“ਅਜੋਕਾ ਗੁਰਮਤਿ ਪ੍ਰਚਾਰ?” ਭਾਗ 5
ਅਜੋਕੇ ਕਈ ਗੁਰਮਤਿ ਪ੍ਰਚਾਰਕਾਂ ਦੁਆਰਾ ਗੁਰਬਾਣੀ ਨੂੰ ਆਪਣੇ ਹੀ ਢੰਗ ਦੀ ਰੰਗਤ ਵਾਲੀਆਂ ਜੋ ਵਿਆਖਿਆਵਾਂ ਕੀਤੀਆਂ ਜਾ ਰਹੀਆਂ ਹਨ ਉਸ ਪਿੱਛੇ ਕਈ ਕਾਰਣ ਹਨ।ਸਭ ਤੋਂ ਪਹਿਲਾ ਕਾਰਣ ਹੈ ਅਧਿਆਤਮ ਸੰਬੰਧੀ ਵਿਸ਼ਿਆਂ ਬਾਰੇ ਗਿਆਨ ਦੀ ਕਮੀਂ।ਪ੍ਰਭੂ ਦੇ ਨਿਰਾਕਾਰ ਰੂਪ ਨੂੰ ਨਾ ਮੰਨਣਾ, ਗੁਪਤ ਰੂਪ ਵਿੱਚ ਵਰਤਦੇ ਉਸ ਦੇ ਹੁਕਮ ਨੂੰ ਨਾ ਮੰਨਣਾ।ਇਸ ਦਿਸਦੇ ਸੰਸਾਰ ਨੂੰ ਹੀ ਸਭ ਕੁਝ ਮੰਨਣਾ।ਇਸ ਤੋਂ ਇਲਾਵਾ ਮਾਰਕਸਵਾਦ ਦੇ ਫੇਲ੍ਹ ਹੋ ਚੁੱਲੇ ਅਸੂਲਾਂ ਦਾ ਅਸਰ ਅਤੇ ਡਾਰਵਿਨ ਦੇ ਕਰਮ ਵਿਕਾਸ ਸਿਧਾਂਤ ਨੂੰ ਗ਼ਲਤ ਅਰਥਾਂ ਵਿੱਚ ਸਮਝਣਾ। ਇਸ ਤਰ੍ਹਾਂ ਦੇ ਕਈ ਕਾਰਣ ਹਨ ਇਨ੍ਹਾਂ ਦੁਆਰਾ ਗੁਰਮਤਿ ਨੂੰ ਨਵੀਂ ਹੀ ਰੰਗਤ ਦੇਣ ਦੇ ਪਿੱਛੇ।
ਅਜੋਕੀਆਂ ਵਿਗਿਆਨ ਦੀ ਤਰੱਕੀ ਦੀਆਂ ਸੁਣੀਆਂ-ਸੁਣਾਈਆਂ ਗੱਲਾਂ ਅਤੇ ਅਧਿਆਤਮਿਕਤਾ ਦੀਆਂ ਗੱਲਾਂ ਬਾਰੇ ਜਾਣਕਾਰੀ ਦੀ ਕਮੀਂ ਕਰਕੇ ਅਧਿਆਤਮਿਕਤਾ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਪਿਛੜੇ ਹੋਏ ਅਤੇ ਅਨਪੜ੍ਹ ਸਮਝਿਆ ਜਾਂਦਾ ਹੈ ਅਤੇ ਆਪਣੇ ਆਪ ਨੂੰ ਆਇਨਸਟਾਈਨ ਦੇ ਨਜਦੀਕੀ ਰਿਸਤੇਦਾਰ ਮਹਿਸੂਸ ਕੀਤਾ ਜਾ ਰਿਹਾ ਹੈ।ਇਸ ਭੁਲੇਖੇ ਕਰਕੇ ਇਹ ਲੋਕ ਇਹ ਗੱਲ ਸਮਝਣ ਤੋਂ ਵੀ ਅਸਮਰਥ ਹਨ ਕਿ ਵਿਗਿਆਨ ਜਿੰਨੀਂ ਮਰਜੀ ਤਰੱਕੀ ਕਰ ਲਵੇ ਇਸ ਨਾਲ ਗੁਰਮਤਿ ਦੇ ਕਿਸੇ ਵੀ ਸਿਧਾਂਤ ਦਾ ਖੰਡਣ ਨਹੀਂ ਹੁੰਦਾ।ਅਧਿਆਤਮਿਕਤਾ ਦਾ ਵਿਸ਼ਾ ਆਪਣੀ ਜਗ੍ਹਾ ਵੱਖਰਾ ਵਿਸ਼ਾ ਹੈ ਅਤੇ ਭੌਤਿਕ ਸੰਸਾਰ ਦਾ ਵਿਸ਼ਾ ਆਪਣੀ ਜਗ੍ਹਾ।ਬਲਕਿ ਜਿਉਂ ਜਿਉਂ ਵਿਗਿਆਨਕ ਤਰੱਕੀ ਹੋ ਰਹੀ ਹੈ ਅਤੇ ਨਵੀਆਂ ਨਵੀਆਂ ਲੱਭਤਾਂ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਤੋਂ ਪਰਮਾਤਮਾ
ਦੀਆਂ ਬਖਸ਼ੀਆਂ ਦਾਤਾਂ ਉੱਤੇ ਹੋਰ ਵੀ ਹੈਰਾਨੀ ਹੁੰਦੀ ਹੈ।ਉਸ ਪ੍ਰਤੀ ਸ਼ਰਧਾ ਅਤੇ ਪ੍ਰੇਮ ਉਤਪੰਨ ਹੁੰਦਾ ਹੈ।ਉਸ ਦਾ ਧੰਨਵਾਦ ਕਰਨ ਲਈ ਬੰਦਾ ਮਜਬੂਰ ਹੋ ਜਾਂਦਾ ਹੈ, ਬਸ਼ਰਤੇ ਕਿ ਬੰਦਾ ਇਸ ਗੱਲ ਦੀ ਸਮਝ ਰੱਖਦਾ ਹੋਵੇ ਕਿ ਵਿਗਿਆਨ ਦੇ ਕਿਸੇ ਵੀ ਸਿਧਾਂਤ ਅਨੁਸਾਰ ਆਪਣੇ ਆਪ ਤੋਂ ਕੁਝ ਵੀ ਪੈਦਾ ਨਹੀਂ ਹੋ ਸਕਦਾ, ਇਸ ਲਈ ਇਹ ਸਭ ਕੁਝ ਬਖਸ਼ਣ ਵਾਲੀ ਅਦਿਖ ਅਤੇ ਅਤਿਅੰਤ ਸੂਝ ਵਾਲੀ ਕੋਈ ਮਹਾਨ ਹਸਤੀ ਹੈ।
ਕੁਦਰਤ ਦੇ ਜੋ ਫਾਰਮੁਲੇ ਅਤੇ ਸਿਧਾਂਤ ਖੋਜੇ ਗਏ ਹਨ ਜਾਂ ਨਵੀਆਂ ਨਵੀਆਂ ਲਭਤਾਂ ਲੱਭੀਆਂ ਜਾ ਰਹੀਆਂ ਹਨ, ਇਹ ਵਿਗਿਆਨ ਦੀ ਤਰੱਕੀ ਕਾਰਣ ਨਵੀਆਂ ਨਹੀਂ ਬਣੀਆਂ ਬਲਕਿ ਜਦੋਂ ਤੋਂ ਬ੍ਰਹਮੰਡ ਹੋੰਦ ਵਿੱਚ ਆਇਆ ਹੈ, ਓਦੋਂ ਤੋਂ ਹੀ ਕੁਦਰਤ ਵਿੱਚ ਮੌਜੂਦ ਹਨ “ਜੋ ਕਿਛੁ ਪਾਇਆ
ਸੁ ਏਕਾ ਵਾਰ॥”।ਇਹੀ ਕਾਰਣ ਹੈ ਕਿ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਕੀ ਹੋਇਆ ਹੋਵੇਗਾ
