ਕੌਣ ਉੱਚਾ ਕੌਣ ਨੀਵਾਂ?
ਬਾਬਾ ਜੀ ਕਹਿੰਦੇ ਉਹ ਬੰਦਾ ਅਪਣੇ ਆਪ ਹੀ ਉੱਚਾ ਹੈ ਜਿਹੜਾ ਅਪਣੇ ਆਪ ਨੂੰ ਉੱਚਾ ਨਹੀ ਸਮਝਦਾ। ਉਸ ਨੂੰ ਅੱਡੀਆਂ ਚੁੱਕ ਕੇ ਫੋਟੋ ਖਿਚਾਉਂਣ ਦੀ ਲੋੜ ਨਹੀ। ਫੋਟੋ ਨਾਲ ਉੱਚਾ ਥੋੜੋਂ ਹੋਇਆ ਜਾਂਦਾ। ਜੇ ਇੰਝ ਹੋਇਆ ਜਾਂਦਾ ਹੋਵੇ ਤਾਂ ਖੁਦ ਅਖ਼ਬਾਰਾਂ ਵਾਲੇ ਸਭ ਤੋਂ ਉੱਚੇ ਹੋਣ ਜਿਹੜੇ ਅਪਣੀਆਂ ਜਿਵੇਂ ਮਰਜੀ ਪੁੱਠੀਆਂ-ਸਿੱਧੀਆਂ ਮੂਰਤੀਆਂ ਲਾਉਂਦੇ ਰਹਿੰਦੇ ਹਨ ਤੇ ਨਾਵਾਂ ਨਾਲ ਪ੍ਰੌ ਵੀ ਅਤੇ ਡਾਕਟਰ ਵੀ ਲਿਖ ਲੈਂਦੇ ਹਨ ਕਿ ਸ਼ਾਇਦ ਉੱਚੇ ਹੋ ਜਾਈਏ। ਅਪਣੀ ਘਰ ਦੀ ਅਖਬਾਰ ਏ ਜੋ ਮਰਜੀ ਪੁੱਠਾ-ਸਿੱਧਾ ਟੰਗੀ ਫਿਰੋ ਕਿਹੜਾ ਕਹਿਕੇ ਲਵਾਉਂਣੀ। ਪਰ ਨਹੀ!
ਕੋਈ ਵੀ ਅਜਿਹਾ ਉਪਰਾਲਾ ਨਹੀ ਜਿਸ ਨਾਲ ਮੈਂ ਉੱਚਾ ਹੋ ਸਕਾਂ। ਉੱਚਾ ਹੋਣ ਦੀ ਤਾਂਘ ਹੀ ਮੈਨੂੰ ਨੀਵਾਂ ਕਰ ਦਿੰਦੀ ਹੈ। ਮੇਰਾ ਉੱਚਾ ਹੋਣ ਲਈ ਸਿਰ ਚੁੱਕਣਾ ਹੀ ਮੈਨੂੰ ਨੀਵਾਂ ਕਰ ਦਿੰਦਾ ਹੈ। ਪਿੱਛੇ ਅੱਡੀਆਂ ਚੁੱਕ ਕੇ ਲੱਗੀ ਫੋਟੋ ਹੀ ਇਹ ਦੱਸ ਦਿੰਦੀ ਹੈ ਕਿ ਮੈਂ ਕਿੰਨਾ ਨੀਵਾਂ ਹਾਂ। ਉੱਚੇ ਬੰਦੇ ਨੂੰ ਅੱਡੀਆਂ ਚੁੱਕਣ ਦੀ ਲੋੜ ਹੁੰਦੀ? ਉਹ ਤਾਂ ਅਪਣੇ ਆਪ ਹੀ ਦਿੱਸ ਪੈਂਦਾ ਹੈ। ਜਿਸ ਦਿਨ ਮੈਂ ਉੱਚਾ ਦਿੱਸਣਾ ਅਪਣੇ ਅੰਦਰੋਂ ਮਾਰ ਲਿਆ ਉਸੇ ਦਿਨ ਮੈਂ ਉੱਚਾ ਹੋਣਾ ਸ਼ੁਰੂ ਹੋ ਜਾਣਾ ਹੈ। ਨਵਾਬ ਕਪੂਰ ਸਿੰਘ ਅੱਜ ਸਿੱਖ ਇਤਿਹਾਸ ਵਿਚ ਕਿੰਨਾ ਉੱਚਾ ਹੈ। ਉਸ ਨੂੰ ਕੀ ਅੱਡੀਆਂ ਚੁੱਕਣ ਦੀ ਲੋੜ ਪਈ ਸੀ ਕਿ ਮੈਂ ਉੱਚਾ ਦਿੱਸਾਂ? ਉਹ ਘੋੜਿਆਂ ਦੀ ਲਿੱਦ ਚੁੱਕਿਆ ਕਰਦਾ ਸੀ। ਯਾਨੀ ਨੀਵੇਂ ਥਾਂ। ਤੇ ਜਦ ਨਵਾਬੀ ਆਈ ਤਾਂ ਨਵਾਬ ਕਪੂਰ ਸਿੰਘ ਨੂੰ ਅਵਾਜ ਮਾਰੀ ਗਈ। ਤੇ ਅੱਜ ਨਵਾਬ ਕਪੂਰ ਸਿੰਘ ਦਾ ਕੱਦ ਦੇਖੋ।
ਭਗਤ ਪੂਰਨ ਸਿੰਘ? ਹਾਲੇ ਕੱਲ ਦੀਆਂ ਗੱਲਾਂ। ਅਪਣੇ ਦੇਖਣ ਦੀਆਂ! ਜਦੋਂ ਦੇਖੋ ਸ੍ਰੀ ਦਰਬਾਰ ਸਾਹਿਬ ਜੋੜਿਆਂ ਵਿਚ ਹੀ ਬੈਠੇ ਹੁੰਦੇ ਸਨ। ਸੇਵਾ ਉਨ੍ਹਾਂ ਲੋਕਾਂ ਦੀ ਕਰਦੇ ਸਨ ਜਿਨ੍ਹਾਂ ਨੇੜਿਓਂ ਲੋਕ ਨੱਕ ਫੜਕੇ ਲੰਘ ਜਾਂਦੇ ਸਨ। ਪਰ ਭਗਤ ਪੂਰਨ ਸਿੰਘ ਦਾ ਕੱਦ?
ਮੇਰਾ ਉੱਚਾ ਹੋਣ ਦਾ ਇਕੋ ਤਰੀਕਾ ਕਿ ਮੈਂ ਨੀਵਾਂ ਹੋ ਜਾਵਾਂ। ਚਲੋ ਜੇ ਨਹੀ ਪ੍ਰਧਾਨਗੀ ਰਹਿੰਦੀ ਤਾਂ ਦਫਾ ਕਰੋ! ਅਹੁਦਾ ਫੜੀ ਰੱਖਣ ਨਾਲ ਮੇਰਾ ਉੱਚਾ ਬਣੇ ਰਹਿਣ ਦਾ ਭਰਮ ਗਲਤ ਹੈ। ਪ੍ਰਧਾਨਗੀ ਜਾਂ ਅਹੁਦਾ ਜੇ ਮੈਨੂੰ ਉੱਚਾ ਕਰਦੇ ਹੁੰਦੇ ਤਾਂ ਆਹ ਹੁਣੇ ਬ੍ਰੈਪਟਨ ਗੁਰਦੁਆਰੇ ਵਾਲੇ ਚੌਧਰੀ ਉੱਚੇ ਨਾ ਹੋਏ ਹੁੰਦੇ? ਪਰ ਹੋਇਆ ਕੀ? ਉੱਚੇ ਹੋਣ ਦੇ ਚੱਕਰ ਵਿਚ ਇਨੇ ਨੀਵੇਂ ਹੋ ਗਏ ਕਿ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਾ ਪਿਆ। ਕੁਹਾੜੇ-ਟੋਕੇ ਵਾਹੁਣ ਪਿੱਛੇ ਭਾਵਨਾ ਕੀ ਸੀ? ਕਿ ਗੁਰਦੁਆਰੇ ਦੀ ਚੌਧਰ ਨਾ ਖੁੱਸ ਜਾਏ ਤੇ ਉਨ੍ਹਾਂ ਨੂੰ ਜਾਪਦਾ ਸੀ ਕਿ ਚੌਧਰ ਨਾਲ ਹੀ ਉੱਚੇ ਰਿਹਾ ਜਾਣਾ। ਪਰ ਉਨ੍ਹਾਂ ਕਮਲਿਆਂ ਨੂੰ ਇਹ ਨਹੀ ਪਤਾ ਕਿ ਬੁਸ਼ ਤੋਂ ਉੱਚੇ ਅਹੁਦੇ ਤਾਂ ਤੁਸੀਂ ਨਹੀ ਜਾ ਸਕਦੇ। ਕਿ ਜਾ ਸਕਦੇ? ਪਰ ਬੁਸ਼ ਉੱਚਾ ਹੋ ਗਿਆ? ਕਿਥੇ ਹੈ ਅੱਜ ਬੁਸ਼? ਜੁੱਤੀਆਂ ਉਸ ਦੇ ਜੀਵਨ ਦੇ ਇਤਿਹਾਸ ਵਿਚ ਲਿਖੀਆਂ ਗਈਆਂ!
ਗੁਰਬਾਣੀ ਮੈਨੂੰ ਓਸ ਸਮੇ ਦੇ ਬੁਸ਼ ਯਾਨੀ ਦੁਰਯੋਧਨ ਦੀ ਮਿਸਾਲ ਨਾਲ ਸਮਝਾਉਂਦੀ ਹੈ ਕਿ ਕੈਰੋਂ ਮੇਰੀ ਮੇਰੀ ਕਰਦੇ ਸੀ ਕਿਥੇ ਹਨ ਦਰਾਂ ਤੇ ਬੱਧੇ ਹਾਥੀ। ਤੇ ਦੇਹਾਂ ਰੁਲ ਗਈਆਂ ਦਰਯੋਧਨਾ ਦੀਆਂ ਜਿੰਨਾ ਦੇ ਸਿਰਾਂ ਉਪਰ ਛੱਤਰ ਝੁੱਲਦੇ ਸਨ। ਕੋਈ ਫੂਕਣ ਵਾਲਾ ਵੀ ਨਾ ਰਿਹਾ ਅਤੇ ਆਖਰ ਗਿਰਝਾਂ ਨੇ ਖਾ ਕੇ ਖੇਹ-ਖਰਾਬੀ ਕੀਤੀ। ਤੇ ਰਾਵਣ? ਕੋਈ ਦੀਵਾ ਬਾਲਣ ਵਾਲਾ ਨਾ ਬਚਿਆ??
ਗੁਰਬਾਣੀ ਦੇ ਮੈਂ ਇਨਾ ਬੱਚਨਾਂ ਨੂੰ ਅਪਣੇ ਜੀਵਨ ਵਿਚ ਸਮਝ ਸਕਾਂ ਤਾਂ ਮੈਨੂੰ ਟੋਕੇ-ਕੁਹਾੜੇ ਵਾਹ ਕੇ ਉੱਚਾ ਹੋਣ ਦੀ ਲੋੜ ਹੀ ਨਹੀ, ਗੁਰੂ ਘਰਾਂ ਨੂੰ ਕੋਟਾਂ ਵਿਚ ਧੂਹੀ ਫਿਰਨ ਦੀ ਜਰੂਰਤ ਹੀ ਨਹੀ। ਜੱਜ ਵੀ ਮੈਨੂੰ ਲਾਹਨਤਾਂ ਪਾਉਂਦਾ ਪਰ ਗੱਲ ਮੇਰੀ ਫਿਰ ਵੀ ਸਮਝ ਨਹੀ ਆਉਂਦੀ। ਇਨਾ ਨੀਵਾਂ ਅਤੇ ਜਲੀਲ ਹੋ ਕੇ ਵੀ ਮੈਨੂੰ ਜਾਪੀ ਜਾਂਦਾ ਕਿ ਮੈਂ ਉੱਚਾ ਹੋ ਗਿਆ?????
