਦੇ ਬਹੁਤ ਸੋਹਿਲੇ ਗਾਏ ਗਏ ਹਨ ਓਥੇ ਗੁਰਬਾਣੀ ਵਿੱਚ ਭਵਾਨੀ-ਪੂਜਾ ਨੂੰ ਪੂਰਨ ਤੌਰ 'ਤੇ ਨਕਾਰਿਆ ਗਿਆ ਹੈ । ਭਵਾਨੀ ਸਿੱਖ ਸੱਭਿਆਚਾਰ ਦਾ ਅੰਗ ਨਹੀਂ ਹੈ । ਇਹ ਹਿੰਦੂ ਮਤ ਦੀ ਦੇਵੀ ਹੈ ਜਿਸ ਦੀ ਹਿੰਦੂ ਪੂਜਾ ਕਰਦੇ ਹਨ । ਜੇ ਸਿੱਖ ਵੀ ਭਵਾਨੀ ਦੀਆਂ ਸਿਫ਼ਤਾਂ ਕਰਨ ਅਤੇ ਸੋਹਿਲੇ ਗਾਉਣ ਤਾਂ ਸਮਝੋ ਕਿ ਸਿੱਖਾਂ ਨੂੰ ਹਿੰਦੂ ਮੱਤ ਵਿੱਚ ਸ਼ਾਮਲ ਕਰਨ ਦੀ ਬ੍ਰਾਹਮਣਵਾਦ ਦੀ ਪ੍ਰਕਿਰਿਆ ਸਫ਼ਲ ਹੋ ਰਹੀ ਹੈ । ਇਹ ਪ੍ਰਕਿਰਿਆ ਸਿੱਖਾਂ ਦੀ ਚੋਣਵੀਂ ਜਮਾਤ ਸ਼੍ਰੋ. ਕਮੇਟੀ ਅਤੇ ਇਸ ਦੇ ਥਾਪੇ ਮੁੱਖ ਸੇਵਾਦਾਰਾਂ ਦੀ ਛੱਤਰ-ਛਾਇਆ ਹੇਠ ਬਿਨਾਂ ਕਿਸੇ ਬਿਘਨ ਤੋਂ ਜਾਰੀ ਹੈ ।
ਗੁਰਬਾਣੀ ਵਿੱਚੋਂ ਭਵਾਨੀ ਨੂੰ ਨਕਾਰਣ ਦੇ ਪ੍ਰਮਾਣ:
ੳ). ਗੋਂਡ ॥ ਭੈਰਉ ਭੂਤ ਸੀਤਲਾ ਧਾਵੈ ॥
ਖਰ ਬਾਹਨੁ ਉਹੁ ਛਾਰੁ ਉਡਾਵੈ ॥1॥
ਹਉ ਤਉ ਏਕੁ ਰਮਈਆ ਲੈਹਉ ॥
ਆਨ ਦੇਵ ਬਦਲਾਵਨਿ ਦੈਹਉ ॥1॥ ਰਹਾਉ ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥
ਬਰਦ ਚਢੇ ਡਉਰੂ ਢਮਕਾਵੈ ॥2॥
ਮਹਾ ਮਾਈ ਕੀ ਪੂਜਾ ਕਰੈ ॥
ਨਰ ਸੈ ਨਾਰਿ ਹੋਇ ਅਉਤਰੈ ॥3॥
ਤੂ ਕਹੀਅਤ ਹੀ ਆਦਿ ਭਵਾਨੀ ॥
ਮੁਕਤਿ ਕੀ ਬਰੀਆ ਕਹਾ ਛਪਾਨੀ ॥4॥
ਗੁਰਮਤਿ ਰਾਮ ਨਾਮ ਗਹੁ ਮੀਤਾ ॥
ਪ੍ਰਣਵੈ ਨਾਮਾ ਇਉ ਕਹੈ ਗੀਤਾ ॥5॥2॥6॥ {ਗਗਸ 874}
ਅਰਥ: ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ) ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ।੧।
(ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ, (ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ) ।੧।ਰਹਾਉ।
ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ।੨।
ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ।੩।
ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ।੪।
ਸੋ, ਨਾਮਦੇਵ ਬੇਨਤੀ ਕਰਦਾ ਹੈ-ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ, (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ।੫।੨।੬।
ਸ਼ਬਦ ਦਾ ਭਾਵ: ਪੂਜਾ ਕਰ ਕੇ ਮਨੁੱਖ ਵਧ ਤੋਂ ਵਧ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ; ਸੰਸਾਰ-ਸਮੁੰਦਰ ਤੋਂ ਮੁਕਤੀ ਦਿਵਾਉਣੀ ਕਿਸੇ ਦੇਵੀ ਦੇਵਤੇ ਦੇ ਹੱਥ ਨਹੀਂ; ਇਸ ਵਾਸਤੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ ਮੁਕਤੀ-ਦਾਤਾ
