ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਜੋਗੀ ਅੰਦਰਿ ਜੋਗੀਆ॥ਤੂੰ ਭੋਗੀ ਅੰਦਰਿ ਭੋਗੀਆ॥ :-
-: ਜੋਗੀ ਅੰਦਰਿ ਜੋਗੀਆ॥ਤੂੰ ਭੋਗੀ ਅੰਦਰਿ ਭੋਗੀਆ॥ :-
Page Visitors: 2752

-: ਜੋਗੀ ਅੰਦਰਿ ਜੋਗੀਆ॥ਤੂੰ ਭੋਗੀ ਅੰਦਰਿ ਭੋਗੀਆ॥ :-
"ਜੋਗੀ ਅੰਦਰਿ ਜੋਗੀਆ ॥ ਤੂੰ ਭੋਗੀ ਅੰਦਰਿ ਭੋਗੀਆ ॥ (ਪੰਨਾ 71)
ਅਰਥ-(ਹੇ ਪ੍ਰਭੂ!) ਜੋਗੀਆਂ ਦੇ ਅੰਦਰ (ਵਿਆਪਕ ਹੋ ਕੇ ਤੂੰ ਆਪ ਹੀ) ਜੋਗ ਕਮਾ ਰਿਹਾ ਹੈਂ, ਮਾਇਆ ਦੇ ਭੋਗ ਭੋਗਣ ਵਾਲਿਆਂ ਦੇ ਅੰਦਰ ਭੀ ਤੂੰ ਹੀ ਪਦਾਰਥ ਭੋਗ ਰਿਹਾ ਹੈਂ।"
ਇਕ ਵੀਰ ਦਾ ਸਵਾਲ- "ਬਲਾਤਕਾਰੀਆਂ ਦੇ ਅੰਦਰ ਰਹਿਕੇ ਉਹ ਕੀ ਕਰਦਾ ਹੈ?"
{ਨੋਟ: ਵੀਰ ਦਾ ਸਵਾਲ ਕੁਝ ਸ਼ਰਾਰਤ ਭਰਿਆ ਅਤੇ ਮਨ ਵਿੱਚ ਕਪਟ ਰੱਖਕੇ ਕੀਤਾ ਗਿਆ ਹੈ।ਕਿਉਂਕਿ ਜਦੋਂ ਗੁਰਬਾਣੀ ਦੀਆਂ ਇਹਨਾ ਤੁਕਾਂ ਵਿੱਚ ਦ੍ਰਿਸ਼ਟਾਂਤ ਦੇ ਤੌਰ ਤੇ ਦੱਸਿਆ ਗਿਆ ਹੈ ਕਿ ਜੋਗੀ ਅੰਦਰ ਵੱਸ ਕੇ ਉਹ ਆਪ ਹੀ ਜੋਗ ਕਮਾਉਂਦਾ ਹੈ ਅਤੇ ਭੋਗੀ ਦੇ ਅੰਦਰ ਵੱਸ ਕੇ ਉਹ ਆਪ ਹੀ ਪਦਾਰਥਾਂ ਦੇ ਭੋਗ ਕਰਦਾ ਹੈ, ਇਸੇ ਤਰ੍ਹਾਂ ਸਭ ਦੇ ਅੰਦਰ ਵੱਸ ਕੇ ਉਹ ਆਪ ਹੀ ਸਭ ਕੁਝ ਕਰਦਾ ਕਰਾਉਂਦਾ ਹੈ।ਤਾਂ ਇਸ ਸਵਾਲ ਦਾ ਮਤਲਬ ਨਹੀਂ ਬਣਦਾ।ਪਰ ਜਵਾਬ ਤਾਂ ਸਵਾਲ ਦੇ ਮੁਤਾਬਕ ਹੀ ਦੇਣਾ ਬਣਦਾ ਹੈ।ਮੁਢਲੇ ਤੌਰ ਤੇ ਤਾਂ ਜਵਾਬ ਇਹੀ ਬਣਦਾ ਹੈ ਜੋ ਹੇਠਾਂ ਦਿੱਤਾ ਜਾ ਰਿਹਾ ਹੈ, ਪਰ ਵਿਸ਼ੇ ਨੂੰ ਅੱਗੇ ਵਿਸਥਾਰ ਨਾਲ ਵਿਚਾਰਿਆ ਜਾ ਰਿਹਾ ਹੈ।}
ਜਵਾਬ- ਥੋੜ੍ਹੇ ਲਫਜ਼ਾਂ ਵਿੱਚ ਤਾਂ ਜਵਾਬ ਇਹੀ ਹੈ ਕਿ- ਜਦੋਂ ਉਸ ਤੋਂ ਬਿਨਾ ਕੁਝ ਹੈ ਹੀ ਨਹੀਂ।ਸਭ ਦੇ ਅੰਦਰ ਵਿਆਪਕ ਹੋ ਕੇ ਆਪ ਹੀ ਵਿਚਰ ਰਿਹਾ ਹੈ ਤਾਂ ਬਲਾਤਕਾਰੀ ਅੰਦਰ ਰਹਿਕੇ ਉਹ ਬਲਾਤਕਾਰ ਵੀ ਕਰਦਾ ਹੈ {ਪਰ ਇਹ ਉਸਦਾ ਭਾਣਾ, ਉਸ ਦੀ ਮਰਜੀ, ਉਸ ਦੀ ਰਜ਼ਾ ਨਹੀਂ, ਇਹ ਵਿਅਕਤੀ ਦੇ ਮਨ ਦੀ ਮਰਜ਼ੀ ਹੈ}।
