“ਅਜੋਕੇ ਗੁਰਬਾਣੀ ਵਿਆਕਰਣ ਦੇ ਪਾਣਿਨੀ”
ਆਪਣੇ ਆਪ ਨੂੰ “ਗੁਰੂ ਦੇ ਸਿੱਖ” ਅਖਵਾਉਂਦੇ ਕੁਝ ਲੋਕਾਂ ਨੂੰ ਗੁਰੂ ਸਾਹਿਬਾਂ ਨੂੰ ‘ਗੁਰੂ’ ਕਹਿਣ ਤੋਂ ਪਰਹੇਜ ਹੈ।ਕਿਸੇ ਨਾ ਕਿਸੇ ਬਹਾਨੇ ਗੁਰੂ ਸਾਹਿਬਾਂ ਨੂੰ ਗੁਰੂ ਕਹਿਣਾ ਗੁਰਮਤਿ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ।ਕਈ ਸਾਲਾਂ ਤੋਂ ਅਨੇਕਾਂ ਵਿਦਵਾਨਾਂ ਦੁਆਰਾ ਗੁਰਬਾਣੀ ਉਦਾਹਰਣਾਂ ਅਤੇ ਇਤਿਹਾਸਕ ਸਬੂਤਾਂ ਸਮੇਤ ਇਨ੍ਹਾਂ ਲੋਕਾਂ ਦਾ ਪੱਖ ਗ਼ਲਤ ਸਾਬਤ ਕੀਤਾ ਜਾ ਚੁੱਕਾ ਹੈ ਪਰ ਆਪਣੀ ਜ਼ਿਦ ਕਾਰਣ ਮੁੜ
ਮੁੜ ਆਪਣੀ ਗੱਲ ਦੁਹਰਾਈ ਜਾਂਦੇ ਹਨ।ਕੁਝ ਦਿਨ ਪਹਿਲਾਂ ਇਕ ਵਿਦਵਾਨ ਸੱਜਣ ਜੀ ਦਾ ਲੇਖ ਛਪਿਆ ਸੀ।ਜਿਸ ਵਿੱਚ ਲੇਖਕ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਤੁਕ ਦੀ ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਕੀਤੀ ਵਿਆਖਿਆ ਨੂੰ ਰੱਦ ਕਰਦੇ ਹੋਏ ਵਿਆਕਰਣ ਦੇ ਆਧਾਰ ਤੇ ਆਪਣੀ ਵਿਆਖਿਆ ਸਮਝਾਈ ਹੈ।ਤੁਕ ਇਸ ਪ੍ਰਕਾਰ ਹੈ-
“ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ॥” (ਪੰਨਾ-1409)
ਪੂਰਾ ਸਵੈਯਾ ਇਸ ਪ੍ਰਕਾਰ ਹੈ-
“ਜਬ ਲਉ ਨਹੀ ਭਾਗ ਲਿਲਾਰ ਉਦੈ, ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ॥
ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛਤਾਯਉ॥
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ॥
ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ॥6॥” (ਪੰਨਾ-1409)
ਅਰਥ ਪ੍ਰੋ: ਸਾਹਿਬ ਸਿੰਘ ਜੀ- “ਹੇ ਭਾਈ! ਜਦ ਤਾਈਂ ਮੱਥੇ ਦੇ ਭਾਗ ਨਹੀਂ ਸਨ ਜਾਗੇ ਤਦ ਤਾਈਂ ਬਹੁਤ ਭਟਕਦੇ ਤੇ ਭੱਜਦੇ ਫਿਰਦੇ ਸਾਂ, ਕਲਜੁਗ ਦੇ ਡਰਾਉਣੇ ਸਮੁੰਦਰ ਵਿੱਚ ਡੁੱਬ ਰਹੇ ਸਾਂ, ਪੱਛੋਤਾਵਾ ਕਿਸੇ ਵੇਲੇ ਮਿਟਦਾ ਨਹੀਂ ਸੀ।ਪਰ ਹੇ ਮਥੁਰਾ! ਹੁਣ ਸੱਚੀ ਵਿਚਾਰ ਇਹ ਹੈ ਕਿ ਜਗਤ ਨੂੰ ਤਾਰਨ ਲਈ (ਹਰੀ ਨੇ ਗੁਰੂ ਅਰਜੁਨ) ਅਵਤਾਰ ਬਣਾਇਆ ਹੈ, ਜਿਨ੍ਹਾਂ ਨੇ ਗੁਰੂ ਅਰਜੁਨ ਦੇਵ (ਜੀ) ਨੂੰ ਜਪਿਆ ਹੈ, ਉਹ ਪਰਤ ਕੇ ਗਰਭ ਜੂਨ ਤੇ ਦੁਖਾਂ ਵਿੱਚ ਨਹੀਂ ਆਏ”।
ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਕੀਤੇ ਅਰਥ ਪੇਸ਼ ਕਰਕੇ ਲੇਖਕ ਜੀ ਲਿਖਦੇ ਹਨ:-
“ਪਾਠਕ ਸੱਜਣ ਆਪ ਹੀ ਅੰਦਾਜਾ ਲਾ ਲੈਣ ਕਿ ਗੁਰਮਤਿ ਦੀ ਰੋਸ਼ਨੀ ਵਿੱਚ ਇਹ ਅਰਥ ਕਿਤਨੇ ਸਹੀ ਹਨ।ਜਪਣਾ ਤਾਂ ਸਮਸਰ ਬਾਣੀ ਨੂੰ ਹੈ”।……ਹੋਰ ਲਿਖਦੇ ਹਨ-
“…… ਗੁਰਬਾਣੀ ਵਿਆਕਰਣ ਅਤੇ ਪ੍ਰੋ: ਸਾਹਿਬ ਸਿੰਘ ਜੀ:- ਇਹ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਉਪਰੋਕਤ ਪਾਵਨ ਪੰਕਤੀ ਦੇ ਅਰਥ ਵਿਆਕਰਣੀ ਨੇਮ ਦੀ ਸੇਧ ਤੋਂ ਬਿਨਾ ਹੀ ਕਰ ਦਿੱਤੇ ਹਨ; ਆਪ ਜੀ ਭਲੀ ਭਾਂਤੀ ਜਾਣਦੇ ਹੋ ਕਿ ਗੁਰਬਾਣੀ ਦੀ ਭਾਸ਼ਾ ਅੰਦਰ “ਅਰਜੁਨੁ ਸ਼ਬਦ ਮੂਲ ਰੂਪ ਵਿੱਚ ਔਂਕੜ ਵਰਤ ਕੇ ਲਿਖਿਆ ਜਾਂਦਾ ਹੈ”।
ਲੇਖਕ ਜੀ ਦੁਆਰਾ ਕੀਤੇ ਗਏ ਪੰਕਤੀ ਦੇ ਅਰਥ:-
