ਚੋਣਾਂ ਦੀ ਖੇਡ ਅਤੇ ਸਾਡਾ ਰਵੱਈਆ
ਲਾਵਾਰਸ ਲਾਸ਼ਾਂ ਦਾ ਥਹੁ ਪਤਾ ਲਾਉਣ ਤੋਂ ਲੈ ਕੇ ਇਸ ਕਾਰਜ ਨੂੰ ਲੋਕ ਕਚਹਿਰੀ 'ਚ ਲਿਆਉਣਾ ਤੇ ਇਸ ਖਾਤਰ ਸ਼ਹਾਦਤ ਦੇਣੀ ਸ: ਜਸਵੰਤ ਸਿੰਘ ਖਾਲੜਾ ਦੀ ਵੱਡੀ ਦੇਣ ਹੈ। ਘਰੇਲੂ ਸਮਾਗਮ ਤੋਂ ਨਿਕਲ ਕੇ ਰਾਹਾਂ ਗਲੀਆਂ ਸੜਕਾਂ ਤੇ ਲੋਕ ਜੁਬਾਨ ਦਾ ਵਡੇ ਪੱਧਰ ਤੇ ਸ: ਖਾਲੜਾ ਦਾ ਚਰਚਾ ਬੀਬੀ ਖਾਲੜਾ ਦੇ ਲੋਕ ਸਭਾ ਚੋਣਾ ਚ ਆਉਣ ਤੇ ਬਣਿਆ।
ਸਥਾਪਤ ਲੀਡਰਸ਼ਿਪ ਅਤੇ ਰਾਜਸੀ ਪਾਰਟੀਆਂ ਸਾਹਵੇਂ ਡਟਣਾ ਉਹ ਵੀ ਬਿਨਾਂ ਸਾਧਨਾਂ ਤੇ ਸੰਸਥਾਗਤ ਢਾਂਚੇ ਤੋਂ ਐਨਾਂ ਸੌਖਾ ਨਹੀਂ ਹੁੰਦਾ। ਹਰ ਕੋਈ ਜਾਣਦਾ ਹੈ ਕਿ ਚੋਣਾਂ 'ਚ ਖੜੋਣ ਅਤੇ ਫਿਰ ਜਿੱਤਣ ਲਈ ਰਾਜਸੀ ਲੋਕਾਂ ਵਲੋਂ ਕੀ ਕੀ ਨਹੀਂ ਕੀਤਾ ਜਾਂਦਾ। ਭਾਵੇਂ ਹਰ ਕੋਈ ਜਿੱਤਣ ਦੀ ਉਮੀਦ ਰੱਖਦਾ ਹੈ ਪਰ ਹਾਰ ਦੀ ਸੰਭਾਵਨਾ ਵੀ ਮੰਨ ਕੇ ਚੱਲਣਾ ਜਰੂਰੀ ਹੁੰਦਾ ਹੈ। ਵੱਡੇ ਵੱਡੇ ਸਥਾਪਤ ਲੀਡਰ ਚੋਣਾਂ ਦੇ ਰਣ 'ਚ ਹਾਰ ਜਾਂਦੇ ਹਨ।
ਮੇਰਾ ਇਨਾਂ ਸਤਰਾਂ ਨੂੰ ਉਕਰਣ ਦਾ ਮੁਖ ਮੰਤਵ ਉਨਾਂ ਲੋਕਾਂ ਵੱਲ ਤੁਹਾਡਾ ਧਿਆਨ ਦਿਵਾਉਣਾ ਹੈ ਜੋ ਪਹਿਲਾਂ ਵੀ ਕਾਹਲੇ ਤੇ ਹਰਫਲੇ ਹੋ ਕੇ ਲਿਖ ਬੋਲ ਰਹੇ ਸਨ। ਤੇ ਹੁਣ ਬੀਬੀ ਖਾਲੜਾ ਦੇ ਚੋਣ 'ਚ ਜਿੱਤ ਤੋਂ ਦੂਰ ਰਹਿ ਜਾਣ ਕਾਰਨ ਸ਼ੋਸ਼ਲ ਮੀਡੀਆਂ ਤੇ ਗਾਲਾਂ/ ਉਲ੍ਹਾਮੇ/ ਲਾਹਨਤਾਂ ਤੇ ਦੂਜਿਆਂ ਨੂੰ ਸਿੱਖ ਨਾ ਹੋਣ ਦੇ ਫਤਵੇ ਦੇ ਰਹੇ ਹਨ। ਅਜਿਹੇ ਹੋਸ਼ੇ ਅਤੇ ਫੁਕਰੇ ਕਿਸਮ ਦੇ ਲੋਕ ਕਿਸੇ ਸੋਚ ਨਾਲ ਨਹੀਂ ਬਲਕਿ ਵਕਤੀ ਉਤਰਾਵਾਂ ਚੜ੍ਹਾਵਾਂ ਨਾਲ ਖੜੇ ਹੁੰਦੇ ਹਨ। ਹਰ ਗੱਲ ਤੇ ਝੱਟ ਉੱਛਲ ਪੈਣ ਤੇ ਫਿਰ ਢਹਿੰਦੀ ਕਲਾ ਦੀਆਂ ਨੀਵਾਣਾਂ 'ਚ ਆਪ ਡਿੱਗਣ ਤੇ ਦੂਜਿਆਂ ਨੂੰ ਡੇਗਣ 'ਚ ਹੀ ਨਿਪੁੰਨ ਹੁੰਦੇ ਹਨ।
