ਸਿੱਖੀ ਵਿਚਾਰਧਾਰਾ ਉੱਤੇ ਹਮਲਿਆਂ ਨੂੰ ਕੌਣ ਰੋਕੇ ?
ਪ੍ਰੋ. ਕਸ਼ਮੀਰਾ ਸਿੰਘ USA
ਸ. ਪ੍ਰਭਦੀਪ ਸਿੰਘ ਨੇ ਸਿੰਘ ਨਾਦ ਰੇਡੀਓ ਰਾਹੀਂ ਸਿੱਖ ਕੌਮ ਨੂੰ ਸੁਚੇਤ ਕਰਦਿਆਂ ਫ਼ਰੈਂਕਫ਼ਰਟ ਜਰਮਨੀ ਦੀ Goethe ਯੂਨੀਵਰਸਿਟੀ ਵਿੱਚ ਕਰਵਾਏ ਜਾ ਰਹੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਬਤ, ਇੱਕ ਸੈਮੀਨਾਰ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ਼ ਸੂਚਨਾ ਦੇ ਕੇ ਸਿੱਖ ਕੌਮ ਪ੍ਰਤੀ ਆਪਣਾ ਨੇਕ ਫ਼ਰਜ਼ ਪੂਰਾ ਕੀਤਾ ਹੈ ।
ਖ਼ਾਲਸਾ ਨਿਊਜ਼ 'ਤੇ ਸਿੱਖੀ ਪ੍ਰਤੀ ਦਰਦ ਰੱਖਣ ਵਾਲ਼ੇ, ਪ੍ਰਬੰਧਕਾਂ ਰਾਹੀਂ ਸੈਮੀਨਾਰ ਦੀ ਥਾਂ ਅਤੇ ਉਸ ਵਿੱਚ ਵਿਚਾਰ ਅਧੀਨ ਵਿਸ਼ਿਆਂ ਦਾ ਵੇਰਵਾ ਵੀ ਦਿੱਤਾ ਗਿਆ ਹੈ । ਭਾਵੇਂ ਇਹ ਸੁਨੇਹਾ ਇਨ੍ਹਾਂ ਸਾਧਨਾ ਰਾਹੀਂ ਕੌਮ ਦੇ ਹਰ ਪੜ੍ਹੇ ਅਤੇ ਅਨਪੜ੍ਹ ਸਿੱਖ ਕੋਲ਼ ਨਹੀਂ ਪਹੁੰਚਿਆ ਹੋਣਾ ਪਰ ਫਿਰ ਵੀ ਸਿੱਖ ਕੌਮ ਪ੍ਰਤੀ ਦਰਦ ਰੱਖਣ ਵਾਲ਼ੇ ਸਿੱਖਾਂ ਨੇ ਇਸ ਨੂੰ ਜ਼ਰੂਰ ਆਪਣੇ ਇਕੱਠਾਂ ਵਿੱਚ ਸਾਂਝਾ ਕੀਤਾ ਹੋਵੇਗਾ ਅਤੇ ਪੜ੍ਹ ਕੇ ਜ਼ਰੂਰ ਅਫ਼ਸੋਸ ਜ਼ਾਹਰ ਕੀਤਾ ਹੋਵੇਗਾ ਕਿਉਂਕਿ ਇਹ ਆਮ ਸਿੱਖਾਂ ਦੇ ਹੱਲ ਕਰਨ ਵਾਲ਼ਾ ਮਸਲਾ ਨਹੀਂ ਹੈ । ਹਾਂ, ਅੰਤਰਰਾਸ਼ਟਰੀ ਪੱਧਰ ਉੱਤੇ ਜੇ ਸਿੱਖਾਂ ਵਿੱਚ ਜਾਗਰੂਕਤਾ ਆ ਜਾਵੇ ਤਾਂ ਏਕੇ ਵਿੱਚ ਬਰਕਤ ਜ਼ਰੂਰ ਰੰਗ ਲਿਆ ਸਕਦੀ ਹੈ ।
ਸਿੱਖੀ ਉੱਤੇ ਹਮਲੇ ਕਿਉਂ ਨਹੀਂ ਰੁਕਦੇ?
