ਅਕਾਲੀ ਦਲ ਦਾ ਪੰਥਕ ਏਜੈਂਡੇ ਤੋਂ ਥਿੜਕਣਾ ਤੇ ਨਿਜੀ ਕੰਪਨੀ ਬਣਨਾ
ਇਛਪਾਲ ਸਿੰਘ “ਰਤਨ” (ਕਸ਼ਮੀਰ)
ਫੋਨ:- 9311887100
ਪਾਪ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥
ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੇ ਸੰਸਾਰ ਦੀ ਮਾਨਵਤਾ ਤੇ ਹੋ ਰਹੇ ਹਰ ਪ੍ਰਕਾਰ ਦੇ ਅਤਿਆਚਾਰ ਵਿਰੁੱਧ ਆਵਾਜ਼ ਉਠਾਈ ਹੈ। ਉਹ ਭਾਵੇਂ ਸਮਾਜਕ ਹੋਵੇ, ਧਾਰਮਿਕ ਜਾਂ ਫਿਰ ਰਾਜਨੀਤਕ ਪਧੱਰ 'ਤੇ ਹੋਵੇ। ਇਹੋ ਕਾਰਣ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਅੰਦਰ:
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥
ਦੇ ਸ਼ਕਤੀਸ਼ਾਲੀ ਬੋਲ ਗੂੰਜਦੇ ਨੇ। ਮਨੂੰਵਾਦੀ ਸੋਚ ਦੇ ਧਾਰਣੀ ਜਿਸ ਸਮੇਂ ਵਿਦੇਸ਼ੀ ਹਮਲਾਵਰਾਂ ਨੂੰ ਆਪਣੇ ਹੀ ਦੇਵੀ ਦੇਵਤਿਆਂ ਦੇ ਅਵਤਾਰ ਵਜੋਂ ਪੂਜਣ ਦੇ ਲਈ ਹਿੰਦੁਸਤਾਨੀ ਜਨਤਾ ਨੂੰ ਪ੍ਰੇਰਦੇ ਰਹੇ। ਜਿਸ ਦੀ ਪ੍ਰਤਖ ਮਿਸਾਲ “ਬੰਗਾਲ” ਦਾ “ਰਮਾਈ ਪੰਡਿਤ”, “ਸ਼ੂਯਨ ਪੁਰਾਣ ਗ੍ਰੰਥ” ਵਿਚ ਇਥੋ ਤਕ ਲਿਖਦਾ ਹੈਕਿ “ਸਭ ਦੇਵਗਣ ਮੁਸਲਮਾਨ ਬਨ ਕਰ ਆਏ ਹੈਂ”। ਉੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦੇ ਹਮਲੇ ਸਮੇਂ, ਬਾਬਰ ਦੀ ਜ਼ੁਲਮੀ ਫੌਜ ਵਲੋਂ ਹਿੰਦੁਸਤਾਨ ਦੀ ਜਨਤਾ ਉਪਰ ਕੀਤੇ ਜਾਰਹੇ ਅਤਿਆਚਾਰ, ਜ਼ੁਲਮ ਵ ਤਸ਼ਾਦੁਧ ਅਤੇ ਹਰ ਪਾਸੇ ਮਚੀ ਹਾਹਾਕਾਰ ਨੂੰ ਵੇਖਦ ਹੋਏ, ਬਾਬਰ ਦੀ ਇਸ ਜ਼ੁਲਮੀ ਫੌਜ ਨੂੰ “ਪਾਪ ਦੀ ਜੰਝ” ਨਾਲ ਤਸ਼ਬੀਹ ਦਿਤੀ। ਇਲਾਹੀ ਬਾਣੀ ਦੇ ਸ਼ਬਦਾਂ ਰਾਹੀਂ ਬਾਬਰ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ, ਆਕਾਸ਼ ਵਿੱਚ ਇਹ ਬੋਲ ਗੂੰਜਾ ਦਿਤੇ ਕਿ:-