ਗੁਰਬਾਣੀ ਫੁਰਮਾਨ ਹੈ-
 " ਏਕ ਅਨੇਕ ਬਿਆਪਕ ਪੂਰਕ, ਜਤ ਦੇਖਉ ਤਤ ਸੋਈ ॥
   ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ
॥1॥
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥
ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ
॥1॥ ਰਹਾਉ ॥
ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥
ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ
॥2॥
ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ ॥
ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ
॥3॥
ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥ |
ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ
॥{ਪੰਨਾ 485}"
ਵਿਚਾਰ- ਜਤ ਦੇਖਉ ਤਤ ਸੋਈ- ਹਰ ਪਾਸੇ ਹਰ ਥਾਂ ਤੇ ਉਹ ਆਪ ਹੀ ਆਪ ਹੈ।ਸਭ ਗੋਬਿੰਦ ਹੀ ਗੋਬਿੰਦ ਹੈ, ਉਸ ਤੋਂ ਬਿਨਾ ਕੁਝ ਵੀ ਨਹੀਂ ਹੈ।ਘਟ ਘਟ ਅੰਤਰ ਵੀ ਅਤੇ ਸਰਬ ਨਿਰੰਤਰ ਵੀ ਉਹ ਆਪ ਹੀ ਆਪ ਹੈ।}
ਹੋਰ ਦੇਖੋ- "
ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥
ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥
ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚ ਗੁਲਾਲੁ ॥
ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ ॥