ਬ੍ਰਾਹਮਣਵਾਦ ਵਲੋਂ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ ਗਿਆ ਹੈ । ਸਿੱਖ ਰਹਤ ਮਰਯਾਦਾ ਰਾਹੀਂ ਸਿੱਖਾਂ ਵਿੱਚ ਬ੍ਰਾਹਮਣਵਾਦੀ ਰਚਨਾਵਾਂ ਦੇ ਦਾਖ਼ਲੇ ਨਾਲ਼ ਹੀ ਇਹ ਕੰਮ ਸ਼ੁਰੂ ਹੋ ਗਿਆ ਸੀ। ਸਿੱਖਾਂ ਦੇ ਮਸਲਿਆਂ ਨੂੰ ਚੁੱਕਣ ਵਾਲ਼ੀ ਸਿੱਖਾਂ ਵਲੋਂ ਚੁਣੀ ਸ਼੍ਰੋ. ਕਮੇਟੀ ਸੀ ਅਤੇ ਇਸ ਦਾ ਸਹਾਇਕ ਅਕਾਲੀ ਦਲ ਬਣਾਇਆ ਗਿਆ ਸੀ । ਅੱਜ ਇਨ੍ਹਾਂ ਦੋਵੇਂ ਸੰਸਥਾਵਾਂ ਨੂੰ ਬ੍ਰਾਹਮਣਵਾਦ ਦੇ ਡੰਡੇ ਨੇ ਸਿੱਖੀ ਦੇ ਮਸਲਿਆਂ ਪ੍ਰਤੀ ਬੋਲਣ ਤੋਂ ਰੋਕ ਲਗਾਈ ਹੋਈ ਹੈ । ਅਕਾਲੀ ਦੱਲ ਏਨਾਂ ਕਮਜ਼ੋਰ ਹੋ ਚੁੱਕਾ ਹੈ ਕਿ ਆਪਣੇ ਬੱਲ-ਬੂਤੇ ਇਹ ਰਾਜਨੀਤੀ ਹੀ ਨਹੀਂ ਕਰ ਸਕਦਾ । ਸਿੱਖੀ ਦੀ ਦੁਸ਼ਮਣ ਜਨਸੰਘ/ਭਾਜਪਾ ਦੇ ਨਾਲ਼ ਇਸ ਦੀ ਪਾਈ ਸਾਂਝ ਨੇ ਬ੍ਰਾਹਮਣਵਾਦ ਨੂੰ ਏਨਾ ਤਕੜਾ ਕਰ ਦਿੱਤਾ ਹੈ ਕਿ ਇਸ ਦੀਆਂ ਨੀਤੀਆਂ ਦੀ ਵਿਰੋਧਤਾ ਕਰਨੀ ਅਕਾਲੀ ਦੱਲ ਜਾਂ ਸ਼੍ਰੋ. ਕਮੇਟੀ ਦੇ ਵੱਸ ਦਾ ਰੋਗ ਨਹੀਂ ਰਿਹਾ । ਸਿੱਖੀ ਵਿਚਾਰਧਾਰਾ ਉੱਤੇ ਹਮਲਿਆਂ ਦੇ ਵਧਣ ਦਾ ਇਹੀ ਕਾਰਣ ਹੈ । ਜੇ ਇਹ ਭਾਈਵਾਲੀ, ਜੋ ਅੱਜ ਵੀ ਕਾਇਮ ਹੈ, ਨਾ ਹੁੰਦੀ ਤਾਂ ਸ਼ਾਇਦ-
1. ਚਾਰ ਸਾਹਬਜ਼ਾਦਿਆਂ ਦੀ ਫ਼ਿਲਮ ਉੱਤੇ ਰੋਕ ਲੱਗ ਜਾਂਦੀ ਅਤੇ ਅਗਾਂਹ ਅਹਿਜੀਆਂ ਫ਼ਿਲਮਾਂ ਬਣਾਉਣ ਦਾ ਕਿਸੇ ਨੂੰ ਹੌਸਲਾ ਨਾ ਪੈਂਦਾ ਜਿਨ੍ਹਾਂ ਵਿੱਚ ਸਿੱਖ ਗੁਰੂ ਪਾਤਿਸ਼ਾਹਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਇਤਿਹਾਸਕ ਸਿੱਖ ਸ਼ਹੀਦਾਂ ਨੂੰ ਪੜਦੇ ਉੱਤੇ ਦਿਖਾਇਆ ਜਾ ਸਕਦਾ ।
2. ਪੁਰਾਤਨ ਸਿੱਖ ਇਤਿਹਾਸਕ ਯਾਦਗਾਰਾਂ ਨੂੰ ਢਾਹੇ ਜਾਣ ਤੋਂ ਬਚਾਇਆ ਜਾ ਸਕਦਾ ਸੀ ।