ਵਿਗਿਆਨਕ ਉਨ੍ਹਾਂ ਗੱਲਾਂ ਦੇ ਅੰਦਾਜੇ ਅੱਜ ਦੀਆਂ ਖੋਜਾਂ ਦੇ ਆਧਾਰ ਤੇ ਲਗਾ ਲੈਂਦੇ ਹਨ।ਕਿਉਂਕਿ ਕੁਦਰਤ ਦੇ ਜੋ ਨਿਯਮ ਅੱਜ ਹਨ, ਅੱਜ ਤੋਂ ਕਰੋੜਾਂ ਸਾਲ ਪਹਿਲਾਂ ਵੀ ਇਹੀ ਨਿਯਮ ਸਨ।ਇਨ੍ਹਾਂ ਨਿਯਮਾਂ ਨੂੰ ਕਿਸੇ ਵਿਗਿਆਨਕ ਨੇ ਨਹੀਂ ਬਣਾਇਆ ਬਲਕਿ ਉਸ ਅਦਿੱਖ ਹਸਤੀ ਨੇ (ਸ਼ਕਤੀ / ਅਨਰਜੀ ਨੇ ਨਹੀਂ) ਹੋਂਦ ਵਿੱਚ ਲਿਆਂਦਾ ਹੈ, ਜਿਸ ਦੀ ਹੋਂਦ ਮੰਨਣ ਤੋਂ ਅਜੋਕੇ ਗੁਰਮਤਿ ਪ੍ਰਚਾਰਕ ਆਕੀ ਹਨ।ਇਹ ਕਿਸੇ ਵਿਗਿਆਨਕ ਨੇ ਨਹੀਂ ਬਣਾਏ ਬਲਕਿ ਵਿਗਿਆਨੀਆਂ ਨੇ ਕੁਦਰਤ ਦੇ ਵਿੱਚੋਂ ਹੀ ਖੋਜ ਕਰਕੇ ਇਨ੍ਹਾਂ ਦੇ ਇਸਤੇਮਾਲ ਨਾਲ ਹੈਰਾਨੀ ਜਨਕ ਚੀਜਾਂ ਇਜਾਦ ਕੀਤੀਆਂ ਹਨ।ਏਸ ਗੱਲੋਂ ਵਿਗਿਆਨੀਆਂ ਨੂੰ ਸ਼ਾਬਾਸ਼ ਹੈ ਜਿਹੜੇ ਪ੍ਰਭੂ ਦੁਆਰਾ ਬਖਸ਼ੇ ਅਨਗਿਣਤ ਗੁੱਝੇ ਭੇਦਾਂ ਨੂੰ ਸਮਝ ਕੇ ਸੰਸਾਰ ਦੇ ਸਾਹਮਣੇ ਲਿਆ ਰਹੇ ਹਨ।ਪਰ ਇਹ ਉਨ੍ਹਾਂਦਾ ਆਪਣਾ ਸਬਜੈਕਟ ਅਤੇ ਕਿੱਤਾ ਹੈ, ਜਿਸ ਤਰ੍ਹਾਂ ਹੋਰ ਸਭ ਦੇ ਆਪੋ ਆਪਣੇ ਵੱਖ ਵੱਖ ਕਿੱਤੇ ਹਨ।
ਇਹ ਅਜੋਕੇ ਕਈ ਗੁਰਮਤਿ ਪ੍ਰਚਾਰਕ, ਮਨੁੱਖਾ ਸਰੀਰ ਨੂੰ ਹੀ ਮਨੁੱਖ ਸਮਝਦੇ ਹਨ।ਮਨ, ਆਤਮਾ, ਅੰਤਹਕਰਣ ਆਦਿ ਕਿਸੇ ਨਿਰਾਕਾਰ ਚੀਜ ਦੀ ਹੋਂਦ ਨੂੰ ਨਹੀਂ ਮੰਨਦੇ।ਹੈਰਾਨੀ ਦੀ ਗੱਲ ਹੈ ਕਿ ਇਹ ਲੋਕ ਆਪਣੀਆਂ ਵਿਆਖਿਆਵਾਂ ਅੰਦਰ ‘ਆਤਮਕ ਮੌਤ’ ਦਾ ਤਾਂ ਜ਼ਿਕਰ ਕਰਦੇ ਹਨ ਪਰ ‘ਆਤਮਾ’ ਦੀ ਹੋਂਦ ਮੰਨਣ ਤੋਂ ਇਨਕਾਰੀ ਹਨ।ਇਨ੍ਹਾਂ ਅਨੁਸਾਰ ਮਨ ਦਿਮਾਗ਼ ਤੋਂ ਵੱਖਰੀ ਕੋਈ ਪਰਾਭੌਤਿਕ ਚੀਜ ਨਹੀਂ ਬਲਕਿ ਭੌਤਿਕ ਦਿਮਾਗ਼ ਦਾ ਹੀ ਹਿੱਸਾ ਹੈ।