ਗੁਟਕੇ ਅਤੇ ਪੋਥੀਆਂ ਬਾਰੇ ਸੰਖੇਪ ਪਰ ਵਿਸ਼ੇਸ਼ ਜਾਣਕਾਰੀ
ਅਵਤਾਰ ਸਿੰਘ ਮਿਸ਼ਨਰੀ
ਮਹਾਨ ਕੋਸ਼ ਅਨੁਸਾਰ ਗੁਟਕਾ ਜਾਂ ਗੁਟਿਕਾ ਸੰਸਕ੍ਰਿਤ ਸ਼ਬਦ ਜਿਸ ਦੇ ਪ੍ਰਕਰਣ ਅਨੁਸਾਰ ਵੱਖ ਵੱਖ ਅਰਥ ਹਨ। ਗੁਟਕਾ-ਗੋਲੀ ਵੱਟੀ, ਮੰਤ੍ਰਵਟੀ, ਛੋਟੇ ਅਕਾਰ ਦੀ ਪੋਥੀ। ਤੰਤ੍ਰਸ਼ਾਸਤ੍ਰ ਅਨੁਸਾਰ ਸਿੱਧਾਂ ਦੀ ਗੋਲੀ ਜਿਸ ਨੂੰ ਮੂੰਹ ਵਿੱਚ ਰੱਖ ਕੇ ਹਰ ਥਾਂ ਜਾਣ ਦੀ ਸ਼ਕਤੀ ਆ ਜਾਂਦੀ ਹੈ। ਭਾਈ ਗੁਰਦਾਸ ਜੀ ਵੀ ਇਸ ਮਿਥ ਬਾਰੇ ਜਿਕਰ ਕਰਦੇ ਹਨ ਕਿ- ਗੁਟਕਾ ਮੂੰਹ ਵਿਚਿ ਪਾਇਕੈ ਦੇਸ ਦਿਸੰਤਰ ਜਾਇ ਖਲੋਵੈ। (ਭਾ.ਗੁ)
ਨੋਟ- ਕੋਈ ਮੈਡੀਕਲ ਗੋਲੀ ਖਾ ਕੇ ਉੱਡਣਾ ਜਾਂ ਇਕ ਥਾਂ ਤੋਂ ਦੂਜੀ ਥਾਂ ਉੱਡ ਕੇ ਜਾਣਾ ਕਪੋਲ ਕਲਪਨਾ ਹੈ। ਹਾਂ ਕੋਈ ਤਾਕਤਵਰ ਗੋਲੀ ਜਾਂ ਦਵਾਈ ਖਾ ਕੇ, ਸਰੀਰਕ ਬਲ ਤਾਂ ਹਾਸਲ ਕੀਤਾ ਜਾ ਸਕਦੈ ਜਿਸ ਨਾਲ ਥਕਾਵਟ ਨਾ ਆਵੇ ਤੇ ਮਨੁੱਖ ਲੰਬਾ ਸਫਰ ਕਰ ਸੱਕੇ, ਪਰ ਗੋਲੀ ਖਾ ਉੱਡਣਾ ਸਿੱਧੀ ਗਪੌੜ ਹੈ। ਹਾਂ ਸਿੱਧ ਨਸ਼ਈ ਸਨ ਤੇ ਮਾਰੂ ਨਸ਼ਾ ਖਾਧਾ ਹੋਵੇ ਜਾਂ ਭੰਗ-ਸੁੱਖਾ ਹੀ ਪੀਤਾ ਹੋਵੇ ਤਾਂ ਮਨੁੱਖ ਬੇਹੋਸ਼ੀ 'ਚ ਉੱਡਦਾ ਸਮਝਦੈ ਤੇ ਕਹਿੰਦੇ ਹਨ ਸਰੂਰ 'ਚ ਇਸ ਦੇ ਧਰਤੀ 'ਤੇ ਪੈਰ ਨਹੀਂ ਲੱਗਦੇ।
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ ਅਨੁਸਾਰ- ਗੁਟਕਾ ਸ਼ਬਦ ਗੁਰਬਾਣੀ ਦੀ ਛੋਟੇ ਅਕਾਰ ਦੀ ਪੋਥੀ ਲਈ ਵਰਤਿਆ ਜਾਂਦਾ ਹੈ। ਇਸ ਦੇ ਪਿਛੋਕੜ 'ਚ ਜਾਈਏ ਤਾਂ ਪਤਾ ਲਗਦਾ ਹੈ ਕਿ ਸੰਸਕ੍ਰਿਤ ਵਿਚ ਗੁਟਕਾ ਗੋਲੀ ਜਾਂ ਵਟੀ ਨੂੰ ਕਹਿੰਦੇ ਹਨ। ਸਿੱਧਾਂ 'ਚ ਸ਼ਕਤੀ ਅਰਜਿਤ ਕਰਨ ਲਈ, ਮੂੰਹ ਵਿੱਚ ਇਕ ਵਿਸ਼ੇਸ਼ ਗੋਲੀ ਰੱਖਣ ਦੀ ਪਰੰਪਰਾ ਰਹੀ ਜਿਸ ਨੂੰ ਮੰਤ੍ਰਵਟੀ ਵੀ ਕਿਹਾ ਜਾਂਦਾ ਸੀ। ਇਸੇ ਸਰਣੀ ਉੱਤੇ ਗੁਰਬਾਣੀ ਦੀ ਵੱਡੀ ਪੋਥੀ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਹਰ ਸਮੇ ਨਾਲ ਨਾ ਰੱਖ ਸੱਕਣ ਦੇ ਉਪਾ ਵਜੋਂ ਕੁਝ ਚੋਣਵੀ ਬਾਣੀ ਦੀਆਂ ਸੰਖਿਪਤ ਪੋਥੀਆਂ ਤਿਆਰ ਕਰ ਲਈਆਂ ਜਾਂਦੀਆਂ ਸਨ ਜੋ ਉਦਾਸੀ, ਸੇਵਾ-ਪੰਥੀ ਜਾਂ ਨਿਰਮਲੇ ਸਾਧਕ ਆਪਣੇ ਨਾਲ ਹਰ ਵਕਤ ਗਾਤਰੇ 'ਚ ਪਾਈ ਰੱਖਦੇ ਉਨ੍ਹਾਂ ਨੂੰ ਗੁਟਕਾ ਕਿਹਾ ਜਾਣ ਲਗਿਆ। ੧੮ਵੀਂ ਸਦੀ ਦੇ ਸੰਘਰਸ਼ ਕਾਲ 'ਚ ਸੂਰਬੀਰ ਸਿੱਖ ਵੀ ਇਸ ਪ੍ਰਕਾਰ ਦੀਆਂ ਪੋਥੀਆਂ ਨੂੰ ਆਪਣੇ ਪਾਸ ਰੱਖਦੇ ਤਾਂ ਜੋ ਜਦੋਂ ਸਮਾਂ ਮਿਲੇ ਗੁਰਬਾਣੀ ਨੂੰ ਵਿਚਾਰ ਲਿਆ ਜਾਵੇ।
(ਨੋਟ- ਜੰਗਲ ਬੇਲਿਆਂ ‘ਚ ਤਾਂ ਜਿਆਦਾਤਰ ਸਿੰਘ ਸਿੰਘਣੀਆਂ ਹੀ ਰਹਿੰਦੇ ਸਨ ਨਾ ਕਿ ਸਰਕਾਰ ਦੇ ਹੱਥ ਠੋਕੇ ਡੇਰੇਦਾਰ)
ਸਿੱਖ ਸੁਧਾਰਵਾਦੀ ਲਹਿਰ ਖਾਸ ਕਰਕੇ "ਸਿੰਘ ਸਭਾ ਲਹਿਰ ਦੇ ਚਲਣ ਨਾਲ ਜਗਿਆਸੂਆਂ ਦੀ ਰੁਚੀ ਪਾਠ ਕਰਨ 'ਚ ਵਧੀ। ਫਲਸਰੂਪ ਸੰਖਿਪਤ ਪੋਥੀਆਂ, ਕਤਾਬਚਿਆਂ ਆਦਿ ਦੀ ਲੋੜ ਮਹਿਸੂਸ ਹੋਣ ਲਗੀ। ਛਪਾਈ ਦਾ ਕੰਮ ਸ਼ੁਰੂ ਹੋ ਜਾਣ ਨਾਲ, ਹੱਥ ਨਾਲ ਲਿਖਣ ਦੀ ਸਮੱਸਿਆ ਦਾ ਕਾਫੀ ਸਮਾਧਾਨ ਹੋ ਗਿਆ। ਜਿਉਂ ਜਿਉਂ ਛਪਾਈ 'ਚ ਵਿਕਾਸ ਹੁੰਦਾ ਗਿਆ, ਗੁਟਕਿਆਂ ਦੀ ਛਪਾਈ ਵੀ ਵਧਦੀ ਗਈ ਤੇ ਇਨ੍ਹਾਂ ਦਾ ਸਰੂਪ ਵੀ ਨਿਖਰਦਾ ਗਿਆ। ..