ਹਰਿ ਤੁਧਹੁ ਬਾਹਰਿ ਕਿਛੁ ਨਹੀ, ਗੁਰ ਸਬਦੀ ਵੇਖਿ ਨਿਹਾਲੁ
॥7॥ {ਪੰਨਾ 85}"
ਵਿਚਾਰ- ਜਲ ਵੀ ਉਹ ਆਪ ਹੀ ਹੈ, ਮੱਛੀ ਵੀ ਉਹ ਆਪ ਹੀ ਹੈ, ਜਾਲ ਵੀ ਉਹ ਆਪ ਹੀ ਹੈ ਅਤੇ ਮੱਛੀ ਨੂੰ ਫੜਨ ਵਾਸਤੇ ਜਾਲ ਵਿਛਾਉਣ ਵਾਲਾ ਵੀ ਉਹ ਆਪ ਹੀ ਹੈ।ਜੜ੍ਹ ਅਤੇ ਚੇਤਨ, ਸਭ ਵਿੱਚ ਉਹ ਆਪ ਹੀ ਆਪ ਹੈ।
ਸੋ ਗੁਰਬਾਣੀ ਦੀ ਇਸ ਉਦਾਹਰਣ ਦੇ ਚਾਨਣ ਵਿੱਚ, ਬਲਾਤਕਾਰੀ ਵਿੱਚ ਵਿਚਰ ਕੇ ਬਲਾਤਕਾਰ ਕਰਨ ਵਾਲਾ ਵੀ ਉਹ ਆਪ ਹੈ।ਬਲਾਤਕਾਰ ਦੀ ਪੀੜਿਤਾ ਅੰਦਰ ਰਹਿਕੇ ਸੰਤਾਪ ਭੋਗਣ ਵਾਲਾ ਵੀ ਉਹ ਆਪ ਹੀ ਹੈ ਅਤੇ ਬਲਾਤਕਾਰੀ ਨੂੰ ਉਸਦੇ ਕੀਤੇ ਦੀ ਸਜ਼ਾ ਦੇਣ ਵਾਲਾ ਵੀ ਉਹ ਆਪ ਹੀ ਹੈ।
ਪਰ- "ਤੂੰ ਆਪੇ ਕਮਲੁ ਅਲਿਪਤ ਹੈ"- ਅਰਥਾਤ ਸਭ ਵਿੱਚ ਵਿਚਰ ਕੇ ਸਾਰੇ ਕੰਮ ਕਰਦਾ-ਕਰਵਾਉਂਦਾ ਹੋਇਆ ਵੀ ਆਪ ਉਹ ਸਭ ਕਾਸੇ ਤੋਂ ਨਿਰਲੇਪ ਰਹਿੰਦਾ ਹੈ।ਇਸ ਤਰ੍ਹਾਂ ਬਲਾਤਕਾਰੀ ਦੇ ਅੰਦਰ ਵੀ ਅਤੇ ਬਲਾਤਕਾਰ ਦੀ ਪੀੜਿਤਾ ਅੰਦਰ ਵਿਚਰ ਕੇ ਵੀ ਉਹ ਆਪ ਸਭ ਕਾਸੇ ਤੋਂ ਨਿਰਲੇਪ ਰਹਿੰਦਾ ਹੈ।
ਸਵਾਲ- ਜੇਕਰ ਉਸਨੇ ਆਪ ਹੀ ਸਾਰਾ ਕੁਝ ਕੀਤਾ ਤਾਂ ਸਜ਼ਾ ਕਿਸਨੂੰ ਦਿੱਤੀ?
ਜਵਾਬ- ਸਜ਼ਾ ਉਸੇ ਨੂੰ ਦਿੱਤੀ ਜਿਸ ਨੇ ਗੁਨਾਹ ਕੀਤਾ।
- ਸਭ ਕੁਝ ਕਰਨ ਕਰਵਾਉਣ ਵਾਲਾ ਤਾਂ ਉਹ ਆਪ ਹੀ ਹੈ।
 { ਆਪੇ ਕਰੇ ਕਰਾਏ ਆਪੇ॥ਆਪੇ ਥਾਪਿ ਉਥਾਪੇ ਆਪੇ॥
   ਤੁਝ ਤੇ ਬਾਹਰਿ ਕਛੂ ਨ ਹੋਵੈ ਤੂੰ ਆਪੇ ਕਾਰੈ ਲਾਵਣਿਆ
॥(ਪੰਨਾ 125)}
ਪਰ ਇਥੇ ਦੋ ਪਹਿਲੂ ਹਨ ਜੋ ਸਮਝਣ ਦੀ ਜਰੂਰਤ ਹੈ-
1 ਗੁਰੂ ਦੇ ਉਪਦੇਸ਼ ਤੇ ਚੱਲਕੇ ਬੰਦੇ ਨੇ ਪ੍ਰਭੂ ਨੂੰ ਚਿੱਤ ਵਿੱਚ ਵਸਾਇਆ ਹੈ, ਜਾਂ
2 ਗੁਰੂ/ ਪ੍ਰਭੂ ਨੂੰ ਵਿਸਾਰ ਕੇ ਆਪਣੇ ਮਨ ਦੇ ਮਗ਼ਰ ਚੱਲਦਾ ਹੈ?
