ਗਿਆਨ ਕੀ ਤੇ ਗਿਆਨੀ ਕੌਣ ਹਨ ?
ਅਵਤਾਰ ਸਿੰਘ ਮਿਸ਼ਨਰੀ 510 432 5827
ਗਿਆਨ - ਜਾਨਣਾ, ਬੋਧ, ਸੂਝ, ਇਲਮ, ਪਾਰਬ੍ਰਹਮ, ਸੂਝ ਬੂਝ, ਵਿਦਿਆ, ਸੋਝੀ, ਬਿਬੇਕ, ਵਿਚਾਰ ਆਦਿਜ ਹਨ। ਗੁਰੂ ਗ੍ਰੰਥ ਸਾਹਿਬ ਵਿਖੇ ਗਿਆਨ ਦਾ ਭਾਵ ਉੱਤਮ ਗਿਆਨ, ਅੰਦਰੂਨੀ ਗਿਆਨ ਜੋ ਕੇਵਲ ਗੱਲਾਂ ਨਾਲ ਹੀ ਨਹੀਂ ਸਗੋਂ ਗੁਰੂ ਕ੍ਰਿਪਾ ਨਾਲ ਪ੍ਰਾਪਤ ਹੁੰਦਾ ਹੈ-
ਗਿਆਨੁ ਨਾ ਗਲੀਈਂ ਢੂਢੀਏ ਕਥਨਾ ਕਰੜਾ ਸਾਰੁ॥
ਕਰਮਿ ਮਿਲੈ ਤ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ॥ (੪੬੫)
ਗੁਰੂ ਬਾਬਾ ਨਾਨਕ ਸਾਹਿਬ ਦਾ ਕਥਨ ਕਿ ਗੁਰੂ ਤੋਂ ਬਿਨਾ ਗਿਆਨ ਨਹੀਂ ਮਿਲਦਾ-
ਕੁੰਭੇ ਬਧਾ ਜਲ ਰਹੈ ਜਲ ਬਿਨੁ ਕੁੰਭੁ ਨ ਹੋਇ॥
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥ (੪੬੯)
ਗਿਆਨ ਐਸੀ ਖੜਗ ਹੈ ਜਿਸ ਰਾਹੀਂ ਮਨ ਨਾਲ ਜੂਝਿਆ ਜਾਂਦਾ-
ਗਿਆਨ ਖੜਗੁ ਲੈ ਮਨੁ ਸਿਉ ਲੂਝੈ॥ (੧੦੨੨)
ਜਿਸ ਨਾਲ ਜਮ ਕਾਲ ਆਦਿਕ ਦੇ ਪ੍ਰਭਾਵ ਜਾ ਡਰ ਨੂੰ ਮਾਰਿਆ ਜਾ ਸਕਦਾ ਹੈ-
ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮ ਕੰਕਰ ਮਾਰਿ ਬਿਦਾਰੇ॥ (੫੭੪)
ਗਿਆਨ ਐਸਾ ਸੁਰਮਾ ਤੇ ਪ੍ਰਕਾਸ਼ ਜੋ ਅਗਿਆਨਤਾ ਦੇ ਅੰਧੇਰੇ ਮੇਟਦਾ ਹੈ-
ਗਿਆਨੁ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸ॥ (੨੯੩)
ਭਗਤ ਕਬੀਰ ਜੀ ਨੇ ਗਿਆਨ ਨੂੰ ਬ੍ਰਹਮ ਗਿਆਨ ਵੀ ਕਿਹਾ ਹੈ-
ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ॥ (੧੩੭੩)
ਹੋਰ ਫੁਰਮਾਂਦੇ ਹਨ ਕਿ ਜਿੱਥੇ ਗਿਆਨ ਆ ਜਾਂਦਾ ਤਾਂ ਮਾਇਆ ਤੇ ਭਰਮ ਟਿਕਦੇ ਨਹੀਂ-
ਦੇਖੋ ਭਾਈ ਗਯਾਨ ਕੀ ਆਈ ਆਂਧੀ॥
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ॥(੩੩੧)
ਗੁਰੂ ਨਾਨਕ ਸਾਹਿਬ ਨੇ ਐਸੇ ਗਿਆਨ ਨੂੰ ਜਪਣ ਭਾਵ ਬਾਰ ਬਾਰ ਜਾਨਣ ਦੀ ਤਾਗੀਦ ਕੀਤੀ ਹੈ ਜਿਸ ਨੂੰ ਧਾਰਨ ਕਰਕੇ ਸੱਚੇ ਦੇ ਸੇਵਕ ਬਣਿਆਂ ਜਾ ਸਕਦਾ ਹੈ-
