ਅਖੌਤੀ ਦਸਮ ਗ੍ਰੰਥ ਦੀ "ਜਾਪੁ" ਰਚਨਾ ਅਤੇ ਸ਼ਿਵ ਪੁਰਾਣ ਵਿੱਚ "ਅਵਧੂਤ" ਸ਼ਬਦ ਦੀ ਵਰਤੋਂ
ਪ੍ਰੋ. ਕਸ਼ਮੀਰਾ ਸਿੰਘ USA
ਸੰਨ 1945 ਵਿੱਚ ਸ਼੍ਰੋ. ਕਮੇਟੀ ਦੁਆਰਾ ਦੂਜੀ ਵਾਰੀ ਪ੍ਰਵਾਨ ਕੀਤੀ ਸਿੱਖ ਰਹਤ ਮਰਯਾਦਾ ਰਾਹੀਂ ‘ਜਾਪੁ’ ਨਾਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਇੱਕ ਰਚਨਾ ਸਿੱਖਾਂ ਲਈ ਨਿੱਤਨੇਮ ਅਤੇ ਪਾਹੁਲ ਰਾਹੀਂ ਪੜ੍ਹਨ ਲਈ ਧਿੰਙੋਜ਼ੋਰੀ ਨਾਲ਼ ਗੁਰੂ ਬਖ਼ਸ਼ੇ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲੇ 13 ਪੰਨਿਆਂ ਉੱਤੇ ਲਿਖੇ ਨਿੱਤਨੇਮ ਵਿੱਚ ਰਲ਼ਾ ਦਿੱਤੀ ਗਈ ।
ਪਹਿਲੀ ਮੰਜ਼ੂਰੀ ਸੰਨ 1936 ਵਿੱਚ ਦਿੱਤੀ ਗਈ ਸੀ । ਸਿੱਖਾਂ ਦੀ ਚੁਣੀ ਹੋਈ ਜਮਾਤ ਕਾਰਣ ਸਿੱਖਾਂ ਨੂੰ ਇਸ ਕਮੇਟੀ ਦੀ ਕਾਰਗੁਜ਼ਾਰੀ ਉੱਤੇ ਕੋਈ ਸ਼ੱਕ ਨਹੀਂ ਪਿਆ ਅਤੇ ਸਿੱਖ ਵੀ ਬਿਨਾਂ ਅਰਥ ਵਿਚਾਰੇ ਪੜ੍ਹਦੇ ਗਏ ।
ਸ਼੍ਰੋ. ਕਮੇਟੀ ਦੁਆਰਾ ਦਸਵੇਂ ਗੁਰੂ ਜੀ ਤੋਂ ਪ੍ਰਵਾਨਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲ਼ਾ ਰੋਜ਼ਾਨਾ ਦਾ ਨਿੱਤਨੇਮ ਭੰਗ ਕਰ ਕੇ ਸਿੱਖੀ ਵਿਚਾਰਧਾਰਾ ਉੱਤੇ ਬਹੁਤ ਭਾਰੀ ਸੱਟ ਮਾਰੀ ਗਈ ਜਿਸ ਦਾ ਦਰਦ ਅਜੇ ਤਕ ਕਾਇਮ ਹੈ । ਇਹ ਬ੍ਰਾਹਮਣਵਦੀ ਸੋਚ ਵਾਲ਼ੀ ਕਾਰਵਾਈ ਸੀ ਜਿਸ ਤੋਂ ਸਿੱਖੀ ਦੇ ਦੁਸ਼ਮਣ ਬਹੁਤ ਖ਼ੁਸ਼ ਸਨ ਅਤੇ ਹੁਣ ਵੀ ਹਨ ।
ਅਖੌਤੀ ਦਸਮ ਗ੍ਰੰਥ ਦਾ ਆਧਾਰ ਮੁੱਖ ਤੌਰ 'ਤੇ ਹਿੰਦੂ ਮੱਤ ਦੇ ਤਿੰਨ ਗ੍ਰੰਥ ਹਨ- ਮਾਰਕੰਡੇ ਪੁਰਾਣ, ਭਾਗਵਤ ਪੁਰਾਣ ਅਤੇ ਸ਼ਿਵ ਪੁਰਾਣ ।
ਜਾਪੁ ਨਾਂ ਦੀ ਰਚਨਾ ਵਿੱਚ ਬਿਆਨ ਕੀਤੇ ਗਏ ਗੁਣ ਹਿੰਦੂ ਮੱਤ ਦੇ ਗ੍ਰੰਥ ਸ਼ਿਵ ਪੁਰਾਣ ਵਿੱਚ ਸ਼ਿਵ ਦੇ ਹੀ ਗੁਣ ਹਨ, ਭਾਵੇਂ ਦੁਰਗਾ ਦੇ ਗੁਣ ਵੀ ਹਨ ।
ਮਹਾਂਕਾਲ਼ ਸ਼ਿਵ ਦਾ ਹੀ ਇੱਕ ਰੂਪ ਹੈ ਜਿਸ ਦਾ ਮੰਦਰ ਉਜੈਨ ਵਿੱਚ ਹੈ ।
ਸ਼ਿਵ ਪੁਰਾਣ ਵਿੱਚ ‘ਅਵਧੂਤ’ ਕਿੱਸ ਨੂੰ ਕਿਹਾ ਗਿਆ ਹੈ?