ਕਈ ਤਰਾਂ ਦੇ ਗੁਟਕੇ ਛਪੇ, ਕਿਤਨੀਆਂ ਤੇ ਕਿਹੜੀਆਂ ਬਾਣੀਆਂ ਹੋਣ? ਬਾਰੇ ਕੋਈ ਅਨੁਸ਼ਾਸਤ ਸੀਮਾ ਨਹੀਂ ਹੈ। ਵੱਖਰੀਆਂ-੨ ਸੰਪ੍ਰਦਾਵਾਂ ਜਾਂ ਜਥਿਆਂ ਵਾਲੇ ਆਪਣੇ ਆਸ਼ੇ ਅਨੁਸਾਰ ਇਨ੍ਹਾਂ ਦਾ ਪ੍ਰਕਾਸ਼ਨ ਕਰਦੇ ਰਹੇ। ਨਾਮਧਾਰੀ ਦਰਬਾਰ ਭੈਣੀ ਵਾਲਿਆਂ ਨੇ "ਨਾਮਧਾਰੀ ਨਿਤਨੇਮ" ਨਾਂ ਅਧੀਨ ਆਪਣਾ ਗੁਟਕਾ ਛਾਪਿਆ ਹੋਇਆ ਹੈ।
ਵਿਸ਼ੇਸ਼ ਨੋਟ- ਗੁਰੂ ਸਾਹਿਬਾਨ ਵੇਲੇ ਪੋਥੀ ਲਫਜ਼ ਦਾ ਤਾਂ ਜਿਕਰ ਪਰ ਗੁਟਕੇ ਦਾ ਕਿਤੇ ਵੀ ਨਹੀਂ-
ਪੋਥੀ ਪਰਮੇਸਰ ਕਾ ਥਾਨੁ॥
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ॥੧॥ ਰਹਾਉ॥ (ਸਾਰੰਗ ਮ:੫-੧੨੨੬)
ਜਿਹੜੀ ਰੱਬੀ ਪੋਥੀ ਜਾਂ ਕਿਤਾਬ ਗੁਰੂ ਨਾਨਕ ਸਾਹਿਬ ਕੋਲ ਸੀ ਦਾ ਮੱਕੇ ਫੇਰੀ ਸਮੇ ਦਾ ਜਿਕਰ ਹੈ-
ਪੁਛਣ ਖੋਲਿ ਕਿਤਾਬ ਨੂੰ ਵਡਾ ਹਿੰਦੂ ਕਿ ਮੁਸਲਮਾਨੋਈ॥
ਬਾਬਾ ਆਖੈ ਹਾਜੀਆਂ ਸ਼ੁਭ ਅਮਲਾਂ ਬਾਝਹੁ ਦੋਨਹੁ ਰੋਈ। (ਭਾ.ਗੁ)
ਭਾਈ ਗੁਰਦਾਸ ਗੁਰੂ ਅਰਜਨ ਵੇਲੇ ਦਾ ਵਿਸ਼ੇਸ਼ ਜਿਕਰ ਕਰਦੇ ਹਨ ਕਿ ਗੁਰੂ ਤੇ ਗੁਰਸਿੱਖ ਉਸ ਵੇਲੇ ਗਿਆਨ ਪੜ੍ਹਨ ਵਿਚਾਰਨ ਦੀ ਸਹੂਲਤ ਲਈ ਪੋਥੀਆਂ ਲਿਖ ਲੈਂਦੇ ਸਨ-
ਗੁਰਬਾਣੀ ਲਿਖਿ ਪੋਥੀਆਂ ਤਾਲ ਮ੍ਰਿਦੰਗ ਰਬਾਬ ਬਜਾਵੈ। (ਭਾ.