ਐਸਾ ਗਿਆਨੁ ਜਪਹੁ ਮਨ ਮੇਰੇ॥
ਹੋਵਹੁ ਚਾਕਰੁ ਸਾਚੇ ਕੇਰੇ॥(੭੨੮)
ਊਟ ਪਟੰਗੀ ਗਿਆਨ ਨੂੰ ਛੱਡ ਸਾਰਥਕ ਗਿਆਨ ਹੀ ਲੈਣਾ ਤੇ ਦੇਣਾ ਚਾਹੀਦਾ ਹੈ। ਗਿਆਨ ਘਿਉ ਸਮਾਨ ਹੈ ਜਿਵੇਂ ਰੁੱਖਾ ਘਿਉ ਬਲਗਮ ਤੇ ਪਿਤ(ਗਰਮੀ)ਦਾ ਕਾਰਨ ਵੀ ਬਣ ਜਾਂਦੈ ਪਰ ਜਦ ਘਿਉ ਨਾਲ ਸ਼ੱਕਰ ਮਿਠਾ ਰਲਾ ਲਿਆ ਜਾਵੇ ਤਾਂ ਹਜਮ ਵੀ ਛੇਤੀ ਹੁੰਦਾ ਤੇ ਕਈ ਰੋਗ ਵੀ ਦੂਰ ਕਰਦਾ ਹੈ। ਇਵੇਂ ਹੀ ਰੁੱਖਾ ਗਿਆਨ ਬਹੁਤਾ ਕੁਤੱਰਕੀ ਹੁੰਦੈ ਜੋ ਵਾਦ-ਵਿਵਾਦ ਖੜੇ ਕਰਦਾ ਪਰ ਹਲੇਮੀ ਤੇ ਸੱਚੀ ਸ਼ਰਦਾ ਦਾ ਗੁੜ ਨਾਲ ਹੋਵੇ ਤਾਂ ਸਾਰਥਕ ਵਿਚਾਰ ਹੁੰਦੀ ਤੇ ਬਖੇੜੇ ਦੂਰ ਹੁੰਦੇ ਹਨ।
ਗਿਆਨੀ-ਜਾਨਣ ਵਾਲਾ, ਗਯਾਤਾ, ਵਿਦਵਾਨ, ਆਲਮ, ਪੰਡਿਤ। ਗਿਆਨੀ ਪੰਜਾਬੀ ਦੇ ਉੱਚ ਦਰਜੇ ਦਾ ਇਮਤਿਹਾਨ। ਉਹ ਜਿਸ ਨੇ ਗਿਆਨੀ ਪ੍ਰੀਖਿਆ ਪਾਸ ਕੀਤੀ ਅਤੇ "ਸ਼ਬਦ ਗੁਰੂ ਗ੍ਰੰਥ" ਦੇ ਅਰਥਾਂ ਦਾ ਗਯਤਾ ਹੋਵੇ। ਗੁਰੂ ਨਾਨਕ ਸਾਹਿਬ ਦੁਨਿਆਵੀ ਵਿਦਿਆ ਦੇ ਨਾਲ ਆਤਮ ਵਿਦਿਆ ਦੇ ਜਾਣਨ ਵਾਲੇ ਤੇ ਸੱਚ ਪ੍ਰਚਾਰਨ ਵਾਲੇ ਗੁਰੂ ਦੀ ਨਿਗਾ ਵਿਚ ਪ੍ਰਵਾਚ (ਦਰਗਾਹੀ) ਗਿਆਨੀ ਆਖਦੇ ਹਨ-
ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ॥ ਆਪੁ ਪਛਾਣੈ ਸੂਝੈ ਸੋਇ॥
ਗੁਰ ਪਰਸਾਦਿ ਕਰੇ ਬੀਚਾਰੁ॥ ਸੋ ਗਿਆਨੀ ਦਰਗਹ ਪਰਵਾਣੁ॥(੨੫)
ਗੁਰੂ ਤੇਗ ਬਹਾਦਰ ਦੁੱਖਾਂ ਸੁੱਖਾਂ ਤੋਂ ਮੁਕਤ ਨੂੰ ਗਿਆਨੀ ਆਖਦੇ ਹਨ-
ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਹੁ ਗਿਆਨੀ॥(੨੨੦)
ਅਤੇ ਹੋਰ ਕਹਿੰਦੇ ਹਨ ਕਿ-
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ॥
ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਹਿ ਭਖਾਨਿ॥(੧੪੨੭)
ਉਹ ਵਿਅਕਤੀ ਜੋ ਸੱਚ ਦੇ ਰਾਹ ਪਿਆ ਕਿਸੇ ਦਾ ਭੁਲਾਇਆ ਭੁਲਦਾ ਨਹੀਂ-
ਗਿਆਨੀਆਂ ਨੂੰ ਸਭੁ ਸਚੁ ਹੈ ਸਚੁ ਸੋਝੀ ਹੋਈ॥
ਓਇ ਭੁਲਾਏ ਕਿਸੈ ਦੇ ਨ ਭੁਲਨੀ ਸਚੁ ਜਾਣਨਿ ਸੋਈ॥(੪੨੫)