ਜੇ ਤਾਂ ਗੁਰੂ ਦੇ ਉਪਦੇਸ਼ ਤੇ ਚੱਲਕੇ ਪ੍ਰਭੂ ਨੂੰ ਚਿੱਤ ਵਿੱਚ ਵਸਾ ਰੱਖਿਆਾ ਹੈ ਤਾਂ ਉਹ ਜੋ ਵੀ ਕਰਮ ਕਰਦਾ ਹੈ, ਉਹ 'ਕਰਮ ਕਰਤ ਹੋਇ ਨਿਹਕਰਮਾਂ' ਹੋ ਜਾਂਦਾ ਹੈ।ਉਸ ਦੇ ਕੀਤੇ ਹਰ ਕੰਮ ਲਈ ਪ੍ਰਭੂ ਆਪ ਜੁੰਮੇਵਾਰ ਬਣਦਾ ਹੈ- "ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥ (ਪੰਨਾ 729)"
ਅਤੇ-
"ਨਾਨਕ ਜਿਨ੍ਹ ਕਉ ਸਤਿਗੁਰੁ ਮਿਲਿਆ ਤਿਨ੍ਹ ਕਾ ਲੇਖਾ ਨਿਬੜਿਆ॥ {ਪੰਨਾ 435} "
ਅਤੇ-
"ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ॥ (ਪੰਨਾ 614)"
ਦੂਸਰਾ ਪਹਿਲੂ-
ਜੇ ਬੰਦਾ ਗੁਰੂ-ਪ੍ਰਭੂ ਨੂੰ ਵਿਸਾਰ ਕੇ ਆਪਣੇ ਮਨ ਮੁਤਾਬਕ ਕਰਮ ਕਰਦਾ ਹੈ ਤਾਂ, ਆਪਣੇ ਕੀਤੇ ਦਾ ਉਹ ਆਪ ਜੁੰਮੇਵਾਰ ਬਣਦਾ ਹੈ-
 "ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥ (ਪੰਨਾ 433)
ਅਤੇ-
"ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥
ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥
ਜੇਹੇ ਕਰਮ ਕਮਾਇ ਤੇਹਾ ਹੋਇਸੀ
॥ "(ਪੰਨਾ 730)
- ਕੋਈ ਵੀ ਕਰਮ ਕਰਨ ਲੱਗਿਆਂ ਜੇ ਮਰਜ਼ੀ ਜੀਵ ਦੀ/ਮਨ ਦੀ ਹੈ ਤਾਂ ਜੁੰਮੇਵਾਰ ਉਹ ਆਪ ਹੈ।
ਅਤੇ-
ਤਨੁ ਮਨੁ ਧਨੁ ਸਭੁ ਗੁਰੂ ਨੂੰ ਸੌਂਪ ਕੇ ਕੋਈ ਵੀ ਕੰਮ ਕਰਦਾ ਹੈ ਤਾਂ ਜੁੰਮੇਵਾਰ ਗੁਰੂ ਆਪ ਬਣਦਾ ਹੈ।
