ਹਰਾਮਖੋਰ ਦੇ ਲੱਛਣ
ਅਵਤਾਰ ਸਿੰਘ ਮਿਸ਼ਨਰੀ 510.432.5827
ਹਰਾਮਖੋਰ ਵੀ ਫਾਰਸੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ- ਹਰਾਮ ਖਾਣ ਵਾਲਾ, ਧਰਮ ਅਨੁਸਾਰ ਵਰਜਿਤ ਕੀਤਾ ਹੋਇਆ ਅਤੇ ਬੇਈਮਾਨੀ ਦਾ ਖੱਟਿਆ ਖਾਣ ਵਾਲਾ, ਨਿੰਦਤ ਕਰਮ ਕਰਨ ਵਾਲਾ, ਹੱਟਾ-ਕੱਟਾ ਹੋ ਕੇ ਵੀ ਦੂਜਿਆਂ ਦੀ ਕਮਾਈ 'ਤੇ ਟੇਕ ਰੱਖਣ ਵਾਲਾ। ਜਿਵੇਂ ਅੱਜ ਦੇ ਭੇਖੀ ਸਾਧ ਸੰਤ ਜੋ ਦਸਾਂ ਨੌਹਾਂ ਦੀ ਕਿਰਤ ਨਹੀਂ ਕਰਦੇ ਸਦਾ ਦੂਜਿਆਂ 'ਤੇ ਹੀ ਟੇਕ ਰੱਖਦੇ, ਇਹ ਸਭ ਹਰਾਮਖੋਰ ਹਨ। ਇਨ੍ਹਾਂ ਹਰਾਮਖੋਰਾਂ ਦੇ ਢਿੱਡ ਭਰਨ ਵਾਲੇ ਵੀ ਕੋਈ ਸਿਆਣੇ ਨਹੀਂ ਕਹੇ ਜਾ ਸਕਦੇ ਸਗੋਂ ਅੰਧ ਵਿਸ਼ਵਸਾਸ਼ੀ ਹੁੰਦੇ ਹਨ। ਸੰਸਾਰ ਵਿਖੇ ਅਜਿਹੇ ਲੱਖਾਂ ਹੀ ਹਨ-
ਅਸੰਖ ਚੋਰ ਹਰਾਮਖੋਰ॥ (੪)
ਦਾਤਾਰ ਦਾ ਦਿੱਤਾ ਖਾ ਕੇ, ਤੂੰ ਬੜੀ ਬੇਸ਼ਰਮੀ ਨਾਲ ਹਰਾਮਖੋਰੀ ਕਰ ਰਿਹਾ ਹੈਂ ਭਾਵ ਹਰਾਮਖੋਰ ਜਿਸ ਥਾਲੀ ਵਿੱਚ ਖਾਂਦੇ ਉਸੇ ਵਿੱਚ ਹੀ ਛੇਕ ਕਰਦੇ ਹਨ-
ਲੂਣੁ ਖਾਇ ਕਰਹਿ ਹਰਾਮਖੋਰੀ॥ ਪੇਖਤ ਨੈਨ ਬਿਦਾਰਿਓ॥(੧੦੦੧)
ਭਾਈ ਗੁਰਦਾਸ ਜੀ ਅਨੁਸਾਰ ਵੀ ਕਈ ਆਪਣੇ ਹੀ ਮਾਲਕ ਦਾ ਬੁਰਾ ਤੱਕਣ ਵਾਲੇ, ਵਿਸ਼ਵਾਸ਼ ਘਾਤਕ ਅਤੇ ਲੂਣ ਹਰਾਮੀ ਹਨ-
ਸਵਾਮਿ ਧ੍ਰੋਹੀ ਵਿਸ਼ਵਾਸ਼ ਘਾਤ ਲੂਣ ਹਰਾਮੀ ਰਖ ਭਾਰੀ। (ਵਾਰ-੮,ਪਾਉੜੀ-੧੫)
ਅਤੇ ਆਪਣੇ ਮਨ ਪਿੱਛੇ ਤੁਰਨ ਵਾਲੇ ਲੂਣਹਰਾਮੀ ਬੰਦੇ ਪ੍ਰਮਾਤਮਾਂ ਦੇ ਕੀਤੇ ਉਪਕਾਰ ਦੀ ਸਾਰ ਨਹੀਂ ਜਾਣਦੇ-
ਮਨਮੁਖ ਲੂਣ ਹਰਾਮ ਕਿਆ ਨ ਜਾਣਿਆ॥ (੧੪੩)
