ਹਰਜਿੰਦਰ ਸਿੰਘ ਸਭਰਾਅ
੧੯੪੭ ਦੀ ਵੰਡ ਤੋਂ ਪਹਿਲਾਂ ਚੱਲੀਆਂ ਬੈਠਕਾਂ ਵਿੱਚ ਕਾਂਗਰਸ ਜੋ ਉਸ ਵੇਲੇ ਮੁਲਕ ਦੀ ਰਾਜਨੀਤਕ ਨੁੰਮਾਇੰਦਾ ਜਮਾਤ ਸੀ ਨੇ ਸਿੱਖ ਆਗੂਆਂ ਨੂੰ ਇਸ ਭਰੋਸੇ ਵਿੱਚ ਲੈ ਲਿਆ ਸੀ ਕਿ ਆਜ਼ਾਦ ਭਾਰਤ ਵਿੱਚ ਸਿੱਖਾਂ ਦੀ ਵੱਖਰੀ ਹੋਂਦ ਦਾ ਧਿਆਨ ਰੱਖਦਿਆਂ ਉਤਰੀ ਭਾਰਤ ਵਿੱਚ 'ਆਜ਼ਾਦੀ ਦਾ ਨਿਘ' ਮਾਨਣ ਲਈ ਵਖਰਾ ਖਿੱਤਾ ਰਾਖਵਾਂ ਹੋਵੇਗਾ। ਭਾਰਤੀ ਆਗੂਆਂ ਦੇ ਮੋਮੋਠਗਣੇ ਵਾਅਦਿਆਂ ਦੇ ਝਾਂਸੇ ਦਾ ਸ਼ਿਕਾਰ ਹੋਏ ਸਿੱਖ ਆਗੂਆਂ ਨੇ ਆਪਣੀ ਕੌਮੀ ਕਿਸਮਤ ਨੂੰ ਭਾਰਤ ਨਾਲ ਜੋੜ ਲਿਆ। ਸਿਆਣੇ ਵਕਤਿਆਂ ਨੂੰ ਸੁਣਨ ਅਤੇ ਇਨਾਂ ਘਟਨਾਵਾਂ ਦਾ ਜ਼ਿਕਰ ਕਰਨ ਵਾਲੇ ਲੇਖਕਾਂ ਨੂੰ ਪੜ੍ਹਨ ਦੇ ਬਣਦੇ ਸਬੱਬ ਤੋਂ ਇਹ ਵੀ ਗੱਲ ਪਤਾ ਲੱਗੀ ਕਿ ਪਾਕਿਸਤਾਨ ਦੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਸਿੱਖ ਲੀਡਰਾਂ ਨੂੰ ਲਿਖਤੀ ਵਾਅਦਾ ਦੇਣ ਦੀ ਪੇਸ਼ਕਸ਼ ਵੀ ਕੀਤੀ ਕਿ ਜੇ ਸਿੱਖ ਸਾਡੇ ਨਾਲ ਆਉਂਦੇ ਹਨ ਤਾਂ ਸਿੱਖਾਂ ਦੇ ਹੱਕ ਹਕੂਕ ਰਾਖਵੇਂ ਹੋਣਗੇ।
ਅਜਿਹੀ ਵਾਰਤਾ ਵਿੱਚ ਇਕ ਪਾਸੇ ਜ਼ੁਬਾਨੀ ਵਾਅਦੇ ਸਨ ਦੂਜੇ ਪਾਸੇ ਲਿਖਤੀ ਵਾਅਦੇ। ਸਿੱਖ ਲੀਡਰਾਂ ਨੇ ਜ਼ੁਬਾਨੀ ਵਾਅਦੇ ਨੂੰ ਚੁਣ ਲਿਆ ਤੇ ੧੯੪੭ ਤੋਂ ਲੈ ਕੇ ਹੁਣ ਤਕ ਸਿੱਖਾਂ ਦੀਆਂ ਕਤਲੇਆਮਾਂ, ਉਜਾੜਿਆਂ, ਮੋਰਚਿਆਂ, ਜੇਲਾਂ ਡਾਂਗਾ ਨਾਲ 'ਅਜਾਦੀ ਦਾ ਨਿਘ' ਮਾਣਦਿਆਂ ਅਖੀਰ ਪਰਚਾਰ ਪ੍ਰਸਤੀ ਦੀ ਭੇਟ ਚੜ੍ਹ ਕੇ ਕੌਮੀ ਅਜਾਦੀ ਵਾਲੇ ਵਿਚਾਰ ਨੂੰ ਤਿਆਗ ਕੇ 'ਸੱਤਾ ਦਾ ਨਿਘ' ਮਾਨਣ ਲਗ ਪਏ। ਖੈਰ ਮੌਜੂਦਾ ਘਟਨਾ ਜੰਮੂ ਕਸ਼ਮੀਰ ਦੇ ਖਤਮ ਕੀਤੇ ਵਿਸ਼ੇਸ਼ ਅਧਿਕਾਰਾਂ ਦੀ ਹੈ।
