"ਬਾਲਾ" ਨਾਮ ਦਾ ਕੋਈ ਸ਼ਖਸ ਗੁਰੂ ਨਾਨਕ ਸਾਹਿਬ ਨਾਲ ਨਹੀਂ ਹੋਇਆ
ਆਤਮਜੀਤ ਸਿੰਘ, ਕਾਨਪੁਰ
ਇੰਨੀ ਸੌਖੀ ਜਿਹੀ ਗੱਲ ਸਾਨੂੰ ਕਿੰਨ੍ਹੇ ਵਰ੍ਹਿਆਂ ਤੋਂ ਸਮਝ ਨਹੀਂ ਆ ਰਹੀਂ 'ਕਿ ਬਾਲਾ ਨਾਂ ਦਾ ਕੋਈ ਸ਼ਖਸ ਗੁਰੂ ਨਾਨਕ ਸਾਹਿਬ ਦੇ ਵੇਲੇ ਹੋਇਆ ਹੀ ਨਹੀਂ .. ਸੋਚਣ ਵਾਲੀ ਗੱਲ ਹੈ ਜੇ ਕੋਈ ਬਾਲਾ ਹੋਇਆ ਹੁੰਦਾ 'ਤੇ ਗੁਰੂ ਨਾਨਕ ਸਾਹਿਬ ਨੇ ਉਨਾਂ ਸਤਿਕਾਰ ਭਾਈ ਬਾਲੇ ਨੂੰ ਨਹੀਂ ਦੇਣਾ ਸੀ ਜਿੰਨਾ ਭਾਈ 'ਮਰਦਾਨੇ' ਨੂੰ ਦਿੱਤਾ ..?
ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਹੇਠ 'ਗੁਰ ਗ੍ਰੰਥ ਸਾਹਿਬ' ਜੀ ਵਿਚ ਦੋ ਸਲੋਕ ਦਰਜ ਕੀਤੇ ਹਨ
..
ਸਲੋਕੁ ਮਰਦਾਨਾ ੧ ॥
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥
ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥
ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥
ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥ {ਪੰਨਾ 553}
ਮਰਦਾਨਾ ੧ ॥
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥
ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥
ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥ {ਪੰਨਾ553}
ਜੇ ਕੋਈ ਗੁਰੂ ਨਾਨਕ ਸਾਹਿਬ ਦਾ ਸਾਥੀ ਬਾਲਾ ਹੋਇਆ ਹੁੰਦਾ ਤੇ ਗੁਰੂ ਨਾਨਕ ਸਾਹਿਬ ਉਸਦਾ ਜਿ਼ਕਰ ਨਾ ਕਰਦੇ, ਜਿਵੇਂ ਉਨ੍ਹਾਂ ਨੇ ਭਾਈ ਮਰਦਾਨੇ ਦਾ ਕੀਤਾ ..
ਅਤੇ ਜਿਹੜੇ ਕਹਿੰਦੇ ਹਨ ਗੁਰੂ ਅੰਗਦ ਸਾਹਿਬ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਆਪ ਲਿਖਵਾਈ ਸੀ ਉਹਨਾਂ ਇਹ ਗੱਲ ਚੇਤੇ ਕਿਉਂ ਨਹੀੰ ਆਉਂਦੀ ਜੇ ਕੋਈ ਬਾਲਾ ਹੋਇਆ ਹੁੰਦਾ 'ਤੇ ਉਸਦਾ ਜਿਕਰ ਉਹ ਬਾਣੀ ਵਿਚ ਨਾ ਕਰਦੇ ਜਿਵੇਂ ਗੁਰ ਨਾਨਕ ਸਾਹਿਬ ਨੇ ਭਾਈ ਮਰਦਾਨੇ ਦਾ ਕੀਤਾ .. ਅਸਲ ਵਿਚ 'ਬਾਲੇ ਵਾਲੀ ਜਨਮਸਾਖੀ' ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਕਤ ਬਿਧੀ ਚੰਦ ਹਦਾਲੀਏ ਦੀ ਕਰਤੂਤ ਹੈ ..
ਸਿਰਫ਼ ਇੰਨਾ ਹੀ ਨਹੀਂ ਭਾਈ ਗੁਰਦਾਸ ਜੀ ਨੇ ਅਪਣੀ ਗਿਆਰਵੀਂ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਸਾਰੇ ਮਹਾਨ ਸਿਖਾਂ ਦਾ ਜ਼ਿਕਰ ਕੀਤਾ ਹੈ ਪਰ ਬਾਲੇ ਦਾ ਨਹੀਂ .. ਕੀ ਭਾਈ ਗੁਰਦਾਸ ਜੀ ਵੀ ਭਾਈ ਬਾਲੇ ਤੋਂ ਅਣਜਾਣ ਸਨ ..?
ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਇ ਉਦਾਸੀ। ਮੂਲਾ ਕੀੜ ਵਖਾਣੀਏ ਚਲਿਤ ਅਚਰਜ ਲੁਭਤ ਗੁਰਦਾਸੀ।
ਪਿਰਥਾ ਖੇਡਾ ਸੋਇਰੀ ਚਰਣ ਸਰਣ ਸੁਖ ਸਹਿਜ ਨਿਵਾਸੀ। ਭਲਾ ਰਬਾਬ ਵਜਾਇੰਦਾ ਮਜਲਸ "ਮਰਦਾਨਾ" ਮੀਰਾਸੀ।
ਪਿਰਥੀ ਮਲ ਸਹਿਗਲ ਭਲਾ ਰਾਮਾ ਡਿਡੀ ਭਗਤ ਅਭਿਆਸੀ। ਦੌਲਤ ਖਾਂ ਲੋਦੀ ਭਲਾ ਹੋਆ ਜਿੰਦ ਪੀਰ ਅਬਿਨਾਸੀ।
ਮਾਲੋ ਮਾਂਗਾ ਸਿਖ ਦੁਇ ਗੁਰਬਾਣੀ ਰਸ ਰਸਿਕ ਬਿਲਾਸੀ। ਸਨਮੁਖ ਕਾਲੂ ਆਸ ਧਾਰ ਗੁਰਬਾਣੀ ਦਰਗਹਿ ਸਾਬਾਸੀ।
ਗੁਰਮਤਿ ਭਾਉ ਭਗਤਿ ਪ੍ਰਗਾਸੀ।੧੩।
ਭਗਰ ਜੋ ਭਗਤਾ ਓਹਰੀ ਜਾਪੂ ਵੰਸੀ ਸੇਵ ਕਮਾਵੈ।
ਸੀਹਾਂ ਉਪਲ ਜਾਣੀਏ ਗਜਨ ਉਪਲ ਸਤਿਗੁਰ ਭਾਵੈ।
ਮੈਲਸੀਆਂ ਵਿਚ ਆਖੀਏ ਭਾਗੀਰਥ ਕਾਲੀ ਗੁਨ ਗਾਵੈ।
ਜਿਤਾ ਰੰਧਾਵਾਂ ਭਲਾ ਬੂੜਾ ਬੁਢਾ ਇਕ ਮਨ ਧਿਆਵੈ।
ਫਿਰਣਾ ਖਹਿਰਾ ਜੋਧੁ ਸਿਖੁ ਜੀਵਾਈ ਗੁਰੁ ਸੇਵ ਸਮਾਵੈ।
ਗੁਜਰੁ ਜਾਤਿ ਲੁਹਾਰੁ ਹੈ ਗੁਰ ਸਿਖੀ ਗੁਰ ਸਿਖ ਸੁਣਾਵੈ।
ਨਾਈ ਧਿੰਙ ਵਖਾਣੀਐ ਸਤਿਗੁਰੂ ਸੇਵਿ ਕੁਟੰਬੁ ਤਰਾਵੈ।
ਗੁਰਮੁਖਿ ਸੁਖ ਫਲ ਅਲਖ ਲਖਾਵੈ।੧੪। (ਵਾਰ ੧੧)
ਬਾਬਾ ਗਿਆ ਬਗਦਾਦ ਨੂੰ ਬਹਾਰ ਜਾਇ ਕੀਆ ਅਸਾਥਨਾ। ਇਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। (ਵਾਰ ੧)
ਭਾਈ ਗੁਰਦਾਸ ਨੇ ਵੀ ਗੁਰੂ ਨਾਨਕ ਸਾਹਿਬ ਨਾਲ ਮਰਦਾਨੇ ਦੇ ਹੋਣ ਦੀ ਹਾਮੀ ਭਰੀ ਹੈ ਪਰ ਬਾਲੇ ਦਾ ਕਿਤੇ ਜ਼ਿਕਰ ਨਹੀਂ ਕੀਤਾ .. ਸੋ ਭਾਈ ਗੁਰਦਾਸ ਵੀ ਇਸ 'ਬਾਲੇ' ਦੀ ਹੋਦ ਨੂੰ ਨਹੀਂ ਮੰਨਦੇ।
ਸੋ ਉਪਰੋਕਤ ਵਿਚਾਰ ਤੋਂ ਸਪਸ਼ਟ ਹੈ 'ਬਾਲੇ' ਨਾਂ ਦਾ ਕੋਈ ਸ਼ਖਸ ਗੁਰੂ ਨਾਨਕ ਸਾਹਿਬ ਦੇ ਵੇਲੇ ਨਹੀਂ ਹੋਇਆ, ਬਾਲਾ ਇਕ ਕਾਲਪਨਿਕ ਪਾਤਰ ਹੈ ਅਤੇ ਬਾਲੇ ਵਾਲੀ ਜਨਮਸਾਖੀ ਦਾ ਅਸਲ ਮਕਸਦ ਗੁਰ ਨਾਨਕ ਸਾਹਿਬ ਨੂੰ ਨੀਵਾਂ ਦਿਖਾਉਣਾ ਹੈ ।