ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਿਓਂ ?
ਵਿਚਾਰ ਵਟਾਂਦਰਾ ਜਾਰੀ ਕਰਨ ਤੋਂ ਪਹਿਲਾਂ ਦੱਸ ਦਿਆਂ ਕਿ *ਰਥੁ ਫਿਰੈ* ਅਤੇ ਬਾਰਾ ਮਾਹਾ ਬਾਣੀ ਸੰਬੰਧੀ ਮੇਰਾ ਮੁੱਖ ਕਨਸਰਨ ਇਹ ਹੈ ਕਿ ਅਨ-ਧਰਮ ਵਾਲੇ ਮਹੀਨਿਆਂ, ਦਿਨਾਂ ਆਦਿ ਨੂੰ ਕਿਸੇ ਖਾਸ ਕਰਮ ਕਾਂਡਾਂ ਦੇ ਰੂਪ ਵਿੱਚ ਮਨਾਉਂਦੇ ਹਨ ਪਰ ਗੁਰੂ ਸਾਹਿਬਾਂ ਨੇ ਮਹੀਨਿਆਂ ਆਦਿ ਦੇ ਨਾਮ ਵਰਤ ਕੇ ਇਹਨਾ ਨਾਲ ਜੁੜੇ ਕਰਮ ਕਾਂਡਾਂ ਵੱਲੋਂ ਹਟਾ ਕੇ, ਆਪਣਾ ਨਿਰੋਲ ਅਧਿਆਤਮਕ ਸੰਦੇਸ਼ ਜੋੜਿਆ ਹੈ।ਗੁਰੂ ਸਾਹਿਬ ਦਾ ਮੁਖ ਮਕਸਦ ਸਿਰਫ ਅਤੇ ਸਿਰਫ ਅਧਿਆਤਮਕ ਸੰਦੇਸ਼ ਦੇਣਾ ਹੈ, ਇਸ ਤੋਂ ਇਲਾਵਾ ਮਹੀਨਿਆਂ ਦਾ ਹੋਰ ਕੋਈ concern ਜਾਂ ਰੋਲ ਨਹੀਂ ਹੈ।
ਪਰ ਪਾਲ ਸਿੰਘ ਪੁਰੇਵਾਲ ਨੇ ਗੁਰਬਾਣੀ ਵਿੱਚ ਦਰਜ ਮਹੀਨਿਆਂ ਨੂੰ ਆਪਣੇ ਨਿਜੀ ਮਕਸਦ ਲਈ ਕੈਲੰਡਰ ਨਾਲ ਜੋੜਕੇ ਗੁਰੂ ਸਾਹਿਬਾਂ ਦੇ ਅਸਲੀ ਸੁਨੇਹੇ ਨੂੰ ਘੱਟੇ ਵਿੱਚ ਰੋਲ ਕੇ ਰੱਖ ਦਿੱਤਾ ਹੈ।
ਗੁਰਬਾਣੀ ਦੇ ਸੰਬੰਧਤ *ਰਥੁ ਫਿਰੈ* ਪੰਗਤੀਆਂ-
" ਆਸਾੜੁ ਭਲਾ ਸੂਰਜੁ ਗਗਨਿ ਤਪੈ ॥
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥ "
ਅਰਥ, ਪ੍ਰੋ: ਸਾਹਿਬ ਸਿੰਘ: (ਸੂਰਜ) ਅੱਗ (ਵਾਂਗ) ਪਾਣੀ ਨੂੰ ਸੁਕਾਂਦਾ ਹੈ।(ਹਰੇਕ ਦੀ ਜਿੰਦ) ਕ੍ਰਾਹ ਕ੍ਰਾਹ ਕੇ ਦੁਖੀ ਹੁੰਦੀ ਹੈ, ਫਿਰ ਭੀ ਸੂਰਜ ਆਪਣਾ ਕਰਤਬ ਨਹੀਂ ਛੱਡਦਾ (ਕਰੀ ਜਾਂਦਾ ਹੈ)।(ਸੂਰਜ ਦਾ) ਰੱਥ ਚੱਕਰ ਲਾਂਦਾ ਹੈ।