ਹਾਂਅ! ਉੱਚਾ ਹੋ ਗਿਆ! ਜਿੱਤ ਗਿਆ ਨਾ? ਕੀ ਜਿੱਤਿਆ? ਤੁਸੀਂ ਹੈਰਾਨ ਹੋਵੋਂਗੇ ਕਿ ਸਜਾ ਜਾਫਤਾ ਧਿਰ ਜੇਲ੍ਹ ਦੀ ਸਜਾ ਪਾ ਕੇ ਵੀ ਮੁੱਛਾਂ ਨੂੰ ਵੱਟ ਦਈ ਜਾ ਰਹੀ ਸੀ?? ਕਿਉਂ? ਤੁਸੀਂ ਸੋਚ ਸਕਦੇ ਕਾਰਨ? ਰੁੱਖ ਉੱਗੇ ਵਾਲੀ ਕਹਾਣੀ ਹੋਰ ਕੀ ਹੈ? ਅਜਿਹੇ ਰੁੱਖ ਉਗਣ ਵਾਲੇ ਪਤਾ ਨਹੀ ਕਿੰਨੇ ਹਨ ਸਿੱਖਾਂ ਵਿਚ ਜਿਹੜੇ ਗੁਰੂ ਘਰਾਂ ਨੂੰ ਜੱਜਾਂ ਸਾਹਵੇਂ ਨਮੋਸ਼ ਕਰ ਰਹੇ ਹਨ!
ਇਹ ਨੀਵੇਂ ਬੰਦਿਆ ਦੀਆਂ ਨਿਸ਼ਾਨੀਆਂ ਹਨ। ਉੱਚਾ ਉੱਠ ਚੁੱਕਾ ਬੰਦਾ ਤਾਂ ਥਾਣੇ ਗੇੜਾ ਵੀ ਮਾਰ ਆਵੇ ਤਾਂ ਉਸ ਦਾ ਮਰਨ ਹੋ ਜਾਂਦਾ। ਪਰ ਸਾਨੂੰ ਛੇ ਮਹੀਨੇ ਜਾ ਕੇ ਸਮਝ ਨਹੀ ਆਈ ਕਿ ਇਹ ਗੱਲ ਮੁੱਛ ਨੂੰ ਮਰੋੜਾ ਦੇਣ ਵਾਲੀ ਨਹੀ ਬਲਕਿ ਸਾਡੇ ਜੀਵਨ ਦੇ ਇਤਿਹਾਸ ਵਿਚ ਲਿਖੀ ਗਈ ਜਲੀਲ ਘਟਨਾ ਹੈ! ਕਬਜਿਆਂ ਲਈ ਕੁਹਾੜੇ ਵਾਹ ਕੇ ਤਾਂ ਇਕ ਦਿਨ ਜੇਲ੍ਹ ਜਾਣਾ ਵੀ ਸ਼ਰਮਨਾਕ ਘਟਨਾ ਹੈ ਤੇ ਮੁੱਛਾਂ ਨੂੰ ਮਰੋੜੇ ਕਾਹਦੇ?
