ਕੈਲੰਡਰ ਦਾ ਮਸਲਾ ਹੋਵੇਗਾ ਹੱਲ- (ਪਰ ਜੇ)
ਮਿਸਰੀ ਪੁਜਾਰੀਆਂ ਵਾਂਗ ਕੋਈ ਬ੍ਰਹਮਗਿਆਨੀ ਬਾਬਾ ਦਿਲਚਪ ਕਹਾਣੀ ਸਾਖੀ ਘੜ੍ਹ ਲਵੇ
ਕਿਰਪਾਲ ਸਿੰਘ ਬਠਿੰਡਾ 88378-13661
ਭਾਰਤ ਵਿੱਚ ਚੱਲ ਰਹੇ ਵੱਖ ਵੱਖ ਕੈਲੰਡਰਾਂ ਕਾਰਨ ਤਿਉਹਾਰਾਂ ਦੀਆਂ ਤਰੀਖਾਂ ਸਰਕਾਰੀ ਕੈਲੰਡਰਾਂ ਵਿੱਚ ਨਿਸ਼ਚਿਤ ਕਰਨ ਸਮੇਂ ਆ ਰਹੀਆਂ ਔਕੜਾਂ ਨੂੰ ਹੱਲ ਕਰਨ ਲਈ ਭਾਰਤ ਸਰਕਾਰ ਨੇ ਨਵੰਬਰ 1952 ਵਿੱਚ ਪ੍ਰੋ: ਐੱਮ.ਐੱਨ. ਸ਼ਾਹ ਦੀ ਪ੍ਰਧਾਨਗੀ ਹੇਠ ਕੈਲੰਡਰ ਸੁਧਾਰ ਕਮੇਟੀ ਬਣਾਈ ਜਿਸ ਦੇ ਜਿੰਮੇ ਵਿਗਿਆਨਿਕ ਨਿਯਮਾਂ ’ਤੇ ਪੂਰਾ ਉਤਰਨ ਵਾਲਾ ਇੱਕ ਸਰਬ ਸਾਂਝਾ ਕੈਲੰਡਰ ਬਣਾਉਣ ਦਾ ਕਾਰਜ ਸੌਂਪਿਆ ਗਿਆ।
ਇਸ ਕਮੇਟੀ ਨੇ ਭਾਰਤ ਵਿੱਚ ਪ੍ਰਚਲਿਤ ਵੱਖ ਵੱਖ 30 ਕੈਲੰਡਰਾਂ ਤੋਂ ਇਲਾਵਾ ਦੁਨੀਆਂ ਭਰ ਵਿੱਚ ਪ੍ਰਚਲਿਤ ਪੁਰਾਤਨ ਅਤੇ ਨਵੀਨ ਰੂਪ ’ਚ ਸੋਧੇ ਹੋਏ ਸੂਰਜੀ ਅਤੇ ਚੰਦਰ ਕੈਲੰਡਰਾਂ ਦਾ ਇਤਿਹਾਸ ਵਾਚਣ ਉਪਰੰਤ ਇੱਕ ਸੂਰਜੀ ਕੈਲੰਡਰ ਤਜਵੀਜ਼ ਕੀਤਾ ਜਿਸ ਦੀ ਰਿਪੋਰਟ ਕਮੇਟੀ ਨੇ ਭਾਰਤ ਸਰਕਾਰ ਨੂੰ ਨਵੰਬਰ 1955 ਵਿੱਚ ਪੇਸ਼ ਕੀਤੀ। ਇਸ ਰਿਪੋਰਟ ਦਾ ਪੰਜਾਬੀ ਵਿੱਚ ਉਲੱਥਾ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ, ਪੰਜਾਬ, ਚੰਡੀਗੜ੍ਹ ਨੇ ਛਪਵਾਇਆ। ਇਸ ਰਿਪੋਰਟ ਦੇ “ਅਧਿਆਇ 2, ਸੂਰਜੀ ਕੈਲੰਡਰ, 2.1 ਪ੍ਰਾਚੀਨ ਮਿਸਰ ਵਿੱਚ ਵਕਤ ਨਾਪਣ ਦਾ ਤਰੀਕਾ” ਸਿਰਲੇਖ ਹੇਠ ਇੱਕ ਦਿਲਚਸਪ ਕਥਾ ਹੈ, ਜਿਸ ਨੂੰ ਪਾਠਕਾਂ ਦੀ ਜਾਣਕਾਰੀ ਲਈ ਇੱਥੇ ਸਾਂਝਾ ਕਰਨਾ ਲਾਹੇਵੰਦ ਹੋਵੇਗਾ। ਕਥਾ ਹੂ ਬਹੂ ਇਉਂ ਹੈ : -