ਯਾਦ ਰਹੇ ਕਿ ਜਿਸਨੇ ਤਨੁ ਮਨੁ ਧੰਨੁ ਸਭ ਗੁਰੂ ਨੂੰ ਸੌਂਪ ਦਿੱਤਾ ਹੈ ਤਾਂ ਗੁਰੂ/ਪ੍ਰਭੂ ਕਦੇ ਵੀ ਬਲਾਤਕਾਰ ਵਰਗੇ ਕੁਕਰਮ ਕਰਨ ਦੀ ਪਰੇਰਣਾ ਜਾਂ ਇਜਾਜਤ ਨਹੀਂ ਦੇ ਸਕਦਾ।ਦੂਸਰੇ ਲਫਜ਼ਾਂ ਵਿੱਚ, ਗੁਰੂ ਨੂੰ ਸਮਰਪਿਤ ਵਿਅਕਤੀ ਮਾੜੇ ਕੰਮ ਕਰਦਾ ਹੀ ਨਹੀਂ।
ਅਤੇ ਦੂਜੇ ਪਾਸੇ, ਆਪਣੇ ਮਨ ਦੀ ਮਰਜ਼ੀ ਕਰਨ ਵਾਲਾ ਬੰਦਾ ਪ੍ਰਭੂ ਨੂੰ ਸਮਰਪਿਤ ਨਹੀਂ ਹੋ ਸਕਦਾ। ਮਨ ਦੇ ਮਗ਼ਰ ਲੱਗਕੇ ਕੀਤੇ ਕੰਮਾਂ ਦੀ ਪ੍ਰਭੂ ਸਜ਼ਾ ਦਿੰਦਾ ਹੈ।
ਇਹ ਗੱਲ ਜ਼ਰਾ ਡੁੰਘਾਈ ਨਾਲ ਵਿਚਾਰਨ ਵਾਲੀ ਹੈ ਕਿ-
ਸਭੁ ਗੋਬਿੰਦੁ ਹੈ ਸਭੁ ਗੋਬਿੰਦ ਹੈ ਗੋਬਿੰਦ ਬਿਨੁ ਨਹੀ ਕੋਇ
ਇਹ ਦਿਸਦਾ-ਅਣ-ਦਿਸਦਾ ਸਾਰਾ ਪਸਾਰਾ ਉਸਦਾ ਆਪਣਾ ਹੀ ਵੁਜੂਦ ਹੈ, ਹਰਿ ਕਾ ਰੂਪ ਹੈ।ਇਸ ਲਈ ਸਭ ਕੁਝ ਕਰਨ ਕਰਵਾਉਣ ਵਾਲਾ ਵੀ ਉਹ ਆਪ ਹੀ ਹੈ।
ਪਰ ਇਹ ਉਸ ਦੀ ਰਚੀ ਖੇਡ ਹੈ ਕਿ ਉਸਨੇ ਮਾਇਆਵੀ ਵਿਕਾਰ ਵੀ ਮਨੁੱਖ ਦੇ ਨਾਲ ਜੋੜ ਰੱਖੇ ਹਨ ਅਤੇ ਇਕ ਚੰਚਲ ਮਨ ਵੀ ਮਨੁੱਖ ਦੇ ਨਾਲ ਜੋੜ ਰੱਖਿਆ ਹੈ।
ਇਹ ਉਸ ਦੀ ਖੇਡ ਦੇ ਦੋ ਵੱਖ ਵੱਖ ਪਹਿਲੂ ਹਨ ਕਿ ਮਨੁੱਖ ਮਨ ਦੇ ਮਗ਼ਰ ਚੱਲ ਕੇ ਸੰਸਾਰ ਤੇ ਵਿਚਰਦਾ ਹੈ, ਜਾਂ ਮਨ ਦੀ ਮੱਤ ਤਿਆਗਕੇ ਗੁਰੂ ਦੇ ਦੱਸੇ ਉਪਦੇਸ਼ ਮੁਤਾਬਕ ਵਿਚਰਦਾ ਹੈ।
ਇਹ ਵੀ ਉਸ ਦੀ ਖੇਡ ਦਾ ਹਿੱਸਾ ਹੈ ਕਿ, ਜੀਵਨ ਦੀ ਖੇਡ ਦੀ ਛਿੰਝ (ਮੈਦਾਨ) ਵਿੱਚ ਇੱਕ ਪਾਸੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਵਿਕਾਰ ਉਸਨੇ ਆਪ ਹੀ ਖੜ੍ਹੇ ਕਰ ਰੱਖੇ ਹਨ ਜਿਨ੍ਹਾਂ ਨਾਲ ਵਿਅਕਤੀ ਨੇ ਜੂਝਕੇ ਉਹਨਾ ਨੂੰ ਪਛਾੜਨਾ ਹੈ, ਅਤੇ ਦੂਸਰੇ ਪਾਸੇ ਇਹ ਜੀਵ ਹੈ।