ਪੰਡਿਤ ਕੇਵਲ ਕ੍ਰਿਸ਼ਨ ਨੇ ਸ਼ਿਵ ਪੁਰਾਣ ਦਾ ਉਲੱਥਾ ਪੰਜਾਬੀ ਵਿੱਚ ਕੀਤਾ ਹੈ ਅਤੇ ਪਰਦੀਪ ਪਬਲਿਸ਼ਰਜ਼ ਜਲੰਧਰ ਵਾਲ਼ਿਆਂ ਨੇ ਇਸ ਨੂ ਛਾਪਿਆ ਹੈ । ਇਸ ਸ਼ਿਵ ਪਰਾਣ ਦੇ 22ਵੇਂ ਅਧਿਆਇ ਵਿੱਚ ਇਉਂ ਲਿਖਿਆ ਹੋਇਆਂ ਹੈ-
ਬ੍ਰਹਮਾ ਜੀ ਨੇ ਕਿਹਾ- “ਹੇ ਨਾਰਦ ! ਉਸ ਸਮੇਂ ਹਿਮਾਚਲ ( ਗਿਰਿਜਾ/ਪਾਰਬਤੀ ਦਾ ਪਿਤਾ) ਨੇ ਬਹੁਤ ਦੁਖੀ ਹੋ ਕੇ ਗਿਰਿਜਾ ਨੂੰ ਆਪਣੇ ਕੋਲ਼ ਸੱਦਿਆ ਅਤੇ ਇਹ ਕਿਹ- “ਹੇ ਧੀਏ! ਤੂੰ ਇਹ ਕੀ ਕੀਤਾ ਜੋ ਸੱਭ ਦੇਵਤਾਵਾਂ ਨੂੰ ਛੱਡ ਕੇ ਅਵਧੂਤ ਪਤੀ ਦੀ ਇੱਛਿਆ ਕੀਤੀ? ਮੈਂ ਤਾਂ ਆਪਣੇ ਵਚਨ ਕਾਰਣ ਤੈਨੂੰ ਕੁੱਝ ਨਹੀਂ ਕਹਿ ਸਕਦਾ, ਪਰ ਤੇਰੀ ਮਾਤਾ ਅਪਯਸ਼ ਦਾ ਧਿਆਂਨ ਕਰਕੇ ਬਹੁਤ ਦੁਖੀ ਹੋ ਰਹੀ ਹੈ । ਜਦ ਮੈਂ ਇਹ ਵਿਚਾਰ ਕਰਦਾ ਹਾਂ ਕਿ ਮੇਰੀ ਧੀ ਦਾ ਵਿਆਹ ਇੱਕ ਅਵਧੂਤ ਨਾਲ਼ ਹੋਵੇਗਾ, ਉਸ ਦਮੇਂ ਦੁੱਖ ਦੇ ਸਮੁੰਦਰ ਵਿੱਚ ਡੁੱਬ ਜਾਂਦਾ ਹਾਂ । ਮੈਨੂੰ ਬਹੁਤ ਚਿੰਤਾ ਹੈ ਕਿ ਮੈਂ ਤਾਂ ਇੰਨਾਂ ਸਾਮਾਨ ਇਕੱਠਾ ਕੀਤਾ ਪਰ ਤੇਰਾ ਪਤੀ ਆਪਣੇ ਨਾਲ਼ ਸਿਰਫ਼ ਦੋ ਕਰੂਪ ਚੇਲਿਆਂ ਨੂੰ ਬਰਾਤੀਆਂ ਦੇ ਨਾਂ ਉੱਤੇ ਲਿਆਇਆ ਹੈ ।