ਇਹ ਲੋਕ ਹਰੇਕ ਮਹਿਕਮੇ ਵਿੱਚ ਹੀ ਮਿਲ ਜਾਂਦੇ ਨੇ ਜੋ ਦੁਜਿਆਂ ਦੀ ਗੱਲ ਵਧਾ ਚੜ੍ਹਾ ਕੇ ਚੁਗਲੀ ਨਿੰਦਿਆ ਅਤੇ ਹਰਾਮਖੋਰੀ ਕਰਨੋ ਬਾਜ ਨਹੀਂ ਅਉਂਦੇ। ਇਹ ਲੋਕ "ਅੱਗ ਲਾਈ ਤੇ ਡੱਬੂ ਬਨੇਰੇ ਤੇ" ਵਾਂਗ "ਬਲਦੀ ਤੇ ਤੇਲ ਪਾਉਣ" ਵਾਲੇ ਹੁੰਦੇ ਹਨ। ਦੂਜੇ ਦਾ ਚੰਗਾ ਕਾਰੋਬਾਰ ਜਾਂ ਤਰੱਕੀ ਹੁੰਦੀ ਦੇਖ ਕੇ ਜਰ ਨਹੀਂ ਸਕਦੇ ਸੜ ਬਲ ਜਾਂਦੇ ਹਨ। ਹੋਰ ਨਹੀ ਤਾਂ ਦੂਜੇ ਦੇ ਕਸਟਮਰ ਹੀ ਚੋਰੀ ਕਰੀ ਜਾਂਦੇ ਹਨ। ਹੱਥਾਂ ਵਿੱਚ ਗੁਟਕੇ ਤਸਬੀਆਂ ਲੈ ਕੇ ਵੀ ਦੂਜੇ ਦਾ ਹੱਕ ਮਾਰੀ ਜਾਂਦੇ ਹਨ। ਹੱਕ ਮਾਰਨ ਵਾਲੇ ਨੂੰ ਗੁਰੂ ਸਾਹਿਬ ਨੇ ਕਿਹਾ ਹੈ-ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ॥ਗੁਰ ਪੀਰੁ ਹਾਮਾ ਤਾਂ ਭਰੈ ਜਾਂ ਮੁਰਦਾਰੁ ਨ ਖਇ॥(੧੪੧) ਕੀਤਾ ਨਾ ਜਾਨਣ ਵਾਲਾ (ਸੈਲਫਿਸ਼)-
ਮੈ ਕੀਤਾ ਨ ਜਾਤਾ ਹਰਾਮਖੋਰੁ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ॥ (੨੪) ਅਤਿ ਦੀ ਨਿਮਰਤਾ ਭਾਵ ਆਪਾ ਨਾ ਜਨਾਉਣਾ-
ਮੈ ਜੇਹਾ ਨ ਹਰਾਮਖੋਰੁ। (ਭਾ.ਗੁ-ਵਾਰ-੩੭ ਪਾਉੜੀ-੨੯)
ਇਨ੍ਹਾਂ ਦੀ ਮੁੱਖ ਪਹਿਚਾਣ ਹੈ ਕਿ ਇਹ ਲੋਕ ਬੋਲਦੇ ਵੱਧ ਅਤੇ ਅਮਲ ਘੱਟ ਕਰਦੇ ਹਨ।ਤੁਹਾਡੀਆਂ ਗੱਲਾਂ ਬੜੇ ਮਿੱਠੇ ਪਿਆਰੇ ਹੋ ਕੇ ਸੁਣਦੇ ਅਤੇ ਫਿਰ ਤੁਹਾਡੇ ਹੀ ਵਿਰੁੱਧ ਦੂਜਿਆਂ ਨੂੰ ਮਸਾਲੇ ਲਾ ਲਾ ਕੇ ਭੜਕਾਉਂਦੇ ਹਨ।