ਮਨ ਬਹੁਤ ਚੰਚਲ ਹੈ, ਵਿਕਾਰਾਂ ਵਾਲੇ ਪਾਸੇ ਸਹਜੇ ਹੀ ਅਕਰਸ਼ਿਤ ਹੋ ਜਾਂਦਾ ਹੈ, ਜੋ ਕਿ ਮਨੁੱਖ ਲਈ ਜੀਵਨ ਦੀ ਬਾਜੀ ਹਾਰਨ ਦਾ ਕਾਰਣ ਬਣਦਾ ਹੈ।
ਪਰ ਇਹ ਵੀ ਉਸ ਦੀ ਖੇਡ ਦਾ ਹਿੱਸਾ ਹੈ ਕਿ, ਇਸ ਕੋਲ ਵਿਕਲਪ ਹੈ, ਇੱਕ ਤਕੜਾ ਹਥਿਆਰ ਹੈ, ਕਿ ਗੁਰੂ ਦੇ ਦੱਸੇ ਮੁਤਾਬਕ ਜੀਵਨ ਬਿਤਾਉਣ ਤੇ ਇਹ ਵਿਕਾਰਾਂ ਤੇ ਫਤਹਿ ਪਾ ਕੇ ਜੀਵਨ ਦੀ ਬਾਜੀ ਜਿੱਤ ਵੀ ਸਕਦਾ ਹੈ।
ਮਨੁੱਖ ਨੇ ਕਿਹੜਾ ਰਾਹ ਚੁਣਨਾ ਹੈ, ਇਹ ਮਰਜ਼ੀ ਇਸ ਦੀ ਆਪਣੀ ਹੈ ਅਤੇ ਆਪਣੀ ਮਰਜ਼ੀ ਨਾਲ ਕੀਤੇ ਚੰਗੇ ਜਾਂ ਮੰਦੇ ਕਰਮ ਲਈ ਜੁੰਮੇਵਾਰ ਵੀ ਇਹ ਆਪ ਹੈ।
ਸਵਾਲ- ਤੁਸੀਂ ਤਾਂ ਪਰਮਾਤਮਾ ਨੂੰ ਬਲਾਤਕਾਰੀ ਬਣਾ ਦਿੱਤਾ ਹੈ।
ਜਵਾਬ- {ਇਥੇ ਸਵਾਲ-ਕਰਤਾ ਵੀਰ ਸਵਾਲ ਕਰਨ ਲਈ ਇਮਾਨਦਾਰ ਨਹੀਂ ਜਾਪ ਰਿਹਾ।}
ਜਿਵੇਂ- ਮੌਲਵੀ ਨੇ ਕਿਹਾ; ਅਗਰ ਅਮਲ ਨਹੀਂ ਕਰ ਸਕਤੇ ਤੋ ਨਮਾਜ਼ ਪੜ੍ਹਨੀ ਛੋੜ ਦੋ।ਕੁਝ ਚਲਾਕ ਬੰਦਿਆਂ ਨੇ ਮੌਲਵੀ ਨੂੰ ਬਦਨਾਮ ਕਰਨ ਲਈ ਅੱਧੀ ਅਧੂਰੀ ਗੱਲ ਫੈਲਾ ਦਿੱਤੀ ਕਿ ਦੇਖੋ ਮੌਲਵੀ ਕਹਿੰਦਾ ਹੈ 'ਨਮਾਜ ਪੜ੍ਹਨੀ ਛੋਡ ਦੋ'।
ਇਸੇ ਤਰ੍ਹਾਂ ਇਹ ਸਵਾਲ-ਕਰਤਾ ਵੀਰ ਵੀ ਬਦਨਾਮ ਕਰਨ ਲਈ ਅੱਧੀ ਅਧੂਰੀ ਗੱਲ ਫੈਲਾ ਰਿਹਾ ਹੈ।
ਗੁਰਮਤਿ ਸਿਧਾਂਤ ਸਮਝਣ ਦੀ ਜਰੂਰਤ ਹੈ ਕਿ, ਜੇ ਆਪਾਂ ਇਹ ਮੰਨਕੇ ਵੀ ਚੱਲਦੇ ਹਾਂ ਕਿ ਚੰਗੇ ਕੰਮ ਕਰਨ ਕਰਵਾਉਣ ਵਾਲਾ ਤਾਂ ਪਰਮਾਤਮਾ ਹੈ ਅਤੇ ਮਾੜੇ ਕੰਮ ਕਰਨ ਵਾਲਾ ਬੰਦਾ ਖੁਦ ਹੈ ਤਾਂ, ਇਹ ਵੀ ਗੁਰਮਤਿ ਸਿਧਾਂਤ ਦੇ ਉਲਟ ਹੀ ਹੈ।