ਗੁ) ਬਾਬਾ ਬੰਦਾ ਸਿੰਘ ਬਹਾਦਰ ਤੋਂ ਬਆਦ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਗੁਰਬਾਣੀ ਦੀਆਂ ਪੋਥੀਆਂ ਲਿਖੀਆਂ ਲਿਖਵਾਈਆਂ ਕਿਉਂਕਿ ਉਸ ਵੇਲੇ ਸਿੰਘਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਸਿੰਘ ਜੰਗਲਾਂ ਵਿੱਚ ਵਿਰਚਰਦੇ ਸਨ। ਆਪਣੇ ਗਾਤਰੇ ਨਾਲ ਇਕ ਪਾਸੇ ਗਾਤਰੇ ਵਾਲੀ ਥੈਲੀ ‘ਚ ਗੁਰਬਾਣੀ ਦੀਆਂ ਪੋਥੀਆਂ ਗੁਟਕੇ ਹੁੰਦੇ ਜਦ ਵੀ ਸਮਾ ਮਿਲਦਾ ਗੁਰਬਾਣੀ ਪੜ੍ਹ ਵਿਚਾਰ ਲੈਂਦੇ ਸਨ।
ਹੁਣ ਪ੍ਰੋ. ਦਰਸ਼ਨ ਸਿੰਘ ਸਾਬਕਾ ਸੇਵਾਦਾਰ ਅਕਾਲ ਤਖਤ ਸਾਹਿਬ ਅਤੇ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਨਿਰੋਲ “ਸ਼ਬਦ ਗੁਰੂ ਗ੍ਰੰਥ” ਦੀ ਬਾਣੀ ਦੇ ਗੁਟਕੇ ਛਾਪੇ ਨੇ ਅਤੇ ਹੋਰ ਮਿਸ਼ਨਰੀ ਸੰਸਥਾਵਾਂ ਤੇ ਸਿੰਘ ਸਭਾਵਾਂ ਨੂੰ ਵੀ ਨਿਰੋਲ ਗੁਟਕੇ ਅਰਥਾਂ ਸਮੇਤ ਛਾਪਣੇ ਚਾਹੀਦੇ ਹਨ।
ਕੰਮ ਤਾਂ ਇਹ ਸ਼੍ਰੋਮਣੀ ਕਮੇਟੀ ਦਾ ਸੀ ਜਿਸ ਵਿੱਚ ਹੁਣ ਧੁੰਮੇ ਵਰਗੇ ਸੰਪ੍ਰਦਾਈ ਸਾਧ ਘੁਮਪੈਠ ਕਰ ਗਏ ਹਨ।
ਅਤਿ ਧਿਆਨਯੋਗ ਨੋਟ- ਸੰਪਰਦਾਈ ਡੇਰੇਦਾਰ ਟਕਸਾਲੀ ਗਲਤ ਪ੍ਰਚਾਰ ਕਰਦੇ ਹਨ ਕਿ ਭਾਈ ਮਨੀ ਸਿੰਘ ਨੇ ਪੋਥੀਆਂ ਗੁਟਕੇ ਬਣਾ ਕੇ ਗੁਰੂ ਦੇ ਟੁਕੜੇ ਕੀਤੇ ਤਾਂ ਹੀ ਗੁਰੂ ਦੇ ਸਰਾਪ ਨਾਲ ਉਸ ਦੇ ਬੰਦ ਬੰਦ ਕੱਟੇ ਗਏ ਸਨ। ਦੇਖੋ! ਪਹਿਲੀ ਗੱਲ ਤਾਂ ਵਰ ਸਰਾਪ ਨਾਲ ਗੁਰਮਤਿ ਦਾ ਕੋਈ ਸਬੰਧ ਹੀ ਨਹੀਂ ਤੇ ਨਾਂ ਹੀ ਗੁਰੂ ਸਾਹਿਬਾਨ ਕਿਸੇ ਨੂੰ ਵਰ ਸਰਾਪ ਦਿੰਦੇ ਸਨ। ਦੂਜਾ ਸਵਾਲ ਕੀ ਗੁਰਮਤਿ ਪ੍ਰਚਾਰ ਵਾਸਤੇ ਗੁਰਬਾਣੀ-ਪੋਥੀਆਂ, ਗੁਟਕੇ ਸਟੀਕ ਲਿਖਣੇ ਪਾਪ ਹਨ?