ਪਰ ਇਸ ਗੱਲ ਦਾ ਇਨ੍ਹਾਂ ਕੋਲ ਕੋਈ ਜਵਾਬ ਨਹੀਂ ਕਿ ਜਦੋਂ ਇਹ ਆਤਮਕ ਮੌਤ ਦੀ ਗੱਲ ਕਰਦੇ ਹਨ ਤਾਂ ਕੀ ਦਿਮਾਗ ਦਾ ਕੋਈ ਹਿੱਸਾ ਮਰ ਜਾਂਦਾ ਹੈ?ਜਾਂ ਦਿਮਾਗ਼ ਵਿੱਚ ਕੋਈ ਖਰਾਬੀ ਆ ਜਾਂਦੀ ਹੈ? ਇਨ੍ਹਾਂ ਮੁਤਾਬਕ ਮਨੁੱਖ ਦਾ ਜੀਵਨ-ਸਫਰ ਮੁੱਕ ਜਾਣ ਤੇ ਦਿਮਾਗ ਸਮੇਤ ਸਰੀਰਕ ਤੱਤ, ਤੱਤਾਂ ਵਿੱਚ ਮਿਲ ਗਏ, ਇਸ ਦੇ ਨਾਲ ਹੀ ਹਰ ਮਨੁੱਖ ਦੇ ਇਸ ਜਨਮ ਵਿੱਚ ਕੀਤੇ ਕਰਮਾਂ ਦੇ ਲੇਖੇ ਸਮੇਤ ਸਭ ਕੁਝ ਖ਼ਤਮ ਹੋ ਗਿਆ।
ਲੇਕਿਨ ਗੁਰਮਤਿ ਅਨੁਸਾਰ ਕਿਸੇ ਵੀ ਜੀਵ ਦਾ ਸਰੀਰ ਨਹੀਂ ਬਲਕਿ ਉਸ ਦੇ ਅੰਦਰ ਦਾ ਜੀਵਾਤਮਾ ਹੀ ਅਸਲ ਵਿੱਚ ਜੀਵ ਹੈ।ਜਿਸ ਨੂੰ ਕਿ ਗੁਰਬਾਣੀ ਵਿੱਚ ਜੀਵ, ਜੋਤਿ ਜਾਂ ਹੰਸ ਆਦਿ ਲਫਜ਼ਾਂ ਨਾਲ ਬਿਆਨ ਕੀਤਾ ਗਿਆ ਹੈ।ਇਹ ਸਰੀਰ ਤਾਂ ਇਸ ਨੂੰ ਰੈਣ ਬਸੇਰੇ ਦੀ ਤਰ੍ਹਾਂ ਆਰਜ਼ੀ ਤੌਰਤੇ ਕੁਝ ਸਮਾਂ ਰਹਿਣ ਲਈ ਮਿਲਿਆ ਹੈ, ਜਿਸ ਦੁਆਰਾ ਇਸ ਨੇ ਮਿਥੇ ਹੋਏ ਕੁਝ ਕੰਮ ਕਰਨੇ ਹਨ।ਜੀਵ (ਜੀਵਾਤਮਾ) ਅਤੇ ਸਰੀਰ ਦੇ ਸੰਜੋਗ ਦਾ ਨਾਮ ਮਨੁੱਖ ਹੈ।ਇਕੱਲਾ ਨਾ ਤਾਂ ਜੀਵ ਹੀ ਮਨੁੱਖ ਹੈ ਅਤੇ ਨਾ ਹੀ ਇਕੱਲਾ ਭੌਤਿਕ ਸਰੀਰ ਮਨੁੱਖ ਹੈ।
ਗੁਰਬਾਣੀ ਫੁਰਮਾਨ ਹੈ-
“ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥” (ਪ-921)
“ਕਾਇਆ ਹੰਸਿ ਸੰਜੋਗੁ ਮੇਲ ਮਿਲਾਇਆ॥
ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ॥” (ਪ-139)
“ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ॥” (ਪ-138)
“ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ॥” (ਪ-619)
ਜੀਵਨ ਦਾ ਸਫਰ ਖ਼ਤਮ ਹੋ ਜਾਣ ਤੇ ਸਰੀਰ ਨੂੰ ਅਗਨੀ, ਪਾਣੀ ਜਾਂ ਮਿੱਟੀ ਆਦਿ ਦੇ ਜਰੀਏ ਨਸ਼ਟ
ਕਰ ਦਿੱਤਾ ਜਾਂਦਾ ਹੈ ਪਰ ਮਨਮੁਖ ਬੰਦਾ/ ਜੀਵ ਕੀਤੇ ਕਰਮਾਂ ਅਨੁਸਾਰ ਪ੍ਰਭੂ ਦੇ ਹੁਕਮ ਵਿੱਚ ਅਨੇਕਾਂ ਜੂਨਾਂ ਵਿੱਚ ਭਟਕਦਾ ਹੈ ਅਤੇ ਗੁਰਮੁਖ ਬੰਦੇ ਦੇ ਕਰਮਾਂ ਦਾ ਲੇਖਾ ਖ਼ਤਮ ਹੋ ਜਾਂਦਾ ਹੈ, “ਨਾਨਕ ਜਿਨ੍ਹ ਕਉ ਸਤਿਗੁਰੁ ਮਿਲਿਆ ਤਿਨ੍ਹ ਕਾ ਲੇਖਾ ਨਿਬੜਿਆ॥” (435)।
ਸਰੀਰ ਨਸ਼ਟ ਹੋ ਜਾਂਦਾ ਹੈ ਪਰ ਜੀਵਾਤਮਾ ਨਹੀਂ ਮਰਦਾ।
ਫੁਰਮਾਨ ਹੈ ।
ਮਰਣਹਾਰੁ ਇਹੁ ਜੀਅਰਾ ਨਾਹੀ॥ਕਹੁ ਨਾਨਕ ਗੁਰਿ ਖੋਲੇ ਕਪਾਟ॥
ਮੁਕਤੁ ਭਏ ਬਿਨਸੇ ਭ੍ਰਮ ਥਾਟ॥ (ਪ-188)
ਜਿਸ ਜੀਵਾਤਮਾ ਅਤੇ ਸਰੀਰ ਦੇ ਮੇਲ ਨਾਲ ਬੰਦਾ ਸੰਸਾਰ ਤੇ ਆਇਆ ਹੈ, ਜੀਵਨ ਸਫਰ ਖ਼ਤਮ
ਹੋਣ ਤੇ ਇਨ੍ਹਾਂ ਦਾ ਸਾਥ ਛੁੱਟ ਜਾਂਦਾ ਹੈ।
ਫੁਰਮਾਨ ਹੈ-
“ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ॥
ਹੰਸੁ ਚਲਸੀ ਡੂੰਮਣਾ ਅਹਿ ਤਨੁ ਢੇਰੀ ਥੀਸੀ॥” (ਪ-794)
ਜਿਸ ਸਰੀਰ ਨੂੰ ਪਾਲਣ ਲਈ ਝੂਠ ਬੋਲ ਬੋਲ ਕੇ ਮਾਇਆ ਇਕੱਠੀ ਕੀਤੀ ਉਹ ਸਰੀਰ ਵੀ ਸਾਥ
ਨਹੀ ਨਿਭਦਾ।ਸਰੀਰ ਨੂੰ ਪਾਲਣ ਲਈ ਜੋ ਉਸ ਦੇ ਹੁਕਮ ਵਿਰੁੱਧ ਕੰਮ ਕੀਤੇ ਉਨ੍ਹਾਂ ਬਦਲੇ ਬੰਦਾ ਅਨੇਕਾਂ ਜੂਨਾਂ ਵਿੱਚ ਭਟਕਦਾ ਫਿਰਦਾ ਹੈ।
ਫੁਰਮਾਨ ਹੈ-
“ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ॥
ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ॥
ਹਉ ਤਾ ਮਾਇਆ ਮੋਹਿਆ ਫਿਰਿ ਫਿਰਿ ਆਵਾ ਜਾਇ॥
ਨਾਨਕ ਹੁਕਮੁ ਨ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ॥” (ਪ-510-511)
ਕਰਮ-ਫਲ਼ ਸੰਬੰਧੀ ਅਜੋਕੇ ਇਕ ਵਿਦਵਾਨ ਜੀ ਲਿਖਦੇ ਹਨ-
“ਇਸ ਜਨਮ ਵਿੱਚ ਕੀਤੇ ਕਰਮਾਂ ਦਾ ਫ਼ਲ ਅਗਲੇ ਜਨਮ ਵਿੱਚ ਮਿਲਣ ਦਾ ਭਰਮ-ਜਾਲ ਬ੍ਰਹਮਣ ਦਾ ਫੈਲਾਇਆ ਹੋਇਆ ਹੈ। ਬੰਦੇ ਦੇ ਕੀਤੇ ਕਰਮਾਂ ਦਾ ਲੇਖਾ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ। ਬੰਦੇ ਦੇ ਮਰ ਜਾਣ ਤੇ ਬੰਦੇ ਦਾ ਸਰੀਰ ਅਗਨੀ ਜਾਂ ਮਿੱਟੀ ਦੀ ਭੇਟ ਕਰ ਦਿੱਤਾ। ਸਰੀਰ ਦੇ ਨਾਲ ਹੀ ਸਭ ਕੁਝ ਖ਼ਤਮ ਹੋ ਗਿਆ।ਆਤਮਾ ਆਦਿ ਕੁਝ ਵੀ ਹੋਰ ਨਾ ਕਿਤੋਂ ਆਉਂਦਾ ਹੈ ਅਤੇ ਨਾਂ ਹੀ ਕਿਤੇ ਕੁਝ ਜਾਂਦਾ ਹੈ”। ਇਨ੍ਹਾਂ ਵਿਚਾਰਾਂ ਦੇ ਨਾਲ ਹੇਠ ਲਿਖੀ ਗੁਰਬਾਣੀ ਉਦਾਹਰਣ ਪੇਸ਼ ਕੀਤੀ ਜਾਂਦੀ ਹੈ-
“ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ॥
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥” (ਪ-648)
ਵਿਚਾਰ- ਜੀਵਨ ਸਫਰ ਖ਼ਤਮ ਹੋਣ ਤੇ ਬੰਦੇ ਦੇ ਸਰੀਰ ਨੂੰ ਮਿਥੇ ਹੋਏ ਪ੍ਰਚੱਲਤ ਕਿਸੇ ਤਰੀਕੇ