ਇਨ੍ਹਾਂ ਲੋਕਾਂ ਵਲੋਂ ਦਿੱਤੇ ਜਾਂਦੇ ਖਾਸ ਇਲਾਕੇ ਨੂੰ ਮਿਹਣੇ ਤੇ ਗਾਲਾਂ ਪੜ੍ਹ ਸੁਣ ਕੇ ਅਜਿਹਾ ਲਗਦਾ ਹੈ ਜਿਵੇਂ ਬਾਕੀ ਸਾਰੇ ਪੰਜਾਬ ਨੇ ਹੱਕਾਂ ਤੇ ਇਨਸਾਫ ਮਾਮਲੇ 'ਚ ਝੰਡੀ ਗੱਡ ਲਈ ਹੈ ਜਿਹੜੀ ਇਕੱਲੇ ਖਡੂਰ ਸਾਹਿਬ ਵਾਲਿਆਂ ਤੋਂ ਰਹਿ ਗਈ।
ਅਜਿਹੇ ਲੋਕਾਂ ਨੂੰ ਨਾ ਤਾਂ ਵੱਡੀਆਂ ਦੈਂਤ ਨੁਮਾ ਰਾਜਸੀ ਧਿਰਾਂ ਦੀ ਤਾਕਤ ਦਾ ਕਿਆਸ ਹੈ ਨਾ ਸਟੇਟ ਦੀ ਭਾਰੀ ਦਮਨਕਾਰੀ ਮਸ਼ੀਨ ਦਾ।
ਖਿਆਲਾਂ ਦੇ ਬੀਜ ਬੀਜਣੇ ਤੇ ਪਾਲਣੇ ਕਠਿਨ ਘਾਲਣਾ ਮੰਗਦੇ ਨੇ। ਬਹੁਤੇ ਲੋਕਾ ਨੂੰ ਤਾਂ ਸਰਦਾਰ ਖਾਲੜਾ ਯਾਦ ਵੀ ਨਹੀਂ ਸੀ ਉਹ ਵੀ ਦੋ ਢਾਈ ਮਹੀਨੇ ਪਹਿਲਾਂ ਚੇਤਾ ਆਇਆ ਜਦੋਂ ਬੀਬੀ ਖਾਲੜਾ ਚੋਣਾਂ 'ਚ ਉਮੀਦਵਾਰ ਦੇ ਤੌਰ ਤੇ ਸਾਹਮਣੇ ਆਏ। ਪਹਿਲਾਂ ਤੁਹਾਡੇ ਸ਼ਿਕਵੇ ਕਿਥੇ ਸਨ? ਹੁਣ ਅੱਗੇ ਵੇਖਾਂਗੇ ਇਸ ਸੋਚ ਤੇ ਮੁੱਦੇ ਨੂੰ ਕਿੰਨਾ ਚੇਤੇ ਰੱਖੋਗੇ ਤੇ ਪਸਾਰੋਗੇ? ਚੋਣਾਂ ਤਾਂ ਫੇਰ ਵੀ ਹੋਣਗੀਆਂ ਕਿ ਨਹੀਂ?
ਰਹੀ ਗੱਲ ਪੰਥਕ ਧਿਰਾਂ ਦੀ। ਸਾਥ ਦੇਣ ਵਾਲਿਆਂ ਦਿੱਤਾ ਵੀ। ਪਰ ਬਹੁਤਿਆਂ ਮੇਰੇ ਵਾਂਗੂੰ ਸ਼ੋਸ਼ਲ ਮੀਡੀਆ 'ਤੇ ਸੱਚੇ ਹੋਣ ਦਾ ਯਤਨ ਕੀਤਾ। ਪੰਥਕ ਅਖਵਾਉਂਦੀਆਂ ਜਥੇਬੰਦੀਆਂ ਦੇ ਆਗੂ/ ਵੱਡੀਆਂ ਵੱਡੀਆਂ ਸੰਪਰਦਾਵਾਂ ਨਾਲ ਜੁੜੀਆਂ ਸੰਗਤਾਂ ਤੇ ਉਨਾ ਦੇ ਆਗੂ ਇਸ ਜਮੀਨੀ ਹਕੀਕਤ ਤੋਂ ਕਿਤੇ ਪਰ੍ਹੇ ਪਰ੍ਹੇ ਹੀ ਰਹੇ।
ਕੀ ਇਹ ਸੱਚ ਨਹੀਂ?
ਉਲ੍ਹਾਮੇ ਦਿੰਦੇ ਰਹਿਣਾ ਅੰਦਰੂਨੀ ਹਾਰ ਅਤੇ ਹਾਰ ਤੋਂ ਉਪਜੀ ਖਿਝ ਦੀ ਨਿਸ਼ਾਨੀ ਹੈ। ਚੜ੍ਹਦੀ ਕਲਾ ਦੇ ਮਾਦੇ ਨੂੰ ਮਿਹਣਿਆਂ ਤੇ ਗਾਲਾਂ ਦੀ ਫੁਕਰਬਾਜੀ ਵਾਲੀ ਖੇਡ 'ਚ ਨਿਸ਼ਾਨਾ ਨਾ ਬਣਾਉ! ਇਹ ਜਨਤਕ ਖੇਡਾਂ ਨੇ ਚਲਦੀਆਂ ਰਹਿਣਗੀਆਂ। ਹੋਰ ਜਜ਼ਬੇ ਨਾਲ ਅਤੇ ਸੰਗਠਿਤ ਹੋ ਕੇ ਖੇਡ ਸਕਦੇ ਹੋ ਤਾਂ ਖੇਢੋ। ਪਰ ਉਨ੍ਹਾਂ ਸਾਧਾਰਨ ਸਿੱਖਾਂ ਦੀ ਮਿਹਨਤ ਅਤੇ ਆਮ ਲੋਕਾਂ ਦੇ ਸੁੱਚੇ ਜਜ਼ਬੇ ਨੂੰ ਆਪਣੀ ਹਉਮੈ ਨਾਲ ਦੂਸ਼ਿਤ ਨਾ ਕਰੋ। ਤੁਹਾਡੇ ਵੱਡੇ ਵੱਡੇ ਇਕੱਠਾਂ 'ਚ ਬਣਾਏ ਆਗੂ ਵੀ ਤਹਾਨੂੰ ਰਾਹ ਪੱਲਾ ਨਹੀਂ ਫੜਾਉਂਦੇ ਉਥੇ ਤੁਸਾਂ ਕੀ ਕਰ ਲਿਆ? ਨਾ ਨਾਲ ਖਲੋਣ ਪਾਉਣ ਵਾਲਿਆਂ ਦਾ ਕਾਰਣ ਤਲਾਸ਼ਣ ਦੀ ਬਜਾਏ ਸਾਧਾਰਣ ਸਿੱਖਾਂ ਨੂੰ ਜਮੀਰਾਂ ਤੇ ਸਿੱਖੀ ਦੇ ਮਿਹਣੇ ਮਾਰਨ ਵਾਲੇ ਲੋਕ ਕਿਹੜੀ ਬਦਸੀਰਤ ਦੇ ਮਾਲਕ ਹੋਣਗੇ ਉਹ ਖੁਦ ਜਾਨਣ। ਬਾਕੀ ਕੁਝ ਲੋਕ ਪੀੜ ਨੂੰ ਮਹਿਸੂਸਦਿਆਂ ਅਜਿਹਾ ਲਿਖਦੇ ਬੋਲਦੇ ਹਨ ਉਨਾ ਦੀ ਭਾਵਨਾ ਮਾੜੀ ਨਹੀਂ ਪਰ ਆਪਣੇ ਜਜ਼ਬਾਤਾਂ ਤੇ ਢਹਿੰਦੀ ਕਲਾ ਹਾਵੀ ਨਾ ਹੋਣ ਦਿਓ। ਵਰਨਾ ਸੱਚਮੁਚ ਹਾਰ ਜਾਉਂਗੇ।
213550 ਲੋਕਾਂ ਨੇ ਬਿਨਾਂ ਦਬਾਅ/ ਲਾਲਚ ਅਤੇ ਸੰਗਠਨ ਦੇ ਕੇਵਲ ਆਵਾਜ ਮਾਰਨ ਤੇ ਖਾਲੜਾ ਪ੍ਰਤੀ ਆਪਣਾ ਪਿਆਰ ਜਤਾਇਆ ਹੈ। ਸਾਂਭਿਆ ਜਾਵੇ ਤਾਂ ਇਹ ਕੇਡਰ ਥੋੜ੍ਹਾ ਨਹੀਂ।
ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ
ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ
ਭਾਈ ਹਰਜਿੰਦਰ ਸਿੰਘ ਸਭਰਾਅ
ਹਰਜਿੰਦਰ ਸਿੰਘ "ਸਭਰਾਅ"
ਚੋਣਾਂ ਦੀ ਖੇਡ ਅਤੇ ਸਾਡਾ ਰਵੱਈਆ
Page Visitors: 2500