“ਅਰਜੁਨ’ ਸ਼ਬਦ ਦਾ ਮੁਕਤਾ ਹੋਣਾ ਇਹ ਦੱਸਦਾ ਹੈ ਕਿ ‘ਅਰਜੁਨ’ ਸ਼ਬਦ ਦੇਵ ਨਾਲ ਜੁੜਵਾਂ ਹੈ ਭਾਵ “ਅਰਜੁਨਦੇਵ” ਹੈ ਅਤੇ ਇਸ ਸ਼ਬਦ ਦਾ ਮੁਕਤਾ ਅੰਤ ਹੋਣਾ ਇਹ ਦੱਸਦਾ ਹੈ ਕਿ ਇਸ ਸ਼ਬਦ ਦੇ ਅਗੇ ਇਕ ਸੰਬੋਧਕੀ ਸ਼ਬਦ ਕਾ, ਕੇ, ਕੀ, ਦਾ, ਦੇ, ਦੀ ਆਦਿ ਲੁਪਤ ਰੂਪ ਵਿੱਚ ਦਰਜ ਹੈ।ਸੋ ਗੁਰਬਾਣੀ ਨਿਯਮਾਂ ਅਧੀਨ ਅਰਥ ਬਣਨਗੇ- “ਅਰਜੁਨਦੇਵ ਜੀ ‘ਦੇ’ ਗੁਰੂ (ਸ਼ਬਦ ਗੁਰੂ) ਨੂੰ ਜਿਸਨੇ ਵੀ ਗੁਰਬਾਣੀ’ਚੋਂ ਜਪਿਆ ਹੈ।ਉਹ ਪਰਤ ਕੇ ਗਰਭ ਜੂਨ ਵਿੱਚ ਨਹੀਂ ਆਏ”।
“ਅਰਜੁਨ ਜੀ ਦੇਵ ਹਨ, *ਗੁਰ* ਹਨ ਅਤੇ ਗੁਰੂ ਵਿੱਚ ਸਮਾ ਗਏ ਹਨ।ਇਸ ਦਾ ਭਾਵ ਇਹ ਹੋਇਆ ਕਿ ਅਰਜੁਨ ਗੁਰ ਜੀ ਨੇ ਗੁਰਬਾਣੀ ਨੂੰ ਜਪਿਆ ਅਤੇ ਫਿਰ ਸ਼ਬਦ ਗੁਰੂ (ਹੁਕਮ) ਪਰਮੇਸ਼ਰ ਵਿੱਚ ਸਮਾ ਗਏ।ਗੁਰਸਿੱਖਾਂ ਨੇ ਵੀ ਉਸ ਹੀ ਜਗਤ ਗੁਰੂ ਵਿੱਚ ਸਮਾਉਣਾ ਹੈ।ਜਿਸ ਨੂੰ ਅਰਜੁਨਦੇਵ ਜੀ ਗੁਰੂ ਮੰਨਦੇ ਹਨ।ਫਿਰ ਉਹ ਪ੍ਰਾਣੀ ਗਰਭ ਜੋਨੀ ਦੇ ਸੰਕਟ ਤੋਂ ਬਚ ਜਾਵੇਗਾ।ਜਿਵੇਂ ਇਸ ਪੰਗਤੀ ਦੇ ਲੇਖਕ ਭੱਟ ਜੀ ਬਚ ਗਏ”।
ਵਿਚਾਰ- ‘ਕਾ, ਕੇ, ਕੀ, ਦਾ, ਦੇ, ਦੀ’ ਨੂੰ ਲੇਖਕ ਜੀ ਸੰਬੋਧਕੀ ਦੱਸ ਰਹੇ ਹਨ, ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਇਹ ਸੰਬੋਧਕੀ ਚਿੰਨ੍ਹ ਨਹੀਂ ਬਲਕਿ ਸੰਬੰਧਕੀ ਚਿੰਨ੍ਹ ਹਨ।ਸੰਬੋਧਕੀ ਸ਼ਬਦ ਹਨ- ਹੇ!, ਰੇ!, ਓ! ਆਦਿ।
ਅਰਜੁਨ ਅਤੇ ਦੇਵ” ਬਾਰੇ:-