ਨਾਲ ਨਸ਼ਟ ਕਰ ਦਿੱਤਾ ਜਾਂਦਾ ਹੈ।ਪਰ ਜੀਵਾਤਮਾ ਕਿੱਥੇ ਜਾ ਸਮਾਂਦਾ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਕੋਈ ਬੱਝਵਾਂ ਨਿਯਮ ਨਹੀਂ।ਇਹ ਫੈਸਲਾ ਪ੍ਰਭੂ ਦੇ ਹੱਥ ਰਾਖਵਾਂ ਹੈ।ਨੋਟ- ਬੰਦੇ ਦੇ ਮਰਨ ਤੇ ਵੱਖ ਵੱਖ ਧਰਮਾਂ ਦੇ ਲੋਕ ਸਰੀਰ ਨੂੰ ਆਪੋ ਆਪਣੇ ਮਿਥੇ ਢੰਗ ਨਾਲ ਬਿਲੇ ਲਗਾਣ’ਚ ਮੁਕਤੀ ਸਮਝਦੇ ਹਨ।ਪਰ ਇੱਥੇ ਇਨ੍ਹਾਂ ਪ੍ਰਚੱਲਤ ਵਿਚਾਰਾਂ ਦਾ ਖੰਡਣ ਕੀਤਾ ਗਿਆ ਹੈ ਕਿ ਮੁਕਤੀ ਦਾ ਸਰੀਰ ਨੂੰ ਬਿਲੇ ਲਗਾਣ ਨਾਲ ਕੋਈ ਸੰਬੰਧ ਨਹੀਂ।
ਇਸ ਸਲੋਕ ਨਾਲ ਤਾਂ ਸਾਰੀ ਗੱਲ ਹੋਰ ਵੀ ਸਾਫ ਹੋ ਜਾਂਦੀ ਹੈ ਕਿ ਸਰੀਰ ਦੇ ਖ਼ਤਮ ਹੋਣ ਨਾਲ ਸਭ
ਕੁਝ ਖ਼ਤਮ ਨਹੀਂ ਹੁੰਦਾ।ਬਲਕਿ ਕੁਝ ਐਸਾ ਵੀ ਬਾਕੀ ਰਹਿ ਜਾਂਦਾ ਹੈ ਜਿਸ ਬਾਰੇ ਕਿਹਾ ਗਿਆ ਹੈ ਕਿ
*ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥*
ਇੱਥੇ ਇਹ ਗੱਲ ਧਿਆਨ ਨਾਲ ਸਮਝਣ ਦੀ ਜਰੂਰਤ ਹੈ ਕਿ ਗੁਰੂ ਸਾਹਿਬ ਨੇ ਪਤਾ ਨਾ ਹੋਣ ਦੀ ਗੱਲ ਕਹੀ ਹੈ, ਜੇ ਸਭ ਕੁਝ ਖ਼ਤਮ ਹੋ ਜਾਂਦਾ ਹੈ ਤਾਂ ਪਤਾ ਨਾ ਹੋਣ ਦੀ ਗੱਲ ਨਹੀਂ ਸੀ ਕਰਨੀ ਬਲਕਿ ਸਭ ਕੁਝ ਖ਼ਤਮ ਹੋਣ ਦੀ ਗੱਲ ਕਰਨੀ ਸੀ।ਇਹ ਅਜੋਕੇ ਵਿਦਵਾਨ ਆਪਣੀ ਖਾਸ ਸੋਚ ਬਣੀ ਹੋਣ ਕਰਕੇ ਇਹ ਗੱਲ ਸਮਝਣ ਤੋਂ ਅਸਮਰਥ ਹਨ ਕਿ “ਪਤਾ ਨਹੀਂ” ਅਤੇ “ਕੁਝ ਵੀ ਨਹੀਂ” ਵਿੱਚ ਫਰਕ ਹੁੰਦਾ ਹੈ।
ਕੀ ਲੇਖਾ ਇਸੇ ਜਨਮ ਵਿੱਚ ਨਾਲ ਦੀ ਨਾਲ ਭੁਗਤਿਆ ਜਾਂਦਾ ਹੈ?