ਕਮਜ਼ੋਰ ਜਿੰਦ ਕਿਤੇ ਛਾਂ ਦਾ ਆਸਰਾ ਲੈਂਦੀ ਹੈ, ਬੀਂਡਾ ਭੀ ਬਾਹਰ ਜੂਹ ਵਿਚ (ਰੁੱਖ ਦੀ ਛਾਵੇਂ) ਟੀਂ ਟੀਂ ਪਿਆ ਕਰਦਾ ਹੈ (ਹਰੇਕ ਜੀਵ ਤਪਸ਼ ਤੋਂ ਜਾਨ ਲੁਕਾਂਦਾ ਦਿੱਸਦਾ ਹੈ).... (*ਅੱਗੇ ਅਧਿਆਤਮਕ ਸੁਨੇਹਾ*-)(ਅਜੇਹੀ ਮਾਨਸਕ ਤਪਸ਼ ਦਾ) ਦੁੱਖ ਉਸ ਜੀਵ-ਇਸਤ®ੀ ਦੇ ਸਾਹਮਣੇ (ਭਾਵ, ਜੀਵਨ-ਸਫ਼ਰ ਵਿਚ) ਮੌਜੂਦ ਰਹਿੰਦਾ ਹੈ, ਜੋ ਮੰਦੇ ਕਰਮਾਂ (ਦੀ ਪੰਡ ਸਿਰੇ ਉਤੇ) ਬੰਨ੍ਹ ਕੇ ਤੁਰਦੀ ਹੈ । ਆਤਮਕ ਆਨੰਦ ਸਿਰਫ਼ ਉਸ ਨੂੰ ਹੈ ਜੋ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੀ ਹੈ ।
(ਸੂਰਜ ਦੀ ਤਪਸ਼ ਦੇ ਮੁਕਾਬਲੇ ਵਿੱਚ **ਮੰਦੇ ਕਰਮਾਂ ਦੀ ਤਪਸ਼** ਤੋਂ ਬਚਣ ਦਾ ਅਧਿਆਤਮਕ ਸੁਨੇਹਾ ਹੈ)
ਸ਼ਬਦ ਦਾ ਭਾਵ :—ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਨੂੰ ਇਸ ਜੀਵਨ-ਸਫ਼ਰ ਵਿਚ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ । (-ਪ੍ਰੋ: ਸਾਹਿਬ ਸਿੰਘ) " (ਨਿਰੋਲ ਅਧਿਆਤਮਕ ਸੁਨੇਹਾ)
ਇਹਨਾ ਪੰਗਤੀਆਂ *ਰੱਥੁ ਫਿਰੈ* ਵਿੱਚ *ਫਿਰੈ* ਦਾ ਅਰਥ *ਚੱਕਰ ਲਾਂਦਾ* ਹੈ।ਪਰ ਪੁਰੇਵਾਲ ਨੇ ਆਪਣੇ ਮਕਸਦ ਨਾਲ *ਫਿਰੈ* ਦੇ ਅਰਥ ਬਦਲਕੇ ਕਰ ਦਿੱਤੇ ਹਨ- *Turns back*
ਮੇਰਾ Concern ਏਨਾ ਹੈ ਕਿ *Turns back* ਅਰਥ ਕਰਨ ਨਾਲ ਗੁਰੂ ਸਾਹਿਬ ਦਾ ਅਸਲੀ ਸੁਨੇਹਾ ਵੀ ਬਦਲਕੇ ਕੈਲੰਡਰ ਨਾਲ ਜੁੜ ਕੇ ਰਹਿ ਜਾਂਦਾ ਹੈ।