ਇੱਕ ਪਾਸੇ ਤਾਂ ਲੇਖਕ ਜੀ ਨੇ ‘ਅਰਜੁਨ’ ਅਤੇ ‘ਦੇਵ’ ਨੂੰ ਵੱਖ ਵੱਖ ਮੰਨਦੇ ਹੋਏ “ਅਰਜੁਨ ਦੇਵ” ਦੇ ਅਰਥ ਕੀਤੇ ਹਨ:- “ਅਰਜੁਨ ਜੀ ਦੇਵ ਹਨ, ਗੁਰ ਹਨ” ।ਅਰਥਾਤ ਇਹ ਦੱਸਿਆ ਗਿਆ ਹੈ ਕਿ “ਦੇਵ” ਸ਼ਬਦ ਗੁਰੂ ਸਾਹਿਬ ਜੀ ਦੇ ਨਾਮ ਨਾਲ ਜੁੜਿਆ ਨਹੀਂ ਬਲਕਿ ਵਿਸ਼ੇਸ਼ਣ ਹੈ।ਅਤੇ ਦੂਜੇ ਪਾਸੇ ਲਿਖਦੇ ਹਨ- “ਗੁਰਬਾਣੀ ਦੀ ਭਾਸ਼ਾ ਅੰਦਰ “ਅਰਜੁਨੁ” ਸ਼ਬਦ ਮੂਲ ਰੂਪ ਵਿੱਚ ਔਂਕੜ ਵਰਤ ਕੇ ਲਿਖਿਆ ਜਾਂਦਾ ਹੈ।…. *ਅਰਜੁਨ’ ਸ਼ਬਦ ਦਾ ਮੁਕਤਾ ਹੋਣਾ* ਇਹ ਦੱਸਦਾ ਹੈ ਕਿ ‘ਅਰਜੁਨ’ ਸ਼ਬਦ ‘ਦੇਵ’ ਨਾਲ ਜੁੜਵਾਂ ਹੈ।
ਵਿਚਾਰ- ਜੇ “ਅਰਜੁਨ” ਦੇ ਅੰਤ ‘ਨ’ ਮੁਕਤਾ ਹੋਣ ਕਰਕੇ ‘ਅਰਜੁਨ’ ਸ਼ਬਦ ‘ਦੇਵ’ ਦੇ ਨਾਲ ਜੁੜਵਾਂ ਹੈ ਅਰਥਾਤ ‘ਅਰਜੁਨਦੇਵ’ ਹੈ।ਤਾਂ ਸਵਾਲ ਪੈਦਾ ਹੁੰਦਾ ਹੈ ਕਿ-ਅਰਜੁਨ ਗੁਣ’ (ਪੰਨਾ-1407), “ਅਰਜੁਨ ਕਲ੍ਹਚਰੈ” (ਪੰਨਾ-1407), “ਅਰਜੁਨ ਗੁਰੁ”
(ਪੰਨਾ-1408), ਅਰਜੁਨ ਮਾਹਿ” (ਪੰਨਾ-1409) ਕੀ ਇਨ੍ਹਾਂ ਸ਼ਬਦਾਂ ਨੂੰ-
“ਅਰਜੁਨਗੁਣ”, ਅਰਜੁਨਕਲ੍ਹਚਰੈ”, “ਅਰਜੁਨਗੁਰੁ”, “ਅਰਜੁਨਮਾਹਿ” ਪੜ੍ਹਨਾ ਹੈ? ਦੇਵ ਦੇ ਅੰਤ ਮੁਕਤਾ ਹੋਣ ਬਾਰੇ- ਲੇਖਕ ਜੀ ਮੁਤਾਬਕ- “ਅਰਜੁਨਦੇਵ” ਦਾ ਮੁਕਤਾ ਅੰਤ ਹੋਣਾ ਇਹ ਦੱਸਦਾ ਹੈ ਕਿ ਇਸ ਸ਼ਬਦ ਦੇ ਅਗੇ ਇਕ ਸੰਬੋਧਕੀ ਸ਼ਬਦ ਕਾ, ਕੇ, ਕੀ, ਦਾ, ਦੇ, ਦੀ ਆਦਿ ਲੁਪਤ ਰੂਪ ਵਿੱਚ ਦਰਜ ਹੈ।
ਵਿਚਾਰ- ਪ੍ਰੋ: ਸਾਹਿਬ ਸਿੰਘ ਜੀ ਮੁਤਾਬਕ ਨਾਮ ਅਤੇ ਕ੍ਰਿਆ ਵਿੱਚ ਸੰਬੰਧ ਕਾਰਕ ‘ਕਾ,ਕੇ, ਕੀ, ਦਾ, ਦੇ, ਦੀ ਆਦਿ ਲੱਗਣ ਨਾਲ ਨਾਮ ਦਾ ਅਖੀਰਲਾ ਔਂਕੜ ਉੱਡ ਜਾਂਦਾ ਹੈ। ਮਿਸਾਲ ਦੇ ਤੌਰ ਤੇ ਉਦਾਹਰਣਾਂ-
