ਜਦੋਂ ਸਿਮਰਨ ਦੀ ਪਰਿਭਾਸ਼ਾ ਨੂੰ ਹੀ ਸਮਝਣ ਵਿੱਚ ਅਸੀਂ ਅਸਫਲ ਰਹੇ...
ਅਮਨਪ੍ਰੀਤ ਸਿੰਘ ਲੁਧਿਆਣਾ
ਸਿੱਖ ਧਰਮ ਦੇ ਮੁੱਢਲੇ ਮੁੱਖ ਉਪਦੇਸ਼ਾਂ ਚੋਂ ਸੇਵਾ ਤੇ ਸਿਮਰਨ ਨੂੰ ਉਚੇਚੀ ਮਹੱਤਤਾ ਦਿੱਤੀ ਗਈ ਹੈ ਭਾਂਵੇਂ ਸਮੁੱਚੀ ਗੁਰਬਾਣੀ ਹਰੇਕ ਪਹਿਲੂ ਤੇ ਸਿੱਖ ਦਾ ਮਾਰਗ ਦਰਸ਼ਨ ਕਰਦੀ ਹੈ ਪਰ ਮੁੱਖ ਰੂਪ ਵਿੱਚ ਸੇਵਾ ਤੇ ਸਿਮਰਨ ਨੂੰ ਹੀ ਮੁੱਖ ਅੰਗ ਮੰਨਿਆ ਗਿਆ ਹੈ ... ਇਥੇ ਇਸ ਵੀਚਾਰ ਨੂੰ ਅੱਗੇ ਤੋਰਦਿਆਂ ਸਿਮਰਨ ਦੇ ਮੁੱਦੇ 'ਤੇ ਗੱਲ ਸਾਂਝੀ ਕਰਾਂਗੇ ਤਾਂ ਜੋ ਇਸ ਮੁੱਖ ਪਹਿਲੂ ਦੀ ਜਾਣਕਾਰੀ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਸਮਝਣ ਦਾ ਯਤਨ ਕੀਤਾ ਜਾ ਸਕੇ ।
ਸਿਮਰਨ ਦਾ ਗੁਰਬਾਣੀ ਵਿੱਚ ਅਨੇਕਾਂ ਵਾਰ ਜਿਕਰ ਕੀਤਾ ਗਿਆ ਹੈ ਤੇ ਇਸ ਤੋਂ ਬਿਨਾਂ ਜੀਵਣ ਨੂੰ ਹੀ ਵਿਅਰਥ ਕਿਹਾ ਗਿਆ ਹੈ
'ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥'
ਸਿਮਰਨ ਤੋਂ ਬਿਨ੍ਹਾਂ ਮਨੁੱਖੀ ਜੀਵਨ ਨੂੰ ਹਾਰੇ ਹੋਏ ਜੁਆਰੀਏ ਦੀ ਸੰਗਿਆ ਦਿੱਤੀ ਗਈ ਹੈ ਤੇ ਜਾਨਵਰ ਤੱਕ ਵੀ ਆਖ ਦਿੱਤਾ ਗਿਆ ਹੈ ਫੁਰਮਾਨ ਹੈ .ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥
ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥
ਸਿਰਮਨ ਦੀ ਪਰਿਭਾਸ਼ਾ ਨੂੰ ਲੈ ਕੇ ਜਗਿਆਸੂਆਂ ਵਿੱਚ ਅਨੇਕਾਂ ਸ਼ੰਕੇ ਤੇ ਮੱਤ ਭੇਦ ਦੇਖਣ ਨੂੰ ਮਿਲਦੇ ਹਨ ਜਿਥੇ ਇਕ ਪਾਸੇ ਬਿਰਤੀ ਨੂੰ ਇਕਾਗਰ ਚਿੱਤ, ਇਕਾਂਤ ਵੱਸ ਹੋ ਕੇ ਆਪਣੇ ਇੰਦ੍ਰੀਆਂ ਨੂੰ ਸੰਕੋਚਣ ਨੂੰ ਹੀ ਸਿਮਰਨ ਸਮਝਿਆ ਗਿਆ ਹੈ ਉਥੇ ਉਚੀ ਉਚੀ ਕੂਕ ਕੇ ਇਕੋ ਸ਼ਬਦ ਦੇ ਰਟਨ ਨੂੰ ਸਿਮਰਨ ਕਹਿਣ ਵਾਲੇ ਵੀ ਸਾਡੇ ਵੀਰ ਹੀ ਹਨ । ਗੱਲ ਕੀ ਹੈ ਯਾਦ ਕਰਨਾ... ਸਿਫਤ ਸਲਾਹ ਕਰਨਾ... ਢੰਗ ਕੋਈ ਵੀ ਹੋਵੇ ਮਨੋਰਥ ਸਭ ਦਾ ਦਾ ਇਕ ਹੀ ਹੈ ਗੁਰੂ ਜਾਂ ਰੱਬ ਨੂੰ ਯਾਦ ਕਰਨਾਂ ਪਰ ਕਿੰਨੀ ਚੰਗੀ ਗੱਲ ਹੋਵੇ ਕਿ ਜੇਕਰ ਯਾਦ ਕਰਨ ਦਾ ਢੰਗ ਵੀ ਗੁਰੂ ਅਨੁਸਾਰੀ ਹੀ ਹੋਵੇ ਤਾਂ ਜੋ ਸਮਾਂ ਤੇ ਉਦਮ ਕੀਤਾ ਵੀ ਸਕਾਰਥ ਹੋ ਜਾਵੇ । ਭਾਈ ਕਾਹਨ ਸਿੰਘ ਨਾਭਾ ਅਨੁਸਾਰ ਸਿਮਰਨ ਤੋਂ ਭਾਵ ਹੈ ਯਾਦ । ਆਪਣੇ ਪਿਆਰੇ ਨੂੰ ਯਾਦ ਕਰਨਾ ਹੀ ਸਿਮਰਨ ਹੈ । ਗੁਰਬਾਣੀ ਫੁਰਮਾਨ ਹੈ ...
ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥
ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥
ਸੋ ਸਿੱਖ ਨੇ ਉਠਦਿਆਂ-ਬੈਠਦਿਆਂ, ਜਾਗਦਿਆਂ-ਸੌਂਦਿਆਂ, ਕਾਰ-ਵਿਹਾਰ ਕਰਦਿਆਂ, ਤੁਰਦਿਆਂ-ਫਿਰਦਿਆਂ ਮੁੱਕਦੀ ਗੱਲ ਸਾਸ ਗਿਰਾਸ ਸਿਮਰਨ ਕਰਨਾ ਹੈ ।
ਰੱਬੀ ਗੁਣਾਂ ਨੂੰ ਯਾਦ ਕਰਨਾ ਹੀ ਸਿਮਰਨ ਹੈ ਇਸ ਨੂੰ ਸਮਝਣ ਲਈ ਦੁਨਿਆਵੀ ਰਿਸ਼ਤੇ ਨਾਲ ਸਮਝਿਆ ਜਾ ਸਕਦਾ ਹੈ ਜਿਵੇਂ ਬੱਚਾ ਆਪਣੇ ਮਾਤਾ-ਪਿਤਾ ਨੂੰ ਯਾਦ ਕਰਦਾ ਹੈ ਜਾਂ ਪਤਨੀ ਆਪਣੇ ਪਤੀ ਨੂੰ ਯਾਦ ਕਰਦੀ ਹੈ ਇਹਨਾਂ ਰਿਸ਼ਤਿਆਂ ਵਿੱਚ ਯਾਦ ਨੂੰ ਪਿਆਰ ਕਿਹਾ ਜਾਂਦਾ ਹੈ । ਇਸ ਵਿੱਚ ਬਾਰ ਬਾਰ ਆਪਣੇ ਪਿਆਰੇ ਦਾ ਨਾਮ ਨਹੀਂ ਲਿਆ ਜਾਂਦਾ ਜਾਂ ਆਪਣੇ ਕਾਰ ਵਿਹਾਰ ਵੀ ਨਹੀਂ ਤਿਆਗੇ ਜਾਂਦੇ ਪਰ ਯਾਦ ਹਮੇਸ਼ਾ ਹਿਰਦੇ ਵਿੱਚ ਰਹਿੰਦੀ ਹੈ ਬਿਲਕੁਲ ਇਸੇ ਤਰ੍ਹਾਂ ਗੁਰੂ ਨੂੰ ਯਾਦ ਕਰਨ ਕਰਨ ਲਈ ਜਾਂ ਸਿਮਰਨ ਲਈ ਕੋਈ ਵਿਧੀ ਵਿਧਾਨ ਵਰਤਣ ਦੀ ਲੋੜ ਨਹੀਂ ਗੁਰਬਾਣੀ ਉਪਦੇਸ਼ਾਂ ਨੂੰ ਮੰਨਣਾ ਹੀ ਸਿਮਰਣ ਹੈ ਇਸ ਗੁਰਬਾਣੀ ਫੁਰਮਾਣ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਕੰਮ ਕਾਜ, ਘਰ ਗ੍ਰਹਿਸਥੀ ਨੂੰ ਤਿਆਗ ਕੇ ਸਿਮਰਣ ਨਹੀਂ ਕੀਤਾ ਜਾਂਦਾ ...