ਜਿੱਥੋਂ ਤੱਕ *Turns back* ਦਾ ਖਗੋਲ ਵਿਗਿਆਨ/astronomy ਨਾਲ ਸੰਬੰਧ ਹੈ, ਇਸ ਪੱਖੋਂ ਵੀ ਪੁਰੇਵਾਲ ਦੀ ਜਾਣਕਾਰੀ ਅਧੂਰੀ/ਗ਼ਲਤ ਹੈ।ਧਰਤੀ/ਸੂਰਜ ਕਿਤੇ ਪਿਛੇ ਨਹੀਂ ਮੁੜਦੀ/ਮੁੜਦਾ।ਧਰਤੀ ਆਪਣੀ ਲਗਾਤਾਰ ਚਾਲ ਨਾਲ ਚੱਲੀ ਜਾਂਦੀ ਹੈ।
ਕਿਰਪਾਲ ਸਿੰਘ ਜੀ! ਸੰਬੰਧਤ ਵਿਸ਼ੇ ਬਾਰੇ ਮੈਂ ਆਪਣਾ ਪੱਖ ਰੱਖ ਦਿੱਤਾ ਹੈ, ਹੁਣ ਬਿਨਾ ਕੋਈ ਦੂਸ਼ਣਬਾਰੀ ਕਰਦੇ ਹੋਏ ਅਤੇ ਇਸ ਚੱਲਦੇ ਵਿਸ਼ੇ ਦੇ ਦਾਇਰੇ ਅੰਦਰ ਰਹਿੰਦੇ ਹੋਏ ਆਪਣਾ ਪੱਖ ਰੱਖਕੇ ਵਿਚਾਰ ਵਟਾਂਦਰਾ ਜਾਰੀ ਰੱਖ ਸਕਦੇ ਹੋ ਜੀ।
{ਨੋਟ: 'ਸੂਰਜ ਚੱਕਰ ਲਾਂਦਾ ਹੈ' ਜਾਂ 'ਧਰਤੀ ਚੱਕਰ ਲਾਂਦੀ ਹੈ' ਇਹ ਵਿਚਾਰ ਵਟਾਂਦਰੇ ਦਾ ਵਿਸ਼ਾ ਨਹੀਂ ਹੈ।ਕਿਉਂ ਕਿ ਬੇਸ਼ੱਕ ਧਰਤੀ ਸੂਰਜ ਦੁਆਲੇ ਚੱਕਰ ਲਗਾਂਦੀ ਹੈ, ਪਰ ਆਮ ਬੋਲ ਚਾਲ ਵਿੱਚ 'ਸੂਰਜ ਚੜ੍ਹਿਆ, ਸੂਰਜ ਡੁੱਬਿਆ, ਸੂਰਜ ਸਿਰ ਤੇ ਆ ਗਿਆ ਜਾਂ ਸੂਰਜ ਡੁੱਬ ਗਿਆ ਆਦਿ ਹੀ ਬੋਲਿਆ ਜਾਂਦਾ ਹੈ।ਇਸ ਲਈ ਇਹ ਮੇਰਾ ਚੱਲਦੇ ਵਿਸ਼ੇ ਦਾ ਮਕਸਦ ਨਹੀਂ ਹੈ।}
ਜਸਬੀਰ ਸਿੰਘ ਵਿਰਦੀ
................................
ਟਿੱਪਣੀ:- ਸੂਰਜ ਦਾ ਰੱਥ ਫਿਰ ਰਿਹਾ ਹੈ, ਸੂਰਜ ਦਾ ਰਾਜ ਚੱਲ ਰਿਹਾ ਹੈ, (ਬ੍ਰਾਹਮਣ ਨੇ ਦੁਨੀਆ ਨੂੰ ਇਹੀ ਸਮਝਾਇਆ ਹੈ ਕਿ ਇਹ ਸਾਰੇ ਦੇਵਤੇ ਹਨ ਅਤੇ ਰੱਥ ਤੇ ਚਲਦੇ ਹਨ, ਉਨ੍ਹਾਂ ਅਨੁਸਾਰ ਸੂਰਜ ਵੀ ਇਕ ਦੇਵਤਾ ਹੀ ਹੈ) ਇਸ ਸੂਰਜ ਨਾਲ ਸਬੰਧਿਤ ਧਰਤੀਆਂ ਉਸ ਦੀ ਪਰਕਰਮਾ ਕਰ ਰਹੀਆਂ ਹਨ। ਉਨ੍ਹਾ ਦੀ ਚਾਲ ਅਤੇ ਦਿਸ਼ਾ ਅਕਾਲ-ਪੁਰਖ ਨੇ ਨੀਅਤ ਕੀਤੀ ਹੋਈ ਹੈ, ਜੋ ਆਪਣੇ ਹਿਸਾਬ ਨਾਲ ਹੀ ਲੱਖਾਂ ਸਾਲਾਂ ਤੋਂ ਚੱਲ ਰਹੀਆਂ ਹਨ। ਕੋਈ ਵੀ ਧਰਤੀ ਵਾਪਸ ਨਹੀਂ ਮੁੜ ਸਕਦੀ। ਤੁਹਾਡੀ ਧਰਤੀ ਦਾ ਧੁਰਾ ਇਸ ਹਿਸਾਬ ਨਾਲ ਫਿਟ ਕੀਤਾ ਗਿਆ ਹੈ ਜਿਸ ਨਾਲ ਮੌਸਮਾਂ ਦਾ ਚੱਕਰ ਚਲਦਾ ਰਹੇ ਅਤੇ ਦੁਨੀਆ ਦਾ ਕਾਰ-ਵਿਹਾਰ ਸੁਚੱਜੇ ਰੂਪ ਚਿ ਚਲਦਾ ਰਹੇ, ਜੋ ਚਲ ਰਿਹਾ ਹੈ, ਉਸ ਵਿਚ ਕੋਈ ਵੀ ਦਖਲ ਨਹੀਂ ਦੇ ਸਕਦਾ।
ਸਤਿਕਾਰ ਯੋਗ ਵੀਰੋ, ਤੁਸੀਂ ਕੈਲੰਡਰ ਬਾਰੇ ਨਿਰਣਾ ਕਰਨਾ ਹੈ, ਉਹ ਕਰੋ। ਤੁਹਾਡੇ ਸਾਮ੍ਹਣੇ ਹੀ ਦੁਨੀਆ ਦੇ ਕੈਲੰਡਰਾਂ ਨੂੰ ਕਈ ਵਾਰ ਸੋਧਿਆ ਜਾ ਚੁੱਕਾ ਹੈ, ਉਨ੍ਹਾਂ ਸੋਧਣ ਵਾਲਿਆਂ ਵਿਚ ਤਾਂ ਕਦੀ ਕੋਈ ਰੌਲਾ ਨਹੀਂ ਪਿਆ। ਤੁਸੀਂ ਸੋਧਣ ਦੇ ਵਿਚਾਰ ਤੇ ਹੀ ਕਈ ਸਾਲ ਲਗਾ ਦਿੱਤੇ ਹਨ, ਅਤੇ ਤੁਹਾਡਾ ਇਹ ਰੇੜਕਾ ਕਦੇ ਵੀ ਨਹੀਂ ਮੁੱਕਣਾ। ਇਕ ਕਮੇਟੀ ਬਣਾ ਦੇਵੋ, ਜੋ ਇਸ ਦੀਆਂ ਤਾਰੀਖਾਂ ਸੈਟ ਕਰ ਦੇਵੇ।
ਜੋ ਸਮਾ ਤੁਸੀਂ ਬਰਬਾਦ ਕਰ ਰਹੇ ਹੋ ਉਹ ਬਹੁਤ ਕੀਮਤੀ ਹੈ, ਉਸ ਨੂੰ ਪੰਥ ਦੀ ਭਲਾਈ ਤੇ ਲਾਵੋ, ਆਪਣੇ-ਆਪ ਨੂੰ ਬੁੱਧੀ-ਜੀਵੀ ਸਾਬਤ ਕਰਨ ਤੇ ਨਹੀਂ ।
ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਹੀ ਸਾਬਤ ਕਰਨ ਦੇ ਚੱਕਰ ‘ਚ ਨਾ ਪਵੋ, ਅਜੇ ਤੱਕ ਤਾਂ ਤੁਸੀਂ ਇਸ ਦੇ ਅਰਥ ਤਾਂ ਕੀ ਇਕਸਾਰ ਕਰਨੇ ਹਨ, ਉਸ ਦਾ ਉਚਾਰਨ ਵੀ ਇਕ-ਸਾਰ ਨਹੀਂ ਕਰ ਸਕੇ, ਹਰ ਵਕਤਾ ਦਾ ਉਚਾਰਨ ਅਲੱਗ-ਅਲੱਗ ਹੈ, ਜਿਸ ਦੇ ਆਧਾਰ ਤੇ ਇਸ ਦੇ ਅਰਥ ਅਲੱਗ-ਅਲੱਗ ਕੀਤੇ ਜਾਂਦੇ ਹਨ। ਸਭ ਤੋਂ ਪਹਿਲਾਂ ਇਸ ਵੱਲ ਕੋਈ ਧਿਆਨ ਦੇਵੋ, ਤੁਹਾਡੀ ਬਹੁਤ ਮਿਹਰ ਬਾਨੀ ਹੋਵੇਗੀ।
ਅਮਰ ਜੀਤ ਸਿੰਘ ਚੰਦੀ