ਜੇ ਧੱਕੇ ਨਾਲ 'ਭਗਉਤੀ' ਦੇ ਅਰਥ 'ਕ੍ਰਿਪਾਨ ਜਾਂ ਅਕਾਲ ਪੁਰਖ' ਕਰੀ ਜਾਓ, ਤਾਂ ਇਸ ਤੋਂ ਵੱਡੀ ਅਗਿਆਨਤਾ ਹੋਰ ਕੀ ਹੋ ਸਕਦੀ ਹੈ ?
ਆਤਮਜੀਤ ਸਿੰਘ, ਕਾਨਪੁਰ
"ਸੋ ਭਗਉਤੀ ਜੋੁ ਭਗਵੰਤੈ ਜਾਣੈ"
ਗੁਰਬਾਣੀ ਸਪਸ਼ਟ ਤੌਰ 'ਤੇ ਆਖਦੀ ਹੈ 'ਭਗਉਤੀ' ਕੋਈ ਕ੍ਰਿਪਾਨ ਜਾਂ ਅਕਾਲ ਪੁਰਖ ਨਹੀਂ, ਸਗੋਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਇਆ ਭਗਉਤੀ ਸ਼ਬਦ 'ਭੰਗਵਤ ਦੇ ਸੇਵਕ' ਲਈ ਵਰਤਿਆ ਗਿਆ ਵੇਖੋ ..
ਸੋ ਭਗਉਤੀ ਜੋੁ ਭਗਵੰਤੈ ਜਾਣੈ ॥
ਭਗਉਤੀ - ਭਗਵਾਨ ਦਾ ਉਪਾਸ਼ਕ, ਸੇਵਕ
ਭਗਉਤੀ (ਸੱਚਾ ਸੇਵਕ) ਉਹ ਹੈ ਜੋ ਪ੍ਰਭੂ ਨੂੰ ਜਾਣਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ),
ਭਗਉਤੀ ਭਗਵੰਤ ਭਗਤਿ ਕਾ ਰੰਗੁ ॥
ਭਗਵਾਨ ਦਾ (ਸੱਚਾ) ਸੇਵਕ (ਉਹ ਹੈ ਜਿਸ ਦੇ ਹਿਰਦੇ ਵਿਚ) ਭਗਵਾਨ ਦੀ ਭਗਤੀ ਦਾ ਪਿਆਰ ਹੈ
ਕੋਈ ਕਹਤਉ ਅਨੰਨਿ ਭਗਉਤੀ ॥
ਕੋਈ ਇਹ ਆਖਦਾ ਹੈ ਕਿ ਮੈਂ ਅਨੰਨ ਭਗਉਤੀ ਹਾਂ (ਹੋਰ ਆਸਰੇ ਛੱਡ ਕੇ ਸਿਰਫ਼ ਭਗਵਾਨ ਦਾ ਸੇਵਕ ਹਾਂ)
.. ਪਰ ਗਿਆਨ ਤੋਂ ਹੀਣੇ ਲੋਕ ਧੱਕੇ ਨਾਲ ਅਖੌਤੀ ਦਸਮ ਗ੍ਰਥੰ ਦੀ ਭਗਉਤੀ {ਦੁਰਗਾ} ਦੇਵੀ ਨੂੰ ਕ੍ਰਿਪਾਨ ਜਾਂ ਅਕਾਲ ਪੁਰਖ ਬਣਾਈ ਫਿਰਦੇ ਹਨ .. ਜਦ ਕੀ ਅਖੌਤੀ ਦਸਮ ਗ੍ਰੰਥ ਦੀ 'ਵਾਰ ਦੁਰਗਾ' ਦੀ ਵਿਚ ਸਪਸ਼ਟ ਤੌਰ 'ਤੇ ਆਰੰਭ ਅਤੇ ਅੰਤ ਵਿਚ ਲਿਖਿਆ ਹੋਇਆ ਹੈ, ਅਖੌਤੀ ਦਸਮ ਗ੍ਰੰਥ ਭਗਉਤੀ ਕੋਈ ਹੋਰ ਨਹੀਂ ਦੁਰਗਾ ਦੇਵੀ ਹੈ, ਵੇਖੋ ..