ਮੈਂ ਉੱਚਾ ਹੋ ਹੀ ਨਹੀ ਸਕਦਾ ਜਿੰਨਾ ਚਿਰ ਮੇਰੇ ਵਿਚ ਉੱਚਾ ਹੋਣ ਦੀ ਇੱਛਾ ਪ੍ਰਬਲ ਹੈ। ਮੇਰਾ ਨੀਵਾਂ ਹੋਣਾ ਹੀ ਮੇਰਾ ਉੱਚਾ ਹੋਣਾ ਹੈ। ਗੁਰਬਾਣੀ ਮੈਨੂੰ ਵਾਰ ਵਾਰ ਨੀਵਾਂ ਰਹਿਣ ਦੀ ਸਮੁੱਤ ਬਖਸ਼ਦੀ ਹੈ। ਪਰ ਮੇਰੇ ਸਾਰੇ ਰਸਤੇ ਉੱਚਾ ਹੋਣ ਵਲ ਜਾਂਦੇ ਹਨ। ਨੀਵੇ ਪਾਸੇ ਵਲ ਤਾਂ ਰਾਹ ਹੀ ਬੰਦ ਨੇ। ਬਿਲੱਕੁਲ ‘ਨੋ ਐਂਟਰੀ’! ਮੇਰੇ ਜੀਵਨ ਦਾ ਰਸ ਉੱਚਾ ਹੋਣ ਵਲ ਵਹਿ ਤੁਰਿਆ ਹੈ ਤੇ ਇਹੀ ਕਾਰਨ ਗੁਰੂ ਘਰਾਂ ਦੀਆਂ ਲੜਾਈਆਂ ਦਾ ਹੈ ਨਹੀ ਤਾਂ ਇਹ ਕੋਈ ਸੇਵਾ ਨਹੀ ਜਿਹੜੀ ਗੁਰਦੁਆਰੇ ਦਾ ਚੌਧਰੀ ਬਣਕੇ ਹੀ ਕੀਤੀ ਜਾ ਸਕੇ! ਜਿਥੇ ਜਾ ਕੇ ਮੈਂ ਨੀਵਾਂ ਰਹਿਣਾ ਸਿੱਖਣਾ ਸੀ ਉਥੇ ਹੀ ਉੱਚਾ ਬਣਨ ਦੀਆਂ ਲੜਾਈਆਂ ਸ਼ੁਰੂ ਕਰ ਲਈਆਂ? ਦੁਨੀਆਂ ਦੇ ਕੁੱਲ ਗੁਰੂ ਘਰਾਂ ਦੀਆਂ ਲੜਾਈਆਂ ਦੇ ਆਏ ਕੁੱਲ ਖਰਚਿਆਂ ਦਾ ਕਿਤੇ ਤੁਸੀਂ ਹਿਸਾਬ ਲਾ ਸਕਦੇ ਹੋਵੋਂ? ਤੁਹਾਡੇ ਦੰਦ ਜੁੜ ਜਾਣ ਤੇ ਤੁਸੀਂ ਖੁਦ ਅਪਣੀ ਮੂਰਖਤਾ ਉਪਰ ਹੈਰਾਨ ਹੋਵੋਂ ਕਿ ਅਸੀਂ ਹਾਲੇ ਵੀ ਨਹੀ ਹਟੇ ਗੋਲਕਾਂ ਭਰਨੋ?
ਬੋਰੀਆਂ ਦੇ ਬੋਰੀਆਂ ਡਾਲਰਾਂ ਦੀਆਂ ਰੁੜ ਗਈਆਂ ਕੋਟਾਂ ਵਿਚ! ਪਤਾ ਕਿਉਂ? ਉੱਚਾ ਹੋਣ ਵਾਸਤੇ? ਪਰ ਉਹ ਲੋਕ ਖੁਦ ਅਪਣੇ ਦੁਆਲੇ ਨਿਗਾਹ ਮਾਰਨ ਕਿ ਉਹ ਕਿੰਨੇ ਕੁ ਉੱਚੇ ਹੋ ਗਏ ਜਿਹੜੇ ਉੱਚਾ ਹੋਣ ਲਈ ਗੁਰੂ ਘਰਾਂ ਨੂੰ ਕੋਟਾਂ ਵਿਚ ਲੈ ਕੇ ਗਏ।
ਗੁਰਬਾਣੀ ਦੋਂਹ ਪੰਗਤੀਆਂ ਵਿਚ ਮੇਰਾ ਉੱਚੇ ਨੀਵੇਂ ਦਾ ਨਿਬੇੜਾ ਦੇਖੋ ਕਿੰਨੀ ਖੂਬਸੂਰਤੀ ਨਾਲ ਕਰਦੀ ਹੈ।
ਆਪਸ ਕਉ ਜੋ ਜਾਣੈ ਨੀਚਾ ॥ ਸੋਊ ਗਨੀਐ ਸਭ ਤੇ ਊਚਾ ॥ (266)
-ਗੁਰਦੇਵ ਸਿੰਘ ਸੱਧੇਵਾਲੀਆ