ਹੋਰ ਪ੍ਰਾਚੀਨ ਕੌਮਾਂ ਵਾਂਗੂ ਪ੍ਰਾਚੀਨ ਮਿਸਰੀ ਵੀ 360 ਦਿਨਾਂ ਦਾ ਸਾਲ ਮੰਨਦੇ ਸਨ, ਜਿਹੜਾ ਤੀਹ ਤੀਹ ਦਿਨਾਂ ਦੇ 12 ਮਹੀਨਿਆਂ ਵਿੱਚ ਵੰਡਿਆ ਹੋਇਆ ਸੀ। ਪਰ ਨੀਲ ਦਰਿਆ ਵਿੱਚ ਵਾਰ ਵਾਰ ਆਉਣ ਵਾਲੇ ਹੜ੍ਹਾਂ ਤੋਂ ਬੜੀ ਛੇਤੀ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਰੁੱਤੀ ਸਾਲ ਵਿੱਚ ਲਗਭਗ 365 ਦਿਨ ਹੁੰਦੇ ਹਨ ਅਤੇ ਚੰਦੀ ਮਹੀਨਾ (ਇੱਕ ਏਕਮ ਤੋਂ ਅਗਲੀ ਏਕਮ ਤੱਕ ਦਾ ਸਮਾਂ) ਲਗਭਗ ਸਾਢੇ 29 ਦਿਨਾਂ (ਅਸਲੀ ਲੰਬਾਈ (29.531 ਦਿਨ) ਦਾ ਹੁੰਦਾ ਹੈ। ਪਰ ਉਹ ਪਹਿਲਾਂ ਹੀ 30 ਦਿਨਾਂ ਦੇ ਮਹੀਨਿਆਂ ਵਾਲਾ ਅਤੇ 360 ਦਿਨਾਂ ਦੇ ਸਾਲ ਵਾਲਾ ਕੈਲੰਡਰ ਬਣਾ ਚੁੱਕੇ ਸਨ, ਜਿਸ ਨੂੰ ਧਾਰਮਿਕ ਸੰਸਥਾਵਾਂ ਦੀ ਪ੍ਰਵਾਨਗੀ ਮਿਲ ਚੁੱਕੀ ਸੀ। ਪ੍ਰਾਚੀਨ ਇਤਿਹਾਸ ਅਨੁਸਾਰ ਇਸ ਤਰ੍ਹਾਂ ਕੈਲੰਡਰ ਸੁਧਾਰ ਦੀ ਲੋੜ ਪਹਿਲੀ ਵਾਰ ਅਨੁਭਵ ਕੀਤੀ ਗਈ। ਲੋਕਾਂ ਕੋਲੋਂ ਇਹ ਸੁਧਾਰ ਮਨਵਾਉਣ ਲਈ ਉਨ੍ਹਾਂ ਦੇ ਪੁਜਾਰੀਆਂ ਨੇ ਹੇਠ ਲਿਖਿਆ ਮਿਥਿਹਾਸ ਘੜ ਲਿਆ:-
“ਪ੍ਰਿਥਵੀ ਦੇ ਦੇਵਤਾ ਸੇਬ (Seb) ਅਤੇ ਅਸਮਾਨ ਦੀ ਦੇਵੀ ਨਟ (Nut) ਵਿਚਕਾਰ ਇੱਕ ਵਾਰੀ ਨਾਜਾਇਜ਼ ਮਿਲਾਪ ਹੋਇਆ। ਜਿਸ ਤੋਂ ਗੁੱਸੇ ਹੋ ਕੇ ਸਰਬ ਸ਼ਕਤੀਮਾਨ ਦੇਵਤੇ ਰਾ (Ra) ਸੂਰਜ ਨੇ ਆਕਾਸ਼ ਦੀ ਦੇਵੀ ਨਟ ਨੂੰ ਸਰਾਪ ਦਿੱਤਾ ਕਿ ਇਸ ਮਿਲਾਪ ਵਿੱਚੋਂ ਪੈਦਾ ਹੋਏ ਬੱਚੇ, ਨਾ ਕਿਸੇ ਸਾਲ ਵਿੱਚ ਅਤੇ ਨਾ ਕਿਸੇ ਮਹੀਨੇ ਵਿੱਚ ਜੰਮਣਗੇ। ਨਟ ਸਲਾਹ ਮਸ਼ਵਰੇ ਲਈ ਸਿਆਣਪ ਦੇ ਦੇਵਤੇ ‘ਥੋਥ’ (Thoth) ਕੋਲ ਗਈ। ਥੋਥ ਨੇ ਚੰਦਰਮਾ ਦੀ ਦੇਵੀ ਨਾਲ ਸਤਰੰਜ ਦੀ ਇੱਕ ਬਾਜੀ ਲਈ ਅਤੇ ਉਸ ਤੋਂ ਉਸ ਦੇ ਪ੍ਰਕਾਸ਼ ਦਾ 72ਵਾਂ ਹਿੱਸਾ ਜਿੱਤ ਲਿਆ, ਜਿਸ ਨਾਲ ਉਸ ਨੇ ਪੰਜ ਦਿਨ ਵਾਧੂ ਬਣਾਏ। ਸੂਰਜ ਦੇਵਤਾ ਰਾ ਨੂੰ ਖੁਸ਼ ਕਰਨ ਲਈ ਇਹ ਪੰਜ ਦਿਨ ਉਸ ਨੂੰ ਦੇ ਦਿੱਤੇ ਜਿਸ ਨਾਲ ਉਸ ਦੇ ਸਾਲ ਵਿੱਚ ਤਾਂ ਪੰਜ ਦਿਨਾਂ ਦਾ ਵਾਧਾ ਹੋ ਗਿਆ ਪਰ ਚੰਦਰਮਾ ਦੇ ਸਾਲ ਵਿੱਚ ਪੰਜ ਦਿਨ ਘਟ ਗਏ। ਸੂਰਜੀ ਸਾਲ ਦੇ ਇਨ੍ਹਾਂ ਪੰਜ ਦਿਨਾਂ ਨੂੰ ਕਿਸੇ ਮਹੀਨੇ ਵਿੱਚ ਨਾ ਜੋੜਿਆ ਗਿਆ ਅਤੇ ਪਹਿਲਾਂ ਵਾਂਗੂ ਉਨ੍ਹਾਂ ਦੀ ਗਿਣਤੀ 30 ਦਿਨ ਹੀ ਰਹੀ ਪਰ ਇਹ ਪੰਜ ਦਿਨ ਸਾਲ ਦੇ ਖਾਤਮੇ ਪਿੱਛੋਂ ਆਉਂਦੇ ਸਨ ਅਤੇ ਸੇਬ ਤੇ ਨਟ ਦੇ ਮਿਲਾਪ ਵਿੱਚੋਂ ਪੈਦਾ ਹੋਏ ਦੇਵਤਿਆਂ ਅਰਥਾਤ Osiris, Isis, Nephthys, Set ਅਤੇ Anubis ਮਿਸਰੀ ਮੰਦਰਾਂ ਦੇ ਪ੍ਰਮੁਖ ਦੇਵਤਿਆਂ ਦੇ ਜਨਮ ਦਿਨ ਦੇ ਤੌਰ ’ਤੇ ਮਨਾਏ ਜਾਂਦੇ ਸਨ।”
ਇਹ ਸਾਖੀ ਲਿਖਣ ਉਪਰੰਤ ਕਮੇਟੀ ਨੇ ਆਪਣੇ ਵਿਚਾਰ ਇਉਂ ਪ੍ਰਗਟ ਕੀਤੇ: “ਆਓ ! ਅਸੀਂ ਇਸ ਮਿਥਿਹਾਸ ਦੀ ਪਰਖ ਕਰੀਏ। ਇਸ ਦੇ ਅਰਥ ਤਾਂ ਚੰਦ ਨੂੰ ਸਮਾਂ-ਮਾਪਕ ਦੇ ਤੌਰ ’ਤੇ ਬਿਲਕੁਲ ਛੱਡ ਦੇਣ ਅਤੇ ਕੈਲੰਡਰ ਨੂੰ ਕੇਵਲ ਸੂਰਜ ਉੱਤੇ ਹੀ ਆਧਾਰਤ ਕਰਨ ਦੇ ਹਨ। ਇਹ ਬਹੁਤ ਹੀ ਸਿਆਣਪ ਭਰਿਆ ਕਦਮ ਸੀ ਕਿਉਂਕਿ ਪ੍ਰਾਚੀਨ ਸਮੇਂ ਤੋਂ ਹੀ ਪਤਾ ਲੱਗ ਗਿਆ ਸੀ ਕਿ ਚੰਦ ਦੀ ਸਹਾਇਤਾ ਨਾਲ ਸਮਾਂ ਮਾਪਣਾ ਸੁਖਾਲਾ ਨਹੀਂ।”