ਊਠਤ ਬੈਠਤ ਸੋਵਤ ਜਾਗਤ ਇਹੁ ਮਨੁ ਤੁਝਹਿ ਚਿਤਾਰੈ ॥
ਸੂਖ ਦੂਖ ਇਸੁ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ॥
ਸਦਾ ਸਦਾ ਸਿਮਰਿ ਦਿਨੁ ਰਾਤਿ ॥
ਊਠਤ ਬੈਠਤ ਸਾਸਿ ਗਿਰਾਸਿ ॥
ਜਾਗੁ ਸੋਇ ਸਿਮਰਨ ਰਸ ਭੋਗ ॥
ਹਰਿ ਸਿਮਰਨੁ ਪਾਈਐ ਸੰਜੋਗ ॥
ਗੁਰਬਾਣੀ ਵਿੱਚ ਅਨੇਕਾਂ ਵਾਰ ਸਿਮਰਨ ਦੀ ਤਾਕੀਦ ਕਰਨ ਦੇ ਬਾਵਜੂਦ ਵੀ ਕਿਸੇ ਇਕ ਥਾਂ 'ਤੇ ਵੀ ਸਿਮਰਨ ਕਰਨ ਦਾ ਵਿਧਾਨ ਸਾਂਝਾ ਨਹੀਂ ਕੀਤਾ ਗਿਆ ਕਿ ਕਿਸ ਖਾਸ ਤਰੀਕੇ ਨਾਲ ਸਿਮਰਨ ਕੀਤਾ ਜਾਵੇ ਪਰ ਅਨਮਤੀ ਪ੍ਰਭਾਵ ਹੇਠ ਆ ਕੇ ਗੁਰਬਾਣੀ ਉਪਦੇਸ਼ਾਂ ਦੇ ਉਲਟ ਅੱਜ-ਕੱਲ ਮਾਲਾ ਫੇਰਣ ਜਾਂ ਪਹਿਣਨ ਦਾ ਪ੍ਰਚਲਣ ਵੀ ਜਿਆਦਾ ਹੀ ਦੇਖਣ ਨੂੰ ਮਿਲਦਾ ਹੈ ਇਸ ਤੋਂ ਇਲਾਵਾ ਜੋਗ ਮੱਤ ਰਾਂਹੀ ਸੁਰਤੀਆਂ ਤੇ ਬਿਰਤੀਆਂ ਲਾ ਕੇ ਹਨੇਰੇ ਵਿੱਚ ਸੁਰਤੀਆਂ ਲਾਉਣ ਨੂੰ ਸਿਮਰਣ ਕਿਹਾ ਜਾਣ ਲੱਗਾ ਹੈ । ਜਦ ਕਿ ਗੁਰਬਾਣੀ ਅਨੁਸਾਰ ...
ਚਿਤ ਸਿਮਰਨ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥
ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥
ਸੋ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਅਨੁਸਾਰੀ ਆਪਣਾ ਜੀਵਣ ਜਿਊਣਾ ਹੀ ਸਿਮਰਨ ਹੈ । ਗੁਰਬਾਣੀ ਦੇ ਉਪਦੇਸ਼ਾਂ ਨੂੰ ਹੁਕਮ ਮੰਨਦਿਆਂ ਉਸ ਅਨੁਸਾਰੀ ਕਾਰ ਵਿਹਾਰ ਕਰਦਿਆਂ ਉਸ ਦੀ ਯਾਦ ਨੂੰ ਬਣਾਈ ਰੱਖਣਾ ਹੀ ਸਿਮਰਨ ਹੈ ਫੁਰਮਾਨ ਹੈ ...
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ ॥