ਇਹ ਵੀ, 'ਸਾਰਾ ਪਸਾਰਾ ਉਸਦਾ ਆਪਣਾ ਹੀ ਵੁਜੂਦ ਹੈ' ਮੰਨਣ ਤੋਂ ਇਨਕਾਰੀ ਜਾਂ ਅਨਜਾਣ ਹੋਣ ਵਾਲੀ ਗੱਲ ਹੈ।ਗੁਰੂ ਉਪਦੇਸ਼ ਤੋਂ ਇਹੀ ਤਾਂ ਸਿੱਖਣਾ ਹੈ ਕਿ-
"ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ ॥ ( ਪੰਨਾ 205)"
ਸਾਰਾ ਪਸਾਰਾ ਤਾਂ ਉਸਦਾ ਆਪਣਾ ਹੀ ਵੁਜੂਦ ਹੈ।ਪਰ ਮਨੁੱਖ ਦੇ ਅੰਦਰ ਰਹਿਕੇ ਉਸ ਨੇ ਇਸ ਦੇ ਅਤੇ ਆਪਣੇ ਅੰਦਰ ਵੱਖਰੀ ਹਸਤੀ ਹੋਣ ਦਾ ਇਕ ਪਤਲਾ ਜਿਹਾ ਪੜਦਾ/ਭੁਲੇਖਾ ਪਾ ਰੱਖਿਆ ਹੈ।
 ਸਾਡੇ ਅੰਦਰ ਵਿਚਰਕੇ ਸਭ ਕੁਝ ਕਰਨ ਕਰਵਾਉਣ ਵਾਲਾ ਤਾਂ ਉਹ ਆਪ ਹੀ ਹੈ।ਪਰ ਹਉਮੈ ਦੇ ਪੜਦੇ ਜਾਂ ਭੁਲੇਖੇ ਕਰਕੇ ਇਹ ਸਮਝਦਾ ਹੈ ਕਿ ਮੈਂ ਸਭ ਕੁਝ ਕਰ ਰਿਹਾ ਹਾਂ।ਸਾਰੀ ਗੁਰਬਾਣੀ ਸਿਧਾਂਤ ਦਾ ਇਹੀ ਤਾਂ ਨਿਚੋੜ ਹੈ ਕਿ ਗੁਰੂ ਤੋਂ ਸੋਝੀ ਲੈ ਕੇ ਮਨੁੱਖ ਇਹ ਭਰਮ ਭੁਲੇਖੇ ਵਾਲਾ ਪੜਦਾ ਹਟਾਉਣਾ ਹੈ ਕਿ ਅਸਲ ਵਿੱਚ ਚੰਗਾ ਵੀ ਅਤੇ ਮਾੜਾ ਵੀ ਸਭ ਕਰਨ ਕਰਵਾਉਣ ਵਾਲਾ ਉਹ ਆਪ ਹੀ ਹੈ।
ਗੁਰਬਾਣੀ ਫੁਰਮਾਨ ਹੈ-
"ਜਬ ਲਗੁ ਜਾਨੈ ਮੁਝ ਤੇ ਕਛੁ ਹੋਇ॥
 ਤਬ ਇਸ ਕਉ ਸੁਖੁ ਨਾਹੀ ਕੋਇ ॥
ਜਬ ਇਹ ਜਾਨੈ ਮੈ ਕਿਛੁ ਕਰਤਾ॥
ਤਬ ਲਗੁ ਗਰਭ ਜੋਨਿ ਮਹਿ ਫਿਰਤਾ
॥ (ਪੰਨਾ 278)"
ਸੋ ਚੰਗੇ ਵੀ ਅਤੇ ਮਾੜੇ ਵੀ ਕਰਮ ਕਰਨ-ਕਰਵਾਉਣ ਵਾਲਾ ਤਾਂ ਉਹ ਆਪ ਹੀ ਹੈ।ਪਰ ਮਰਜ਼ੀ ਸਾਡੀ ਹੈ-
- ਗੁਰੂ ਦੇ ਦੱਸੇ ਰਾਹ ਤੇ ਚੱਲਕੇ ਬਾਰ ਬਾਰ ਦੇ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਜਾਂ,