ਜੇ ਨਹੀਂ ਤਾਂ ਟਕਸਾਲੀ ਸੰਪਰਦਾਈ ਡੇਰੇਦਾਰ ਕਿਸ ਕੁਟਲ ਨੀਤੀ ਅਧੀਨ ਭਾਈ ਮਨੀ ਸਿੰਘ ਜੀ ਨੂੰ ਸਰਾਪ ਦਿਵਾ ਰਹੇ ਹਨ?
ਕਿਤੇ ਬਨਾਰਸ (ਕਾਸ਼ੀ) ਦਾ ਤਾਂ ਅਸਰ ਨਹੀਂ ਜਿੱਥੋ ਇਨ੍ਹਾਂ ਦੇ ਵਡੇਰੇ ਪੜ੍ਹੇ ਹਨ?
ਇਹ ਭੱਦਰ ਪੁਰਸ਼ ਭਾਈ ਮਰਦਾਨੇ ਨੂੰ ਬ੍ਰਾਂਡੀ ਪੀਣਾ ਤੇ ਭੁੱਖਾ, ਭਾਈ ਗੁਰਦਾਸ ਜੀ ਨੂੰ ਭਗੌੜਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਦਾ ਸ਼ਰੀਕ ਅਤੇ ਸ਼ਹੀਦ ਭਾਈ ਮਨੀ ਸਿੰਘ ਨੂੰ ਪੋਥੀਆਂ ਲਿਖਣ ਕਰਕੇ ਗੁਰੂ ਸਰਾਪ ਦੇ ਦੋਸ਼ ਲੌਂਦੇ ਹਨ। ਪੋਥੀ ਦਾ ਇਤਿਹਾਸ ਹੈ ਜਿਸ ਵਿੱਚ ਕੇਵਲ "ਸ਼ਬਦ ਗੁਰੂ ਗ੍ਰੰਥ" ਦੀ ਬਾਣੀ ਹੁੰਦੀ ਸੀ ਪਰ ਡੇਰੇਦਾਰ ਸੰਪ੍ਰਦਾਵਾਂ ਨੇ ਗੁਟਕਿਆਂ 'ਚ ਹੋਰ ਗ੍ਰੰਥਾਂ ਦੀਆਂ ਕਵੀ ਰਚਨਾਵਾਂ ਤੇ ਮਨਮਰਜੀ ਦੇ ਸ਼ਬਦ ਵੀ ਪਾ ਦਿੱਤੇ।
ਦੁੱਖਭੰਜਨੀ ਕੋਈ ਪੋਥੀ ਤਾਂ ਨਾਂ ਹੀ ਗੁਟਕਾ ਸੀ ਕਿਉਂਕਿ ਦੁੱਖ ਭੰਜਨ ਤਾਂ ਰੱਬ ਦਾ ਨਾਮ ਹੀ ਸੀ-
ਦੁਖ ਭੰਜਨੁ ਤੇਰਾ ਨਾਮ ਜੀ..॥(ਗਉੜੀ ਮ:੫-੨੧੮) ਸੁਖਮਨਾ ਤੇ ਸੰਕਟ ਮੋਚਨ ਇਹ ਤਾਂਤ੍ਰਿਕ ਗੁਟਕੇ ਵੀ ਡੇਰੇਦਾਰ ਸਾਧਾਂ ਦੇ ਬਣਾਏ ਨੇ ਜਿੰਨ੍ਹਾਂ 'ਚ ਤਾਂਤ੍ਰਿਕਾਂ ਵਾਲੀਆਂ ਸ਼ਬਦ ਸਿੱਧੀਆਂ ਤੇ ਚਲੀਸੇ ਲਿਖੇ ਹੋਏ ਤੇ ਇਹ ਗੁਰਦੁਆਰਿਆਂ 'ਚ ਸਟਾਲਾਂ ਤੇ ਆਮ ਵਿਕ ਰਹੇ ਹਨ। ਬਹੁਤੇ ਪ੍ਰਬੰਧਕਾਂ ਲਈ ਗੁਰਦੁਆਰੇ ਵਾਪਾਰਕ ਹੋਣ ਕਰਕੇ ਗੁਰਮਤਿ ਵਿਰੋਧੀ ਰੀਤਾਂ ਰਸਮਾਂ, ਥੋਥੇ ਕਰਮਕਾਂਡ, ਤਾਂਤ੍ਰਿਕ ਗੁਟਕੇ ਅਤੇ ਗੁਰੂਆਂ ਭਗਤਾਂ ਦੀਆਂ ਮਨਘੜਤ ਮੂਰਤਾਂ ਵਿਕ ਰਹੀਆਂ ਹਨ। ਹੁਣ ਵਿਗਿਆਨ ਦਾ ਵਿਰੋਧ ਕਰਣ ਵਾਲੇ ਸਾਧ ਸੰਪ੍ਰਦਾਈਆਂ ਨੇ ਇਹ ਸਾਰਾ ਬ੍ਰਾਹਮਣੀ ਕੂੜ ਕਬਾੜ ਫੋਨ ਨੁਮਾ ਰੇਡੀਓ 'ਚ ਪਾ ਦਿੱਤਾ ਹੈ। ਹਾਂ ਜੇ ਤੁਸੀਂ ਉਸ ਰੇਡੀਓ ਚੋਂ ਮਨਮੱਤੀ ਚਿਪ ਕੱਢ ਕੇ ਨਿਰੋਲ ਗੁਰਬਾਣੀ ਗੁਰਮਤਿ ਵਾਲੀ ਚਿੱਪ ਕੰਪਿਊਟਰ ਤੋਂ ਡਉਨਲੋਡ ਕਰਕੇ ਪਾ ਲੈਂਦੇ ਹੋ ਤਾਂ ਠੀਕ ਹੈ। ਇਸ ਲਈ ਗੁਰਸਿੱਖਾਂ ਨੂੰ ਇਨ੍ਹਾਂ ਬੂਬਣੇ, ਮੀਣੇ ਤੇ ਬ੍ਰਾਹਮਣੀ ਵਿਦਾਂਤ ਦੇ ਭਗਵੇ ਰੰਗ 'ਚ ਰੰਗੇ, ਸਿਖੀ ਦਿਖ ਵਾਲੇ ਡੇਰੇਦਾਰ ਸਾਧ, ਸੰਪ੍ਰਦਾਈ-ਟਕਸਾਲੀਆਂ ਅਤੇ ਇਨ੍ਹਾਂ ਦੇ ਲਿਖੇ ਤੇ ਪ੍ਰਚਾਰੇ ਗਪੌੜਾਂ ਤੋਂ ਦੂਰ ਰਹਿਣ ਦੀ ਲੋੜ ਹੈ। ਸੋ ਵੱਖ ਵੱਖ ਮਨਮਤੀ ਗੁਟਕਿਆਂ ਦੀ ਮਰਯਾਦਾ ਦੇ ਭਰਮ ਚੱਕਰ 'ਚ ਪੈਣ ਦੀ ਥਾਂ ਸਿੱਧਾ "ਸ਼ਬਦ ਗੁਰੂ ਗ੍ਰੰਥ" ਦੀ ਗਿਆਨਮਈ ਬਾਣੀ ਹੀ ਪੜ੍ਹਨੀ ਵਿਚਾਰਨੀ ਤੇ ਧਾਰਨੀ ਚਾਹੀਦੀ ਹੈ ਜੋ ਹੁਣ ਆਮ ਜਨਤਾ ਦੀ ਸਹੂਲਤ ਲਈ ਇੰਟ੍ਰਨੈੱਟ ਤੇ ਹਰ ਫੋਨ, ਕੰਪਿਊਟਰ, ਲੈਪਟਾਪ ਆਦਿਕ ਹਰ ਡੀਵਾਈਸ 'ਤੇ ਉਪਲਬਧ ਹੈ।
ਅਵਤਾਰ ਸਿੰਘ ਮਿਸ਼ਨਰੀ
ਗੁਟਕੇ ਅਤੇ ਪੋਥੀਆਂ ਬਾਰੇ ਸੰਖੇਪ ਪਰ ਵਿਸ਼ੇਸ਼ ਜਾਣਕਾਰੀ
Page Visitors: 2532