1-(ਮੁਕਤਾ ਅੰਤ ਦੇ ਨਾਲ ਸੰਬੰਧਕੀ ਚਿੰਨ੍ਹ):- “ਲੂਕ ਕਮਾਵੈ ‘ਕਿਸ *ਤੇ*’ ਜਾ ਵੇਖੈ ਸਦਾ ਹਦੂਰਿ॥” (ਪ-48) ਪਦ ਅਰਥ- ‘ਕਿਸ ਤੇ = ਕਿਸ ਤੋਂ {ਨੋਟ- ਲਫਜ਼ ‘ਕਿਸੁ’ ਦਾ (ਔਂਕੜ) ਸੰਬੰਧਕ *ਤੇ* ਦੇ ਕਾਰਨ ਉੱਡ ਗਿਆ ਹੈ।- ਪ੍ਰੋ: ਸਾਹਿਬ ਸਿੰਘ}
2-(ਔਂਕੜ ਅੰਤ ਲੱਗਾ ਹੋਇਆ ਅਤੇ ਸੰਬੰਧਕੀ ਚਿੰਨ੍ਹ ਲੁਪਤ):- “ਸਭੁ ਉਪਾਏ ਆਪੇ ਵੇਖੈ *ਕਿਸੁ* ਨੇੜੈ *ਕਿਸੁ* ਦੂਰਿ॥” (ਪ-38) ਪਦ ਅਰਥ- ਕਿਸੁ = ਕਿਸ ਤੋਂ? ‘ਕਿਸੁ ਨੇੜੈ ਕਿਸੁ ਦੂਰਿ = ਕਿਸ *ਤੋਂ* ਨੇੜੇ? ਕਿਸ *ਤੋਂ* ਦੂਰ ਹੈ?” (ਪ੍ਰੋ: ਸਾਹਿਬ ਸਿੰਘ) ਜਾਣੀ ਕਿ- ਜੇ ਸੰਬੰਧਕੀ ਚਿਨ੍ਹ ਲੱਗਾ ਹੈ ਤਾਂ, ਨਾਮ ਮੁਕਤਾ ਅੰਤ ਹੈ, ਅਤੇ ਜੇ ਸੰਬੰਧਕੀ ਚਿਨ੍ਹ ਨਹੀਂ ਲੱਗਾ ਤਾਂ ਨਾਮ ਉਕਾਰਾਂਤ (ਔਂਕੜ ਅੰਤ) ਹੈ।ਇਸ ਦੇ ਉਲਟ ਲੇਖਕ ਜੀ ਮੁਤਾਬਕ ‘ਦੇਵ’ ਦੇ ਅੰਤ ‘ਮੁਕਤਾ’ ਹੈ ਤਾਂ ਸੰਬੰਧਕੀ ਕਾਰਕ ਵੀ ‘ਲੁਪਤ ਰੂਪ ਵਿੱਚ ਦਰਜ਼ ਹੈ’।
ਲੇਖਕ ਜੀ ਨੇ ਗੁਰਬਾਣੀ ਦੀ ਵਿਆਕਰਣ ਖੋਜ ਤੇ ਕਾਫ਼ੀ ਕੰਮ ਕੀਤਾ ਲੱਗਦਾ ਹੈ, ਤਾਂ ਹੀ ਪ੍ਰੋ: ਸਾਹਿਬ ਸਿੰਘ ਜੀ ਵਰਗੇ ਗੁਰਮਤਿ ਵਿਆਕਰਣ ਦੇ ਪਾਣਿਨੀ ਮੰਨੇ ਜਾਂਦੇ ਵਿਦਵਾਨ ਜੀ ਦੀ ਵਿਆਕਰਣ ਖੋਜ ਅਤੇ ਉਨ੍ਹਾਂ ਦੇ ਅਰਥਾਂ ਨੂੰ ਗ਼ਲਤ ਦੱਸ ਰਹੇ ਹਨ।ਕੀ ਲੇਖਕ ਜੀ ਆਪਣੀ ਖੋਜੀ ਵਿਆਕਰਣ ਬਾਰੇ ਕੁਝ ਵਧੇਰੇ ਜਾਣਕਾਰੀ ਦੇਣ ਦੀ ਖੇਚਲ ਕਰਨਗੇ?
ਇੱਥੇ ਵਿਚਾਰਨ ਵਾਲੀ ਇਕ ਹੋਰ ਗੱਲ ਇਹ ਹੈ ਕਿ “ਦੇਵ” ਸ਼ਬਦ ਹਮੇਸ਼ਾਂ ਮੁਕਤਾ-ਅੰਤ