3. ਦਰਬਾਰ ਸਾਹਿਬ ਦੇ ਗੁੰਬਦਾਂ ਵਿੱਚ ਉਨ੍ਹਾਂ ਦੀ ਮੁਰੰਮਤ ਸਮੇਂ ਹਿੰਦੂ ਦੇਵੀ ਦੇਵਤਿਆਂ ਦੇ ਚਿੱਤ੍ਰ ਨਾ ਬਣਦੇ ।
4. ਸਿੱਖ ਇਤਿਹਾਸ ਬਾਰੇ ਪੁਰਾਤਨ ਕਵੀਆਂ ਦੇ ਲਿਖੇ ਗ੍ਰੰਥਾਂ ਵਿੱਚੋਂ ਬ੍ਰਾਹਮਣਵਾਦੀ ਅੰਸ਼ਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾ ਸਕਦਾ । 5. ਸੌਦਾ ਸਾਧ ਨੂੰ ਮੁਆਫ਼ੀ ਦੁਆਉਣ ਲਈ ਤਖ਼ਤਾਂ ਦੇ ਸੇਵਾਦਾਰਾਂ ਉੱਤੇ ਹੁਕਮ ਚਾੜ੍ਹ ਕੇ ਉਨ੍ਹਾਂ ਨੂੰ ਅਕਾਲੀ ਦੱਲ ਦੇ ਪ੍ਰਧਾਨ ਵਲੋਂ ਆਪਣੀ ਰਿਹਾਇਸ਼ ਉੱਤੇ ਨਾ ਬੁਲਾਇਆ ਜਾਂਦਾ ਅਤੇ ਸਿੱਖੀ ਵਿਚਾਰਧਾਰਾ ਨੂੰ ਖੋਰਾ ਨਾ ਲੱਗਦਾ ।
6. ਸ਼੍ਰੀ ਅਕਾਲ ਤਖ਼ਤ ਦੇ ਸੇਵਾਦਾਰ ਪੰਜ ਪਿਆਰਿਆਂ ਨੂੰ ਹਟਾਇਆ ਨਾ ਜਾਂਦਾ ਜਿਸ ਨਾਲ਼ ਸ਼੍ਰੀ ਅਕਾਲ ਤਖ਼ਤ ਅਤੇ ਪੰਜ ਪਿਆਰਿਆਂ ਦਾ ਅਪਮਾਨ ਹੋਇਆ ।
7. ਬ੍ਰਾਹਮਣਵਾਦ ਵਲੋਂ 6000 ਤੋਂ ਵੀ ਵੱਧ ਲਿਖੀਆਂ, ਸਿੱਖੀ ਦਾ ਮਖ਼ੌਲ ਉਡਾਉਂਦੀਆਂ ਪੁਸਤਕਾਂ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਕੂਲਾਂ ਅਤੇ ਵਿਸ਼ਵਵਿਦਿਆਲਿਆਂ ਵਿੱਚ ਪੜ੍ਹਾਈਆਂ ਵੀ ਜਾ ਰਹੀਆਂ ਹਨ, ਦਾ ਨੋਟਿਸ ਲਿਆ ਜਾ ਸਕਦਾ ।
8. ਸਿੱਖ ਗੁਰੂ ਪਾਤਿਸ਼ਾਹਾਂ ਦੀ ਪੁੱਜ ਕੇ ਨਿਰਾਦਰੀ ਕਰਦੀ ਹਿੰਦੀ ਵਿੱਚ ਲਿਖੀ ਪੁਸਤਕ ‘ਸਿੱਖੋਂ ਕਾ ਇਤਿਹਾਸ’ ਸੰਨ 1999 ਵਿੱਚ ਸ਼੍ਰੋ. ਕਮੇਟੀ ਵਲੋਂ ਨਾ ਛਪਾਈ ਜਾਂਦੀ ।
9 ਆਰ. ਐੱਸ. ਐੱਸ. ਮੈਂਬਰ ਹਰਚਰਨ ਸਿੰਘ ਨੂੰ ਸ਼੍ਰੋ. ਕਮੇਟੀ ਵਿੱਚ ਮੁੱਖ ਸਕੱਤ੍ਰ ਨਾ ਲਾਇਆ ਜਾਂਦਾ ।
10. ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲ਼ੇ ਦਸਤਾਵੇਜ਼ ਉੱਤੇ ਦਸਖ਼ਤ ਨਾ ਕਰਨ ਵਾਲ਼ੇ ਅੰਮ੍ਰਿਤਸਰ ਦੇ ਡੀ. ਸੀ. ਸ. ਗੁਰਦੇਵ ਸਿੰਘ ਨੂੰ ਹਟਾ ਕੇ ਨਵਾਂ ਬੰਦਾ ਨਾ ਲਾਇਆ ਜਾਂਦਾ ਜੋ ਇਸ ਦਸਤਾਵੇਜ਼ ਉੱਤੇ ਦਸਖ਼ਤ ਕਰ ਗਿਆ ਅਤੇ ਹਮਲੇ ਲਈ ਰਾਹ ਪੱਧਰਾ ਹੋਇਆ ।
11. ਅਖੌਤੀ ਦਸਮ ਗ੍ਰੰਥ ਨੂੰ ਸ਼੍ਰੀ ਗਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਬਣਾਉਣ ਦੀਆਂ ਸਾਜਸ਼ਾਂ ਸਫ਼ਲ ਨਾ ਹੁੰਦੀਆਂ ।
12. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚ ਦਾ ਪ੍ਰਚਾਰ ਕਰਨ ਵਾਲ਼ੀਆਂ ਸਿੱਖ ਸ਼ਖ਼ਸੀਅਤਾਂ ਉੱਤੇ ਛੇਕਣ ਦਾ ਕੁਹਾੜਾ ਨਾ ਚੱਲਦਾ ।
13. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਪ੍ਰਚਾਰਕਾਂ/ਕਥਾਵਾਚਕਾਂ ਦੀਆਂ ਪੱਗਾਂ ਨਾ ਲਾਹੀਆਂ ਜਾਂਦੀਆਂ ।
14. ਨਾਨਕ ਸ਼ਾਹੀ ਕੈਲੈਂਡਰ ਨੂੰ ਬ੍ਰਾਹਮਣਵਾਦੀ ਕੈਲੈਂਡਰ ਵਿੱਚ ਨਾ ਬਦਲਿਆ ਜਾਂਦਾ ।
15. ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਗੈਰ-ਸਿੱਖਾਂ ਵਲੋਂ ਸੈਮੀਨਾਰ ਰਚਾਉਣ 'ਤੇ ਪਾਬੰਦੀ ਲੱਗਦੀ ।
16. ਬਹੁਤ ਸਾਰੇ ਵਿਦੇਸ਼ੀ ਵਿਸ਼ਵਵਿਦਿਆਲਿਆਂ ਵਿੱਚ ਬ੍ਰਾਹਮਣਵਾਦੀਆਂ ਵਲੋਂ ਕਰੋੜਾਂ ਰੁਪਏ ਸਹਾਇਤਾ ਦੇ ਕੇ ਸਿੱਖੀ ਨੂੰ ਬ੍ਰਾਹਮਣਵਾਦੀ ਰੰਗਤ ਦੇਣ ਲਈ ਸਥਾਪਤ ਕੀਤੀਆਂ ਸਿੱਖ ਚੇਅਰਜ਼ ਨੂੰ ਹਟਾਇਆ ਜਾ ਸਕਦਾ ।