ਪਾਪ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥
ਫਿਰਕਾਪ੍ਰਸਤ ਅਤੇ ਜ਼ਾਲਮ ਰਾਜਿਆਂ ਦੇ ਭੈ ਥਲੇ ਸਮਾਜ ਦੇ ਹਾਲਾਤ ਕੀ ਬਣ ਜਾਂਦੇ ਨੇ, ਇਸ ਦਾ ਜ਼ਿਕਰ ਗੁਰੂ ਪਾਤਸ਼ਾਹ ਜੀ ਨੇ ਆਪਣੀ ਪਾਵਨ ਬਾਣੀ ਅੰਦਰ ਬਾ ਖੂਬੀ ਕੀਤਾ ਹੈ।ਪਾਤਸ਼ਾਹ ਫੁਰਮਾਉਂਦੇ:-
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਹੀ ਵਿਚਾਰਧਾਰਾ ਹੈ ਕਿ ਇਹ ਮਨੁੱਖਤਾ ਉਪਰ ਹੋ ਰਹੇ ਹਰ ਪ੍ਰਕਾਰ ਦੇ ਅਤਿਆਚਾਰ ਅਤੇ ਜ਼ੁਲਮੀ ਸਰਕਾਰਾਂ ਅਗੇ ਸੀਨਾ ਤਾਣ ਕੇ ਖਲੋ ਜਾਂਦੀ ਹੈ। ਇਨ੍ਹਾਂ ਦੇ ਝੂਠੇ ਕਿਰਦਾਰ ਨੂੰ ਸੰਸਾਰ ਦੇ ਸਾਹਮਣੇ ਨੰਗਾ ਕਰ ਦੇਂਦੀ ਹੈ। ਗੁਰੂ ਸਾਹਿਬ ਜੀ ਦੇ ਬੋਲਾਂ ਵਿਚ
"ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥"
ਐਸੀ ਸੱਚੀ ਅਤੇ ਨਿਡਰ ਵਿਚਾਰਧਾਰਾ ਵਿਚੋਂ ਹੀ “ਸ਼੍ਰੋਮਣੀ ਅਕਾਲੀ ਦਲ” ਦਾ ਜਨਮ ਹੋਇਆ ਜਿਸ ਨੇ ਪੰਜਾਬ ਦੇ ਹੱਕਾਂ ਦੀ ਖਾਤਰ, ਮਾਨਵੀ ਅਧਿਕਾਰਾਂ ਨੂੰ ਜ਼ਿੰਦਾ ਰਖਣ ਦੀ ਖਾਤਰ ਕਈ ਵੱਡੇ ਮੋਰਚੇ ਲਾਏ। ਕੇਂਦਰੀ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦਾ ਪੁਰਜ਼ੋਰ ਵਿਰੋਧ ਕੀਤਾ। ਪਰ ਅਫਸੋਸ ਜਦ ਇਹ “ਅਕਾਲੀ ਦਲ” ਬਾਦਲ ਪ੍ਰਵਾਰ ਦੀ ਨਿਜੀ ਕੰਪਨੀ ਬਣ ਗਿਆ। ਇਸ ਨੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਦਿੱਤੀ। ਪਹਿਲਾਂ ਇਹ ਪੰਥਕ ੲਜੰਡੇ ਤੋਂ ਬਾਗੀ ਹੋਇਆ। ਫਿਰ ਕੇਂਦਰ ਸਰਕਾਰ ਤੋ ਪੰਜਾਬ ਦੇ ਹੱਕ ਮੰਗਣ ਤੋਂ ਹੀ ਮੂੰਹ ਫੇਰ ਲਿਆ।