ਹੀ ਹੁੰਦਾ ਹੈ, ਕਿਸੇ ਵੀ ਹਾਲਤ ਵਿੱਚ ਔਂਕੜ-ਅੰਤ ਨਹੀਂ ਹੁੰਦਾ।ਇਸ ਲਈ ਇਸ ਦੇ ਔਂਕੜ-ਅੰਤ ਨਾ ਹੋਣ ਦਾ ਕਿਸੇ ਲੁਪਤ ਕਾਰਕ ਚਿੰਨ੍ਹ ਨਾਲ ਕੋਈ ਸੰਬੰਧ ਨਹੀਂ।ਗੁਰਬਾਣੀ ਵਿੱਚ ਕਿਤੇ ਵੀ ਔੰਕੜ ਅੰਤ “ਦੇਵੁ” ਸ਼ਬਦ ਨਹੀਂ ਆਇਆ ‘ਦੇਵ ਦਾ’ ਜਾਂ ‘ਦੇਵ ਦੇ’ ਲਈ ‘ਦੇਵਸ੍ਹਿ’ ਸ਼ਬਦ ਆਇਆ ਹੈ।ਜਿਵੇਂ “ਆਤਮਾ ‘ਵਾਸਦੇਵਸ੍ਹਿ’ ਜੇ ਕੋ ਜਾਣੈ ਭੇਉ॥” (469) ਅਰਥ- “ਜੋ ਮਨੁੱਖ ‘ਪ੍ਰਭੂ *ਦੇ* ਆਤਮਾ’ ਦਾ ਭੇਦ ਜਾਣ ਜਾਂਦਾ ਹੈ”।
ਲੇਖਕ ਜੀ ਲਿਖਦੇ ਹਨ-
“ਗੁਰਬਾਣੀ ਵਿਆਕਰਣ ਅਤੇ ਪ੍ਰੋ: ਸਾਹਿਬ ਸਿੰਘ ਜੀ: ਇਹ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਉਪਰੋਕਤ ਪਾਵਨ ਪੰਕਤੀ ਦੇ ਅਰਥ ਵਿਆਕਰਣੀ ਨੇਮ ਦੀ ਸੇਧ ਤੋਂ ਬਿਨਾ ਹੀ ਕਰ ਦਿੱਤੇ ਹਨ”।
ਵਿਚਾਰ- ਲੇਖਕ ਜੀ ਦੇ ਖੁਦ ਦੇ ਵਿਆਕਰਣੀ ਸੇਧ ਵਿੱਚ ਕੀਤੇ ਅਰਥ ਵੀ ਦੇਖੋ:-
“ਅਰਜੁਨਦੇਵ ਜੀ ‘ਦੇ’ ਗੁਰੂ (ਸ਼ਬਦ ਗੁਰੂ) ਨੂੰ ਜਿਸਨੇ ਵੀ ਗੁਰਬਾਣੀ’ਚੋਂ ਜਪਿਆ ਹੈ।ਉਹ ਪਰਤ ਕੇ ਗਰਭ ਜੂਨ ਵਿੱਚ ਨਹੀਂ ਆਏ”।
ਸਵਾਲ- “ਅਰਜੁਨ ਦੇਵ ਗੁਰੂ” ਦੇ ਅਰਥ- “ਅਰਜੁਨ ਜੀ ਦੇਵ ਹਨ, ਗੁਰ ਹਨ” ਕਿਹੜੀ ਵਿਆਕਰਣ ਅਨੁਸਾਰ ਅਰਥ ਬਣੇ? ਅਤੇ ਪੂਰੀ ਤੁਕ ਦੇ ਅਰਥ ਕਰਨ ਲੱਗੇ ਇਹ ਅਰਥ ਕਿਤੇ ਨਜ਼ਰ ਨਹੀਂ ਆ ਰਹੇ।
‘ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂ’ ਬੜੇ ਸੌਖੇ ਜਿਹੇ ਅਰਥ ਹਨ ਕਿ ‘ਜਿਨ੍ਹਾਂ ਨੇ ਅਰਜੁਨਦੇਵ ਗੁਰੂ ਨੂੰ ਜਪਿਆ’।ਪਰ ਇਹ ਅਰਥ ਲੇਖਕ ਜੀ ਨੂੰ ਮੁਆਫਕ ਨਹੀਂ ਬੈਠਦੇ, ਸੋ ਅਰਥਾਂ ਨੂੰ ਆਪਣੀ ਮਰਜੀ ਦੇ ਅਰਥ ਬਨਾਣ ਦੇ ਚੱਕਰ ਵਿੱਚ ਦੇਖੋ ਸਾਰੇ ਅਰਥਾਂ ਦੀ ਕਿਸ ਤਰ੍ਹਾਂ ਘੁਮਣ-ਘੇਰੀ ਬਣਾ ਦਿੱਤੀ ਗਈ ਹੈ-