ਇਹ ਲੋਕ ਪਤੀ ਨੂੰ ਪਤਨੀ, ਭੈਣ ਨੂੰ ਭਰਾ, ਇੱਕ ਘਰ ਨੂੰ ਦੂਜੇ ਘਰ, ਇੱਕ ਪਿੰਡ ਨੂੰ ਦੂਜੇ ਪਿੰਡ, ਇੱਕ ਦੇਸ਼ ਨੂੰ ਦੂਜੇ ਦੇਸ਼ ਇੱਥੋਂ ਤੱਕ ਕਿ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਦਿੰਦੇ ਹਨ। ਇਨ੍ਹਾਂ ਨੂੰ ਗੁਰਬਾਣੀ ਵਿਖੇ ਚੰਡਾਲ ਚੌਂਕੜੀ ਵੀ ਕਿਹਾ ਹੈ-
ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ॥ (੬੦੧)
ਸਾਨੂੰ ਅਜਿਹੇ ਲੋਕਾਂ ਦਾ ਸੰਗ ਨਹੀ ਕਰਨਾ ਚਾਹੀਦਾ। ਕਬੀਰ ਸਾਹਿਬ ਵੀ ਫੁਰਮਾਂਦੇ ਹਨ ਕਿ-
ਕਬੀਰ ਸਾਕਤ ਸੰਗੁ ਨ ਕੀਜੀਐ ਦੁਰਹ ਜਾਈਐ ਭਾਗੁ॥
ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗ॥(੧੩੭੧)
ਇਸ ਦੇ ਉਲਟ ਭਲੇ ਪੁਰਖਾਂ ਦਾ ਸੰਗ ਕਰਨਾ ਚਾਹੀਦਾ ਹੈ। ਭਲੇ ਪੁਰਖ ਉਹ ਹਨ ਜੋ ਧਰਮ ਦੀ ਕਿਰਤ ਕਰਦੇ, ਵੰਡ ਕੇ ਛੱਕਦੇ ਅਤੇ ਕੇਵਲ ਤੇ ਕੇਵਲ ਰੱਬ ਦਾ ਹੀ ਨਾਮ ਜਪਦੇ ਹਨ ਭਾਵ ਹਰ ਵੇਲੇ ਰੱਬ ਨੂੰ ਯਾਦ ਰੱਖਦੇ ਹਨ ਅਤੇ ਹੋਰਨਾਂ ਨੂੰ ਇਸ ਮਾਰਗ ਤੇ ਚੱਲਣ ਦਾ ਉਪਦੇਸ਼ ਕਰਦੇ ਹਨ। ਸਾਨੂੰ ਕਦੇ ਵੀ ਚੋਲਿਆਂ, ਗੋਲ ਪੱਗਾਂ ਅਤੇ ਚਿੱਟੇ ਤੇ ਭਗਵੇ ਭੇਸ ਵਾਲਿਆਂ ਨੂੰ ਭਲੇ ਪੁਰਖ ਸੰਤ ਨਹੀਂ ਸਮਝ ਲੈਣਾ ਚਾਹੀਦਾ। ਅਜਿਹੇ ਭੇਖੀ-ਲੋਕਾਂ ਬਾਰੇ ਲੋਕਾਂ ਨੂੰ ਜਾਗ੍ਰਿਤ ਕਰਨਾ ਨਿੰਦਿਆ ਨਹੀਂ ਸਗੋਂ ਅਸਲੀਅਤ ਦਰਸਾਉਣਾਂ ਹੈ। ਇਹ ਲੋਕ ਹਰਾਮ ਦੀ ਕਮਾਈ ਅਤੇ ਦੂਜਿਆਂ ਦੀ ਕਿਰਤ ਤੇ ਸਦਾ ਟੇਕ ਰੱਖਦੇ ਹਨ।
ਅਜਿਹੇ ਪਾਮਰ ਹਰਾਮਖੋਰ ਲੋਕਾਂ ਤੋਂ ਸਦਾ ਹੀ ਬਚ ਕੇ ਰਹਿਣਾ ਚਾਹੀਦਾ ਹੈ।
ਅਵਤਾਰ ਸਿੰਘ ਮਿਸ਼ਨਰੀ
ਹਰਾਮਖੋਰ ਦੇ ਲੱਛਣ
Page Visitors: 2512