ਕਾਸ਼ ਕਿ ਜਿਹੜੀ ਗੱਲ ਮਿਸਰੀ ਲੋਕਾਂ ਨੂੰ 22 ਈਸਵੀ ਪੂਰਵ ਵਿੱਚ ਹੀ ਪਤਾ ਲੱਗ ਗਈ ਸੀ; ਭਾਰਤ ਸਰਕਾਰ ਵੱਲੋਂ ਗਠਿਤ ਕੀਤੀ ਕੈਲੰਡਰ ਸੁਧਾਰ ਕਮੇਟੀ ਦੇ ਵਿਦਵਾਨ (ਖਗੋਲ ਵਿਗਿਆਨੀਆਂ) ਨੇ ਵੀ ਉਸ ਮੁਤਾਬਕ 1955 ਈ: ’ਚ ਸੂਰਜ ਆਧਾਰਿਤ ਕੈਲੰਡਰ ਨੂੰ ਸਵੀਕਾਰਨ ਲਈ ਹਾਮੀ ਭਰ ਦਿੱਤੀ, ਪਰ ਬਿਬੇਕ ਬੁੱਧ ਦੇ ਮਾਲਕ ਕਹਾਉਣ ਵਾਲੇ ਬ੍ਰਹਮਗਿਆਨੀਆਂ ਤੋਂ ਵਰੋਸੋਏ ਸਿੱਖ-ਬਾਬਿਆਂ ਨੂੰ ਅੱਜ 21ਵੀਂ ਸਦੀ ਵਿੱਚ ਵੀ ਇਹ ਗੱਲ ਸਮਝ ਨਾ ਆਈ। ਜੇ ਸ: ਪਾਲ ਸਿੰਘ ਪੁਰੇਵਾਲ ਵੀ ਕਿਸੇ ਅਖੌਤੀ ਬਾਬੇ ਦੀ ਸ਼ਰਨ ਵਿਚ ਆ ਕੇ ਮਿਸਰੀ ਪੁਜਾਰੀਆਂ ਵਾਙ ਉਸ ਨੂੰ ਮਨਘੜਤ ਕਹਾਣੀ ਘੜ ਕੇ ਸੁਣਾਉਣ ਲਈ ਰਾਜੀ ਕਰ ਲੈਂਦੇ ਤਾਂ ਇੰਨਾ ਵਿਰੋਧ ਨਾ ਹੁੰਦਾ, ਪਰ ਉਨ੍ਹਾਂ ਨੇ ਸਿੱਖਾਂ ਨੂੰ ਬੁੱਧੀਮਾਨ ਸਮਝ ਕੇ ਮਨਘੜਤ ਕਹਾਣੀਆਂ ਦਾ ਸਹਾਰਾ ਲੈਣ ਦੀ ਬਜਾਏ ਕੈਲੰਡਰ ਨਿਯਮਾਂ ਦੀਆਂ ਬਰੀਕੀਆਂ ਸਮਝਾਉਦਿਆਂ ਇਹ ਦੱਸਣ ਦਾ ਯਤਨ ਕਰਨ ਲੱਗ ਪਏ ਕਿ ਜੇ ਆਪਾਂ ਇਸੇ ਤਰ੍ਹਾਂ ਹੀ ਚਲਦੇ ਰਹੇ ਅਤੇ ਕੈਲੰਡਰ ਵਿੱਚ ਸੋਧ ਨਾ ਕੀਤੀ ਤਾਂ 13000 ਸਾਲਾਂ ਪਿੱਛੋਂ ਗੁਰਬਾਣੀ ਵਿੱਚ ਦਰਜ ਬਾਰਹ ਮਾਹਾ ਅਤੇ ਰੁੱਤੀ ਸਲੋਕ ਮਹੀਨਿਆਂ ਦੀਆਂ ਰੁੱਤਾਂ ਦਾ ਸਬੰਧ ਕੁਦਰਤੀ ਰੁੱਤਾਂ ਨਾਲੋਂ ਇਸ ਕਦਰ ਟੁੱਟ ਜਾਵੇਗਾ ਕਿ ਜਿੰਨੀ ਅੱਜ ਹਾੜ ਦੇ ਮਹੀਨੇ ਗਰਮੀ ਪੈਂਦੀ ਹੈ ਓਨੀ ਗਰਮੀ ਲਾਗੂ ਪਰਚਲਿਤ ਬਿਕਰਮੀ ਕੈਲੰਡਰ ਮੁਤਾਬਕ ਪੋਹ ਦੇ ਮਹੀਨੇ ਵਿੱਚ ਪਵੇਗੀ ਅਤੇ ਅਜੋਕੀ ਪੋਹ ਵਿੱਚ ਪੈਣ ਵਾਲੀ ਸਰਦੀ ਤਦ ਹਾੜ ਦੇ ਮਹੀਨੇ ਵਿੱਚ ਪਵੇਗੀ। ਇਸ ਤਬਦੀਲੀ ਨਾਲ ਇਹ ਇਤਿਹਾਸਕ ਤੱਥ ਸਮਝਾਉਣਾ ਔਖਾ ਹੋ ਜਾਵੇਗੀ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਸਮੇਂ ਦੀ ਜਾਲਮ ਸਰਕਾਰ ਨੇ ਗਰਮੀ ਵਿਚ ਤੱਤੀ ਰੇਤ ਪਾ ਕੇ ਸ਼ਹੀਦ ਕੀਤਾ ਹੈ ਜਾਂ ਸਰਦੀ ਵਿੱਚ ਅਤੇ ਇਸੇ ਤਰ੍ਹਾਂ ਪੋਹ ਦੀ ਠੰਡ ਵਿੱਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਨੂੰ ਤਸੀਹੇ ਦੇਣ ਲਈ ਠੰਡੇ ਬੁਰਜ ਵਿੱਚ ਠੰਡ ਵਿੱਚ ਤਸੀਹੇ ਦੇਣ ਲਈ ਰੱਖਿਆ ਹੈ ਜਾਂ ਗਰਮੀ ਵਿਚ ਹਮਦਰਦੀ ਲਈ।
ਪਰ ਜਿਨ੍ਹਾਂ ਬਾਬਿਆਂ ਨੂੰ ਡਾਇਰੀ ਵੇਖੇ ਬਿਨਾਂ ਇਹੀ ਪਤਾ ਨਾ ਲੱਗੇ ਕਿ ਆਉਣ ਵਾਲੇ ਮਹੀਨੇ ਦੀ ਸੰਗਰਾਂਦ ਕਿਸ ਦਿਨ ਹੈ ਜਾਂ ਪਿਛਲੇ ਸਾਲ ਇਹੀ ਸੰਗਰਾਂਦ ਕਦੋਂ ਸੀ ਅਤੇ ਅੱਜ ਚੰਦਰ ਮਹੀਨੇ ਦੀ ਕਿਹੜੀ ਤਿੱਥ ਹੈ ਜਾਂ ਕੱਲ ਨੂੰ ਕਿਹੜੀ ਹੋਵੇਗੀ; ਉਹ ਕਿਵੇਂ ਸਮਝਣ ਕਿ ਅਗਾਂਹ 13000 ਸਾਲ ਬਾਅਦ ਆਉਣ ਵਾਲੀਆਂ ਰੁੱਤਾਂ ਦਾ ਅਪਣਾਏ ਜਾ ਰਹੇ ਕੈਲੰਡਰ ਮਹੀਨਿਆਂ ਉਤੇ ਪ੍ਰਭਾਵ ਕਿਹੋ ਜਿਹਾ ਹੋਵੇਗਾ ? ਇਸ ਲਈ ਉਹ ਯੂਨੀਅਨ ਬਣਾ ਕੇ ਸੱਤਾਧਾਰੀ ਰਾਜਨੀਤਕ ਪਾਰਟੀ ਕੋਲ ਗਏ ਤੇ ਆਪਣੇ ਵੋਟ ਗਿਣਤੀ ਦਾ ਅਹਿਸਾਸ ਕਰਵਾ ਵਿਗਿਆਨ ਆਧਾਰਿਤ ਨਾਨਕਸ਼ਾਹੀ ਕੈਲੰਡਰ (2003-2010) ਦਾ ਕਤਲ ਕਰਵਾ ਦਿੱਤਾ । ਜੈਸਾ ਰਾਜਾ ਵੈਸੀ ਪਰਜਾ ਮੁਤਾਬਕ ਕੁਝ ਗੂਗਲ ਵਿਦਵਾਨ ਵੀ ਇਨ੍ਹਾਂ ਦੀ ਸਹਾਇਤਾ ਲਈ ਮਿਲ ਗਏ ਜਿਨ੍ਹਾਂ ਵਿੱਚੋਂ ਕਿਸੇ ਨੇ ਬਾਬਿਆਂ ਦੀ ਸਹੂਲਤ ਲਈ 86 ਸਾਲਾ ਕੈਲੰਡਰ ਬਣਾ ਦਿੱਤਾ ਅਤ ਕੁਝ ਫੇਸਬੁੱਕ ਉਤੇ ਨਿਰੰਤਰ ਊਲ ਜਲੂਲ ਲਿਖ ਕੇ ਨਾਨਕਸ਼ਾਹੀ ਕੈਲੰਡਰ ਵਿੱਚ ਨੁਕਸ ਕਢਦੇ ਰਹਿੰਦੇ ਹਨ ਜਿਵੇਂ ਕਿ ਪੁਰੇਵਾਲ ਨੇ ਗੁਰਬਾਣੀ ਦੀ ਤੁਕ “ਰਥੁ ਫਿਰੈ” ਦੇ ਗ਼ਲਤ ਅਰਥ ਕੀਤੇ ਹਨ; ਕਦੀ ਕਹਿੰਦੇ ਹਨ ਕਿ ਸੂਰਜ ਦਾ ਰਥ ਲਗਾਤਾਰ ਆਪਣੀ ਚਾਲ ਚਲਦਾ ਹੀ ਰਹਿੰਦਾ ਹੈ; ਉਹ ਨਾ ਕਦੇ ਉੱਤਰੈਣ ਤੋਂ ਦੱਖਨੈਣ ਜਾਂ ਦੱਖਨੈਣ ਤੋਂ ਉੱਤਰੈਣ ਨੂੰ ਮੁੜਦਾ ਹੈ, ਨਾ ਹੀ ਪੈਂਡੂਲਮ ਵਾਙ ਚਲਦਾ, ਕੋਈ ਕਹਿੰਦਾ ਜੇ ਸਮਾਂ ਪਾ ਕੇ ਹਾੜ ਦੇ ਮਹੀਨੇ ਸਰਦੀ ਅਤੇ ਪੋਹ ਦੇ ਮਹੀਨੇ ਗਰਮੀ ਪੈਣ ਲੱਗ ਪਏ ਤਾਂ ਇਸ ਨਾਲ ਗੁਰਬਾਣੀ ਦੇ ਸਿਧਾਂਤ ਨੂੰ ਕੀ ਫਰਕ ਪੈਂਦਾ ਹੈ ? ਕੋਈ ਕਹਿੰਦਾ ਹੈ ਪੁਰੇਵਾਲ ਵੱਲੋਂ ਨਿਸਚਿਤ ਕੀਤੇ ਗੁਰਪੁਰਬਾਂ ਦੀਆਂ ਤਰੀਖਾਂ ਵਿੱਚ 4 ਤੋਂ 7 ਦਿਨਾਂ ਦੀ ਗਲਤੀ ਹੈ ਅਤੇ ਕੋਈ ਕਹਿੰਦਾ ਹੈ ਕਿ ਪੁਰੇਵਾਲ ਨੇ ਚਾਰ ਚਾਰ ਗੁਰਪੁਰਬ ਇਕੱਠੇ ਕਰ ਦਿੱਤੇ। ਇਨ੍ਹਾਂ ਸਾਰੇ ਗੈਰ-ਵਾਜ਼ਬ ਸਵਾਲਾਂ ਦਾ ਜਵਾਬ ਅਗਲੀ ਲੇਖ ਲੜੀ ਵਿੱਚ ਤੱਥਾਂ ਦੇ ਅਧਾਰ ’ਤੇ ਦੇਣ ਦਾ ਯਤਨ ਕੀਤਾ ਜਾਵੇਗਾ।
ਕਿਰਪਾਲ ਸਿੰਘ ਬਠਿੰਡਾ
ਕੈਲੰਡਰ ਦਾ ਮਸਲਾ ਹੋਵੇਗਾ ਹੱਲ- (ਪਰ ਜੇ)
Page Visitors: 2513