“ਅਰਜੁਨਦੇਵ ਜੀ ‘ਦੇ’ ਗੁਰੂ (ਸ਼ਬਦ ਗੁਰੂ) ਨੂੰ ਜਿਸਨੇ ਵੀ ਗੁਰਬਾਣੀ’ਚੋਂ ਜਪਿਆ”-
ਗੁਰਬਾਣੀ’ਚੋਂ ਜਪਿਆ ਕਿਹੜੇ ਸ਼ਬਦ ਦੇ ਅਰਥ ਹਨ।ਅਤੇ ਪੂਰੀ ਤੁਕ ਦੇ ਅਰਥ ਕਰਨ ਲੱਗੇ ‘ਜਿਸਨੇ ਵੀ ਗੁਰਬਾਣੀ’ਚੋਂ ਜਪਿਆ’ ਦੇ ਅਰਥ ਬਣ ਗਏ- “ਅਰਜੁਨ ਗੁਰ ਜੀ ਨੇ ਗੁਰਬਾਣੀ ਨੂੰ ਜਪਿਆ”।“ਗੁਰਸਿੱਖਾਂ ਨੇ ਵੀ ਉਸ ਹੀ ਜਗਤ ਗੁਰੂ ਵਿੱਚ ਸਮਾਉਣਾ ਹੈ” ਇਹ ਕਿਹੜੇ ਸ਼ਬਦਾਂ ਦੇ ਅਰਥ ਹਨ ਅਤੇ ਕਿਸ ਵਿਆਕਰਣੀ ਸੇਧ ਨਾਲ ਇਹ ਅਰਥ ਬਣ ਗਏ? “ਜਿਸ ਨੂੰ ਅਰਜੁਨਦੇਵ ਜੀ ਗੁਰੂ ਮੰਨਦੇ ਹਨ” -ਇਹ ਕਿਨ੍ਹਾਂ ਸ਼ਬਦਾਂ ਦੇ ਅਰਥ ਹਨ ਅਤੇ ਕਿਸ ਵਿਆਕਰਣੀ ਸੇਧ ਅਨੁਸਾਰ ਅਰਥ ਬਣ ਗਏ? “ਜਿਵੇਂ ਇਸ ਪੰਗਤੀ ਦੇ ਲੇਖਕ ਭੱਟ ਜੀ ਬਣ ਗਏ” -ਇਹ ਕਿਹੜੇ ਸ਼ਬਦਾਂ ਦੇ ਅਰਥ ਹਨ ਅਤੇ ਕਿਸ ਵਿਆਕਰਣੀ ਸੇਧ ਅਨੁਸਾਰ ਅਰਥ ਬਣੇ?
ਲੇਖਕ ਜੀ ਸਵਾਲ ਕਰਦੇ ਹਨ- “ਅਰਜੁਨਦੇਵ ਜੀ *ਗੁਰ* ਹਨ ਕਿ ਗੁਰੂ?” ਅਤੇ ਖੁਦ ਹੀ ਜਵਾਬ ਦਿੰਦੇ ਹਨ- “ਅਸੀਂ ਆਮ ਬੋਲੀ ਵਿੱਚ ਤਾਂ ਉਨ੍ਹਾਂ ਨੂੰ ਗੁਰੂ ਜ਼ਰੂਰ ਆਖਦੇ ਹਾਂ।ਪਰ ਗੁਰਬਾਣੀ ਸੱਚਖੰਡ ਤੋਂ ਆਈ **ਭਾਸ਼ਾ** ਹੈ।ਅਸੀਂ ਗੁਰਬਾਣੀ ਤੋਂ ਪੜ੍ਹਨਾ ਹੈ।ਗੁਰਬਾਣੀ ਅਨੁਸਾਰ ਕੇਵਲ ਪਰਮੇਸ਼ਰ ਹੀ ਗੁਰੂ ਹੈ”।
ਲੇਖਕ ਜੀ ਨੇ ਇਹ ਨਹੀਂ ਦੱਸਿਆ ਕਿ ਅਰਜੁਨ ਦੇਵ ਜੀ ਨੂੰ “ਗੁਰੂ” ਕਹਿਣਾ ਠੀਕ ਹੈ ਜਾਂ ਗ਼ਲਤ। ਅਤੇ ਕੀ ਲੇਖਕ ਜੀ ਦੱਸਣ ਦੀ ਖੇਚਲ ਕਰਨਗੇ ਕਿ “ਗ੍ਰੰਥ ਸਾਹਿਬ” ਨੂੰ ਗੁਰੂ ਕਹਿਣਾ ਠੀਕ ਹੈ ਜਾਂ ਗ਼ਲਤ?