ਹੋਰ ਵੀ ਬਹੁਤ ਸਾਰੇ ਨੁਕਤੇ ਲਿਖੇ ਜਾ ਸਕਦੇ ਹਨ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਹਨ ਅਤੇ ਸਿੱਖਾਂ ਨੂੰ ਹੀ ਹੱਕ ਹੈ ਕਿ ਇਸ ਬਾਰੇ ਸੈਮੀਨਾਰ ਕਰ ਕੇ ਸਿੱਖਾਂ ਨੂੰ ਇਸ ਦੀ ਵਿਚਾਰਧਾਰਾ ਤੋਂ ਜਾਣੂੰ ਕਰਾਉਣ । ਸਿੱਖਾਂ ਨੇ ਕਦੇ ਰਾਮਾਇਣ, ਗੀਤਾ, ਮਹਾਂਭਾਰਤ, ਵੇਦਾਂ, ਸ਼ਾਸਤਰਾਂ, ਸਿਮ੍ਰਿਤੀਆਂ ਬਾਰੇ ਕਦੇ ਸੈਮੀਕਾਰ ਨਹੀਂ ਕੀਤੇ ਕਿਉਂਕਿ ਸਿੱਖਾਂ ਦੇ ਮਨ ਵਿੱਚ ਹਿੰਦੂ ਮੱਤ ਵਿੱਚ ਦਖ਼ਲ ਦੇਣ ਦਾ ਕੋਈ ਵਿਚਾਰ ਹੀ ਨਹੀਂ ਹੈ । ਫਿਰ ਗ਼ੈਰ-ਸਿੱਖਾਂ ਨੂੰ ਇਹ ਅਧਿਕਾਰ ਕਿਵੇਂ ਹੈ ਕਿ ਉਹ ਸਿੱਖਾਂ ਦੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਕਿਤੇ ਵੀ ਕੋਈ ਸੈਮੀਨਾਰ ਕਰਨ? ਸਪੱਸ਼ਟ ਹੈ ਕਿ ਬ੍ਰਾਹਮਣਵਾਦ ਸਿੱਖੀ ਨੂੰ ਓਵੇਂ ਹੀ ਨਿਗਲਣਾ ਚਾਹੁੰਦਾ ਹੈ ਜਿਵੇਂ ਉਹ ਬੁੱਧ ਮੱਤ, ਜੈਨ ਮੱਤ ਅਤੇ ਪਾਰਸੀ ਮੱਤ ਨੂੰ ਭਾਰਤ ਵਿੱਚੋਂ ਨਿਗਲ਼ ਗਿਆ ।
ਸਿੱਟਾ: ਸ਼ੋ, ਕਮੇਟੀ ਅਤੇ ਅਕਾਲੀ ਦੱਲ ਤੋਂ ਕੋਈ ਆਸ ਨਹੀਂ ਕਿ ਸਿੱਖੀ ਉੱਤੇ ਹੋ ਰਹੇ ਹਮਲਿਆਂ ਨੂੰ ਉਹ ਰੋਕ ਸਕਣ । ਇਹ ਤਾਂ ਅੰਤਰਰਾਸ਼ਟਰੀ ਪੱਧਰ ਉੱਤੇ ਬਣੀਆਂ ਸਿੱਖ ਜਥੇਬੰਦੀਆਂ ਨੂੰ ਹੀ ਅੱਗੇ ਆਉਣਾ ਪਵੇਗਾ ਤਾਂ ਜੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਵਿਚਾਰਧਾਰਾ ਉੱਤੇ ਬ੍ਰਾਹਮਣਵਾਦੀ ਅਤੇ ਹੋਰ ਸੰਸਥਾਵਾਂ ਸੈਮੀਨਾਰ ਨਾ ਕਰ ਸਕਣ । ਹਰ ਵਿਸ਼ਵਵਿਦਿਆਲੇ ਤਕ ਪਹੁੰਚ ਕਰਨੀ ਪਵੇਗੀ ਜਿੱਥੇ ਬ੍ਰਾਹਮਣਵਾਦੀਆਂ ਵਲੋਂ ਸਿੱਖ ਚੇਅਰਜ਼ ਦੀ ਸਥਾਪਨਾ ਕਰਵਾਈ ਗਈ ਹੈ । ਇਹ ਅਧਿਕਾਰ ਕੇਵਲ ਸਿੱਖਾਂ ਦਾ ਹੈ ਅਤੇ ਸਿੱਖਾਂ ਕੋਲ਼ ਹੀ ਰਹਿਣਾ ਚਾਹੀਦਾ ਹੈ ।
ਕਸ਼ਮੀਰਾ ਸਿੰਘ (ਪ੍ਰੋ.) U.S.A.
ਸਿੱਖੀ ਵਿਚਾਰਧਾਰਾ ਉੱਤੇ ਹਮਲਿਆਂ ਨੂੰ ਕੌਣ ਰੋਕੇ ?
Page Visitors: 2531