ਸੰਜਮ ਬਾਰੇ ਵਿਚਾਰ
ਅਵਤਾਰ ਸਿੰਘ ਮਿਸ਼ਨਰੀ 510 432 5827
ਸ੍ਰੀ ਗੁਰੂ ਗ੍ਰੰਥ ਕੋਸ਼ ਦੇ ਕਰਤਾ ਡਾ. ਗੁਰਚਰਨ ਸਿੰਘ ਅਤੇ ਭਾਈ ਕਾਹਨ ਸਿੰਘ ਅਨੁਸਾਰ-ਸੰਜਮ, ਸੰਜਮੁ, ਸੰਜਮਿ, ਸੰਜਮੀ, ਸੰਜਮੇ ਅਤੇ ਸੰਜਮੋ ਆਦਿਕ ਰੂਪਾਂ ‘ਚ ਆਉਂਦਾ ਹੈ। ਜਿਸ ਦੇ ਮੁੱਖ ਅਰਥ ਤਾਂ ਆਪਣੇ ਆਪ ਨੂੰ ਕਾਬੂ ਚ ਰੱਖਣਾ ਹੈ। ਠੇਠ ਪੰਜਾਬੀ ‘ਚ ਜੁਗਤ ਅਤੇ ਦੂਜੇ ਨੂੰ ਪੀੜਾ ਦੇਣ ਤੋਂ ਰੁਕਣਾ (ਫਲਾਨਾ ਤਾਂ ਸੰਜਮ ਵਰਤ ਗਿਆ) ਆਦਿਕ ਹਨ।
ਸੰਜਮ-ਚੰਗੀ ਤਰ੍ਹਾਂ ਬੰਨਣ ਦੀ ਕਿਰਿਆ, ਮਨ ਇੰਦ੍ਰੀਆਂ ਨੂੰ ਵਿਕਾਰਾਂ ਤੋਂ ਰੋਕਣ ਦੇ ਸਾਧਨ-
ਜਪ ਤਪ ਸੰਜਮ ਪੂਰੀ ਵਡਿਆਈ॥(੧੯੬)
ਜੋਗ ਦੀ ਇੱਕ ਕ੍ਰਿਆ-
ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ॥(੧੨੪੪)
ਭਾਵ ਗੁਰੂ ਨੂੰ ਭਾਅ ਜਾਣਾ ਹੀ ਸਿੱਖ ਵਿੱਚ ਜਪ, ਤਪ ਅਤੇ ਸੰਜਮ ਹੈ। ਸੰਕੋਚ,ਕਿਰਸ-
ਛਾਡਿ ਸਿਆਣਪ ਸੰਜਮ ਲਾਗੋ ਗੁਰ ਕੀ ਚਰਣੀ॥(੫੦੩)
ਭਾਵ ਆਪਣੀ ਚਤੁਰਈ ਤੇ ਇੰਦ੍ਰੀਆਂ ਨੂੰ ਵੱਸ ਕਰਨ ਦੇ ਯਤਨ ਛੱਡ ਕੇ, ਮੈ ਗੁਰ ਚਰਨੀ ਆ ਪਿਆ ਹਾਂ। ਪ੍ਰਹੇਜ਼, ਜ਼ਬਤ-
ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਇ ਜੀਉ॥(੪੪੫)
ਭਾਵ ਮਨੁੱਖ ਪ੍ਰਭੂ ਨੂੰ ਭੁੱਲ, ਵੀਰਜ ਰੋਕਣਾ ਧਰਮ ਸਮਝ, ਇੰਦ੍ਰੀਆਂ ਨੂੰ ਵੱਸ ਕਰਨ ਵਾਲੇ ਕਰਮ ਹੀ ਕਮਾਂਦਾ ਹੈ। ਰੀਤਿ ਰਸਮ-
ਸੰਜਮ ਤੁਰਕਾਂ ਭਾਈ॥
ਉਪਾਯ, ਯਤਨ-
ਜਿਉ ਬੈਸੰਤਰੁ ਕਾਸਟ ਮਝਾਰਿ॥
ਬਿਨੁ ਸੰਜਮ ਨਹੀ ਕਾਰਜ ਸਾਰਿ॥(੫੫੩)
ਕਾਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੈ ਬੈਨ॥(੬੭੪)
ਚੰਗੇ ਜ਼ਬਤ (ਅਨੁਸ਼ਾਸਨ ਵਾਲੀ ਰਹਿਣੀ)-