ਉਸ ਦੇ ਨਾਲ਼ ਜੋ ਬਲਦ ਹੈ ਉਹ ਵੀ ਬਹੁਤ ਬੁੱਢਾ ਅਤੇ ਕਮਜ਼ੋਰ ਹੈ । ਉਸ ਬਲਦ ਦੇ ਉੱਪਰ ਭੰਗ-ਧਤੂਰਾ ਆਦਿ ਕਈ ਪ੍ਰਕਾਰ ਦੀਆਂ ਮਾਦਕ ਚੀਜ਼ਾਂ ਅਤੇ ਵੱਖ-ਵੱਖ ਤਰ੍ਹਾਂ ਦੇ ਜ਼ਹਰ ਲੱਦੇ ਹੋਏ ਹਨ । ਮੇਰੀ ਕਿਸਮ ਤਾਂ ਦੇਖੋ ਕਿ ਕਿਹੋ ਜਿਹੀ ਬਰਾਤ ਮੇਰੇ ਦਰਵਾਜ਼ੇ ਉੱਤੇ ਆਈ ਹੈ । ਹੁਣ ਭਲਾ ਤੂੰ ਹੀ ਦੱਸ ਸੱਭ ਲੋਕ ਮੈਂਨੂੰ ਕਿਉਂ ਨਹੀਂ ਬੁਰਾ ਭਲਾ ਕਹਿਣਗੇ?”
ਪਿਤਾ ਦੀ ਗੱਲ ਸੁਣ ਕੇ ਗਿਰਿਜਾ ਨੇ ਕਿਹਾ ਕਿ ਚਿੰਤਾ ਨਾ ਕਰੋ । ਜੋ ਲੀਲ੍ਹਾ ਹੋ ਰਹੀ ਹੈ ਸੱਭ ਖ਼ੁਸ਼ੀ ਦੇਣ ਵਾਲ਼ੀ ਹੀ ਹੈ ।
ਗਿਰਿਜਾ ਦੇ ਪਿਤਾ ਹਿਮਾਂਚਲ ਨੇ ਸਾਰੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਗਿਰਿਜਾ ਦੀ ਕਹੀ ਗੱਲ ਸੁਣਾਈ ਅਤੇ ਕਿਹਾ ------“ ਹੇ ਭਰਾਵੋ! ਉਹ ਜਗੀ ਅਵਧੂਤ ਦਾ ਸਰੂਪ ਬਣਾਏ ਹੋਏ ਇੱਕ ਕਮਜ਼ੋਰ ਬਲਦ ਅਤੇ ਦੋ ਛੋਟੇ-ਛੋਟੇ ਬੱਚਿਆਂ ਨੂੰ ਨਾਲ਼ ਲੈ ਕੇ ਇੱਥੇ ਆਇਆ ਹੈ। ਹੁਣ ਤੁਹਾਡੇ ਲੋਕਾਂ ਦੀ ਜੋ ਸਲਾਹ ਹੋਵੇ ਤਿਵੇਂ ਕੀਤਾ ਜਾਵੇ”।
ਉੱਪਰੋਕਤ ਕਹਾਣੀ ਸ਼ਿਵ ਅਤੇ ਗਿਰਿਜਾ/ਪਾਰਬਤੀ/ਦੁਰਗਾ ਦੇ ਵਿਆਹ ਰਚਾਉਣ ਦੀ ਹੈ । ਇਸ ਕਹਾਣੀ ਵਿੱਚ ਅਵਧੂਤ ਸ਼ਬਦ ਦੀ ਵਰਤੋਂ ਹਿੰਦੂ ਮੱਤ ਦੇ ਸ਼ਿਵ ਦੇਵਤੇ ਲਈ ਹੋਈ ਹੈ । ਸ਼ਿਵ ਹੀ ਅਵਧੁਤ ਹੈ । ਰੱਬ ਅਵਧੂਤ ਨਹੀਂ ਹੈ ।