ਅ). ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥ {ਗਗਸ ਜਪੁ ਜੀ}
ਪਾਰਬਤੀ ਸ਼ਬਦ ਦੀ ਵਰਤੋਂ ਕਰ ਕੇ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਪਹਿਲਾਂ ਹੀ ਸਿੱਖਾਂ ਨੂੰ ਸੁਚੇਤ ਕਰ ਚੁੱਕੇ ਹਨ ਕਿ ਸਿੱਖਾਂ ਨੇ ਪਾਰਬਤੀ ਜਾਂ ਕਿਸੇ ਦੇਵਤੇ ਤੋਂ ਕੁੱਝ ਵੀ ਲੈਣਾ ਨਹੀਂ ਹੈ । ਗੁਰੂ ਹੀ ਸੱਭ ਕੁੱਝ ਹੈ । ਗੁਰੂ ਤੋਂ ਉੱਪਰ ਕੋਈ ਦੇਵੀ ਜਾਂ ਦੇਵਤਾ ਨਹੀਂ ਹੈ । ਅਜਿਹੇ ਸਪੱਸ਼ਟ ਉਪਦੇਸ਼ ਦੀ ਰੌਸ਼ਨੀ ਛੱਡ ਕੇ ਹਨ੍ਹੇਰੇ ਵਿੱਚ ਟੱਕਰਾਂ ਮਾਰਦੇ ਸਿੱਖ ਪਤਾ ਨਹੀਂ ਪਾਰਬਤੀ ਦੇਵੀ ਤੋਂ ਕੀ ਮੰਗਣਾ ਚਾਹੁੰਦੇ ਹਨ ।
ਵਿਚਾਰ: ਗੁਰਬਾਣੀ ਵਿੱਚ ਮਹਾ ਮਾਈ ਅਤੇ ਭਵਾਨੀ ਪਾਰਬਤੀ ਵਾਸਤੇ ਹੀ ਵਰਤੇ ਹਨ । ਅਖੌਤੀ ਦਸਮ ਗ੍ਰੰਥ ਵਿੱਚ ਵੀ ਪਾਰਬਤੀ ਨੂੰ ਮਹਾਂ ਮਾਈ, ਜਗ ਮਾਈ, ਜਗ ਮਾਤਾ ਅਤੇ ਭਵਾਨੀ ਲਿਖਿਆ ਗਿਆ ਹੈ । ਗੁਰਬਾਣੀ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਭਵਾਨੀ ਦੀ ਪੂਜਾ ਅਤੇ ਸਿਫ਼ਤਿ ਸਾਲਾਹ ਕਰਨ ਵਾਲ਼ਾ ਨਰ ਤੋਂ ਨਾਰਿ ਬਣ ਕੇ ਜਨਮ ਲਵੇਗਾ । ਭਵਾਨੀ ਮੋਹ ਮਾਇਆ ਤੋਂ ਮੁਕਤੀ ਦੇਣ ਦੇ ਸਮਰੱਥ ਨਹੀਂ ਹੈ । ਆਪਣੇ ਪੁਜਾਰੀਆਂ ਨੂੰ ਮੁਕਤੀ ਨਾ ਦਿੰਦੀ ਹੋਈ ਲੁਕ ਜਾਂਦੀ ਹੈ । ਅਜਿਹੀ ਭਵਾਨੀ ਦੀ ਸਿਫ਼ਤਿ ਕਰ ਕਰ ਸਿੱਖ ਨੇ ਕੀ ਖੱਟਣਾਂ ਹੈ? ਸਿੱਖ ਦਾ ਇਸ਼ਟ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ । ਇਸ ਸੱਚੇ ਗੁਰੂ ਜੀ ਤੋਂ ਬਿਨਾਂ ਜੋ ਹੋਰ ਕਿਸੇ ਦੇਵੀ ਦੇਵਤੇ ਦੇ ਗੁਣ ਗਾਇਨ ਕਰੇਗਾ ਉਸ ਉੱਤੇ ਮਨਮੁਖਤਾਈ ਦੀ ਮੁਹਰ ਗੁਰੂ ਜੀ ਲਾ ਦਿੰਦੇ ਹਨ । ਅਖੌਤੀ ਦਸਮ ਗ੍ਰੰਥ ਇਹ ਮਨਮੁਖਤਾਈ ਸਿਖਾਉਂਦਾ ਹੈ । ਦੇਵੀ ਦੇਵਤਿਆਂ ਦੀ ਪੂਜਾ ਹਿੰਦੂ ਮੱਤ ਹੈ ।
ਸਿੱਟਾ:
ਸੱਚੇ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਖ਼ਸਮ ਨੂੰ ਛੱਡ ਕੇ ਹੋਰ ਕਿਸੇ ਗ਼ੈਰ ਅਤੇ ਝੂਠੇ ਸ਼ਰੀਕ ਨਾਲ਼ ਚਿੱਤ ਜੋੜਨਾ ਦੁਹਾਗਣਾਂ ਬਣ ਜਾਣ ਦਾ ਲੱਛਣ ਹੁੰਦਾ ਹੈ ।
ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!
ਕਸ਼ਮੀਰਾ ਸਿੰਘ (ਪ੍ਰੋ.) U.S.A.
ਗੁਰਬਾਣੀ ਨੇ ਅਖੌਤੀ ਦਸਮ ਗ੍ਰੰਥ ਦੀ ਭਵਾਨੀ ਪੂਜਾ ਨੂੰ ਮੂਲ਼ੋਂ ਨਕਾਰਿਆ
Page Visitors: 2495