ਧਾਰਾ ੩੭੦ ਦਾ ਦਿਲ ਕੱਢ ਕੇ ਜੋ ਕਸ਼ਮੀਰਆਂ ਨੂੰ ਖਾਸ ਅਧਿਕਾਰ ਦਿੰਦਾ ਸੀ ਉਹ ਹਿਸਾ ਕੱਢ ਕੇ ਬਾਕੀ ਪਿੰਜਰ ਨਿਸ਼ਾਨਦੇਹੀ ਲਈ ਰੱਖ ਲਿਆ ਹੈ। ੩੫ ਅ ਦਾ ਸਵਾਹਾ ਕਰਕੇ ਰਾਸ਼ਟਰਵਾਦ ਦੇ ਹਵਨ ਕੁੰਡ ਨੂੰ ਜੋਰਾਂ ਨਾਲ ਮਘਦਾ ਕਰ ਲਿਆ ਗਿਆ ਹੈ। ਯਾਦ ਰਹੇ ਜਵਾਹਰ ਲਾਲ ਨਹਿਰੂ ਨੇ ਜੰਮੂ ਕਸ਼ਮੀਰ ਦੇ ਹਾਕਮ ਮਹਾਰਾਜਾ ਹਰੀ ਸਿੰਘ ਅਤੇ ਸ਼ੇਖ ਅਬਦੁਲਾ ਨਾਲ ਲਿਖਤੀ ਵਾਇਦਾ ਕੀਤਾ ਸੀ ਕਿ ਕਸ਼ਮੀਰ ਅਤੇ ਕਸ਼ਮੀਰੀਅਤ ਦੇ ਵਿਸ਼ੇਸ਼ ਅਧਿਕਾਰ ਰਾਖਵੇਂ ਰਹਿਣਗੇ। ਸਮੇਂ ਸਮੇਂ ਕਾਂਗਰਸ ਨੇ ਅਤੇ ਅਖੀਰ ਆਖਰੀ ਸੱਟ ਭਾਰਤੀ ਜਨਤਾ ਪਾਰਟੀ ਨੇ RSS ਦੇ ਹਿੰਦੂ ਰਾਸ਼ਟਰ ਦੇ ਏਜੰਡੇ 'ਤੇ ਚਲਦਿਆਂ ਕਸ਼ਮੀਰੀਆਂ ਦੇ ਵਿਸ਼ੇਸ਼ ਅਧਿਕਾਰਾਂ ਦੇ ਵਾਅਦੇ 'ਤੇ ਮਾਰ ਕੇ ਉਸਨੂੰ ਚਕਨਾ ਚੂਰ ਕਰ ਦਿੱਤਾ ਹੈ। ਸਿੱਖ ਆਪਣੇ ਲੀਡਰਾਂ ਨੂੰ ਕੋਸ ਰਹੇ ਹਨ ਕਿ ਉਨ੍ਹਾਂ ਲਿਖਤੀ ਵਾਅਦਾ ਕਿਉਂ ਨਾ ਕੀਤਾ। ਪਰ ਜਿਨਾਂ (ਕਸ਼ਮੀਰੀਆਂ) ਨੇ ਕੀਤਾ ਸੀ ਉਨਾਂ ਦਾ ਹਸ਼ਰ ਵੀ ਅਖੀਰ ਉਹੀ ਹੋਇਆ ਜੋ ਪੰਜਾਬ ਦਾ ਹੋਇਆ।
ਹਿੰਦੂ ਰਾਸ਼ਟਰਵਾਦ ਦੇ ਧਕੇ ਸਾਹਮਣੇ ਫੈਡਰਲਇਜ਼ਮ, ਵਖਰੇ ਸਭਿਆਚਾਰਾਂ ਦੀ ਹੋੰਦ, ਵਖਰੀਆਂ ਕੌਮੀਅਤਾਂ ਦੀ ਆਜ਼ਾਦੀ, ਲਿਖਤੀ ਤੇ ਜ਼ੁਬਾਨੀ ਵਾਅਦੇ, ਕੋਈ ਅਰਥ ਨਹੀਂ ਰੱਖਦੇ ਇਹ ਸਿੱਧ ਹੋ ਚੁੱਕਾ ਹੈ। ਪੰਜਾਬ ਦੇ ਲੀਡਰਾਂ ਦੀਆਂ ਸੱਤਾ ਲਾਲਸਾ ਦੀ ਪੂਰਤੀ ਹਿਤ ਕੀਤੀਆਂ ਪੰਜਾਬ ਨਾਲ ਬੇਵਫਾਈਆਂ ਨੇ ਪੰਜਾਬ ਅਤੇ ਪੰਜਾਬੀਅਤ ਪੱਲੇ ਕੱਖ ਨਹੀਂ ਛੱਡਿਆ। ਅਜਿਹੀਆਂ ਭੁੱਲਾਂ ਭਾਰਤ ਦੀ ਰਾਜਨੀਤਕ ਸੱਥ ਦੀ ਗੋਦੀ ਬਹਿ ਕੇ ਕਸ਼ਮੀਰੀ ਰਾਜਨੇਤਾਵਾਂ ਨੇ ਕੀਤੀਆਂ। ਨਜ਼ਰਬੰਦੀਆਂ ਰਾਹੀਂ ਪੰਜਾਬ ਦੇ ਰਾਜਨੀਤਕ ਆਗੂਆਂ ਖਾਸ ਕਰ ਅਕਾਲੀ ( ਕਿਉਂਕਿ ਸਿੱਖ/ਪੰਜਾਬ ਦੇ ਹੱਕਾ ਦੇ ਦਾਅਵੇਦਾਰ ਏਹੀ ਸਨ) ਤਾਂ ਦੌਲਤ ਅਤੇ ਰਾਜਸੀ ਪਦਵੀਆਂ ਦੇ ਛਾਂਦੇ ਲੈ ਕੇ ਆਪਾ ਵੇਚ ਆਏ। ਹੁਣ ਗੇਂਦ ਕਸ਼ਮੀਰੀ ਆਗੂਆਂ ਦੇ ਪਾਲੇ ਚ ਹੈ।
ਵੇਖੋ! ਨਜ਼ਰਬੰਦੀਆਂ ਕੀ ਨਤੀਜੇ ਕਢਦੀਆਂ ਨੇ।