ਕੀ ਲੇਖਕ ਜੀ ਗੁਰਬਾਣੀ ਉਦਾਹਰਣਾਂ ਅਤੇ ਉਨ੍ਹਾਂ ਦੇ ਅਰਥਾਂ ਸਮੇਤ ਸਮਝਾਣ ਦੀ ਖੇਚਲ ਕਰਨਗੇ ਕਿ ਇਸ ਚੱਲਦੇ ਵਿਸ਼ੇ ਵਿੱਚ ‘ਗੁਰ’ ਅਤੇ ‘ਗੁਰੂ’ ਦੇ ਅਰਥਾਂ ਵਿੱਚ ਕੀ ਫਰਕ ਹੈ? ਜੇ ਕੇਵਲ ਪਰਮੇਸ਼ਰ ਹੀ ਗੁਰੂ ਹੈ” ਤਾਂ ‘ਗੁਰ’ ਅਤੇ ‘ਗੁਰੁ’ ਦੇ ਕੀ ਅਰਥ ਹਨ?
ਲੇਖਕ ਜੀ ਲਿਖਦੇ ਹਨ- “ਪਰ ਗੁਰਬਾਣੀ ਸੱਚਖੰਡ ਤੋਂ ਆਈ *ਭਾਸ਼ਾ* ਹੈ”।
ਕੀ ਲੇਖਕ ਜੀ ਸਮਝਾਣ ਦੀ ਖੇਚਲ ਕਰਨਗੇ ਕਿ ‘ਸੱਚਖਡ’ ਤੋਂ ਉਨ੍ਹਾਂ ਦਾ ਕੀ ਭਾਵ ਹੈ? ਅਤੇ ਉੱਥੋਂ ਆਈ ਭਾਸ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਤੋਂ ਪਹਿਲਾਂ (ਪੰਜਾਬੀ /
ਗੁਰਮੁਖੀ) ਭਾਸ਼ਾ ਵਿੱਚ ਲਿਖਤੀ ਰੂਪ ਵਿੱਚ ਆਈ ਸੀ ਜਾਂ ਉਚਰਕੇ ਆਈ ਸੀ ਜਿਸ ਨੂੰ ਕਿ ਸੁਣ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ਕੀਤਾ / ਕਰਵਾਇਆ’ ਗਿਆ?
ਅਖੀਰ ਵਿੱਚ ਇੱਕ ਸਵਾਲ ਹੋਰ- ਕੀ ਅਰਜੁਨਦੇਵ ਜੀ ਦਾ ‘ਪਰਮਾਤਮਾ ਗੁਰੂ’ ਕੋਈ ਵੱਖਰਾ ਹੈ ਜਿਹੜਾ ਪੰਕਤੀ ਵਿੱਚ ‘ਅਰਜੁਨ ਦੇ ਪਰਮਾਤਮਾ ਗੁਰੂ’ ਨੂੰ ਜਪਣ ਦੀ ਗੱਲ ਕਹੀ ਗਈ ਹੈ?
ਬੇਨਤੀ- ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੀ ਹੈ ਕਿ ਅੱਜ ਕਲ੍ਹ ਗੁਰਬਾਣੀ ਅਰਥਾਂ ਨੂੰ ਲੈ ਕੇ ਪਹਿਲਾਂ ਹੀ ਬਹੁਤ ਭੁਲੇਖੇ ਚੱਲ ਰਹੇ ਹਨ।ਇਹ ਜੋ ਮੌਜੂਦਾ ਵਿਚਾਰ ਅਧੀਨ ਲੇਖਕ ਜੀ ਦਾ ਲੇਖ ਹੈ, ਇਸ ਸੰਬੰਧੀ ਵੀ ਮੇਰੀ ਵਿਚਾਰ ਅਨੁਸਾਰ ਹੋਰ ਬਹੁਤ ਭੁਲੇਖੇ ਖੜ੍ਹੇ ਹੋ ਗਏ ਹਨ। ਇਸ ਵੈਬ ਸਾਇਟ ਦੀ ਪੋਲੀਸੀ ਦੇ ਕਾਰਣ ਲੇਖਕ ਜੀ ਦਾ ਨਾਮ ਨਹੀਂ ਲਿਖਿਆ ਗਿਆ, ਇਸ ਲਈ ਸੰਬੰਧਤ ਲੇਖਕ ਵਿਦਵਾਨ ਜੀ ਇਨ੍ਹਾਂ ਸ਼ੰਕਿਆਂ ਨੂੰ ਜਰੂਰ ਨਿਵਿਰਤ ਕਰਨ ਦੀ ਖੇਚਲ ਕਰਨ।
ਧੰਨਵਾਦ।
ਜਸਬੀਰ ਸਿੰਘ ਵਿਰਦੀ