ਇਸ ਦੇ ਰਾਜ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਹੋਈਆਂ। ਇਨ੍ਹਾਂ ਬੇਅਦਬੀਆਂ ਖਿਲਾਫ ਜੱਦ ਸਿੱਖ ਸੰਗਤਾਂ ਨੇ ਸ਼ਾਂਤਮਈ ਧਰਨੇ ਦੇਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਣ ਦੀ ਮੰਗ ਕਰਣੀ ਚਾਹੀ ਤਾਂ ਉਸ ਸਮੇਂ ਇਸ ਅੰਦਰ ਔਰੰਗਜ਼ੇਬ ਅਤੇ ਜਰਨਲ ਡਾਇਰ ਦੀ ਰੂਹ ਨੇ ਪ੍ਰਵੇਸ਼ ਕਰਕੇ ਨਿੱਹਥੇ ਸ਼ਾਂਤਮਈ ਧਰਨੇ ਤੇ ਬੈਠੇ ਸਿੱਖਾਂ ਉਪਰ ਅੰਨੇਵਾਹ ਗੋਲੀਆਂ ਚਲਾ ਕੇ ਕਈ ਸਿੰਘ ਸ਼ਹੀਦ ਕਰ ਦਿਤੇ।
ਅੱਜ ਜਦ ਆਜ਼ਾਦੀ ਸਮੇਂ ਕਸ਼ਮੀਰ ਨੂੰ ਮਿਲੇ ਅਧਿਕਾਰਾਂ ਨੂੰ ਤਾਨਾਸ਼ਾਹੀ ਰੂਪ ਦੇ ਵਿਚ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਖਤਮ ਕਰ ਦਿਤਾ ਗਿਆ, ਕਸ਼ਮੀਰ ਦੀ ਧਰਤੀ ਫੌਜਾਂ ਦੀ ਅਣਗਿਣਤ ਮਾਰ ਹੇਠ ਲਿਆ ਕੇ ਬੋਲਣ ਦੀ ਆਜ਼ਾਦੀ ਖੋਹ ਲਈ ਗਈ, ਕਸ਼ਮੀਰ ਨੂੰ ਇਕ ਕੈਦ ਖਾਨੇ ਦੇ ਰੂਪ ਵਿਚ ਤਬਦੀਲ ਕਰ ਦਿਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਤਾਨਾਸ਼ਾਹੀ ਫੁਰਮਾਨ ਉਪਰ ਆਪਣੀ ਮੋਹਰ ਲਾਕੇ ਇਹ ਸਾਬਤ ਕਰ ਦਿਤਾ ਕਿ ਜਿਵੇਂ ਨਸ਼ੇ ਦੇ ਓਵਰ ਡੋਜ਼ ਕਾਰਣ ਪੰਜਾਬ ਦੀ ਨੌਜੁਆਨ ਪੀੜੀ ਸ਼ਮਸ਼ਾਨ ਘਾਟ ਵਿਚ ਬਦਲ ਰਹੀ ਹੈ, ਇਸੇ ਪ੍ਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਵੀ ਰਾਜਨੀਤਕ ਨਸ਼ੇ ਦੇ ਓਵਰ ਡੋਜ਼ ਕਾਰਣ ਆਤਮਿਕ ਮੌਤ ਹੋ ਚੁਕੀ ਹੈ, ਅਤੇ ਇਹ ਵੀ ਸਿਵਿਆਂ ਵਲ ਟੁਰਦਾ ਨਜ਼ਰੀਂ ਪੈ ਰਿਹਾ ਹੈ।
ਭੁੱਲ ਚੁੱਕ ਦੀ ਖਿਮਾ
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੂਕਰ
ਇਛਪਾਲ ਸਿੰਘ “ਰਤਨ” (ਕਸ਼ਮੀਰ)
ਫੋਨ:- 9311887100
ਇਛਪਾਲ ਸਿੰਘ “ਰਤਨ”
ਅਕਾਲੀ ਦਲ ਦਾ ਪੰਥਕ ਏਜੈਂਡੇ ਤੋਂ ਥਿੜਕਣਾ ਤੇ ਨਿਜੀ ਕੰਪਨੀ ਬਣਨਾ
Page Visitors: 2472