- ਆਰਜ਼ੀ ਸੁਖਾਂ ਦੀ ਖਾਤਰ ਮਨ ਦੇ ਮਗ਼ਰ ਲੱਗਕੇ ਮੁੜ ਮੁੜ ਜਨਮ ਲੈ ਕੇ ਦੁਖ-ਸੁਖ ਸਹਾਰਨ ਦੇ ਗੇੜ ਵਿੱਚ ਪਏ ਰਹਿਣ ਵਾਲਾ ਰਾਹ ਚੁਣਦੇ ਹਾਂ।
ਇਹੀ ਤਾਂ ਸਾਰੀ ਉਸਦੀ ਖੇਡ ਹੈ।ਇਹੀ ਗੁਰਮਤਿ ਦਾ ਬੁਨਿਆਦੀ ਮੁੱਢਲਾ ਅਤੇ ਮੁੱਖ ਸੰਕਲਪ ਜਾਂ ਸਿਧਾਂਤ ਹੈ- ਹਉਮੈ(ਪ੍ਰਭੂ ਤੋਂ ਆਪਣੀ ਵੱਖਰੀ ਹਸਤੀ ਹੋਣ ਦੇ ਭੁਲੇਖੇ) ਕਾਰਣ ਬੰਦਾ ਸਮਝਦਾ ਹੈ ਕਿ ਮੈਂ ਕੁਝ ਕਰਦਾ ਹਾਂ- ਜਬ ਇਹੁ ਜਾਣੈ ਮੈ ਕਿਛ ਕਰਤਾ...॥ ਜਦਕਿ ਅਸਲ'ਚ ਸਾਰਿਆਂ ਵਿੱਚ ਵੱਸਕੇ ਸਾਰੀ ਖੇਡ ਉਹ ਆਪ ਹੀ ਖੇਡ ਰਿਹਾ ਹੈ।ਮਨੁਖ ਨੇ ਇਹੀ ਸਮਝਣਾ ਹੈ ਕਿ ਉਸ ਤੋਂ ਵੱਖਰਾ ਇਸ ਦਾ ਆਪਣਾ ਕੋਈ ਵੁਜੂਦ ਨਹੀਂ- ਜਸ ਕਾਗਦ ਪਰ ਮਿਟੈ ਨ ਮੰਸ, ਅਤੇ ਜਿਵੇਂ ਸਮੁੰਦਰ ਦੀ ਲਹਿਰ ਸਮੁੰਦਰ ਤੋਂ ਵੱਖ ਨਹੀਂ। ਜਿਵੇਂ ਸ਼ੀਸ਼ੇ ਵਿਚਲੀ ਪਰਛਾਈ ਸ਼ੀਸ਼ੇ ਤੋਂ ਵੱਖ ਨਹੀਂ ਉਸੇ ਤਰ੍ਹਾਂ ਇਹ ਮਨੁੱਖ ਆਪਣੇ ਮੂਲ ਪਰਮਾਤਮਾ ਤੋਂ ਵੱਖ ਨਹੀਂ।ਪਰ ਉਹ ਕੋਈ ਵਿਰਲੇ ਹੀ ਹਨ ਜਿਹੜੇ ਇਹ ਸਾਰੀ ਖੇਡ ਨੂੰ ਸਮਝਦੇ ਹਨ-
 "ਹਰਿ ਆਪੇ ਆਪੁ ਉਪਾਇਦਾ ਹਰਿ ਆਪੇ ਦੇਵੈ ਲੇਇ ॥
ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ ॥
ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ
॥ (ਪੰਨਾ 82)
ਜਸਬੀਰ ਸਿੰਘ ਵਿਰਦੀ                   18-08-2018

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.