ਮਤਾ ਕਰਉ ਸੋ ਪਕਨਿ ਨ ਦੇਈ॥
ਸੀਲ ਸੰਜਮ ਕੈ ਨਿਕਟਿ ਖਲੋਈ॥ (੩੭੧)
(ਜੀਵਨ ਜੁਗਤ) ਰਹਿਣ ਦੇ ਢੰਗ ਨੂੰ ਵੀ ਸੰਜਮ ਆਖਦੇ ਹਨ।
ਸੰਜਮੁ-
ਜਪੁ ਤਪੁ ਸੰਜਮੁ ਧਰਮੁ ਨ ਕਮਾਇਆ॥(੧੨)
ਭਾਵ ਜੀਵਨ ਚ ਸਦਗੁਣ ਧਾਰਨਾ, ਧਰਮ ਨ ਰੱਖਿਆ। ਪ੍ਰਹੇਜਗਾਰੀ ਵਾਲੀ ਕਰਣੀ-
ਸਚੁਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸ॥(੨੬)
ਢੰਗ, ਉਪਾਉ, ਇਲਾਜ-
ਇਸ ਮਨ ਕਉ ਹੋਰੁ ਸੰਜਮੁ ਕੋ ਨਾਹੀ ਵਿਣ ਸਤਿਗੁਰ ਕੀ ਸਰਣਾਇ॥(੫੫੮)
ਜਬਤ ਵਾਲਾ ਜੀਵਨ-
ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ॥(੩੮੬)
ਜੀਵਨ ਜੁਗਤ, ਜੀਵਨ ਜਾਚ-
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾਂ ਭਾਈ॥(੪੭੧)
ਸੰਜਮਾਂ-
ਤੀਰਥ ਵਰਤ ਲਖ ਸੰਜਮਾਂ ਪਾਈਐ ਸਾਧੂ ਧੂਰਿ॥(੪੮)
ਸੰਜਮਿ-ਮਰਯਾਦਾ ਵਿੱਚ-
ਸਤਗੁਰਿ ਸਚੁ ਦਿੜਾਇਆ ਸਦਾ ਸਚਿ ਸੰਜਮਿ ਰਹਿਣਾ॥(੨੫)
ਢੰਗ, ਤਰੀਕਾ, ਜੁਗਤ-
ਕਾਮੁ ਕ੍ਰੋਧੁ ਅਹੰਕਾਰੁ ਗਾਖਰੋ ਸੰਜਮਿ ਕਉਨ ਛੁਟਿਓ ਰੀ॥(੩੮੪)
ਯੋਗ ਦੀ ਇੱਕ ਕਿਰਿਆ (ਧਾਰਨਾ, ਧਿਆਨ ਤੇ ਸਮਾਧੀ)-
ਬਹੁ ਸੰਜਮਿ ਧਾਤਿ ਨ ਪਾਵੈ ਕੋਇ॥(੧੧੭੫)
ਸੰਜਮੀ-ਇੰਦ੍ਰਿਆਂ ਨੂੰ ਰੋਕਣ ਦੀ ਸਾਧਨਾ ਕਰਨ ਵਲਾ, ਰਹਿਣੀ ਵਾਲਾ-
ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ॥(੨੯)
ਸੰਜਮੇ-ਵਸੀਕਰਣ ਜਾਂ ਜ਼ਬਤ ਵਾਲਾ-
ਪੂਰਨ ਸੰਜਮੇ ਹਾਂ॥(੪੧੦) ਸੰਜਮੋ-
ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ॥(੨੫੬)