ਗਿਆਨੀ ਆਤਮ ਤੌਰ ਤੇ ਸਦਾ ਜੀਵਤ ਹੁੰਦਾ ਹੈ-
ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ॥
ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ॥(੧੪੧੨)
ਜਿਸ ਦੇ ਮਨ ਤੇ ਮੁੱਖ ਚ ਸੱਚ ਹੁੰਦਾ ਤੇ ਜੋ ਇਕ ਤੋਂ ਬਿਨਾ ਕਿਸੇ ਦੂਜੇ ਸਾਧ ਸੰਤ ਨੂੰ ਕਰਤਾ ਕਰਤਾਰ ਨਹੀਂ ਕਹਿੰਦਾ-
ਮਨਿ ਸਾਚਾ ਮੁਖਿ ਸਾਚਾ ਸੋਇ॥
ਅਵਰੁ ਨ ਪੇਖੈ ਏਕਸੁ ਬਿਨੁ ਕੋਇ॥
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥(੨੭੨)
ਸੋ ਸੰਸਾਰ ਤੇ ਨਿਰੰਕਾਰ ਦੀ ਢੁਕਵੀਂ ਤੇ ਸਾਰਥਕ ਸੋਝੀ (ਜਾਣਕਾਰੀ) ਰੱਖਣ ਤੇ ਪ੍ਰਚਾਰਨ ਵਾਲੇ ਹਰੇਕ ਔਰਤ ਜਾਂ ਮਰਦ ਗਿਆਨੀ ਹਨ। ਅੱਜ ਸਿੱਖ ਜਗਤ ਵਿੱਚ ਬਹੁਤਾ ਕਰਕੇ ਉਸ ਨੂੰ ਗਿਆਨੀ ਕਹਿੰਦੇ ਨੇ ਜਿਸ ਨੇ ਵਿਸ਼ੇਸ਼ ਧਰਮ ਲਿਬਾਸ ਪਾਇਆ ਹੋਵੇ, ਪਾਠ, ਅਰਦਾਸ ਤੇ ਕਥਾ ਕਰਨੀ ਜਾਣਦਾ ਹੋਵੇ। ਉਸ ਦੀ ਦੁਨਿਆਵੀ ਤੇ ਅਤਮ ਗਿਆਨ ਦੀ ਪੜ੍ਹਾਈ ਘੱਟ ਹੀ ਦੇਖੀ ਜਾਂਦੀ ਹੈ। ਕਿਸੇ ਪਾਠੀ, ਭਾਈ ਜਾਂ ਗੁਰਦੁਆਰੇ ਦੇ ਗ੍ਰੰਥੀ ਜਾਂ ਚੋਲੇ ਵਾਲੇ ਟਕਸਾਲੀ ਅਤੇ ਬਚਿਤ੍ਰ ਨਾਟਕ ਤੇ ਤਰੀਆ ਚਰਿਤ੍ਰਾਂ ਦੇ ਪ੍ਰਚਾਰਕ ਨੂੰ ਵੀ ਗਿਆਨੀ ਕਿਹਾ ਜਾਂਦੈ ਪਰ ਅਸਲ ਗਿਆਨੀ ਓਹੀ ਹੈ ਜੋ ਬਿਨਾ ਕਿਸੇ ਡਰ, ਲਾਲਚ ਅਤੇ ਪਾਰਟੀ ਤੋਂ ਉੱਪਰ ਉੱਠ ਕੇ ਸੱਚ ਬਿਆਨਦਾ ਹੋਇਆ ਕਿਸੇ ਦੀ ਜੀ-ਹਜੂਰੀ ਤੇ ਪ੍ਰਵਾਹ ਨਹੀਂ ਕਰਦਾ ਅਤੇ ਗੁਰੂ ਦੀ ਗੱਲ ਲਕਾਉਂਦਾ ਜਾਂ ਵਲ-ਫੇਰ ਪਾ ਕੇ ਨਹੀਂ ਕਰਦਾ ਅਤੇ ਜੋ ਗਿਆਨ ਸਰੋਤ ਸੱਚੇ ਗੁਰੂ ਨੂੰ ਮੰਨਦਾ ਨਾ ਕਿ ਕਿਸੇ ਡੇਰੇਦਾਰ ਸਾਧ ਨੂੰ, ਉਹ ਹੀ ਅਸਲ ਗਿਆਨੀ ਹੈ-
ਭੈ ਕਾਹੂ ਕਉ ਦੇ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥(੧੪੨੭)
ਸਿੱਖ ਗਿਆਨੀ ਉਹ ਹਨ ਜੋ "ਹੋਰ ਗ੍ਰੰਥਾਂ” ਦੇ ਗਿਆਨ ਅਤੇ ਇਤਿਹਾਸ ਨੂੰ “ਸ਼ਬਦ ਗੁਰੂ ਗ੍ਰੰਥ” ਦੀ ਕਸਵੱਟੀ ‘ਤੇ ਵਾਚਦੇ-ਪਰਖਦੇ ਹਨ।
ਅਵਤਾਰ ਸਿੰਘ ਮਿਸ਼ਨਰੀ
ਗਿਆਨ ਕੀ ਤੇ ਗਿਆਨੀ ਕੌਣ ਹਨ ?
Page Visitors: 2547