ਇਕ ਦਿਹਾੜੈ ਆਈ ਨ੍ਹਾਵਣ ਦੁਰਗ ਸਾਹ । ਇੰਦ੍ਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ ।ਬਚਿੱਤਰੀਉ ਇਸ ਇਸ ਪਉੜੀ ਵਿਚ ਆਇਆ ਸ਼ਬਦ "ਆਈ ਨ੍ਹਾਵਣ ਦੁਰਗ ਸਾਹ" ਦੇ ਕੀ ਅਰਥ ਕਰਗੋ 'ਕ੍ਰਿਪਾਨ ਨਾਹਉਣ ਆਈ' ਜਾਂ 'ਅਕਾਲ ਪੁਰਖ ਨਹਾਉਣ' ਆਇਆ ਅਤੇ ਕਈ ਅਖੌਤੀ ਦਸਮ ਗ੍ਰੰਥ ਦੇ ਸਮਰਥਕ 'ਦੁਰਗ' ਦੇ ਅਰਥ 'ਕਿਲਾ' ਕਰਦੇ ਹਨ, ਦੱਸੋ ਭਲਿਓ ਕੀ 'ਕਿਲਾ' ਨਹਾਉਣ ਆਇਆ .. ਓਇ ਭਲਿਓ ਕਿੰਨੇ ਸਪਸ਼ਟ ਤੌਰ 'ਤੇ ਲਿਖਿਆ ਹੋਇਆ ਹੈ .. ਇਕ ਦਿਨ ਜਦੋਂ ਦੁਰਗਾ ਦੇਵੀ ਨਹਾਉਣ ਲਈ ਆਈ ਤਦੋਂ ਇੰਦ੍ਰ ਨੇ ਅਪਣੇ ਹਾਲ ਦੀ ਦੁਖ ਭਰੀ ਵਿਥਿਆ ਸੁਣਾਈ .. ਅਤੇ ਅੰਤ ਵਿਚ ਵੀ ਸਪਸ਼ਟ ਤੌਰ 'ਤੇ ਲਿਖਿਆ ਹੈ ..
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ । ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ ।
ਜੇ ਹੁਣ ਵੀ ਧੱਕੇ ਨਾਲ 'ਭਗਉਤੀ' ਦੇ ਅਰਥ 'ਕ੍ਰਿਪਾਨ ਜਾਂ ਅਕਾਲ ਪੁਰਖ' ਕਰੀ ਜਾਓ ਤੇ ਇਸ ਵੱਡੀ ਅਗਿਆਨਤਾ ਹੋਰ ਕੀ ਹੋ ਸਕਦੀ ਹੈ, ਭਲਿਓ ਅੱਜ ਸਾੱਨੂੰ ਆਪਣੇ ਵੇੜ੍ਹੇ ਦੀ ਸੰਭਾਲ ਆਪ ਕਰਨੀ ਪੈਂਣੀ ਹੈ ਨਹੀਂ ਤੇ ਸਾਡੇ ਵੇੜ੍ਹੇ ਵਿਚ ਬੈਠੀ ਇਹ ਭਗਉਤੀ ਦੇਵੀ ਇਕ ਦਿਨ ਨਾਸੂਰ ਕੰਡਾ ਬਣ ਜਾਵੇਗੀ, ਜਿਸ ਨੂੰ ਕੱਢਣਾ ਔਖਾ ਹੋਵੇਗਾ ਸਮਾਂ ਰਹਿੰਦੇ ਇਸ ਕੰਡੇ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ, ਗੁਰੂ ਰਾਖਾ ।
ਟਿੱਪਣੀ:
ਜਿਹੜਾ ਸ਼ਬਦ ਜਿਸ ਕਿਤਾਬ ਜਾਂ ਗ੍ਰੰਥ ਵਿੱਚ ਆਇਆ ਹੋਵੇ, ਉਸਦਾ ਅਰਥ ਉਸੇ ਸੰਦਰਭ ਵਿੱਚ ਹੁੰਦਾ ਹੈ, ਨਾ ਕਿ ਸੰਦਰਭ ਤੋਂ ਹੱਟ ਕੇ। ਗੁਰੂ ਗ੍ਰੰਥ ਸਾਹਿਬ ਵਿੱਚ ਆਇਆ "ਭਗਉਤੀ" ਸ਼ਬਦ ਦਾ ਅਰਥ ਇੱਥੇ ਹੀ ਸਪਸ਼ਟ ਹੈ, ਜਦੋਂ ਕਿ ਅਖੌਤੀ ਦਸਮ ਗ੍ਰੰਥ ਦੀ ਭਗੌਤੀ ਦਾ ਅਰਥ ਉਥੇ ਹੀ ਸਪਸ਼ਟ ਹੋ ਜਾਂਦਾ ਹੈ, ਜਦੋਂ ਕਥਿਤ ਅਰਦਾਸ ਦੀ ਸ਼ੁਰੁਆਤ "ਵਾਰ ਦੁਰਗਾ ਕੀ" ਤੋਂ ਹੁੰਦੀ ਹੈ ਜਿਸਨੂੰ ਬੜੀ ਚਾਲਾਕੀ ਨਾਲ ਆਪਣੀ ਸਹੂਲੀਅਤ ਅਤੇ ਸੌੜੀ ਸੋਚ ਅਧੀਨ ਬਦਲ ਕੇ "ਵਾਰ ਸ਼੍ਰੀ ਭਗਉਤੀ ਜੀ ਕੀ" ਕਰ ਦਿੱਤਾ ਗਿਆ। ਜੇ ਗੁਰਬਾਣੀ ਵਿੱਚ ਤਬਦੀਲੀ ਨਹੀਂ ਹੋ ਸਕਦੀ ਤਾਂ, ਅਖੌਤੀ ਦਸਮ ਗ੍ਰੰਥ ਨੂੰ ਗੁਰੂ ਕਿਰਤ ਸਮਝਣ ਵਾਲੇ ਇਸ ਬਦਲਾਅ ਨੂੰ ਕਿਵੇਂ ਪ੍ਰਵਾਨ ਕਰੀ ਜਾਂਦੇ ਹਨ? ਤੇ ਇਸੀ ਵਾਰ ਦੇ ਅਖੀਰ ਵਿੱਚ ਸਾਫ ਤੌਰ 'ਤੇ ਲਿਖਿਆ ਹੋਇਆ ਹੈ ਕਿ
"ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ।
ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ ।" ਫਿਰ ਵੀ ਜੇ ਧੱਕੇ ਨਾਲ 'ਭਗਉਤੀ' ਦੇ ਅਰਥ 'ਕ੍ਰਿਪਾਨ ਜਾਂ ਅਕਾਲ ਪੁਰਖ' ਕਰੀ ਜਾਓ, ਤਾਂ ਇਸ ਤੋਂ ਵੱਡੀ ਅਗਿਆਨਤਾ ਹੋਰ ਕੀ ਹੋ ਸਕਦੀ ਹੈ ?
ਸੰਪਾਦਕ ਖ਼ਾਲਸਾ ਨਿਊਜ਼
.........................
ਟਿੱਪਣੀ:- ਵੀਰ ਜੀ ਇਹ ਭਗਉਤੀ ਦੇਵੀ ਇਕ ਦਿਨ ਨਾਸੂਰ ਕੰਡਾ ਬਣ ਨਹੀਂ ਜਾਵੇਗੀ , ਬਲਿਕ ਨਾਸੂਰ ਬਣ ਚੁੱਕੀ ਹੈ, ਜ਼ਰਾ ਹੱਥ ਤਾਂ ਲਾ ਕੇ ਵੇਖੋ ?
ਇਹ ਸੁਹਿਰਦ ਗੁਰਸਿੱਖਾਂ ਤੇ ਨਿਰਭਰ ਹੈ ਕਿ ਉਹ ਆਪਣਾ ਵੇਹੜਾ ਕਦੋਂ ਸਾਫ ਕਰਦੇ ਹਨ ?
ਜਾਂ ਇਹ ਨਾਸੂਰ ਆਪਣੇ ਬੱਚਿਆਂ ਨੂੰ ਵਿਰਸੇ ਵਿਚ ਦੇ ਜਾਂਦੇ ਹਨ ?
ਚੰਗਾ ਤਾਂ ਇਹੀ ਹੈ ਕਿ ਆਪਣੇ ਬੱਚਿਆਂ ਨੂੰ ਸਾਫ ਵਾਤਾਵਰਣ ਦੇ ਕੇ ਜਾਈਏ।
ਇਹ ਦੋ ਸਦੀਆਂ ਤੋਂ ਤੁਰੀ ਆਉਂਦੀ ਬਿਮਾਰੀ, ਅੱਧਾ ਪੰਥ, ਭੇਂਟ ਲੈ ਕੇ ਜਾਵੇਗੀ, ਜਦੋਂ ਮਰਜ਼ੀ ਦੇ ਦੇਵੋ ।
ਮੈਂ ਇਸ ਕੰਮ ਲਈ ਹਮੇਸ਼ਾ ਤਿਆਰ ਹਾਂ, ਜਦੋਂ ਮਰਜ਼ੀ ਤੁਰ ਲਵੋ।
ਅਮਰ ਜੀਤ ਸਿੰਘ ਚੰਦੀ