ਗੁਰਮਤਿ ਵਿੱਚ ਆਪਣੇ ਆਪ ਨੂੰ ਬਹੁਤ ਜਿਆਦਾ ਦਬਾ ਕੇ ਰੱਖਣਾ (ਬੇਹੱਦ ਬੰਦਸ਼) ਅਤੇ ਹੱਦੋਂ ਵੱਧ ਅਯਾਸ਼ੀ ਕਰਨਾ ਦੋਹਾਂ ਨੂੰ ਉਲਾਰ ਆਖ ਕੇ ਰੱਦ ਕੀਤਾ ਗਿਆ ਹੈ। ਸਿੱਖ ਨੂੰ ਸਭ ਪ੍ਰਕਾਰ ਦੀਆਂ ਮਾਨਸਿਕ ਤੇ ਸਰੀਰਕ ਕ੍ਰਿਆਵਾਂ ਕਰਨ ਵਿੱਚ ਸੰਜਮ ਰੱਖਣਾ ਚਾਹੀਦਾ ਹੈ।
ਸੰਜਮ ਤੋਂ ਮੁੱਖ ਭਾਵ ਤਾਂ ਸਵੈ ਕਾਬੂ ਹੀ ਹੈ। ਸਰੀਰਕ ਇੰਦਰਿਆਂ ਅਤੇ ਮਾਨਸਿਕ ਵਾਸ਼ਨਾਵਾਂ ਤੇ ਕਾਬੂ ਰੱਖਣਾ ਹੀ ਅਸਲ ਸੰਜਮ ਹੈ। ਦੂਜੇ ਪਾਸੇ ਵਿਹਲੜ ਸਾਧਾਂ, ਜੋਗੀਆਂ ਤੇ ਤਪੱਸੀ ਆਦਿਕਾਂ ਦਾ ਘਰ ਬਾਰ ਛੱਡ ਕੇ ਜੰਗਲੀ ਵਾਸ ਕਰਨਾ, ਵਰਤ ਰੱਖਣੇ ਅਤੇ ਸਰੀਰਕ ਕਿਰਿਆਵਾਂ ਰੋਕਣੀਆਂ ਸੰਜਮ ਨਹੀਂ ਸਗੋਂ ਮਨ ਹਠਤਾ, ਅਗਿਆਨਤਾ, ਵਿਖਾਵਾ ਅਤੇ ਹੰਕਾਰ ਹਨ ਕਿਉਂਕਿ ਮਨ ਕਰਕੇ ਵਾਸ਼ਨਾਵਾਂ ਨਾਲ ਹੀ ਲੈ ਗਿਆ-
ਦੇਸੁ ਛੋਡਿ ਪਰਦੇਸਹਿ ਧਾਇਆ॥
ਪੰਚ ਚੰਡਾਲ ਨਾਲੇ ਲੈ ਆਇਆ॥(੧੩੪੮)
ਰਹਿਤ ਰੱਖਣਾ ਭਾਵ ਜ਼ਾਬਤੇ ਚ ਰਹਿਣਾ ਹੀ ਸੰਜਮ ਹੈ। ਇਵੇਂ ਸਰੀਰਕ ਇੰਦਰੇ ਅਤੇ ਮਨ ਸੰਜਮ (ਕਾਬੂ ਚ) ਰਹਿੰਦਾ ਹੈ। ਇਹ ਰਹਿਤ (ਸੰਜਮ) ਸ਼ਬਦ ਗੁਰੂ ਗ੍ਰੰਥ ਵਿਖੇ ਥਾਂ ਥਾਂ ਦਰਸਾਈ ਗਈ ਹੈ। ਸਿੱਖ ਵਾਸਤੇ ਸ਼ਬਦ ਗੁਰੂ ਗ੍ਰੰਥ ਦੀ ਬਾਣੀ ਤੋਂ ਉੱਪਰ ਹੋਰ ਕੋਈ ਰਹਿਤ ਮਰਯਾਦਾ ਨਹੀਂ ਜੋ ਉਸ ਨੂੰ ਸੰਜਮ ਵਿੱਚ ਰੱਖ ਸਕਦੀ ਹੈ। ਸਵੈ ਕਾਬੂ ਰੱਖਣ ਨਾਲ ਅਸੀਂ ਕਈ ਅਲਾਮਤਾਂ ਅਤੇ ਪਰੇਸ਼ਾਨੀਆਂ ਤੋਂ ਬਚ ਜਾਂਦੇ ਹਾਂ। ਜਿਵੇਂ ਘੋੜੇ ਨੂੰ ਲੁਗਾਮ ਅਤੇ ਗਧੇ ਨੂੰ ਛੱਟ (ਭਾਰ) ਦੇ ਸੰਜਮ ਚ ਰੱਖੀਦੈ ਇਵੇਂ ਹੀ ਸਰੀਰ ਅਤੇ ਮਨ ਨੂੰ ਗੁਰੂ ਗਿਆਨ ਦੀ ਲੁਗਾਮ ਅਤੇ ਸੰਸਾਰਕ ਜੁਮੇਵਾਰੀਆਂ ਦੀ ਛੱਟ ਦਾ ਸੰਜਮ ਅਤਿ ਜਰੂਰੀ ਹੈ।
ਅਵਤਾਰ ਸਿੰਘ ਮਿਸ਼ਨਰੀ
ਸੰਜਮ ਬਾਰੇ ਵਿਚਾਰ
Page Visitors: 2510