‘ਜਾਪੁ’ ਰਚਨਾ ਵਿੱਚ ‘ਅਵਧੂਤ’ ਸ਼ਬਦ ਦੀ ਵਰਤੋਂ:
ਜਤ੍ਰ ਤਤ੍ਰ ਬਿਰਾਜਹੀ ਅਵਧੂਤ ਰੂਪ ਰਸਾਲ । 79 ।
ਆਪ ਰੂਪ ਅਮੀਕ ਅਨ ਉਸਤਤਿ ਏਕ ਪੁਰਖ ਅਵਧੂਤ । 85 ।
ਕਿ ਅਵਧੂਤ ਬਰਨੈ॥ ਕਿ ਬਿਭੂਤ ਕਰਨੈ । 104 ।
ਵਿਚਾਰ:
ਜਾਪੁ ਰਚਨਾ ਨੂੰ ਪੜ੍ਹਦੇ ਹੋਏ ਸੱਜਣ ਇਹ ਸਮਝ ਕੇ ਪੜ੍ਹਦੇ ਹਨ ਕਿ ਰੱਬ ਵੀ ਅਵਧੂਤ ਰੂਪ ਹੈ । ਸ਼ਿਵ ਪੁਰਾਣ ਵਿੱਚ ਸ਼ਿਵ ਨੂੰ ਵੀ ਅਵਧੂਤ ਰੂਪ ਵਿੱਚ ਚਿਤ੍ਰਿਆ ਗਿਆ ਹੈ ਅਤੇ ਜਾਪੁ ਵਿੱਚ ਵੀ ਕਵੀ ਨੇ ਸ਼ਿਵ ਦੇ ਇਸੇ ਰੂਪ ਨੂੰ ਚਿਤ੍ਰਿਆ ਹੈ । ਜਾਪੁ ਵਿੱਚ ਲਿਖਿਆ ਅਵਧੂਤ ਸ਼ਬਦ ਰੱਬ ਲਈ ਨਹੀਂ ਵਰਤਿਆ ਗਿਆ ਅਤੇ ਨਾ ਹੀ ਰੱਬ ਅਵਧੂਤ ਹੈ । ਸ਼ਿਵ ਪੁਰਾਣ ਵਿੱਚ ਸ਼ਿਵ ਦਾ ਇਹ ਗੁਣ ਹੀ ਜਾਪੁ ਰਚਨਾ ਵਿੱਚ ਦਿਖਾਇਆ ਗਿਆ ਹੈ ।
ਅਵਧੂਤ ਦਾ ਅਰਥ ਪਿੰਡੇ ਉੱਤੇ ਸੁਆਹ ਮਲਣ ਵਾਲ਼ਾ ਸੰਨਿਯਾਸੀ ਹੁੰਦਾ ਹੈ । ਰੱਬ ਦੇਹਧਾਰੀ ਨਹੀਂ ਹੈ ਜਿਸ ਲਈ ਰੱਬ ਦੁਆਰਾ ਸੁਆਹ ਮਲਣ ਦਾ ਪ੍ਰਸ਼ਨ ਹੀ ਨਹੀਂ ਉੱਠਦਾ । ਰੱਬ ਦਾ ਕੋਈ ਪਿੰਡਾ ਨਹੀਂ ਹੈ ।
ਕੀ ਅਵਧੂਤ ਕਿਸੇ ਇਸਤ੍ਰੀ ਨੂੰ ਦੀਖਿਆ ਦੇ ਸਕਦਾ ਹੈ?
ਉੱਤਰ ਨਾਂਹ ਵਿੱਚ ਹੈ । ਇੱਕ ਅਵਧੂਤਾਨੀ ਦੂਜੀ ਅਵਧੂਤਾਨੀ ਤੋਂ ਹੀ ਦੀਖਿਆ ਲੈਂਦੀ ਹੈ ਕਿਉਂਕਿ ਅਵਧੂਤ/ਸੰਨਿਯਾਸੀ ਕਿਸੇ ਇਸਤ੍ਰੀ ਨੂੰ ਦੀਖਿਆ ਨਹੀਂ ਦੇ ਸਕਦਾ । ਗੁਰਬਾਣੀ ਵਿੱਚ ਬਾਣੀ ਕਾਰਾਂ ਵਲੋਂ ਲਿਖੀ ਰੱਬ ਦੀ ਸਿੱਖਿਆ ਇਸਤ੍ਰੀ ਅਤੇ ਮਰਦ ਦੋਹਾਂ ਵਾਸਤੇ ਹੀ ਹੈ । ਗੁਰਬਾਣੀ ਰੱਬੀ ਉਪਦੇਸ਼ ਹੈ । ਇਹ ਉਪਦੇਸ਼ ਇਸਤ੍ਰੀਆਂ ਲਈ ਮਨ੍ਹਾਂ ਨਹੀਂ ਹੈ । ਇਸ ਤੋਂ ਸਪੱਸ਼ਟ ਹੈ ਕਿ ਜਾਪੁ ਵਿੱਚ ‘ਅਵਧੂਤ’ ਸ਼ਬਦ ਸ਼ਿਵ ਲਈ ਹੀ ਵਰਤਿਆ ਹੈ ਅਤੇ ਜਾਪੁ ਵਿੱਚ ਸ਼ਿਵ ਪੁਰਾਣ ਵਿੱਚ ਲਿਖੀ ਸ਼ਿਵ ਦੇਵਤੇ ਦੀ ਮਹਿਮਾਂ ਕੀਤੀ ਹੈ ਜਿਸ ਨੂੰ ਜਾਪੁ ਪੜ੍ਹਨ ਵਾਲ਼ੇ ਧਿੰਙੋਜ਼ੋਰੀ ਨਾਲ਼ ਹੀ ਰੱਬ ਦੀ ਮਹਿਮਾ ਕਹੀ ਜਾ ਰਹੇ ਹਨ ਅਤੇ ਅਕਾਰਥ ਹੀ ਇਸ ਰਚਨਾ ਨੂੰ ਦਸਵੇਂ ਗੁਰੂ ਜੀ ਨਾਲ਼ ਜੋੜੀ ਜਾਂਦੇ ਹਨ ।
ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਕੋਈ ਵੀ ਰਚਨਾ ਗੁਰਬਾਣੀ ਦਾ ਦਰਜਾ ਨਹੀਂ ਰੱਖਦੀ ਕਿਉਂਕਿ ਗੁਰੂ ਕ੍ਰਿਤ ਸਾਰੀ ਬਾਣੀ ਦਸਵੇਂ ਗੁਰੂ ਜੀ ਨੇ ਆਪ ਹੀ ਦਮਦਮੀ ਬੀੜ ਵਿੱਚ ਦਰਜ ਕਰਵਾ ਦਿੱਤੀ ਸੀ ਪਰ ਪਤਾ ਨਹੀਂ ‘ਜਾਪੁ’ ਪੜ੍ਹਨ ਅਤੇ ਪੜ੍ਹਾਉਣ ਵਾਲ਼ਿਆਂ ਨੂੰ ਇਸ ਤੱਥ ਉਤੇ ਵਿਸ਼ਵਾਸ ਕਿਉਂ ਨਹੀਂ ਬੱਝਦਾ।
ਗੁਰੂ ਗ੍ਰੰਥ ਸਾਹਬ ਜੀ ਦੀ ਜੈ ਜੈਕਾਰ!
ਕਸ਼ਮੀਰਾ ਸਿੰਘ (ਪ੍ਰੋ.) U.S.A.
ਅਖੌਤੀ ਦਸਮ ਗ੍ਰੰਥ ਦੀ "ਜਾਪੁ" ਰਚਨਾ ਅਤੇ ਸ਼ਿਵ ਪੁਰਾਣ ਵਿੱਚ "ਅਵਧੂਤ" ਸ਼ਬਦ ਦੀ ਵਰਤੋਂ
Page Visitors: 2466