ਇਸ ਸੰਬੰਧੀ ਗੁਰਬਾਣੀ ਫੁਰਮਾਨ ਹੈ-
“ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ॥
ਲੇਖਾ ਮੰਗੈ ਦੇਵਣਾ ਪੁਛੈ ਕਰਿ ਬੀਚਾਰੁ ਜੀਉ॥
ਸਚੇ ਕੀ ਲਿਵ ਉਬਰੈ ਬਖਸੇ ਬਖਸਣਹਾਰੁ ਜੀਉ॥” (ਪ-751)
“ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ॥ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ॥
ਤਲਬਾ ਪਉਸਨਿਹ ਆਕੀਆ ਬਾਕੀ ਜਿਨਾ ਰਹੀ॥” (ਪ-953)
“ਦੇਹੀ ਗਾਵਾ ਜੀਉ ਧਰ ਬਸਹਿ ਪੰਚ ਕਿਰਸਾਨਾ॥
ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ॥
ਬਾਬਾ ਅਬ ਨ ਬਸਉ ਇਹ ਗਾਉ॥ਘਰੀ ਘਰੀ ਕਾ ਲੇਖਾ ਮਾਗੈ ਕਾਇਥ ਚੇਤੂ ਨਾਉ॥ਰਹਾਉ॥
ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ॥
ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ॥
ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ॥
ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ॥” (ਪ-1104)
ਸਵਾਲ ਪੈਦਾ ਹੁੰਦਾ ਹੈ ਕਿ ਜੇ ਲੇਖਾ ਨਾਲ ਦੀ ਨਾਲ ਭੁਗਤਿਆ ਜਾ ਰਿਹਾ ਹੈ ਤਾਂ ਬਾਕੀ
ਭਾਰੀ ਕਿਉਂ ਨਿਕਲੀ?
ਕਿਸ ਲੇਖੇ ਦੀ ਬਾਕੀ ਵਾਲੇ ਨੂੰ ਅਤੇ ਕਿਉਂ ਅਤੇ ਕਦੋਂ ਤਲਬ ਕੀਤਾ ਜਾਂਦਾ ਹੈ?
ਇੱਥੇ ਕਿਹੜੇ ਆਕੀਆਂ ਨੂੰ ਤਲਬ ਕਰਨ ਦੀ ਗੱਲ ਕਹੀ ਗਈ ਹੈ?
ਜੇ ਲੇਖਾ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ ਤਾਂ ਵਹੀ ਦਾ ਕੀ ਕੰਮ ਰਹਿ ਗਿਆ?
(ਨੋਟ- ਅਸਲ ਵਿੱਚ ਲੇਖਾ ਬੇਸ਼ੱਕ ਕਿਸੇ ਵਹੀ ਖਾਤੇ ਵਿੱਚ ਨਹੀਂ ਲਿਖਿਆ ਜਾਂਦਾ।ਪਰ ਇਸ ਦਾ ਇਹ ਮਤਲਬ ਨਹੀਂ ਕਿ ਲੇਖਾ ਹੁੰਦਾ ਹੀ ਨਹੀਂ।ਬੰਦੇ ਦੇ ਕੀਤੇ ਚੰਗੇ ਮੰਦੇ ਕਰਮਾਂ ਦਾ ਪ੍ਰਭਾਵ ਸੰਸਕਾਰ ਰੂਪ ਵਿੱਚ ਮਨ ਤੇ ਉਕਰਿਆ ਜਾਂਦਾ ਹੈ)।
ਚੱਲਦਾ
ਜਸਬੀਰ ਸਿੰਘ ਵਿਰਦੀ